ਬੀਤੇ ਪੰਜਾਬ ਦਾ ਪਿੰਡ

'MANISH'

yaara naal bahara
ਲੇਖਕ: ਸ਼ਮਸ਼ੇਰ ਸਿੰਘ ਬੱਬਰਾ
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।

‘ਬੀਤੇ ਪੰਜਾਬ ਦਾ ਪਿੰਡ’ ਵਿਚ ਲੇਖਕ ਸ਼ਮਸ਼ੇਰ ਸਿੰਘ ਬੱਬਰਾ ਅੱਜ ਭਾਵੇਂ ਵਾਸ਼ਿੰਗਟਨ ਵਿਚ ਬੈਠਾ ਹੈ, ਪਰ 1947 ਤੋਂ ਪਹਿਲਾਂ ਦੇ ਵੀਹ ਸਾਲ ਆਪਣੇ ਪਿੰਡ ਵਿਚ ਗੁਜ਼ਾਰੇ ਦਿਨਾਂ ਨੂੰ ਉਹ ਜਿਤਨੇ ਰੂਪਕ ਅਤੇ ਰੌਚਕ ਢੰਗ ਨਾਲ ਪੇਸ਼ ਕਰਦਾ ਹੈ, ਉਹ ਉਸ ਦੀ ਯਾਦਸ਼ਕਤੀ ਦੇ ਅਮਿੱਟ ਮੋਹ ਦਾ ਪ੍ਰਗਟਾਵਾ ਹੈ। ਪਿੰਡ ‘ਛੋਟੀਆਂ ਗਲੋਟੀਆਂ’(ਅੱਜ ਪਾਕਿਸਤਾਨ ਦੇ ਸਿਆਲਕੋਟ ਜ਼ਿਲੇ ਵਿਚ) ਦੇ ਇੰਜਰ ਪਿੰਜਰ, ਲੋਕਾਂ ਦੀ ਰਹਿਣੀ ਬਹਿਣੀ, ਰੁਝੇਵੇਂ, ਵਾਰਦਾਤਾਂ, ਆਪਸੀ ਸਾਂਝਾਂ ਅਤੇ ਮਜ਼ਹਬੀ ਵਿਤਕਰਿਆਂ ਦੇ ਬਾਵਜੂਦ, ਪਿੰਡ ਦੀ ਸਾਵੀਂ ਪੱਧਰੀ ਜ਼ਿੰਦਗੀ ਨੂੰ ਪੂਰੇ ਹਕੀਕੀ ਰੂਪ ਵਿਚ ਉਲੀਕਿਆ ਹੈ। ਇਸ ਬਿਰਤਾਂਤ ਲਈ ਉਸ ਨੇ ਪਿੰਡ ਨੂੰ ਆਦਿ ਕਾਲ 900 ਈਸਵੀ ਤੋਂ ਲੈ ਕੇ 1947 ਤੱਕ ਦੇ ਜੀਵਨ ਨੂੰ ਅਜ਼ਾਦੀ ਤੋਂ ਪੂਰੇ 63 ਸਾਲਾਂ ਬਾਅਦ 2010 ਵਿਚ ਕਲਮਬੱਧ ਕਰਨ ਦੀ ਘਾਲਣਾ ਘਾਲੀ ਹੈ। ਬੀਤੇ ਸਮੇਂ ਦੀਆਂ ਵਾਰਦਾਤਾਂ ਜਾਂ ਕਥਾ ਕਹਾਣੀਆਂ ਨੂੰ ਇੰਨਾ ਸੰਭਾਲ ਕੇ ਰੱਖਣਾ ਅਤੇ ਸਿਲਸਿਲੇਵਾਰ ਪੇਸ਼ ਕਰਨਾ ਲੇਖਕ ਦੀ ਕਲਮ ਦੇ ਹੁਨਰ ਦਾ ਕਮਾਲ ਹੈ।
ਪਿੰਡ ਦੀ ਜੀਵਨ ਗਾਥਾ ਨੂੰ ਜਿਥੇ ਅੰਕੜਿਆਂ ਦੀ ਸਹਾਇਤਾ ਨਾਲ ਪਿੰਡ ਦੀ ਡੀਲ-ਡੌਲ, ਲੋਕਾਂ ਦੀ ਗਿਣਤੀ, ਧੰਦੇ, ਉਨ੍ਹਾਂ ਦੇ ਸ਼ੌਕ, ਆਰਥਿਕ ਦਸ਼ਾ ਅਤੇ ਲੋਕਾਂ ਦੇ ਕਾਰ-ਵਿਹਾਰਾਂ ਨੂੰ ਆਪਣੀਆਂ ਯਾਦਾਂ ਦੇ ਝੁਰਮਟ ਵਿਚੋਂ ਵਿਭਿੰਨ ਕਰਕੇ ਦਰਸਾਇਆ ਹੈ, ਉਥੇ ਹਰ ਪੱਖ ਨਾਲ ਸਬੰਧਤ ਕੁਝ ਵਾਰਦਾਤਾਂ ਅਤੇ ਕੁਝ ਕਿਰਦਾਰਾਂ ਦਾ ਰੂਪਾਂਕਣ ਕਰਕੇ ਪਿੰਡ ਦੇ ਲੋਕਾਂ ਦੇ ਜੀਵਨ ਦੀ ਅਲੌਕਿਕਤਾ ਦਾ ਬਾਖੂਬੀ ਪ੍ਰਗਟਾਵਾ ਕੀਤਾ ਹੈ। ਨਾਲ ਹੀ ਬਿਰਤਾਂਤ ਦੀ ਰੌਚਿਕਤਾ ਬਣਾਏ ਰੱਖਣ ਹਿੱਤ ਕੁਝ ਐਸੀਆਂ ਘਟਨਾਵਾਂ ਦਾ ਵੀ ਵਰਨਣ ਕੀਤਾ ਹੈ ਜੋ ਜੀਵਨ ਪੱਧਰ ’ਤੇ ਭਾਵੇਂ ਅਦ੍ਰਿਸ਼ਟ ਰਹੀਆਂ ਹੋਣ, ਪਰ ਅਸਲੀਅਤ ਦਾ ਪਤਾ ਸਿਰਫ਼ ਲੇਖਕ ਦੀ ਕਲਮ ਹੀ ਦੱਸ ਸਕਦੀ ਹੈ। ਕਿਉਂਕਿ ਜ਼ਿੰਦਗੀ ਦੇ ਦਰਿਆ ਦੇ ਬਹੁਤੇ ਵਹਿਣ ਅਕਸਰ ਧਰਤੀ ਦੇ ਹੇਠ ਹੀ ਅਦ੍ਰਿਸ਼ਟ ਰੂਪ ਵਿਚ ਵਹਿ ਜਾਂਦੇ ਹਨ। ਅਜਿਹੇ ਵਰਣਨ ਪੁਸਤਕ ਦਾ ਦਿਲਚਸਪ ਪਹਿਲੂ ਹਨ।
ਗਲਪ ਗਾਥਾ ਦੇ ਪੱਖੋਂ ਲੇਖਕ ਨੇ ਬੋਲੀ ਸ਼ੈਲੀ ਨੂੰ ਮਾਝਾ ਸ਼ੈਲੀ ਦੇ ਅੰਗ ਸੰਗ ਰੱਖਿਆ ਹੈ। ਬਹੁਤ ਸਾਰੇ ਵਰਤੇ ਗਏ ਸ਼ਬਦ ਅੱਜ ਦੇ ਪਾਠਕ ਨੂੰ ਬੇਸ਼ੱਕ ਸਮਝ ਨਾ ਆਉਣ, ਪਰ ਉਹ ਸ਼ਬਦ ਅਤੇ ਕੁਝ ਮੁਹਾਵਰੇ ਪੰਜਾਬੀ ਬੋਲੀ ਦੇ ਅਮੀਰ ਵਿਰਸੇ ਦਾ ਸਬੂਤ ਹਨ ਜੋ ਲੇਖਕ ਨੇ ਮੂਲ ਰੂਪ ਵਿਚ ਢੱੁਕਵੇਂ ਸੰਦਰਭ ਵਿਚ ਵਰਤੇ ਹਨ। ਜੇ ਗੁਰਦਾਸ ਮਾਨ ਨੂੰ ਪਰਦੇਸੀਂ ਗਏ ਪੁੱਤਰਾਂ ਵੱਲੋਂ ‘ਮੁੜ ਮੁੜ ਆਵਣ ਯਾਦਾਂ ਪਿੰਡ ਦੀਆਂ ਗਲੀਆਂ ਦੀ’ ਹੂਕ ਪੈਂਦੀ ਹੈ, ਤਾਂ ਸ਼ਮਸ਼ੇਰ ਸਿੰਘ ਅਤੇ ਉਸ ਦੇ ਪਿੰਡ ਦੇ ਹੋਰ ਉਚ-ਪਦਵੀਆਂ ’ਤੇ ਸਥਿਤ ਲੋਕਾਂ ਦਾ ਦਿਲ ‘ਬੀਤੇ ਪੰਜਾਬ ਦੇ ਪਿੰਡ’ ਦੀਆਂ ਗਲੀਆਂ ਅਤੇ ਪਿੰਡ ਦੇ ਲੋਕਾਂ ਵਿਚ ਅਜੇ ਵੀ ਵੱਸਦਾ ਹੈ। ਸਦੀਆਂ ਤੋਂ ਵੱਸਦੇ ਲੋਕਾਂ ਨੂੰ ਜਦ ਪਿੰਡ ਛੱਡ ਕੇ ਉਜੜਨਾ ਪਿਆ, ਤਾਂ ਉਸ ਵੇਲੇ ਦੇ ਅੱਜ ਜੀਊਂਦੇ ਲੋਕਾਂ ਨੂੰ ਉਹ ਤ੍ਰਾਸਦੀ ਅਜੇ ਕੀ, ਕਦੇ ਵੀ ਨਹੀਂ ਭੁੱਲ ਸਕਦੀ।
‘ਬੀਤੇ ਪੰਜਾਬ ਦਾ ਪਿੰਡ’ ਸਮੁੱਚੇ ਰੂਪ ਵਿਚ ਅਣਵੰਡੇ ਭਾਰਤ ਵਿਚ ਘੁੱਗ ਵਸਦੇ ਭਾਵੇਂ ਇਕ ਪਿੰਡ ਦੀ ਗਾਥਾ ਹੈ, ਪਰ ਮੂਲ ਰੂਪ ਵਿਚ ਇਹ ਗਾਥਾ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਅਤੇ ਈਸਾਈਆਂ ਦੇ ਕਿਸੇ ਵੇਲੇ ਦੀਆਂ ਸਾਂਝਾਂ ਤੇ ਸੁਖਾਵੇਂ ਸਬੰਧਾਂ ਦਾ ਪ੍ਰਤੀਕ ਹੈ।
ਭਾਰਤ ਵੰਡ ਤੋਂ ਪਹਿਲਾਂ ਜਨਮਿਆਂ ਲਈ ਅਤੇ ਆਜ਼ਾਦ ਭਾਰਤ ਵਿਚ ਜਨਮੇ, ਸਾਰਿਆਂ ਲਈ ਇਹ ਕਿਤਾਬ ਪੜ੍ਹਨੀ ਲਾਹੇਵੰਦ ਹੋਵੇਗੀ।
 
Top