ਭਾਰਤ ਦੀ ਪਹਿਲੀ ਇਸਤਰੀ ਸਤਿਆਗ੍ਰਹੀ

ਮਾਨਵੀ ਵਿਰਸੇ ਦਾ ਮਾਣ


ਤਿਆਗ ਤੇ ਸਾਦਗੀ ਦੀ ਮੂਰਤ ਸੁਭੱਦਰਾ ਕੁਮਾਰੀ ਚੌਹਾਨ ਦੀ ਸਾਦੀ ਰਹਿਣੀ-ਬਹਿਣੀ ਵੇਖ ਕੇ ਇਕ ਦਿਨ ਗਾਂਧੀ ਜੀ ਨੇ ਪੁੱਛਿਆ, ‘‘ਭੈਣ! ਕੀ ਤੇਰਾ ਵਿਆਹ ਹੋ ਗਿਐ?” ਉਹ ਬੋਲੀ ‘‘ਹਾਂ!” ਅਤੇ ਨਾਲ ਹੀ ਉਤਸ਼ਾਹ ਨਾਲ ਦੱਸਿਆ, ‘‘ਮੇਰੇ ਪਤੀ ਵੀ ਮੇਰੇ ਨਾਲ ਆਏ ਨੇ।” ਇਹ ਸੁਣ ਕੇ ਬਾ (ਮਹਾਤਮਾ ਗਾਂਧੀ ਦੀ ਪਤਨੀ) ਅਤੇ ਬਾਪੂ (ਮਹਾਤਮਾ ਗਾਂਧੀ) ਨੂੰ ਜਿੱਥੇ ਮਾਨਸਿਕ ਤਸੱਲੀ ਹੋਈ ਉਥੇ ਉਹ ਕੁਝ ਨਰਾਜ਼ ਵੀ ਹੋਏ। ਬਾਪੂ ਨੇ ਸੁਭੱਦਰਾ ਨੂੰ ਝਿੜਕਿਆ, ‘‘ਤੇਰੇ ਚੀਰ ਵਿਚ ਸਿੰਦੂਰ ਕਿਉਂ ਨਹੀਂ ਅਤੇ ਤੂੰ ਚੂੜੀਆਂ ਕਿਉਂ ਨਹੀਂ ਪਾਈਆਂ ਹੋਈਆਂ। ਕੱਲ੍ਹ ਕਿਨਾਰੀ ਵਾਲੀ ਸਾੜੀ ਪਾ ਕੇ ਆਈਂ।” ਆਪਣੇ ਹਾਰ-ਸ਼ਿੰਗਾਰ ਵੱਲ ਧਿਆਨ ਨਾ ਦੇ ਕੇ ਦੇਸ਼ ਵਾਸੀਆਂ ਨੂੰ ਆਜ਼ਾਦ ਦੇਖਣ ਦੀ ਲੋਚਾ ਰੱਖਣ ਵਾਲੀ ਸੁਭੱਦਰਾ ਸਭਾਵਾਂ ਵਿਚ ਅਕਸਰ ਭਾਸ਼ਣ ਦਿੰਦੀ। ਉਹ ਪਹਿਲੀ ਇਸਤਰੀ ਸਤਿਆਗ੍ਰਹੀ ਬਣੀ। ਦੋ ਵਾਰ (1923, 1942) ਜੇਲ੍ਹ ਗਈ। ਘਰ ਵਿਚ ਨਿੱਕੇ-ਨਿੱਕੇ ਬੱਚਿਆਂ ਤੇ ਗ੍ਰਹਿਸਥ ਦੇ ਕੰਮਾਂ-ਕਾਰਾਂ ਦੀ ਜ਼ਿੰਮੇਵਾਰੀ ਵੀ ਬਾਖ਼ੂਬੀ ਨਿਭਾਉਂਦੀ ਰਹੀ। ਤਸਵੀਰ ਦਾ ਦੂਜਾ ਰੁਖ਼ ਇਹ ਵੀ ਦੱਸਦਾ ਹੈ ਕਿ ਉਹ ਹਿੰਦੀ ਦੀ ਉੱਘੀ ਤੇ ਸੰਵੇਦਨਸ਼ੀਲ ਕਵਿਤਰੀ ਸੀ। ਸੁਤੰਤਰਤਾ ਅੰਦੋਲਨ ਸਮੇਂ ਉਸ ਨੇ ਆਪਣੀ ਕਵਿਤਾ ਰਾਹੀਂ ਦੇਸ਼ ਵਾਸੀਆਂ ਦੀ ਪ੍ਰਤੀਨਿਧਤਾ ਕੀਤੀ।
ਸੁਭੱਦਰਾ ਦਾ ਜਨਮ 16 ਅਗਸਤ, 1904 ਨੂੰ ਇਲਾਹਾਬਾਦ (ਉੱਤਰ ਪ੍ਰਦੇਸ਼) ਦੇ ਨੇੜੇ ਵਸਦੇ ਪਿੰਡ ਨਿਹਾਲਪੁਰ ਵਿੱਚ ਸ੍ਰੀ ਰਾਮ ਨਾਥ ਸਿੰਘ ਦੇ ਘਰ ਹੋਇਆ। ਉਸ ਦਾ ਵਿਦਿਆਰਥੀ ਜੀਵਨ ਕਰੌਸਥ ਵੇਟ ਗਰਲਜ਼ ਸਕੂਲ, ਪ੍ਰਯਾਗ ਵਿਚ ਬੀਤਿਆ। ਉਹ ਬਚਪਨ ਵਿਚ ਹੀ ਦੇਸ਼-ਪਿਆਰ ਦੀ ਭਾਵਨਾ ਨਾਲ ਲਬਰੇਜ਼ ਕਵਿਤਾਵਾਂ ਲਿਖਣ ਲੱਗ ਪਈ ਸੀ। ਉਹ ਨੌਂ ਵਰ੍ਹਿਆਂ ਦੀ ਸੀ ਜਦੋਂ 1913 ਵਿੱਚ ਮਰਯਾਦਾ ਨਾਂ ਦੇ ਪਰਚੇ ਵਿੱਚ ਉਸ ਦੀ ਕਵਿਤਾ ‘ਨਿੰਮ’ ਛਪੀ। ਘਰੋਂ ਆਉਂਦੇ-ਜਾਂਦਿਆਂ ਤਾਂਗੇ ਵਿਚ ਬੈਠੀ ਹੀ ਉਹ ਕਵਿਤਾਵਾਂ ਲਿਖ ਦਿੰਦੀ ਸੀ। 1919 ਵਿੱਚ ਉਸ ਦਾ ਵਿਆਹ ਖੰਡਵਾ ਦੇ ਠਾਕੁਰ ਲਕਸ਼ਮਣ ਸਿੰਘ ਨਾਲ ਹੋ ਗਿਆ। ਪੜ੍ਹਾਈ ਛੁਟ ਗਈ। ਪਤੀ ‘ਕਰਮਵੀਰ’ ਨਾਂ ਦਾ ਪਰਚਾ ਕੱਢਣ ਵਾਲੇ ਮੱਖਣ ਲਾਲ ਚਤੁਰਵੇਦੀ ਕੋਲ ਜਬਲਪੁਰ ਵਿਖੇ ਨੌਕਰੀ ਕਰਦੇ ਸਨ। 1920-21 ਵਿੱਚ ਦੋਵੇਂ ਜੀਅ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਮੈਂਬਰ ਬਣ ਗਏ। ਉਨ੍ਹਾਂ ਨੇ ਨਾਗਪੁਰ ਕਾਂਗਰਸ ਅਧਿਵੇਸ਼ਨ ਵਿੱਚ ਭਾਗ ਲੈ ਕੇ ਕਾਂਗਰਸ ਦਾ ਸੰਦੇਸ਼ ਘਰ-ਘਰ ਤਕ ਪਹੁੰਚਾਇਆ। ਵਿਆਹ ਤੋਂ ਸਿਰਫ਼ ਡੇਢ ਸਾਲ ਬਾਅਦ 1921 ਵਿੱਚ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਵਿੱਚ ਭਾਗ ਲੈਣ ਵਾਲੀ ਉਹ ਪਹਿਲੀ ਔਰਤ ਸੀ। ਸੁਭੱਦਰਾ ਦੇ ਅੰਦਰ ਇਕ ਪ੍ਰਕਾਸ਼ ਸੀ, ਕੰਮ ਕਰਨ ਦਾ ਉਤਸ਼ਾਹ ਸੀ ਤੇ ਕੁਝ ਨਵਾਂ ਕਰਨ ਦੀ ਲਗਨ ਸੀ। ਨਾਟਕਕਾਰ ਪਤੀ ਨੇ ਉਸ ਦੀ ਲਿਖਣ-ਕਲਾ ਨੂੰ ਉਭਾਰਨ ਲਈ ਐਸਾ ਮਾਹੌਲ ਪ੍ਰਦਾਨ ਕੀਤਾ ਜਿਸ ਵਿੱਚ ਉਸ ਦੀ ਪ੍ਰਤਿਭਾ ਨੂੰ ਹੋਰ ਨਿਖਰਨ ਦਾ ਮੌਕਾ ਮਿਲਿਆ। 1920 ਵਿੱਚ ਜਦੋਂ ਗਾਂਧੀ ਜੀ ਦੇ ਅਸਹਿਯੋਗ ਦੀ ਆਵਾਜ਼ ਨੂੰ ਪੂਰਾ ਦੇਸ਼ ਸੁਣ ਰਿਹਾ ਸੀ ਤਾਂ ਉਨ੍ਹਾਂ ਦੀ ਬੇਨਤੀ ’ਤੇ ਦੋਵੇਂ ਪਤੀ-ਪਤਨੀ ਸੁਤੰਤਰਤਾ ਅੰਦੋਲਨ ਵਿਚ ਸਰਗਰਮੀ ਨਾਲ ਭਾਗ ਲੈਣ ਲਈ ਜੁਟ ਗਏ। ਦੇਸ਼ ਦਾ ਪਹਿਲਾ ਸਤਿਆਗ੍ਰਹਿ 1922 ਵਿੱਚ ਜਬਲਪੁਰ ਦਾ ‘ਝੰਡਾ ਸਤਿਆਗ੍ਰਹਿ’ ਸੀ ਅਤੇ ਸੁਭੱਦਰਾ ਕੁਮਾਰੀ ਪਹਿਲੀ ਮਹਿਲਾ ਸਤਿਆਗ੍ਰਹੀ ਸੀ। ਸੁਭੱਦਰਾ ਨੇ ਪੂਰੇ ਜੀ ਜਾਨ ਨਾਲ ਅਸਹਿਯੋਗ ਅੰਦੋਲਨ ਵਿਚ ਪਹਿਲੀ ਨਾਰੀ ਵਜੋਂ ਆਪਣੇ ਆਪ ਨੂੰ ਦੋ ਰੂਪਾਂ ਵਿਚ ਸਮਰਪਿਤ ਕਰ ਦਿੱਤਾ – ਦੇਸ਼-ਸੇਵਿਕਾ ਦੇ ਰੂਪ ਵਿਚ ਤੇ ਦੇਸ਼-ਭਗਤ ਅਦੀਬ ਖ਼ਾਸ ਤੌਰ ’ਤੇ ਕਵਿਤਰੀ ਦੇ ਰੂਪ ਵਿੱਚ। ਉਸ ਨੇ 88 ਕਵਿਤਾਵਾਂ (ਦੋ ਕਾਵਿ ਸੰਗ੍ਰਹਿ- ਮੁਕੁਲ, ਯਹ ਕਦੰਬ ਕਾ ਪੇੜ) ਅਤੇ 46 ਕਹਾਣੀਆਂ (3 ਕਹਾਣੀ ਪੁਸਤਕਾਂ- ਬਿਖਰੇ ਮੋਤੀ (1932), ਉਨਮਾਦਿਨੀ (1934), ਸਿੱਧੇ-ਸਾਦੇ ਚਿੱਤਰ (1947) ਦੀ ਰਚਨਾ ਕਰਕੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਸੱਚੀਆਂ ਘਟਨਾਵਾਂ ’ਤੇ ਅਧਾਰਿਤ ਉਸ ਦੀਆਂ ਕਹਾਣੀਆਂ ਵਿਚ ਦੇਸ਼ ਪ੍ਰੇਮ ਦੇ ਨਾਲ-ਨਾਲ ਜੇਲ੍ਹ ਤਜ਼ਰਬੇ, ਨਾਰੀ ਸੰਘਰਸ਼ ਦਾ ਦਰਦ, ਪਰਿਵਾਰਕ-ਸਮਾਜਿਕ ਸਮੱਸਿਆਵਾਂ, ਵਿਦਰੋਹ ਅਤੇ ਗਰੀਬਾਂ ਲਈ ਹਮਦਰਦੀ ਪ੍ਰਬਲ ਸੀ ਜਦੋਂ ਕਿ ਕਵਿਤਾਵਾਂ ਆਜ਼ਾਦੀ ਪ੍ਰਾਪਤੀ ਲਈ ਜਵਾਲਾਮੁਖੀ ਦਾ ਰੂਪ ਧਾਰਨ ਕਰ ਗਈਆਂ। ਜਲ੍ਹਿਆ ਵਾਲੇ ਬਾਗ ਦੇ ਸਾਕੇ ਨੇ ਉਸ ਦੇ ਮਨ ’ਤੇ ਗਹਿਰੀ ਸੱਟ ਮਾਰੀ। ‘ਵੀਰੋਂ ਕਾ ਕੈਸਾ ਹੋ ਬਸੰਤ’, ‘ਰਾਖੀ ਕੀ ਚੁਨੌਤੀ’, ‘ਵਿਜੈਦਕਸ਼ਮੀ’, ‘ਵਿਦਾਈ’, ‘ਸੈਨਾਨੀ ਕਾ ਸਵਾਗਤ’, ‘ਝਾਂਸੀ ਕੀ ਰਾਨੀ ਕੀ ਸਮਾਧੀ ਪਰ’ ਆਦਿ ਉਸ ਦੀਆਂ ਦੇਸ਼-ਪ੍ਰੇਮ ਸੰਬੰਧੀ ਕਵਿਤਾਵਾਂ ਹਨ। ਰਾਸ਼ਟਰੀ ਸੁਤੰਤਰਤਾ ਸੰਗਰਾਮ ਵਿੱਚ ਸਰਗਰਮ ਭੂਮਿਕਾ ਨਿਭਾਉਂਦਿਆਂ ਉਸ ਨੇ ਏਨੇ ਜੋਸ਼ ਨਾਲ ਕਵਿਤਾਵਾਂ ਲਿਖੀਆਂ ਕਿ ਉਹ ਅੰਦੋਲਨ ਵਿੱਚ ਨਵੀਂ ਪ੍ਰੇਰਣਾ ਭਰਦੀਆਂ ਗਈਆਂ। ਵੀਰ ਰਸ ਨਾਲ ਭਰਪੂਰ ਉਸ ਦੀ ਕਵਿਤਾ ‘ਝਾਂਸੀ ਦੀ ਰਾਣੀ’ ਏਨੀ ਮਸ਼ਹੂਰ ਹੋਈ ਕਿ ਬਾਕੀ ਕਾਵਿ-ਰਚਨਾਵਾਂ ਗੌਣ ਹੋ ਗਈਆਂ :
ਚਮਕ ਉਠੀ ਸੰਨ ਸਤਾਵਨ ਮੇਂ ਵਹ ਤਲਵਾਰ ਪੁਰਾਨੀ ਥੀ
ਬੁੰਦੇਲੇ ਹਰਬੋਲੋਂ ਕੇ ਮੂੰਹ ਹਮਨੇ ਸੁਨੀ ਕਹਾਨੀ ਥੀ।
ਖ਼ੂਬ ਲੜੀ ਮਰਦਾਨੀ ਵਹ ਤੋਂ ਝਾਂਸੀ ਵਾਲੀ ਰਾਨੀ ਥੀ।

ਕਵਿਤਰੀ ਦੇ ਰੂਪ ਵਿੱਚ ਉਸ ਦੀ ਹਰਮਨਪਿਆਰਤਾ ਦਾ ਏਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਨੂੰ ‘ਰਾਸ਼ਟਰੀ ਬਸੰਤ ਦੀ ਪ੍ਰਥਮ ਕੋਇਲ’ ਕਿਹਾ ਜਾਣ ਲੱਗਾ। ਨਾਰੀ ਸ਼ਕਤੀਕਰਨ ਦਾ ਉਦੋਂ ਏਨਾ ਜ਼ੋਰ ਨਹੀਂ ਸੀ ਫਿਰ ਵੀ ਉਹ ਦੇਸ਼ ਦੀਆਂ ਪੰਦਰਾਂ ਕਰੋੜ ਔਰਤਾਂ ਨੂੰ ਗਾਂਧੀ ਜੀ ਦੁਆਰਾ ਚਲਾਏ ਅਸਹਿਯੋਗ ਅੰਦੋਲਨ ਵਿੱਚ ਸਾਥ ਦੇਣ ਲਈ ਬੇਨਤੀ ਕਰਦਿਆਂ ਸੰਬੋਧਿਤ ਹੋਈ ਸੀ:
ਸਬਲ ਪੁਰਸ਼ ਯਦੀ ਭੀਰੂ ਬਨੇਂ, ਤੋ ਹਮਕੋ ਦੇ ਵਰਦਾਨ ਸਖੀ।
ਅਬਲਾਏਂ ਉਠ ਪੜੇਂ ਦੇਸ਼ ਮੇਂ, ਕਰੇਂ ਯੁੱਧ ਘਮਾਸਾਨ ਸਖੀ।
ਪੰਦਰਹ ਕੋਟਿ ਅਸਹਿਯੋਗਨੀਆਂ, ਕਹਲਾ ਦੇਂ ਬ੍ਰਹਿਮਾਂਡ ਸਖੀ।
ਭਾਰਤ ਲਕਸ਼ਮੀ ਲੌਟਾਨੇ ਕੋ, ਰਚ ਦੇਂ ਲੰਕਾ ਕਾਂਡ ਸਖੀ।

ਬਾਲੜੀਆਂ ਨੂੰ ਬਚਾਉਣ ਲਈ ਅੱਜ ‘ਨੰਨ੍ਹੀ ਛਾਂ’ ਵਰਗੀਆਂ ਮੁਹਿੰਮਾਂ ਜ਼ੋਰ-ਸ਼ੋਰ ਨਾਲ ਚਲਾਉਣੀਆਂ ਪੈ ਰਹੀਆਂ ਹਨ ਪਰ ਸੁਭੱਦਰਾ ਦੀਆਂ ਕਵਿਤਾਵਾਂ ਦੀ ਇਹ ਵਿਸ਼ੇਸ਼ਤਾ ਰਹੀ ਕਿ ਉਸ ਨੇ ਆਪਣੇ ਸਮੇਂ ਵਿੱਚ ਬੇਟੀ ਪ੍ਰਧਾਨ ਕਵਿਤਾਵਾਂ ਬੜੀ ਸਹਿਜਤਾ ਤੇ ਸ਼ਾਂਤਮਈ ਲਹਿਜੇ ਵਿੱਚ ਲਿਖੀਆਂ। ਉਸ ਦੀ ਕਾਵਿ-ਰਚਨਾ ‘ਅਗਲੇ ਜਨਮ ਮੋਹੇ ਬਿਟੀਆ ਨ ਕੀਜੋ’ ਵਰਗੇ ਭਾਵਾਂ ਦੀ ਥਾਂ ਦੁਨੀਆ ਦਾ ਸਾਰਾ ਸੁੱਖ ਬੇਟੀ ਵਿਚ ਦੇਖਦੀ ਹੈ। ਸੁਭੱਦਰਾ ਦੀਆਂ ‘ਪ੍ਰੀਤਮ ਸੇ’, ‘ਚਿੰਤਾ’, ‘ਪ੍ਰੇਮ ਸ਼੍ਰਿੰਖਲਾ’, ‘ਅਪਰਾਧੀ ਹੈ ਕੌਨ’ ਅਤੇ ‘ਮਨੂਹਾਰ ਰਾਧੇ’ ਆਦਿ ਕਵਿਤਾਵਾਂ ਵਿੱਚੋਂ ਪਿਆਰ ਤੇ ਜੀਵਨ-ਸਾਥੀ ਪ੍ਰਤੀ ਅਟੁੱਟ ਵਿਸ਼ਵਾਸ ਤੱਕਿਆ ਜਾ ਸਕਦਾ ਹੈ। ਮਾਂ ਦੀ ਮਮਤਾ ਤੋਂ ਪ੍ਰੇਰਿਤ ਹੋ ਕੇ ਸੁਭੱਦਰਾ ਨੇ ਬਹੁਤ ਸੋਹਣੀਆਂ ਬਾਲ ਕਵਿਤਾਵਾਂ ਲਿਖੀਆਂ। ਉਸ ਦੀ ਕਵਿਤਾ ‘ਸਭਾ ਕਾ ਖੇਲ’ ਅਸਹਿਯੋਗ ਅੰਦੋਲਨ ਦੇ ਦੌਰ ਵਿਚ ਖੇਡੇ-ਪਲੇ ਬੱਚਿਆਂ ਦੀ ਜ਼ਿੰਦਗੀ ਨੂੰ ਬਿਆਨਦੀ ਹੈ ਤੇ ਖੇਡ-ਖੇਡ ਵਿਚ ਦੇਸ਼-ਪਿਆਰ ਦੇ ਭਾਵ ਉਜਾਗਰ ਕਰਨ ਦੀ ਕੋਸ਼ਿਸ਼ ਦਾ ਸਿੱਟਾ ਲਗਦੀ ਹੈ:
ਸਭਾ-ਸਭਾ ਕਾ ਖੇਲ ਆਜ ਹਮ ਖੇਲੇਂਗੇ,
ਜੀਜੀ ਆਓ ਮੈਂ ਗਾਂਧੀ ਜੀ, ਛੋਟੇ ਨਹਿਰੂ, ਤੁਮ ਸਰੋਜਿਨੀ ਬਨ ਜਾਓ।
ਮੇਰਾ ਤੋ ਸਭ ਕਾਮ ਲੰਗੋਟੀ ਗਮਛੇ ਸੇ ਚਲ ਜਾਏਗਾ,
ਛੋਟੇ ਭੀ ਖੱਦਰ ਕਾ ਕੁਰਤਾ ਪੇਟੀ ਸੇ ਲੇ ਆਏਗਾ।
ਮੋਹਨ, ਲੱਲੀ ਪੁਲਿਸ ਬਨੇਂਗੇ, ਹਮ ਭਾਸ਼ਨ ਕਰਨੇ ਵਾਲੇ
ਵੇ ਲਾਠੀਆਂ ਚਲਾਨੇ ਵਾਲੇ, ਹਮ ਘਾਇਲ ਮਰਨੇ ਵਾਲੇ।

ਸੁਭੱਦਰਾ ਦੀ ਬੇਟੀ ਸੁਧਾ ਚੌਹਾਨ ਮੁਨਸ਼ੀ ਪ੍ਰੇਮ ਚੰਦ ਦੇ ਪੁੱਤਰ ਤੇ ਲੇਖਕ ਸ੍ਰੀ ਅੰਮ੍ਰਿਤ ਰਾਏ ਨੂੰ ਵਿਆਹੀ ਹੋਈ ਸੀ, ਨੇ ਉਸ ਦੀ ਜੀਵਨੀ ‘ਮਿਲਾ ਤੇਜ਼ ਸੇ ਤੇਜ਼’ ਲਿਖੀ। ਸਭਾਵਾਂ ਵਿੱਚ ਔਰਤਾਂ ਵੱਲੋਂ ਕੀਤੇ ਜਾਂਦੇ ਪਰਦੇ, ਸਮਾਜਿਕ ਰੂੜ੍ਹੀਆਂ, ਅੰਧ-ਵਿਸ਼ਵਾਸ, ਜਾਤ-ਪਾਤ ਦੇ ਬੰਧਨ ਦਾ ਵਿਰੋਧ ਕਰਨ ਵਾਲੀ ਅਤੇ ਇਸਤ੍ਰੀ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਲਈ ਬੋਲਣ ਵਾਲੀ ਸੁਭੱਦਰਾ ਕੁਮਾਰੀ ਚੌਹਾਨ ਅਚਾਨਕ 15 ਫਰਵਰੀ, 1948 ਨੂੰ ਕਾਰ ਐਕਸੀਡੈਂਟ ਕਾਰਨ ਅਕਾਲ ਚਲਾਣਾ ਕਰ ਗਈ। 14 ਫਰਵਰੀ ਨੂੰ ਉਹ ਨਾਗਪੁਰ ਦੇ ਸਿੱਖਿਆ ਵਿਭਾਗ ਦੀ ਮੀਟਿੰਗ ਵਿਚ ਭਾਗ ਲੈਣ ਗਈ ਸੀ। ਬੇਟਾ ਕਾਰ ਚਲਾ ਰਿਹਾ ਸੀ। ਉਹ ‘ਪੁੱਤਰ’ ਸ਼ਬਦ ਕਹਿ ਕੇ ਬੇਹੋਸ਼ ਹੋ ਗਈ ਤੇ ਮੁੜ ਹੋਸ਼ ’ਚ ਨਾ ਆਈ। ਸੰਭਾਵਨਾਵਾਂ ਭਰਪੂਰ ਜ਼ਿੰਦਗੀ ਦਾ ਦੂਜਾ ਨਾਂ ਸੀ- ਸੁਭੱਦਰਾ ਕੁਮਾਰੀ ਚੌਹਾਨ ਜੋ ਸਿਰਫ਼ 44 ਵਰ੍ਹਿਆਂ ਦੀ ਉਮਰ ਤਕ ‘ਝਾਂਸੀ ਦੀ ਰਾਣੀ’ ਕਵਿਤਾ ਰਾਹੀਂ ਸਭ ਦੇ ਗਲੇ ਦਾ ਹਾਰ ਬਣਕੇ ਝਾਂਸੀ ਦੀ ਰਾਣੀ ਨੂੰ ਇਹ ਦੱਸਣ ਤੁਰ ਗਈ ਕਿ ਫ਼ਿਰੰਗੀਆਂ ਨੂੰ ਖਦੇੜ ਕੇ ਭਾਰਤ ਮਾਤਾ ਆਜ਼ਾਦ ਹੋ ਗਈ ਹੈ।
 
Top