ਬਿਰਹਾ ਦੀ ਰਾਣੀ

'MANISH'

yaara naal bahara
ਲੇਖਕ: ਸਾਧੂ ਰਾਮ ਆਦਮਪੁਰੀ
ਪੰਨੇ: 176, ਮੁੱਲ 200 ਰੁਪਏ
ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
ਸਾਧੂ ਰਾਮ ਆਦਮਪੁਰੀ ਮੇਰੇ ਲਈ ਤੇ ਪੰਜਾਬੀ ਪਾਠਕਾਂ ਲਈ ਨਵਾਂ ਨਾਂ ਹੈ। ਬਿਰਹਾ ਦੀ ਰਾਣੀ ਪਰੰਪਰਾਗਤ ਕਾਵਿ ਰੂਪਾਕਾਰਾਂ ਵਾਲੀ ਕਵਿਤਾ ਦਾ ਸੰਗ੍ਰਹਿ ਹੈ। ‘ਬੈਰਾਗੀ ਹੋਗਾ ਪਹਿਲਾ ਕਵੀ’ ਦੀ ਉਕਤੀ ਸਾਧੂ ਰਾਮ ਉਤੇ ਲਾਗੂ ਹੁੰਦੀ ਹੈ। ਬਿਰਹਾ ਤੇ ਵੈਰਾਗ ਦੇ ਬੈਂਤ, ਕਤਹੇ ਤੇ ਸ਼ਿਅਰ ਇਸ ਪੁਸਤਕ ਵਿਚ ਸੰਗ੍ਰਹਿਤ ਹਨ। ਇਨ੍ਹਾਂ ਦਾ ਰੂਪ ਤੇ ਵਸਤੂ ਵੀਹਵੀਂ ਸਦੀ ਦੇ ਆਰੰਭਕ ਵਰ੍ਹਿਆਂ ਦੀ ਪਰ੍ਹਿਆਂ, ਸੱਥਾਂ ਤੇ ਮੁਸ਼ਾਇਰਿਆਂ ਦੀ ਬੈਂਤਬਾਜ਼ੀ ਤੇ ਸ਼ਿਅਰਬਾਜ਼ੀ ਦਾ ਹੈ।
ਸਮਰਪਣ ਵਜੋਂ ਲਿਖੇ ਸੰਖੇਪ ਸ਼ਬਦਾਂ ਵਿਚ ਸਾਧੂ ਰਾਮ ਨੇ ਹਾਰਮੋਨੀਅਮ ਵਜਾ ਕੇ ਸ਼ਿਅਰ ਬੋਲਣ ਅਤੇ ਗੀਤ ਗਾਉਣ ਵਾਲੇ ਕਲਾਕਾਰਾਂ ਨੂੰ ਯਾਦ ਕੀਤਾ ਹੈ, ਜਿਨ੍ਹਾਂ ਨੂੰ ਉਹ ਦੇਰ ਰਾਤ ਤਕ ਡਰਾਮਿਆਂ ਨਕਲਾਂ ਤੇ ਰਾਸ ਲੀਲਾ ਦੌਰਾਨ ਸੁਣਦਾ-ਮਾਣਦਾ ਰਿਹਾ ਹੈ। ਇਸ ਪੁਸਤਕ ਦੇ ਕਈ ਬੈਂਤ ਇਹੋ ਜਹੇ ਅਖਾੜਿਆਂ, ਕਵਾਲੀਆਂ ਆਦਿ ਵਿਚ ਗਾਉਣ ਵਾਲਿਆਂ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹਨ।
ਸਰੋਦੀ ਤਤ, ਸਰਲ ਸ਼ਬਦਾਵਲੀ, ਰੋਮਾਂਟਿਕ ਸ਼ੈਲੀ ਬਿਰਹਾ ਦੀ ਰਾਣੀ ਦੀਆਂ ਰਚਨਾਵਾਂ ਦੇ ਵਿਸ਼ੇਸ਼ ਲੱਛਣ ਹਨ। ਕਵਿਤਾ ਦੀਆਂ ਮਾਤ੍ਰਾਵਾਂ ਦਾ ਤੋਲ ਪਿੰਗਲ ਦੇ ਅਨੁਰੂਪ ਰੱਖਣ ਦਾ ਯਤਨ ਕਾਫੀ ਹੱਦ ਤਕ ਸਫ਼ਲ ਹੈ, ਪਰ ਫਿਰ ਵੀ ਕਿਤੇ-ਕਿਤੇ ਮਾਤ੍ਰਾਵਾਂ ਘੱਟ ਵੱਧ ਹਨ। ਕਈ ਥਾਵਾਂ ਉਤੇ ‘ਗਾਇਕ ਦਾ ਬੋਲਣ ਦਾ ਅੰਦਾਜ਼ ਜਾਂ ਉਸ ਦੁਆਰਾ ਜੋੜਿਆ/ਛਡਿਆ ਕੋਈ ਸ਼ਬਦ ਇਸ ਕਸਰ ਨੂੰ ਪੂਰਾ ਕਰਦਾ ਪ੍ਰਤੀਤ ਹੁੰਦਾ ਹੈ।
ਪ੍ਰਤੀਤ ਹੁੰਦਾ ਹੈ ਕਿ ਸਾਧੂ ਰਾਮ ਦੀ ਇਹ ਪਹਿਲੀ ਕਾਵਿ ਪੁਸਤਕ ਹੈ। ਅਭਿਆਸ ਦੇ ਪੜਾਅ ਤੋਂ ਉਪਰ ਉਠਣ ਲਈ ਉਸ ਨੂੰ ਪਿੰਗਲ/ਅਰੂਜ਼ ਵਲ ਵੀ ਹੋਰ ਧਿਆਨ ਦੇਣਾ ਪਵੇਗਾ ਅਤੇ ਵਿਸ਼ਾ ਵਸਤੂ ਵਲ ਵੀ। ਪੰਜਾਬੀ ਭਾਸ਼ਾ ਤੇ ਸਾਹਿਤ ਪ੍ਰਤੀ ਉਸ ਦੀ ਲਗਨ ਤੇ ਸ਼ੌਕ ਨਿਸ਼ਚੇ ਹੀ ਸਵਾਗਤਯੋਗ ਹੈ।
 
Top