ਬੋਹੜ ਦੀ ਛਾਂ

Mandeep Kaur Guraya

MAIN JATTI PUNJAB DI ..
ਸਾਜਨ ਉਦਾਸ ਹੈ। ਉਸ ਦੀ ਉਦਾਸੀ ਦਾ ਕਾਰਨ ਹੈ ਘਰ ਵਿਚ ਦਾਦਾ ਜੀ ਨਾਲ ਹੁੰਦਾ ਮਾੜਾ ਵਰਤਾਉ। ਅੱਜ ਮੰਮੀ ਨੇ ਸਵੇਰੇ ਫਿਰ ਉਨ੍ਹਾਂ ਨੂੰ ਕੁਝ ਮਾੜੇ ਬੋਲ ਆਖ ਦਿੱਤੇ ਸਨ। ਕਾਰਨ ਇਹ ਸੀ ਕਿ ਦਾਦਾ ਜੀ ਨੇ ਸਾਜਨ ਦੀ ਮੰਮੀ ਤੋਂ ਸਾਫ਼ ਕੱਪੜੇ ਪਾਉਣ ਲਈ ਮੰਗ ਲਏ ਸਨ। ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਨੇ ਉਹੀ ਕੱਪੜੇ ਪਹਿਨੇ ਹੋਏ ਸਨ ਜੋ ਕਾਫੀ ਮੈਲੇ ਹੋ ਚੁੱਕੇ ਸਨ।
ਬੱਸ ਫਿਰ ਕੀ ਸੀ ? ਮੰਮੀ ਇਕਦਮ ਬੋਲ ਪਏ, “ਕਿੱਥੇ ਜਾਣੈ ਤੁਸੀਂ ਤਿਆਰ ਹੋ ਕੇ ? ਅਜੇ ਕੋਈ ਮੈਲੇ ਨਹੀਂ ਹੋਏ ਤੁਹਾਡੇ ਕੱਪੜੇ। ਕੁੜਤਾ ਪਜਾਮਾ ਠੀਕ ਤਾਂ ਲੱਗ ਰਹੇ ਨੇ। ਮੈਂ ਆਪ ਆਫਿਸ ਤੋਂ ਲੇਟ ਹੋ ਰਹੀ ਆਂ।''
ਸਾਜਨ ਦੀ ਮੰਮੀ ਦੀ ਇੰਨੀ ਗੱਲ ਸੁਣ ਕੇ ਦਾਦਾ ਜੀ ਚੁੱਪ ਕਰ ਗਏ ਤੇ ਆਪਣੇ ਕਮਰੇ ਵਿਚ ਚਲੇ ਗਏ।
ਇੰਨੇ ਨੂੰ ਗੇਟ 'ਤੇ ਆਏ ਰਿਕਸ਼ੇ ਵਾਲੇ ਨੇ ਹਾਰਨ ਵਜਾਇਆ ਤਾਂ ਮੰਮੀ ਦੀ ਆਵਾਜ਼ ਸਾਜਨ ਦੇ ਕੰਨਾਂ ਨਾਲ ਟਕਰਾਈ, “ਚਲੋ ਬੇਟਾ, ਰਿਕਸ਼ਾ ਵਾਲਾ ਆ ਗਿਐ। ਜਲਦੀ ਸਕੂਲ ਜਾਓ।''
ਸਾਜਨ ਨੇ ਫਟਾਫਟ ਭਾਰੀ ਬੈਗ ਮੋਢੇ 'ਤੇ ਲਟਕਾਇਆ ਤੇ ਚੁੱਪ ਚਾਪ ਰਿਕਸ਼ੇ 'ਤੇ ਜਾ ਬੈਠਾ। ਅੱਜ ਉਹ ਮੰਮੀ ਨਾਲ ਗੁੱਸੇ ਸੀ। ਇਸ ਲਈ ਘਰੋਂ ਸਕੂਲ ਜਾਂਦਿਆਂ ਉਸ ਨੇ ਮੰਮੀ ਨੂੰ 'ਬਾਏ ਬਾਏ' ਵੀ ਨਹੀਂ ਸੀ ਕੀਤੀ।
ਰਿਕਸ਼ੇ ਵਿਚ ਪਹਿਲਾਂ ਤੋਂ ਹੀ ਉਸ ਦਾ ਦੋਸਤ ਸੁਖਮਨ ਬੈਠਾ ਹੋਇਆ ਸੀ। ਉਸ ਨੇ ਦੇਖਿਆ, ਸਾਜਨ ਦੇ ਚਿਹਰੇ 'ਤੇ ਪਹਿਲਾਂ ਵਰਗੀ ਰੌਣਕ ਨਹੀਂ ਸੀ। ਉਤਰਿਆ ਹੋਇਆ ਚਿਹਰਾ ਦੱਸ ਰਿਹਾ ਸੀ ਕਿ ਘਰ ਵਿਚ ਕੋਈ ਨਾ ਕੋਈ ਗੜਬੜ ਜ਼ਰੂਰ ਹੋਈ ਹੈ।
“ਸਾਜਨ, ਅੱਜ ਤੂੰ ਉਦਾਸ ਕਿਉਂ ਏਂ?'' ਸੁਖਮਨ ਨੇ ਉਸਨੂੰ ਆਪਣੇ ਨਾਲ ਬਿਠਾਉਂਦਿਆਂ ਕਿਹਾ।
ਸਾਜਨ ਬੋਲਿਆ, “ਮੇਰੀ ਮੰਮੀ ਨੇ ਅੱਜ ਫਿਰ ਦਾਦਾ ਜੀ ਨੂੰ ਝਿੜਕਿਆ। ਕੁਝ ਦਿਨ ਪਹਿਲਾਂ ਵੀ ਜਦੋਂ ਦਾਦਾ ਜੀ ਨੇ ਨਵੇਂ ਬੂਟ ਲੈਣ ਲਈ ਕਿਹਾ ਸੀ ਤਾਂ ਉਦੋਂ ਵੀ ਉਨ੍ਹਾਂ ਨੂੰ ਟਾਲਦੇ ਰਹੇ। ਉਨ੍ਹਾਂ ਦੇ ਬੂਟ ਪੁਰਾਣੇ ਹੋ ਗਏ ਸਨ ਤੇ ਟੁੱਟ ਵੀ ਰਹੇ ਸਨ। ਅੱਜ ਫਿਰ ਉਨ੍ਹਾਂ ਨਾਲ ਮੰਮੀ ਨੇ ਚੰਗਾ ਨਹੀਂ ਕੀਤਾ। ਇਸ ਲਈ ਮੈਂ ਉਨ੍ਹਾਂ ਨਾਲ ਨਾਰਾਜ਼ ਹੋ ਕੇ ਆ ਗਿਆ।
“ਕਿਉਂ, ਕੀ ਤੇਰੇ ਦਾਦਾ ਜੀ ਮੰਮੀ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ?'' ਸੁਖਮਨ ਨੇ ਕੁਝ ਹੈਰਾਨੀ ਨਾਲ ਸਾਜਨ ਨੂੰ ਪੁੱਛਿਆ।
“ਨਹੀਂ।'' ਸਾਜਨ ਬੋਲਿਆ, 'ਮੇਰੇ ਦਾਦਾ ਜੀ ਤਾਂ ਬਹੁਤ ਚੰਗੇ ਨੇ। ਮੈਨੂੰ ਬੜਾ ਪਿਆਰ ਕਰਦੇ ਨੇ। ਆਪਣੇ ਕਮਰੇ ਵਿਚ ਬੁਲਾ ਕੇ ਕਹਾਣੀਆਂ ਸੁਣਾਉਂਦੇ ਨੇ। ਸ਼ਾਮ ਨੂੰ ਮੇਰੇ ਨਾਲ ਖੇਡਦੇ ਵੀ ਨੇ। ਕਦੇ ਕਦੇ ਕੁਝ ਖਾਣ ਲਈ ਵੀ ਲੈ ਆਉਂਦੇ ਨੇ ਬਜ਼ਾਰੋਂ।'
ਸੁਖਮਨ ਨੇ ਫਿਰ ਸੁਆਲ ਕੀਤਾ, “ਤਾਂ ਫਿਰ ਤੇਰੇ ਮੰਮੀ ਜੀ ਨੇ ਦਾਦਾ ਜੀ ਨੂੰ ਕਿਉਂ ਝਿੜਕਿਆ ?'
“ਦਾਦਾ ਜੀ ਖੁਦ ਆਪਣੇ ਕੱਪੜੇ ਨਹੀਂ ਧੋ ਸਕਦੇ ਕਿਉਂਕਿ ਉਨ੍ਹਾਂ ਦੇ ਗੋਡਿਆਂ ਵਿਚ ਦਰਦ ਰਹਿੰਦੈ। ਅੱਜ ਜਦੋਂ ਉਨ੍ਹਾਂ ਨੇ ਮੰਮੀ ਨੂੰ ਸਾਫ ਕੱਪੜੇ ਦੇਣ ਲਈ ਕਿਹਾ ਤਾਂ ਮੰਮੀ ਪਤਾ ਨਹੀਂ ਇੰਨੀ ਕੁ ਗੱਲ ਤੋਂ ਕਿਉਂ ਗੁੱਸੇ ਹੋ ਗਏ? ਮੰਮੀ ਕਹਿਣ ਲੱਗੇ ਕਿ ਉਹ ਤਾਂ ਆਪ ਆਫ਼ਿਸ ਤੋਂ ਲੇਟ ਹੋ ਰਹੇ ਨੇ। ਉਨ੍ਹਾਂ ਕੋਲ ਇੰਨਾ ਟਾਈਮ ਨਹੀਂ।''
“ਤਾਂ ਕੀ ਦਾਦਾ ਜੀ ਨੇ ਉਹੀ ਮੈਲੇ ਕੱਪੜੇ ਪਹਿਨੇ ਹੋਏ ਨੇ ?''
“ਨਹੀਂ, ਮੰਮੀ ਜੀ ਦੀ ਇਹ ਗੱਲ ਸੁਣ ਕੇ ਦਾਦਾ ਜੀ ਆਪਣੇ ਕਮਰੇ ਵਿਚ ਚਲੇ ਗਏ।
ਮੈਂ ਉਨ੍ਹਾਂ ਦੇ ਪਿੱਛੇ-ਪਿੱਛੇ ਉਨ੍ਹਾਂ ਦੇ ਕਮਰੇ ਵਿਚ ਜਾਣ ਲੱਗਾ ਤਾਂ ਮੰਮੀ ਨੇ ਇੱਕਦਮ ਟੋਕ ਦਿੱਤਾ। ਕਹਿਣ ਲੱਗੇ, ਕਿ ਚੁੱਪਚਾਪ ਕੁਰਸੀ 'ਤੇ ਬਹਿ ਕੇ ਆਪਣੀ ਕਿਤਾਬ ਲੈ ਕੇ ਪੜ੍ਹਾਂ ਤੇ ਰਿਕਸ਼ੇ ਵਾਲੇ ਦੀ ਉਡੀਕ ਕਰਾਂ।''
ਸੁਖਮਨ ਨੇ ਉਸ ਦੀ ਗੱਲ ਸੁਣ ਕੇ ਕਿਹਾ, “ਪਰ ਮੇਰੇ ਘਰ ਵਿਚ ਤਾਂ ਉਲਟੀ ਗੱਲ ਐ।''
ਸਾਜਨ ਨੇ ਉਤਸੁਕਤਾ ਨਾਲ ਪੁੱਛਿਆ, “ਉਹ ਕੀ ?''
ਸੁਖਮਨ ਬੋਲਿਆ, “ਮੇਰੇ ਮੰਮੀ ਜੀ ਮੇਰੇ ਦਾਦਾ ਜੀ ਦਾ ਤਾਂ ਪੂਰਾ ਆਦਰ ਕਰਦੇ ਨੇ, ਪਰ ਪਾਪਾ ਨੂੰ ਅਕਸਰ ਝਿੜਕਾਂ ਪੈ ਜਾਂਦੀਆਂ ਨੇ।''
“ਤੇਰੇ ਪਾਪਾ ਨੂੰ ਝਿੜਕਾਂ ਕਿਉਂ ਪੈਂਦੀਆਂ ਨੇ ?'' ਸਾਜਨ ਨੇ ਹੱਸ ਕੇ ਪੁੱਛਿਆ।
“ਕਿਉਂਕਿ ਸਵੇਰੇ ਉਠ ਕੇ ਘਰ ਦਾ ਸਾਰਾ ਕੰਮ ਮੰਮੀ ਨੂੰ ਈ ਕਰਨਾ ਪੈਂਦੈ। ਪਾਪਾ ਸਵੇਰੇ ਮੰਮੀ ਨਾਲ ਕੋਈ ਕੰਮ ਨਹੀਂ ਕਰਵਾਉਂਦੇ। ਉਠਦਿਆਂ ਸਾਰ ਹੀ ਲੰਮੀ ਸੈਰ 'ਤੇ ਨਿਕਲ ਜਾਂਦੇ ਨੇ। ਫਿਰ ਘਰ ਆ ਕੇ ਘੰਟਾ ਘੰਟਾ ਅਖ਼ਬਾਰ ਨਹੀਂ ਛੱਡਦੇ। ਅਖ਼ਬਾਰ ਖ਼ਤਮ ਤਾਂ ਟੀ.ਵੀ. ਸ਼ੁਰੂ ਹੋ ਜਾਂਦੈ। ਇਸ ਲਈ ਮੇਰੇ ਮੰਮੀ ਵੀ ਕਈ ਵਾਰੀ ਦਫ਼ਤਰ ਤੋਂ ਲੇਟ ਹੋ ਜਾਂਦੇ ਨੇ। ਮੰਮੀ ਪਾਪਾ ਨੂੰ ਨਾਲ ਕੰਮ ਕਰਵਾਉਣ ਲਈ ਕਹਿੰਦੇ ਨੇ ਤਾਂ ਐਵੇਂ ਟਾਲੀ ਜਾਂਦੇ ਨੇ। ਜਿਸ ਕਰਕੇ ਦੋਵਾਂ ਵਿਚ ਕਈ ਵਾਰੀ ਤੂੰ ਤੂੰ ਮੈਂ ਮੈਂ ਹੋ ਜਾਂਦੀ ਏ।''
ਗੱਲਾਂ-ਗੱਲਾਂ ਵਿਚ ਪਤਾ ਹੀ ਨਾ ਲੱਗਿਆ ਕਿ ਕਦੋਂ ਸਕੂਲ ਆ ਗਿਆ ਹੈ।
ਅੱਜ ਸਾਜਨ ਦਾ ਸਕੂਲ ਵਿਚ ਮਨ ਨਾ ਲੱਗਿਆ। ਨਾ ਹੀ ਉਹ ਖੇਡਾਂ ਦੇ ਪੀਰੀਅਡ ਵਿਚ ਕਿਸ ਦੋਸਤ ਨਾਲ ਖੇਡਿਆ। ਉਸ ਦੇ ਮਨ ਵਿਚ ਦੁਬਿਧਾ ਸੀ। ਦਾਦਾ ਜੀ ਨਾਲ ਜੋ ਕੁਝ ਅੱਜ ਵਾਪਰਿਆ, ਉਸ ਦੀ ਚਿੰਤਾ ਉਸ ਦਾ ਪਿੱਛਾ ਨਹੀਂ ਸੀ ਛੱਡ ਰਹੀ। ਕਦੇ ਉਹ ਸੋਚਦਾ ਕਿ ਦਾਦਾ ਜੀ ਨਾਰਾਜ਼ ਹੋ ਕੇ ਕਿਤੇ ਘਰੋਂ ਹੀ ਨਾ ਚਲੇ ਜਾਣ ਜਿਵੇਂ ਕਿ ਪਹਿਲਾਂ ਵੀ ਇਕ ਵਾਰੀ ਹੋ ਚੁੱਕਾ ਹੈ। ਜਦੋਂ ਉਨ੍ਹਾਂ ਨੇ ਨਵੇਂ ਬੂਟ ਲਿਆਉਣ ਦੀ ਮੰਗ ਕੀਤੀ ਸੀ।। ਸਾਜਨ ਕਦੇ ਕੁਝ ਸੋਚ ਰਿਹਾ ਸੀ ਤੇ ਕਦੇ ਕੁਝ। ਉਸ ਦੀਆਂ ਅੱਖਾਂ ਸਾਹਮਣੇ ਵਾਰ ਵਾਰ ਦਾਦਾ ਜੀ ਦਾ ਬੇਵੱਸ ਚਿਹਰਾ ਹੀ ਘੁੰਮ ਰਿਹਾ ਸੀ।
ਛੁੱਟੀ ਹੋ ਗਈ।
ਸਕੂਲੋਂ ਘਰ ਨੂੰ ਆਉਂਦਿਆਂ ਸਾਜਨ ਦੇ ਮਨ ਵਿਚ ਇਕ ਯੋਜਨਾ ਆਈ। ਉਸ ਨੇ ਚੁਟਕੀ ਵਜਾਈ।
“ਵਾਹ ! ਗੁੱਡ ਆਈਡੀਆ। “ ਸਾਜਨ ਮਨ ਹੀ ਮਨ ਪ੍ਰਸੰਨ ਹੋ ਗਿਆ। ਸੋਚਣ ਲੱਗਾ, “ਹੁਣ ਮੰਮੀ ਦਾਦਾ ਜੀ ਨਾਲ ਅਜਿਹਾ ਵਰਤਾਉ ਕਰਨਗੇ।''
ਸਾਜਨ ਨੇ ਘਰ ਆ ਕੇ ਵਰਦੀ ਉਤਾਰੀ ਤੇ ਫਿਰ ਉਸ ਨੂੰ ਕਿਸੇ ਥਾਂ ਛੁਪਾ ਦਿੱਤਾ। ਉਸ ਨੇ ਆਮ ਕੱਪੜ ਪਹਿਨੇ ਤੇ ਫਿਰ ਦੋਸਤਾਂ ਨਾਲ ਖੇਡਣ ਲਈ ਘਰੋਂ ਬਾਹਰ ਨਿਕਲ ਗਿਆ।
ਮੰਮੀ ਆਫਿਸ ਤੋਂ ਆ ਚੁੱਕੇ ਸਨ। ਕੁਝ ਦੇਰ ਬਾਦ ਆਰਾਮ ਕਰਨ ਪਿੱਛੋਂ ਉਹ ਕੱਪੜੇ ਧੋਣ ਲੱਗੇ।
ਮੰਮੀ ਸਾਜਨ ਦੀ ਵਰਦੀ ਹਰ ਰੋਜ਼ ਧੋਂਦੇ ਸਨ। ਅੱਜ ਵੀ ਉਹ ਉਸ ਦੀ ਵਰਦੀ ਹੈਂਗਰ ਤੋਂ ਲਾਹੁਣ ਲਈ ਅੰਦਰ ਆਏ ਪਰ ਵਰਦੀ ਉਥੇ ਨਹੀਂ ਸੀ। ਉਨ੍ਹਾਂ ਨੇ ਵਰਦੀ ਨੂੰ ਇਧਰ ਉਧਰ ਵੇਖਿਆ ਪਰ ਨਾ ਲੱਭੀ। ਹੈਰਾਨ ਸਨ ਕਿ ਕਿੱਧਰ ਗਈ ? ਫਿਰ ਸੋਚਿਆ ਕਿ ਹੋ ਸਕਦੈ ਸਾਜਨ ਨੇ ਅੱਜ ਵਰਦੀ ਨਾ ਹੀ ਉਤਾਰੀ ਹੋਵੇ। ਇੱਦਾਂ ਹੀ ਖੇਡਣ ਲਈ ਚਲਾ ਗਿਆ ਹੋਵੇ। ਉਹ ਜਾਣਦੇ ਸਨ ਕਿ ਉਨ੍ਹਾਂ ਦੇ ਘਰ ਆਉਂਦਿਆਂ ਸਾਜਨ ਆਪਣੇ ਦੋਸਤਾਂ ਨਾਲ ਪਾਰਕ ਵਿਚ ਖੇਡਣ ਲਈ ਗਿਆ ਹੁੰਦਾ ਹੈ।
ਇੰਨੇ ਨੂੰ ਸਾਜਨ ਵੀ ਘਰ ਮੁੜ ਆਇਆ।
ਮੰਮੀ ਨੇ ਵੇਖਿਆ, ਸਾਜਨ ਨੇ ਵਰਦੀ ਨਹੀਂ ਸਗੋਂ ਆਮ ਕੱਪੜੇ ਪਹਿਨੇ ਹੋਏ ਸਨ।
ਮੰਮੀ ਨੇ ਉਸ ਨੂੰ ਕੁਝ ਹੈਰਾਨੀ ਨਾਲ ਪੁੱਛਿਆ, “ਸਾਜਨ, ਤੂੰ ਅੱਜ ਵਰਦੀ ਕਿੱਥੇ ਲਾਹ ਗਿਆ ਸੈਂ ? ਮੈਂ ਬੜੀ ਲੱਭੀ, ਮਿਲੀ ਈ ਨਹੀਂ।''
“ਮੰਮੀ, ਮੈਂ ਆਪਣੀ ਵਰਦੀ ਨਹੀਂ ਧੁਆਵਾਂਗਾ। ਅੱਜ ਇਕੋ ਦਿਨ ਈ ਤਾਂ ਪਹਿਨੀ ਐ।''
ਮੰਮੀ ਨੇ ਇਕਦਮ ਹੈਰਾਨੀ ਨਾਲ ਪੁੱਛਿਆ, “ ਹੈਂ ? ਇਹ ਕੀ ਕਹਿ ਰਿਹੈਂ ? ਹਰ ਰੋਜ਼ ਤੇਰੀ ਵਰਦੀ ਧੋਂਦੀ ਆਂ। ਪਤਾ ਨਹੀਂ ਕਿ ਪਸੀਨੇ ਨਾਲ ਕਾਲਰ ਤੇ ਕਫ਼ ਕਿੰਨੇ ਮੈਲੇ ਹੋ ਜਾਂਦੇ ਨੇ। ਬੂ ਆਉਣ ਲੱਗਦੀ ਏ। ਤੇ ਪੈਂਟ ਵੀ ਗੰਦੀ ਹੋ ਜਾਂਦੀ ਐ। ਤੂੰ ਕਿਵੇਂ ਸੋਚ ਲਿਆ ਕਿ ਕੱਲ ਨੂੰ ਫਿਰ ਅੱਜ ਵਾਲੀ ਮੈਲੀ ਵਰਦੀ ਪਾ ਕੇ ਸਕੂਲ ਜਾਏਂਗਾ ?''
“ਫਿਰ ਕੀ ਹੋਇਆ ਮੰਮੀ ? ਜੇ ਦਾਦਾ ਜੀ ਤਿੰਨ ਤਿੰਨ ਦਿਨ ਪੁਰਾਣੇ ਕੱਪੜੇ ਸਕਦੇ ਨੇ ਤਾਂ ਕੀ ਮੈਂ ਆਪਣੀ ਵਰਦੀ ਦੋ ਦਿਨ ਲਗਾਤਾਰ ਪਹਿਨ ਕੇ ਸਕੂਲ ਨਹੀਂ ਜਾ ਸਕਦਾ?''
ਮੰਮੀ ਉਸ ਦਾ ਇਸ਼ਾਰਾ ਸਮਝ ਗਏ। ਆਖਣ ਲੱਗੇ, “ਸਮਝ ਗਈ ਆਂ ਬੱਚੂ, ਤੂੰ ਕੀ ਕਹਿਣਾ ਚਾਹੁੰਦਾ ਏਂ। ਜੋ ਤੇਰੇ ਢਿੱਡ ਵਿਚ ਨੇ ਉਹ ਮੇਰੇ ਨਹੁੰਆਂ ਵਿਚ ਨੇ ਪੁੱਤਰਾ। ਤੈਨੂੰ ਦਾਦਾ ਜੀ ਨਾਲ ਬੜਾ ਪਿਆਰ ਏ ਨਾ। ਚਲ ਆਪਣੀ ਵਰਦੀ ਕੱਢ ਕੇ ਲਿਆ, ਕਿੱਥੇ ਛੁਪਾ ਕੇ ਰੱਖੀ ਏ। ਨਾਲੇ ਦਾਦਾ ਜੀ ਨੂੰ ਵੀ ਜਾ ਕੇ ਕਹਿ ਦੇ ਕਿ ਉਹ ਨਹਾ ਲੈਣ। ਉਨ੍ਹਾਂ ਦੇ ਸਾਫ਼ ਕੱਪੜੇ ਬਾਥਰੂਮ ਵਿਚ ਟੰਗ ਰਹੀ ਹਾਂ।''
ਸਾਜਨ ਨੇ ਦਾਦਾ ਜੀ ਨੂੰ ਨਹਾਉਣ ਲਈ ਕਿਹਾ। ਮੰਮੀ ਨੇ ਉਨ੍ਹਾਂ ਦੇ ਸਾਫ਼ ਕੱਪੜੇ ਲਿਆ ਕੇ ਬਾਥਰੂਮ ਵਿਚ ਟੰਗ ਦਿੱਤੇ।
ਨਹਾ ਧੋ ਕੇ ਦਾਦਾ ਜੀ ਤਾਜ਼ਗੀ ਤੇ ਪ੍ਰਸੰਨਤਾ ਮਹਿਸੂਸ ਕਰ ਰਹੇ ਸਨ।
ਮੌਸਮ ਬਦਲ ਗਿਆ ਸੀ।
ਗਰਮੀ ਦੀ ਰੁੱਤ ਆ ਚੁੱਕੀ ਸੀ।
ਇਕ ਦਿਨ ਛੁੱਟੀ ਵਾਲੇ ਦਿਨ ਸਾਰਾ ਪਰਿਵਾਰ ਘਰ ਦੇ ਬਾਹਰ ਲੱਗੇ ਵੱਡੇ ਬੋਹੜ ਦੇ ਰੁੱਖ ਹੇਠਾਂ ਛਾਂ 'ਚ ਬੈਠਾ ਹੋਇਆ ਸੀ। ਬੋਹੜ ਦੀਆਂ ਗੱਲਾਂ ਚੱਲ ਪਈਆਂ। ਇਹ ਬੋਹੜ ਦਾਦਾ ਜੀ ਨੇ ਆਪਣੇ ਹੱਥੀਂ ਲਗਾਇਆ ਸੀ। ਮੰਮੀ ਕਹਿ ਰਹੇ ਸਨ ਕਿ ਬੋਹੜ ਦਾ ਬਹੁਤ ਸੁੱਖ ਹੈ। ਇਹ ਸਾਰੇ ਪਰਿਵਾਰ ਨੂੰ ਠੰਢੀ ਛਾਂ ਤੇ ਸੁੱਖ ਦਿੰਦਾ ਹੈ।
ਸਾਜਨ ਬੋਲਿਆ, “ਮੰਮੀ ਜੀ, ਆਪਣੇ ਘਰ ਵਿਚ ਇਕ ਹੋਰ ਬੋਹੜ ਦਾ ਰੁੱਖ ਵੀ ਏ ਜਿਸ ਦੀ ਠੰਢੀ ਛਾਂ ਤੇ ਸੁੱਖ ਮੈਨੂੰ ਮਿਲਦਾ ਰਹਿੰਦਾ ਏ। ਉਹ ਬੋਹੜ ਨੇ ਮੇਰੇ ਦਾਦਾ ਜੀ।''
ਸਾਜਨ ਦੀ ਇਹ ਗੱਲ ਸੁਣ ਕੇ ਮੰਮੀ ਬੋਲੇ, “ਹਾਂ ਬੇਟਾ, ਸੱਚਮੁਚ ਦਾਦਾ ਜੀ ਦੀ ਛਾਂ ਤੇ ਸੁੱਖ ਦੀ ਸਾਨੂੰ ਸਾਰਿਆਂ ਨੂੰ ਬਹੁਤ ਜ਼ਰੂਰਤ ਐ। ਕਈ ਵਾਰੀ ਮੈਂ ਐਵੇਂ ਈ ਇਨ੍ਹਾਂ ਤੋਂ ਖ਼ਫ਼ਾ ਹੋ ਜਾਂਦੀ ਹਾਂ। ਅੱਗੇ ਤੋਂ ਦਾਦਾ ਜੀ ਦਾ ਪੂਰਾ ਖ਼ਿਆਲ ਰੱਖਿਆ ਜਾਏਗਾ। ਤੇ ਤੈਨੂੰ ਵੀ ਵਰਦੀ ਛੁਪਾ ਕੇ ਨਾਟਕ ਕਰਨ ਦਾ ਬਹਾਨਾ ਨਹੀਂ ਮਿਲੇਗਾ।''
ਇਹ ਸੁਣ ਕੇ ਸਾਜਨ ਮੁਸਕਰਾ ਪਿਆ।
ਫਿਰ ਮੰਮੀ ਨੇ ਦਾਦਾ ਜੀ ਨੂੰ ਵੀ ਆਪ ਕਮਰੇ ਵਿਚੋਂ ਲਿਆ ਕੇ ਬੋਹੜ ਹੇਠਾਂ ਡਾਹੇ ਮੰਜੇ 'ਤੇ ਬਿਠਾ ਦਿੱਤਾ।
ਫਿਰ ਮੰਮੀ ਸਾਰਿਆਂ ਲਈ ਠੰਢੀ ਲੱਸੀ ਬਣਾ ਕੇ ਲੈ ਆਏ।
ਸਾਜਨ ਹੁਣ ਉਦਾਸ ਨਹੀਂ ਸੀ, ਖੁਸ਼ ਵਿਖਾਈ ਦੇ ਰਿਹਾ ਸੀ।
 
Top