ਬੁੱਕਲ ਦਾ ਸੱਪ

Mandeep Kaur Guraya

MAIN JATTI PUNJAB DI ..
ਸਕੂਲ 'ਚ ਛੁੱਟੀਆਂ ਹੋ ਗਈਆਂ ਸਨ। ਸ਼ਹਿਰ 'ਚ ਰਹਿਣ ਵਾਲੇ ਰਾਜੂ, ਸੋਨਾ ਤੇ ਪਿੰਕੀ ਆਪਣੇ ਨਾਨਕੇ ਆਏ ਹੋਏ ਸਨ। ਉਨ੍ਹਾਂ ਦੇ ਨਾਨਕੇ ਇਕ ਪਿੰਡ 'ਚ ਸਨ। ਹਰ ਸਾਲ ਛੁੱਟੀਆਂ 'ਚ ਉਹ ਨਾਨੀ ਜੀ ਕੋਲ ਆ ਜਾਂਦੇ ਤੇ ਖੂਬ ਮਜ਼ਾ ਕਰਦੇ। ਸਵੇਰੇ-ਸ਼ਾਮ ਆਪਣੇ ਮਾਮਾ ਜੀ ਦੇ ਖੇਤਾਂ 'ਚ ਚਲੇ ਜਾਂਦੇ ਤੇ ਘੁੰਮਦੇ ਰਹਿੰਦੇ। ਕਦੇ ਮਾਮਾ ਜੀ ਦੇ ਟਰੈਕਟਰ 'ਤੇ ਚੜ੍ਹ ਕੇ ਆਨੰਦ ਮਾਣਦੇ ਤੇ ਕਦੇ ਖੇਤਾਂ 'ਚ ਕੰਮ ਕਰਦੇ ਮਾਮਾ ਜੀ ਲਈ ਘਰੋਂ ਦੁਪਹਿਰ ਦਾ ਖਾਣਾ ਬਣਵਾ ਕੇ ਲਿਜਾਂਦੇ। ਅਜਿਹਾ ਕਰਨ 'ਚ ਉਨ੍ਹਾਂ ਨੂੰ ਮਜ਼ਾ ਆਉਂਦਾ ਸੀ।
ਇਸ ਵਾਰ ਜਦੋਂ ਉਹ ਨਾਨਕੇ ਆਏ ਤਾਂ ਇਕ ਰਾਤ ਸੌਂਦੇ ਸਮੇਂ ਸੋਨਾ ਕਹਿਣ ਲੱਗੀ, ''ਨਾਨੀ ਜੀ, ਪਿਛਲੀ ਵਾਰ ਤੁਸੀਂ ਸਾਨੂੰ ਚਲਾਕ ਰਾਜਕੁਮਾਰ ਦੀ ਕਹਾਣੀ ਸੁਣਾਈ ਸੀ। ਉਹ ਸਾਨੂੰ ਅੱਜ ਵੀ ਯਾਦ ਹੈ। ਅਸੀਂ ਆਪਣੇ ਦੋਸਤਾਂ ਨੂੰ ਵੀ ਸਕੂਲ 'ਚ ਸੁਣਾਈ ਹੈ। ਅਜਿਹੀ ਹੀ ਕੋਈ ਹੋਰ ਕਹਾਣੀ ਸੁਣਾਓ।''
''ਚੰਗਾ ਬੱਚਿਓ। ਸੋਚਣ ਦਿਓ।'' ਕਹਿ ਕੇ ਨਾਨੀ ਜੀ ਸੋਚਣ ਲੱਗੇ। ਫਿਰ ਇਕਦਮ ਉਨ੍ਹਾਂ ਨੂੰ ਯਾਦ ਆਈ ਉਹ ਕਹਾਣੀ, ਜਿਹੜੀ ਨਾਨੀ ਜੀ ਨੇ ਆਪਣੀ ਮਾਂ ਤੋਂ ਸੁਣੀ ਸੀ।
''ਮੈਂ ਅੱਜ ਤੁਹਾਨੂੰ ਇਕ ਅਜਿਹੀ ਕਹਾਣੀ ਸੁਣਾਉਣ ਜਾ ਰਹੀ ਹਾਂ ਜੋ ਮੈਂ ਆਪਣੀ ਮਾਤਾ ਜੀ ਤੋਂ ਸੁਣੀ ਸੀ।'' ਨਾਨੀ ਜੀ ਨੇ ਕਿਹਾ ਤਾਂ ਸਾਰੇ ਬੱਚੇ ਉੱਛਲ ਪਏ ਪਰ ਰਾਜੂ ਨੇ ਇਕਦਮ ਪੁੱਛਿਆ, ''ਨਾਨੀ ਜੀ ਪਰ ਪਹਿਲਾਂ ਕਹਾਣੀ ਦਾ ਸਿਰਲੇਖ ਤਾਂ ਦੱਸੋ ਕੀ ਹੈ?''
ਨਾਨੀ ਜੀ ਕੁਝ ਸੋਚਣ ਲੱਗੇ ਅਤੇ ਫਿਰ ਬੋਲੇ, ''ਤੁਸੀਂ ਇਸ ਕਹਾਣੀ ਦਾ ਨਾਂ ਕੁਝ ਵੀ ਰੱਖ ਸਕਦੇ ਹੋ।''
ਇਹ ਸੁਣ ਕੇ ਸੋਨਾ ਇਕਦਮ ਕਹਿਣ ਲੱਗੀ, ''ਨਾਨੀ ਜੀ, ਤੁਸੀਂ ਕਹਾਣੀ ਸੁਣਾਓ। ਇਸ ਦਾ ਕੀ ਸਿਰਲੇਖ ਹੋਣਾ ਚਾਹੀਦੈ, ਮੈਂ ਸੁਣਨ ਤੋਂ ਬਾਅਦ ਦੱਸਾਂਗੀ।''
ਨਾਨੀ ਜੀ ਨੇ ਕਹਾਣੀ ਸੁਣਾਉਣ ਤੋਂ ਪਹਿਲਾਂ ਕਿਹਾ, ''ਚੰਗਾ ਬੱਚਿਓ! ਕਹਾਣੀ ਸ਼ੁਰੂ ਕਰ ਰਹੀ ਹਾਂ। ਵਿਚਾਲੇ ਟੋਕਾ-ਟਾਕੀ ਜਾਂ ਇੱਧਰ-ਉਧਰ ਦੀਆਂ ਗੱਲਾਂ ਨਾ ਕਰਿਓ ਨਹੀਂ ਤਾਂ ਕਹਾਣੀ ਸੁਣਨ ਦਾ ਮਜ਼ਾ ਨਹੀਂ ਆਏਗਾ।'' ਕਹਿ ਕੇ ਨਾਨੀ ਜੀ ਨੇ ਕਹਾਣੀ ਇੰਝ ਸ਼ੁਰੂ ਕਰ ਦਿੱਤੀ।
ਬੱਚਿਓ! ਗੱਲ ਬਹੁਤ ਪੁਰਾਣੀ ਹੈ। ਉਸ ਸਮੇਂ ਆਵਾਜਾਈ ਦੇ ਸਾਧਨ ਅੱਜਕਲ ਵਾਂਗ ਇੰਨੇ ਜ਼ਿਆਦਾ ਨਹੀਂ ਸਨ। ਲੋਕ ਆਪਣਾ ਸਾਮਾਨ ਵੇਚਣ ਲਈ ਦੂਰ-ਦੂਰ ਤਕ ਪੈਦਲ ਹੀ ਜਾਂਦੇ ਸਨ। ਇਕ ਬੁਣਕਰ ਵੀ ਆਪਣੇ ਬਣਾਏ ਹੋਏ ਗਲੀਚੇ ਲੈ ਕੇ ਸ਼ਹਿਰ 'ਚ ਰਹਿਣ ਵਾਲੇ ਰਾਜਾ ਦੇ ਮਹੱਲ 'ਚ ਪੁੱਜਾ। ਉਸ ਨੇ ਆਪਣੇ ਸਾਰੇ ਗਲੀਚੇ ਵੱਡੀ ਰਾਣੀ ਨੂੰ ਦਿਖਾਏ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ।
''ਕਿਉਂ ਨਾਨੀ ਜੀ?'' ਪਿੰਕੀ ਨੇ ਹੈਰਾਨੀ ਨਾਲ ਪੁੱਛਿਆ।
''ਕਿਉਂਕਿ ਗਲੀਚੇ ਬਹੁਤ ਖੂਬਸੂਰਤ ਸਨ, ਵੱਡੀ ਰਾਣੀ ਨੇ ਰਾਜਾ ਨੂੰ ਕਿਹਾ ਕਿ ਉਸ ਬੁਣਕਰ ਨੂੰ ਆਪਣੇ ਮਹੱਲਾਂ 'ਚ ਨੌਕਰ ਰੱਖ ਲਿਆ ਜਾਵੇ। ਰਾਜੇ ਨੇ ਵੱਡੀ ਰਾਣੀ ਦੀ ਗੱਲ ਮੰਨੀ ਤੇ ਬੁਣਕਰ ਮਹੱਲਾਂ 'ਚ ਰਹਿਣ ਲੱਗਾ। ਉਹ ਵੱਖ-ਵੱਖ ਤਰ੍ਹਾਂ ਦੇ ਸੋਹਣੇ ਗਲੀਚੇ ਤਿਆਰ ਕਰਦਾ। ਕਦੇ ਕਿਸੇ ਰਾਣੀ ਲਈ, ਕਦੇ ਕਿਸੇ ਰਾਣੀ ਲਈ।
ਜਦੋਂ ਬੁਣਕਰ ਦੇ ਕੰਮ ਦੀ ਚਰਚਾ ਦੂਰ-ਦੂਰ ਤਕ ਫੈਲਣ ਲੱਗੀ ਤਾਂ ਰਾਜੇ ਦਾ ਮੰਤਰੀ ਬੁਣਕਰ ਤੋਂ ਈਰਖਾ ਕਰਨ ਲੱਗਾ। ਉਸ ਨੇ ਸੋਚਿਆ ਕਿ ਕੋਈ ਨਾ ਕੋਈ ਸਾਜ਼ਿਸ਼ ਬਣਾ ਕੇ ਉਸ ਨੂੰ ਮਹੱਲ ਤੋਂ ਭਜਾਉਣਾ ਚਾਹੀਦੈ।
ਇਕ ਦਿਨ ਬੁਣਕਰ ਦੁਪਹਿਰ ਸਮੇਂ ਆਰਾਮ ਕਰ ਰਿਹਾ ਸੀ। ਮੰਤਰੀ ਨੂੰ ਬੁਣਕਰ ਵਿਰੁੱਧ ਰਾਜੇ ਦੇ ਕੰਨ ਭਰਨ ਦਾ ਮੌਕਾ ਮਿਲ ਗਿਆ। ਰਾਜਾ ਕੰਨਾਂ ਦਾ ਕੱਚਾ ਤਾਂ ਸੀ ਹੀ ਆਪਣੇ ਮੰਤਰੀ ਦੀਆਂ ਗੱਲਾਂ 'ਚ ਆ ਗਿਆ ਤੇ ਬੁਣਕਰ ਨੂੰ ਬੁਲਾ ਕੇ ਝਿੜਕਦਾ ਹੋਇਆ ਕਹਿਣ ਲੱਗਾ, ''ਮੈਂ ਤੈਨੂੰ ਮਹੱਲ 'ਚ ਸੌਣ ਲਈ ਨਹੀਂ ਰੱਖਿਆ। ਗਲੀਚੇ ਬੁਣਨ ਲਈ ਰੱਖਿਆ ਹੈ। ਅੱਜ ਤੋਂ ਇਕ ਮਹੀਨੇ ਦੇ ਅੰਦਰ-ਅੰਦਰ ਤੂੰ ਮੈਨੂੰ 50 ਗਲੀਚੇ ਤਿਆਰ ਕਰਕੇ ਦਿਖਾਉਣੇ ਹਨ। ਸਮਝਿਆ।''
''ਹਜ਼ੂਰ, ਇਕ ਮਹੀਨੇ 'ਚ 50 ਗਲੀਚੇ?'' ਬੁਣਕਰ ਦਾ ਮੂੰਹ ਖੁੱਲ੍ਹਾ ਰਹਿ ਗਿਆ, ''ਮਹਾਰਾਜ! ਹਰ ਇਕ ਗਲੀਚਾ ਹੁਨਰ ਦੀ ਮੰਗ ਕਰਦਾ ਹੈ। ਇੰਨੇ ਘੱਟ ਸਮੇਂ 'ਚ ਇੰਨੇ ਗਲੀਚੇ ਤਿਆਰ ਕਰਦੇ ਸਮੇਂ ਗਲੀਚਿਆਂ ਦੀ ਖੂਬਸੂਰਤੀ ਖਤਮ ਹੋ ਜਾਏਗੀ। ਗਲੀਚੇ ਦੀ ਬੁਣਾਈ ਦਾ ਕੰਮ ਤਾਂ ਬਹੁਤ ਸਹਿਜਤਾ, ਲਗਨ ਤੇ ਮਿਹਨਤ ਨਾਲ ਕੀਤਾ ਜਾਂਦਾ ਹੈ, ਉਦੋਂ ਦੇਖਣ ਵਾਲੇ ਦਾ ਮਨ ਜਿੱਤਿਆ ਜਾ ਸਕਦਾ ਹੈ।''
ਕੋਲ ਹੀ ਮੰਤਰੀ ਖੜ੍ਹਾ ਸੀ। ਉਹ ਆਕੜ ਕੇ ਬੋਲਿਆ, ''ਮਹਾਰਾਜ ਜੋ ਕਹਿ ਰਹੇ ਹਨ ਉਹੀ ਕਰਨਾ ਪਵੇਗਾ। ਜ਼ਿਆਦਾ ਦਲੀਲਾਂ ਦੇਣ ਦੀ ਲੋੜ ਨਹੀਂ।''
ਬੁਣਕਰ ਸਮਝ ਗਿਆ ਕਿ ਰਾਜਾ ਨੂੰ ਪੱਟੀ ਪੜ੍ਹਾਉਣ ਵਾਲਾ ਕੌਣ ਹੈ। ਮਰਦਾ ਕੀ ਨਾ ਕਰਦਾ? ਉਹ ਰਾਜੇ ਦੇ ਹੁਕਮ ਅਨੁਸਾਰ ਗਲੀਚੇ ਤਿਆਰ ਕਰਨ 'ਚ ਜੁਟ ਗਿਆ।
ਬੁਣਕਰ ਨੇ ਜੀਅ-ਜਾਨ ਨਾਲ ਗਲੀਚੇ ਤਿਆਰ ਕੀਤੇ। ਜਦੋਂ ਗਲੀਚੇ ਲੈ ਕੇ ਰਾਜੇ ਕੋਲ ਪਹੁੰਚਿਆ ਤਾਂ ਮੰਤਰੀ ਪਹਿਲਾਂ ਤੋਂ ਹੀ ਉਥੇ ਹਾਜ਼ਰ ਸੀ। ਇਸ ਤੋਂ ਪਹਿਲਾਂ ਕਿ ਰਾਜਾ ਕੁਝ ਕਹਿੰਦਾ, ਮੰਤਰੀ ਬੋਲਿਆ, ''ਮਹਾਰਾਜ! ਕਿੰਨੇ ਭੱਦੇ ਗਲੀਚੇ ਤਿਆਰ ਕੀਤੇ ਹਨ ਇਸ ਨੇ।''
''ਕੀ ਮਤਲਬ ਹੈ ਤੇਰਾ?'' ਰਾਜੇ ਨੇ ਪੁੱਛਿਆ।
ਮੰਤਰੀ ਕਹਿਣ ਲੱਗਾ, ''ਮਹਾਰਾਜ! ਇਨ੍ਹਾਂ ਗਲੀਚਿਆਂ 'ਚ ਇਸ ਕਾਰੀਗਰ ਦਾ ਕੋਈ ਹੁਨਰ ਨਹੀਂ ਝਲਕਦਾ, ਕੋਈ ਕਲਾ ਨਹੀਂ ਦਿਸਦੀ। ਇਸ ਤਰ੍ਹਾਂ ਦੇ ਸਾਧਾਰਨ ਗਲੀਚੇ ਤਾਂ ਮੇਰੀ ਬੇਟੀ ਵੀ ਤਿਆਰ ਕਰ ਸਕਦੀ ਹੈ।''
ਹੁਣ ਰਾਜੇ ਨੇ ਬੁਣਕਰ ਨੂੰ ਉਹੀ ਗਲੀਚਿਆਂ ਨੂੰ ਉਧੇੜ ਕੇ ਦੁਬਾਰਾ ਗਲੀਚੇ ਬੁਣਨ ਦਾ ਹੁਕਮ ਦੇ ਦਿੱਤਾ। ਵਿਚਾਰਾ ਬੁਣਕਰ ਫਿਰ ਮਨ ਮਾਰ ਕੇ ਗਲੀਚੇ ਤਿਆਰ ਕਰਨ ਲੱਗਾ।
ਮੰਤਰੀ ਮੌਕਾ ਮਿਲਣ 'ਤੇ ਰਾਜੇ ਦੇ ਕੰਨ ਭਰਦਾ ਰਹਿੰਦਾ। ਇਕ ਦਿਨ ਫਿਰ ਕਹਿਣ ਲੱਗਾ, ''ਮਹਾਰਾਜ! ਬੁਣਕਰ ਤਾਂ ਬਹੁਤ ਹੌਲੀ ਰਫਤਾਰ ਨਾਲ ਕੰਮ ਕਰ ਰਿਹਾ ਹੈ। ਲੱਗਦੈ, ਕੰਮ ਕਰਦਾ-ਕਰਦਾ ਥੱਕ ਗਿਆ ਹੈ। ਹੁਣ ਉਹ ਮਹੱਲ 'ਚ ਨੌਕਰੀ ਕਰਨ ਦੇ ਕਾਬਲ ਨਹੀਂ ਰਿਹਾ।''
ਰਾਜਾ ਸਮਝਦਾਰ ਜਾਂ ਨਜ਼ਰ ਦਾ ਪਾਰਖੀ ਤਾਂ ਨਹੀਂ ਸੀ। ਮੰਤਰੀ ਦੀਆਂ ਗੱਲਾਂ 'ਚ ਆ ਗਿਆ ਤੇ ਬੁਣਕਰ ਨੂੰ ਬੁਲਾ ਕੇ ਕਹਿਣ ਲੱਗਾ, ''ਹੁਣ ਤੂੰ ਇਥੋਂ ਘਰ ਨੂੰ ਰਵਾਨਾ ਹੋ ਜਾ। ਮੈਨੂੰ ਤੇਰੇ ਵਰਗੇ ਬੇਕਾਰ ਬੁਣਕਰ ਦੀ ਲੋੜ ਨਹੀਂ ਹੈ।''
ਬੱਚੇ ਕਹਾਣੀ ਨੂੰ ਬਹੁਤ ਉਤਸੁਕਤਾ ਨਾਲ ਸੁਣ ਰਹੇ ਸਨ। ਨਾਨੀ ਜੀ ਕਹਾਣੀ ਨੂੰ ਅੱਗੇ ਵਧਾਉਂਦੇ ਜਾ ਰਹੇ ਸਨ, ''ਬੱਚਿਓ ਸਮਾਂ ਲੰਘਦਾ ਗਿਆ ਤੇ ਰਾਜਾ ਵੀ ਬੁੱਢਾ ਹੁੰਦਾ ਜਾ ਰਿਹਾ ਸੀ। ਹੁਣ ਉਸ ਦੇ ਬੇਟੇ ਨੇ ਹੀ ਰਾਜ ਸੰਭਾਲਣਾ ਸੀ। ਅਸਲ 'ਚ ਮੰਤਰੀ ਪਹਿਲੇ ਦਰਜੇ ਦਾ ਧੋਖੇਬਾਜ਼ ਸੀ। ਉਹ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਰਾਜਕੁਮਾਰ ਨੂੰ ਅਗਵਾ ਕਰਵਾ ਦੇਵੇ ਤੇ ਆਪਣੇ ਲੜਕੇ ਨੂੰ ਰਾਜਾ ਬਣਾਉਣ 'ਚ ਸਫਲ ਹੋ ਜਾਏ। ਮੰਤਰੀ ਸਾਜ਼ਿਸ਼ਾਂ ਦੇ ਜਾਲ ਬੁਣਨ 'ਚ ਹੀ ਲੱਗਾ ਰਹਿੰਦਾ ਸੀ। ਉਧਰ ਬੁਣਕਰ ਆਪਣੇ ਗਲੀਚੇ ਤਿਆਰ ਕਰਕੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਵੇਚਦਾ ਰਿਹਾ।
ਇਕ ਦਿਨ ਜਦੋਂ ਬੁਣਕਰ ਰਾਤ ਨੂੰ ਉਜਾੜ ਜਿਹੇ ਰਸਤੇ ਤੋਂ ਲੰਘ ਰਿਹਾ ਸੀ ਤਾਂ ਇਕ ਪੁਰਾਣੀ ਸਰਾਂ 'ਚ ਰਾਤ ਕੱਟਣ ਲਈ ਠਹਿਰ ਗਿਆ। ਜਦੋਂ ਉਹ ਸਰਾਂ ਦੇ ਇਕ ਕੋਨੇ 'ਚ ਚਾਦਰ ਵਿਛਾ ਕੇ ਸੌਣ ਦੀ ਤਿਆਰੀ ਕਰ ਰਿਹਾ ਸੀ ਤਾਂ ਸਰਾਂ 'ਚ 4-5 ਵਿਅਕਤੀਆਂ ਦੇ ਆਉਣ ਦਾ ਖੜਾਕਾ ਸੁਣਾਈ ਦਿੱਤਾ। ਉਹ ਗੱਲਾਂ ਕਰਦੇ ਆ ਰਹੇ ਸਨ। ਬੁਣਕਰ ਇਕਦਮ ਚੌਕੰਨਾ ਹੋ ਗਿਆ ਤੇ ਉਨ੍ਹਾਂ ਦੀਆਂ ਗੱਲਾਂ ਸੁਣਨ ਲੱਗਾ। ਉਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਸਰਾਂ 'ਚ ਕੋਈ ਹੋਰ ਆਦਮੀ ਵੀ ਉਨ੍ਹਾਂ ਕੋਲ ਹਨੇਰੇ 'ਚ ਪਿਆ ਸੀ।
ਇਕ ਆਦਮੀ ਕਹਿ ਰਿਹਾ ਸੀ, ''ਗੱਲ ਇਸ ਤਰ੍ਹਾਂ ਹੈ ਕਿ ਮੰਤਰੀ ਨੇ ਮੈਨੂੰ 50 ਹਜ਼ਾਰ ਰੁਪਏ ਤਾਂ ਦੇ ਦਿੱਤੇ ਹਨ। ਬਾਕੀ 50 ਹਜ਼ਾਰ ਰੁਪਏ ਰਾਜਕੁਮਾਰ ਨੂੰ ਅਗਵਾ ਕਰਨ ਤੋਂ ਬਾਅਦ ਦੇਵੇਗਾ, ਇਸ ਲਈ ਅਸੀਂ ਆਪਣੀ ਯੋਜਨਾ ਮੁਤਾਬਕ ਅਗਲੇ ਐਤਵਾਰ ਨੂੰ ਰਾਜਕੁਮਾਰ ਨੂੰ ਅਗਵਾ ਕਰਕੇ ਲੈ ਜਾਵਾਂਗੇ। ਇਸ ਕੰਮ 'ਚ ਮੰਤਰੀ ਸਾਡੀ ਪੂਰੀ ਮਦਦ ਕਰੇਗਾ।'' ਸਰਾਂ ਦੀ ਇਕ ਖਿੜਕੀ ਤੋਂ ਆ ਰਹੀ ਚੰਦਰਮਾ ਦੀ ਰੋਸ਼ਨੀ 'ਚ ਬੁਣਕਰ ਨੇ ਉਨ੍ਹਾਂ ਵਿਅਕਤੀਆਂ 'ਚੋਂ ਦੋ ਨੂੰ ਪਛਾਣ ਲਿਆ। ਇਹ ਉਹੀ ਆਦਮੀ ਸਨ ਜੋ ਮੰਤਰੀ ਕੋਲ ਆਉਂਦੇ ਹੁੰਦੇ ਸਨ ਤੇ ਆਪਸ 'ਚ ਘੁਸਰ-ਮੁਸਰ ਕਰਦੇ ਰਹਿੰਦੇ ਸਨ। ਉਨ੍ਹਾਂ ਵਿਅਕਤੀਆਂ ਦੇ ਜਾਣ ਪਿੱਛੋਂ ਬੁਣਕਰ ਤੁਰੰਤ ਘਰ ਪਰਤ ਆਇਆ। ਉਸ ਨੇ ਇਕ ਰਾਤ 'ਚ ਹੀ ਇਕ ਅਨੋਖਾ ਗਲੀਚਾ ਤਿਆਰ ਕੀਤਾ। ਉਹ ਵੱਖਰੀ ਹੀ ਕਿਸਮ ਦਾ ਗਲੀਚਾ ਸੀ।
...ਸਵੇਰ ਹੁੰਦਿਆਂ ਹੀ ਉਹ ਮਹੱਲ ਦੇ ਦਰਵਾਜ਼ੇ 'ਤੇ ਆਇਆ। ਬੁਣਕਰ ਨੂੰ ਵਿਸ਼ਵਾਸ ਸੀ ਕਿ ਜੇਕਰ ਧੋਖੇਬਾਜ਼ ਮੰਤਰੀ ਨੂੰ ਉਸ ਦੇ ਆਉਣ ਦਾ ਪਤਾ ਚੱਲ ਗਿਆ ਤਾਂ ਉਹ ਕਿਸੇ ਵੀ ਹਾਲਤ 'ਚ ਉਸ ਨੂੰ ਰਾਜੇ ਨਾਲ ਮਿਲਣ ਨਹੀਂ ਦੇਵੇਗਾ.... ਇਸ ਲਈ ਉਸ ਨੇ ਮੰਤਰੀ ਤੋਂ ਅੱਖ ਬਚਾ ਕੇ ਆਪਣੀ ਜਾਣ-ਪਛਾਣ ਵਾਲੇ ਇਕ ਪਹਿਰੇਦਾਰ ਵਲੋਂ ਤਿਆਰ ਕੀਤਾ ਹੋਇਆ ਗਲੀਚਾ ਰਾਜੇ ਤਕ ਭਿਜਵਾ ਦਿੱਤਾ ਤੇ ਖੁਦ ਉਥੋਂ ਚਲਾ ਗਿਆ।''
ਰਾਜਾ ਨੇ ਗਲੀਚਾ ਰਾਣੀ ਨੂੰ ਦਿਖਾਇਆ। ਰਾਣੀ ਸਮਝਦਾਰ ਸੀ। ਉਸ ਨੂੰ ਦਾਲ 'ਚ ਕੁਝ ਕਾਲਾ ਲੱਗਾ। ਉਸ ਨੇ ਰਾਜੇ ਨੂੰ ਕਿਹਾ, ''ਸਾਡੇ ਰਾਜ ਵਿਦਵਾਨ ਨੂੰ ਬੁਲਾਓ। ਇਸ ਗਲੀਚੇ 'ਤੇ ਤਾਂ ਕੋਈ ਲਿੱਪੀ ਉਲਟੇ ਢੰਗ ਨਾਲ ਲਿਖੀ ਹੋਈ ਲੱਗਦੀ ਹੈ।''
''ਲਿੱਪੀ? ਉਹ ਕੀ ਹੁੰਦੀ ਹੈ ਨਾਨੀ ਮਾਂ?'' ਸੋਨਾ ਨੇ ਪੁੱਛਿਆ ਤਾਂ ਪਿੰਕੀ ਇਕਦਮ ਕਹਿਣ ਲੱਗੀ, ''ਬੇਵਕੂਫ, ਇੰਨਾ ਵੀ ਨਹੀਂ ਪਤਾ, ਜਦੋਂ ਕਿਸੇ ਭਾਸ਼ਾ ਨੂੰ ਅੱਖਰਾਂ 'ਚ ਲਿਖਿਆ ਜਾਂਦਾ ਹੈ ਤਾਂ ਉਹ ਲਿੱਪੀ ਅਖਵਾਉਂਦੀ ਹੈ ਜਿਵੇਂ ਹਿੰਦੀ ਦੀ ਲਿੱਪੀ ਦੇਵਨਾਗਰੀ ਹੈ, ਪੰਜਾਬੀ ਦੀ ਲਿੱਪੀ ਗੁਰਮੁਖੀ ਹੈ ਮਤਲਬ ਲਿਖਾਵਟ।''
''ਚਲੋ, ਹੁਣ ਕਹਾਣੀ ਨੂੰ ਅੱਗੇ ਵਧਣ ਦਿਓ। ਕਿੰਨਾ ਮਜ਼ਾ ਆ ਰਿਹਾ ਹੈ।'' ਰਾਜੂ ਨੇ ਕਿਹਾ।
ਨਾਨੀ ਜੀ ਨੇ ਕਹਾਣੀ ਮੁੜ ਸ਼ੁਰੂ ਕਰ ਦਿੱਤੀ, ''ਫਿਰ ਬੱਚਿਓ ਹੋਇਆ ਕੀ। ਮਹੱਲ ਦੇ ਵਿਦਵਾਨ ਨੂੰ ਤੁਰੰਤ ਬੁਲਾਵਾ ਭੇਜਿਆ ਗਿਆ। ਉਸ ਵਿਦਵਾਨ ਨੇ ਆਪਣੀ ਅਕਲ ਦਾ ਘੋੜਾ ਦੌੜਾ ਕੇ ਦੱਸਿਆ ਕਿ ਕੋਈ ਅਣਹੋਣੀ ਹੋਣ ਵਾਲੀ ਹੈ। ਪਰ ਉਸ ਨੇ ਇਹ ਰਹੱਸ ਸਿਰਫ ਰਾਜੇ ਤੇ ਰਾਣੀ ਨੂੰ ਹੀ ਦੱਸਿਆ। ਰਾਜ ਵਿਦਵਾਨ ਨੇ ਉਨ੍ਹਾਂ ਨੂੰ ਬੁਣਕਰ ਵਲੋਂ ਉਲਟੇ ਅੱਖਰਾਂ 'ਚ ਲਿਖੀ ਲਿੱਪੀ ਪੜ੍ਹ ਕੇ ਸੁਣਾਈ ਤਾਂ ਰਾਜੇ-ਰਾਣੀ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਗਲੀਚੇ 'ਤੇ ਲਿਖਿਆ ਸੀ ਕਿ ਐਤਵਾਰ ਦੀ ਰਾਤ ਤੁਹਾਡੇ ਮੰਤਰੀ ਦੀ ਸਾਜ਼ਿਸ਼ ਨਾਲ ਤੁਹਾਡੇ ਰਾਜਕੁਮਾਰ ਨੂੰ ਅਗਵਾ ਕੀਤਾ ਜਾਏਗਾ। ਸਾਵਧਾਨ। ਹੇਠਾਂ ਲਿਖਿਆ ਸੀ, ਤੁਹਾਡਾ ਸਵੇਕ-ਉਹੀ ਬੁਣਕਰ। ਨਾਨੀ ਨੇ ਗੱਲ ਜਾਰੀ ਰੱਖੀ, ''ਰਾਜਾ ਸਾਵਧਾਨ ਹੋ ਗਿਆ। ਉਸ ਨੇ ਆਪਣੇ ਮੰਤਰੀ ਨੂੰ ਇਸ ਗੱਲ ਦੀ ਸੂਹ ਤਕ ਨਾ ਲੱਗਣ ਦਿੱਤੀ ਕਿ ਉਸ ਨੂੰ ਉਸ ਦੀ ਸਾਜ਼ਿਸ਼ ਦਾ ਪਤਾ ਲੱਗ ਗਿਆ ਹੈ। ਐਤਵਾਰ ਦੀ ਰਾਤ ਜਦੋਂ ਉਹੀ ਵਿਅਕਤੀ ਮਹੱਲ ਦੇ ਬਾਹਰ ਸੈਰ ਕਰ ਰਹੇ ਰਾਜਕੁਮਾਰ 'ਤੇ ਝਪਟੇ ਤਾਂ ਪਹਿਲਾਂ ਤੋਂ ਹੀ ਸਾਵਧਾਨ ਰਾਜੇ ਦੇ ਕੁਝ ਵਫਾਦਾਰ ਸੈਨਿਕਾਂ ਨੇ ਮੰਤਰੀ, ਉਸ ਦੇ ਬੇਟੇ ਤੇ ਹੋਰ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਨਾਲ ਹੀ ਮੰਤਰੀ ਦਾ ਬੇਟਾ ਵੀ ਸੀ ਜਿਸ ਨੇ ਆਪਣਾ ਭੇਸ ਬਦਲਿਆ ਹੋਇਆ ਸੀ।
ਤੁਰੰਤ ਹੁਕਮ ਦਿੱਤਾ ਗਿਆ ਕਿ ਜਿਥੇ ਵੀ ਬੁਣਕਰ ਹੋਵੇ ਉਸ ਨੂੰ ਮਹੱਲ 'ਚ ਪੇਸ਼ ਕੀਤਾ ਜਾਏ। ਬੁਣਕਰ ਨੂੰ ਲੱਭ ਕੇ ਮਹੱਲ 'ਚ ਪੇਸ਼ ਕੀਤਾ ਗਿਆ।
ਰਾਜਾ ਬੁਣਕਰ ਨੂੰ ਗਲੇ ਲਗਾਉਂਦਾ ਹੋਇਆ ਕਹਿਣ ਲੱਗਾ, ''ਮੇਰੇ ਪਿਆਰੇ ਕਲਾਕਾਰ! ਤੂੰ ਤਾਂ ਕਮਾਲ ਹੀ ਕਰ ਦਿੱਤਾ। ਜੇਕਰ ਤੂੰ ਆਪਣੇ ਗਲੀਚੇ 'ਤੇ ਇਹ ਰਹੱਸ ਦੀ ਗੱਲ ਲਿਖ ਕੇ ਮੇਰੇ ਤਕ ਨਾ ਪਹੁੰਚਾਉਂਦਾ ਤਾਂ ਮੇਰੇ ਰਾਜਕੁਮਾਰ ਨੂੰ ਸੱਚਮੁੱਚ ਹੀ ਅਗਵਾ ਕੀਤਾ ਜਾ ਸਕਦਾ ਸੀ। ਮੈਂ ਤੇਰਾ ਕਰਜ਼ਦਾਰ ਹਾਂ। ਧੋਖੇਬਾਜ਼ ਮੰਤਰੀ ਦੀਆਂ ਗੱਲਾਂ 'ਚ ਆ ਕੇ ਮੈਂ ਤੈਨੂੰ ਮਹੱਲ ਤੋਂ ਕੱਢਿਆ। ਮੈਂ ਬਹੁਤ ਸ਼ਰਮਿੰਦਾ ਹਾਂ।''
ਹੁਣ ਰਾਜਾ ਮੰਤਰੀ ਵੱਲ ਮੁੜਿਆ ਤੇ ਕਹਿਣ ਲੱਗਾ, ''ਮੈਂ ਤੇਰੇ 'ਤੇ ਭਰੋਸਾ ਕਰਕੇ ਆਪਣਾ ਮੰਤਰੀ ਬਣਾਇਆ ਪਰ ਤੂੰ ਤਾਂ ਬੁੱਕਲ ਦਾ ਸੱਪ ਹੀ ਨਿਕਲਿਆ। ਹੁਣ ਤੇਰੇ ਵਰਗੇ ਧੋਖੇਬਾਜ਼ ਲੋਕਾਂ ਲਈ ਉਮਰ ਭਰ ਜੇਲ ਦਾ ਤੋਹਫਾ ਦਿੱਤਾ ਜਾਂਦਾ ਹੈ।''
ਤਾਂ ਇਸ ਤਰ੍ਹਾਂ ਬੱਚਿਓ! ਧੋਖੇਬਾਜ਼ ਲੋਕਾਂ ਨੇ ਆਪਣਾ ਕੀਤਾ ਭੋਗਿਆ ਤੇ ਬੁਣਕਰ ਨੂੰ ਪੂਰੇ ਮਾਣ-ਸਨਮਾਨ ਨਾਲ ਫਿਰ ਮਹੱਲ 'ਚ ਰੱਖ ਲਿਆ ਗਿਆ।
''ਥੈਂਕਯੂ ਨਾਨੀ ਜੀ, ਥੈਂਕਯੂ ਨਾਨੀ ਜੀ। ਬਹੁਤ ਵਧੀਆ ਕਹਾਣੀ ਸੀ।'' ਸਾਰੇ ਬੱਚੇ ਇਕੱਠੇ ਬੋਲੇ।
''ਓਏ ਇਕ ਗੱਲ ਤਾਂ ਰਹਿ ਗਈ।'' ਸੋਨਾ ਕਹਿਣ ਲੱਗੀ।
''ਕਿਹੜੀ?'' ਪਿੰਕੀ ਨੇ ਪੁੱਛਿਆ।
''ਮੈਂ ਕਿਹਾ ਸੀ ਕਿ ਮੈਂ ਅਖੀਰ 'ਚ ਇਸ ਕਹਾਣੀ ਦਾ ਨਾਂ ਦੱਸਾਂਗੀ।'' ਸੋਨਾ ਨੇ ਕਿਹਾ।
''ਤਾਂ ਕੀ ਨਾਂ ਦੇਵੇਂਗੀ ਇਸ ਕਹਾਣੀ ਨੂੰ?'' ਪਿੰਕੀ ਨੇ ਪੁੱਛਿਆ। ''ਇਸ ਕਹਾਣੀ ਦਾ ਨਾਂ ਹੋਣਾ ਚਾਹੀਦੈ 'ਬੁੱਕਲ ਦਾ ਸੱਪ'।'' ਸੋਨਾ ਨੇ ਕਿਹਾ।
ਅਤੇ ਫਿਰ ਸਾਰੇ ਬੱਚੇ ''ਵਾਹ-ਵਾਹ'' ਕਹਿੰਦੇ ਹੋਏ ਨਾਨੀ ਜੀ ਦੇ ਨਾਲ ਹੀ ਉਨ੍ਹਾਂ ਦੇ ਬੈੱਡ 'ਤੇ ਲੰਮੇ ਪੈ ਗਏ। ਕੁਝ ਹੀ ਸਮੇਂ ਤੋਂ ਬਾਅਦ ਸਾਰੇ ਬੱਚੇ ਤੇ ਨਾਨੀ ਜੀ ਡੂੰਘੀ ਨੀਂਦ 'ਚ ਸੌਂ ਗਏ।
 
Top