ਬਾਬੇ ਨਾਨਕ ਨੂੰ ਖੱਤ

ਬਾਬੇ ਨਾਨਕ ਨੂੰ ਖੱਤ

ਲਿਖਤੁਮ ਮਨੋਹਰ ਸਿੰਘ, ਪਾਸੇ ਮੇਰੇ ਜਾਗਤੀ ਜੋਤ ਸਤਿਗੁਰੂ ਅਤੇ ਤ੍ਰਿਪਤਾ ਮਾਤਾ ਜੀ ਦੇ ਦੁਲਾਰੇ, ਬਾਬਾ ਜੀ ਜੋਗ ਸਤਿ ਕਰਤਾਰ ਪੁਜੇ ਜੀ ।
ਹੋਰ ਬਾਬਾ ਜੀ ਤੁਸਾਂ ਹੁਣ ਮਾਤ ਲੋਕ ਵੱਲ ਫੇਰੀ ਫੇਰੀ ਪਾਉਣ ਦਾ ਕਸ਼ਟ ਕਰਨਾ ਜੀ । ਤੁਹਾਡੀ ਅਗਵਾਈ ਦੀ ਉਚੇਚੀ ਲੋੜ ਹੈ । ਤੁਸੀਂ ਤਾਂ ਪਾਤਸ਼ਾਹ ਹੋ, ਤੁਹਾਨੂੰ ਵੱਡੇ ਕੰਮਾਂ ਤੋਂ ਹੀ ਵਿਹਲ ਮਿਲਦੀ ਨਹੀਂ । ਛੋਟੇ ਕੰਮਾਂ ਦੀ ਦੇਖ ਭਾਲ ਵਾਲੇ ਤੁਹਾਡੇ ਮੁਨਸ਼ੀ ਮੁਸੱਦੀ ਵੀ ਤੁਹਾਨੂੰ ਸੰਗਤਾਂ ਦਾ ਪੂਰਾ ਵਿਸਥਾਰ ਨਹੀਂ ਦੇਂਦੇ ਜਾਪਦੇ । ਤੁਸਾਡੇ ਸਮੇਂ ਦੇ ਸਾਦੇ ਮੁਰਾਦੇ ਵਿਆਹ, ਪੰਡਤ ਪਾਂਧੇ ਸਵਾ ਰੁਪਿਆ ਲੈ ਕੇ ਕਰਵਾ ਦੇਂਦੇ ਸਨ । ਤੁਸਾਂ ਇਸ ਤੁਛ ਮਾਇਆ ਤੋਂ ਖਿੱਝਕੇ ਪੰਡਤਾਂ ਨੂੰ ਬੜੀ ਝਾੜ ਪਾਈ ਸੀ ਤੇ ਫੁਰਮਾਇਆ ਸੀ ।
ਸਸੇ ਸੰਜਮੁ ਗਇਉ ਮੂੜੈ ਏਕੁ ਦਾਨੁ ਤੁਧੁ ਕੁਥਾਇ ਲਇਆ ।।
ਸਾਈ ਪੁਤਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮ ਗਇਆ ।।
ਪਰ ਹੁਣ ਸਵਾ ਰੁਪਏ ਦੇ ਛੋਟੇ ਮੋਟੇ ਦਾਨ ਦੀ ਪੁਛ ਹੀ ਕੀ ਹੈ । ਹੁਣ ਹਜ਼ਾਰ ਪੰਜ ਸੌ ਰੁਪਏ ਦਾ ਢੋਲ ਢਮੱਕੇ ਵਾਲੇ ਲੈ ਜਾਂਦੇ ਹਨ । ਹੁਣ ਬਰਾਤਾਂ ਪੰਜ ਸਿਤਾਰੇ ਹੋਟਲਾਂ ਵਿੱਚ ਢੁਕਦੀਆਂ ਹਨ। ਅਨੰਦ ਕਾਰਜ ਦੀ ਰਸਮ ਉੱਚ ਕੋਟੀ ਦੇ ਰਾਗੀ ਹਜ਼ਾਰਾਂ ਰੁਪਿਆਂ ਬਦਲੇ ਕਰਾਉਂਦੇ ਹਨ । ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਟਲ ਦੇ ਉਨ੍ਹਾਂ ਕਮਰਿਆਂ ਵਿੱਚ ਹੁੰਦਾ ਹੈ, ਜਿੱਥੇ ਸਾਲਾਂ ਵੱਧੀ ਸਿਗਰਟਾਂ ਪੀ ਪੀ ਲੋਕਾਂ ਨੇ ਛੱਤਾਂ ਵੀ ਧੁਆਂਖ ਦਿੱਤੀਆਂ ਹੁੰਦੀਆਂ ਹਨ । ਤੁਹਾਡੇ ਸਿੱਖਾਂ ਦੀ ਸ਼ਰਧਾ ਅਪਾਰ ਹੈ । ਰੋਟੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਭੋਗ ਲਵਾਉਣਾ ਉਥੇ ਵੀ ਨਹੀਂ ਭੁੱਲਦੇ ਭਾਵੇਂ ਉੱਥੇ ਮੋਟੇ ਮਾਸ ਦਾ ਪਕਵਾਨ ਹੀ ਹੁੰਦਾ ਹੋਵੇ । ਤੁਸਾਂ 'ਅਭਾਖਿਆ ਕਾ ਕੁਠਾ ਬਕਰਾ' ਖਾਣ ਤੋਂ ਵਰਜਿਆ ਸੀ, ਇੱਥੇ ਤਾਂ ਆਵਾ ਹੀ ਊਤ ਗਿਆ ਹੈ । ਤੁਸੀਂ ਭਾਖਿਆ ਕੀ ਮਿੱਥੋਗੇ । ਹੁਣ ਅਭਾਖਿਆ ਬੋਲਣ ਵਾਲੇ ਮੁਗ਼ਲ ਅਤੇ ਅੰਗਰੇਜ਼ ਅਸਾਨੂੰ ਅਜ਼ਾਦ ਕਰਕੇ ਚਲੇ ਗਏ ਹਨ, ਪਰ ਤੁਹਾਡੇ ਸ਼ਰਧਾਲੂਆਂ ਦਾ ਹਾਲ ਇਹ ਹੈ ਕਿ ਅਰਦਾਸ ਪੰਜਾਬੀ ਵਿੱਚ ਕਰਦੇ ਹਨ, ਕੁੱਤੇ ਨੂੰ ਪਿਆਰ ਹਿੰਦੀ ਵਿੱਚ ਕਰਦੇ ਹਨ, ਅਤੇ ਬੱਚਿਆਂ ਨੂੰ ਗਾਲ੍ਹਾਂ ਅੰਗਰੇਜ਼ੀ ਵਿੱਚ ਕੱਢਦੇ ਹਨ ।
ਹੋਟਲਾਂ ਦੀ ਗੱਲ ਛੱਡੋ, ਸ਼ਰਧਾਵਾਨ ਸਿੱਖਾਂ ਦੇ ਘਰ ਸੋਮ ਰਸ (ਸ਼ਰਾਬ) ਤੋਂ ਬਿਨਾਂ ਖਾਣਾ ਸ਼ੁਰੂ ਨਹੀਂ ਹੁੰਦਾ । ਤੁਸੀਂ ਆਪਣੇ ਸਮੇਂ ਜਦੋਂ ਅਣ-ਕਮਾਏ ਧਨ ਵਾਲੇ ਪੁਰਸ਼ ਦੇ ਘਰ ਲੰਗਰ ਛੱਕਦੇ ਸਾਉ, ਤਾਂ ਤੁਸਾਡੀ ਬਿਰਤੀ ਉਖੜ ਉਖੜ ਪੈਂਦੀ ਸੀ ਤੇ ਤੁਸੀਂ ਦਸਾਂ ਨਹੁੰਆਂ ਦੀ ਕਿਰਤ ਦਾ ਉਪਦੇਸ਼ ਕਰਦੇ ਸਾਉ । ਹੁਣ ਉਪਦੇਸ਼ ਤੁਸਾਡੇ ਦਾ ਆਧਾਰ ਕੀ ਹੋਵੇਗਾ, ਇਹ ਤੁਸੀਂ ਆਪ ਜਾਣੋਂ । ਕਿਉਂਕਿ ਸੁਆਂਤਿ ਬੂੰਦ, ਜੇ ਸਿੱਪ ਦੇ ਮੂੰਹ ਵਿੱਚ ਡਿੱਗੇ ਤਾਂ ਸੁੱਚਾ ਮੋਤੀ ਹੋ ਨਿਬੜਦੀ ਹੈ ਅਤੇ ਜੇ ਇਹੋ ਬੂੰਦ ਸੱਪ ਦੇ ਮੂੰਹ ਵਿੱਚ ਡਿੱਗੇ ਤਾਂ ਮਾਰੂ ਵਿਸ਼ ਦਾ ਰੂਪ ਧਾਰਨ ਕਰ ਲੈਂਦੀ ਹੈ ।
ਬਾਬਾ ਜੀ ! ਤੁਹਾਨੂੰ ਯਾਦ ਹੀ ਹੋਵੇਗਾ, ਕਿਵੇਂ ਤੁਹਾਡੀ ਆਪਣੀ ਜੰਝ ਬੈਲ-ਗੱਡਿਆਂ ਉੱਪਰ ਬਟਾਲੇ ਗਈ ਸੀ । ਪਰਿਵਾਰਿਕ ਮੇਲ ਜੋਲ ਦਾ ਕਿਤਨਾ ਸੁਹਾਵਣਾ ਤੇ ਸਾਊ ਪ੍ਰਭਾਵ ਸੀ । ਨਾਂ ਕਿਸੇ ਭੰਗੜਾ ਪਾਇਆ ਸੀ, ਨਾਂ ਬੈਂਡ ਵਾਜੇ ਸਨ ਤੇ ਨਾਂ ਹੀ ਗੱਲਾਂ ਵਾਲੇ ਤਵਿਆਂ ਉੱਪਰ ਫ਼ਿਲਮੀ ਗਾਣੇ ਗਾਏ ਗਏ ਸਨ । ਬਾਕੀ ਗੱਲ ਤਾਂ ਸ਼ਾਇਦ ਓੁਪਰੀ ਨਾਂਹ ਲੱਗੇ ਪਰ ਭੰਗੜੇ ਬਾਬਤ ਤੁਸੀਂ ਜ਼ਰੂਰ ਪੁਛੋਗੇ । ਤੁਸਾਂ ਇੱਕ ਵਾਰੀ ਰਾਸਧਾਰੀ ਮੁੰਡਿਆਂ ਨੂੰ ਨੱਚਦਿਆਂ ਤੱਕ ਕੇ ਫੁਰਮਾਇਆ ਸੀ :
ਵਾਇਨਿ ਚੇਲੇ ਨਚਨਿ ਗੁਰ ।। ਪੈਰ ਹਲਾਇਨ ਫੇਰਨਿ ਸਿਰ ।।
ਉਡਿ ਉਡਿ ਰਾਵਾ ਝਾਟੇ ਪਾਇ ।। ਵੇਖੈ ਲੋਕੁ ਹਸੈ ਘਰਿ ਜਾਇ ।।
ਬੱਸ ਸਮਝ ਲਵੋ ਕਿ ਭੰਗੜਾ, ਉਸ 'ਰਾਸ' ਦਾ ਵਿਗੜਿਆ ਰੂਪ ਹੈ। ਸ਼ਰਾਬ ਨਾਲ ਗੁੱਟ ਹੋ ਕੇ ਬਰਾਤ ਦੇ ਅੱਗੇ ਅੱਗੇ ਲੜਖੜਾਉਂਦੇ ਜਾਣ ਨੂੰ ਭੰਗੜਾ ਆਖਦੇ ਹਨ । ਭੰਗੜੇ ਵਿੱਚ ਕੇਵਲ ਮੁੰਡੇ ਖੁੰਡੇ ਹੀ ਸ਼ਾਮਲ ਨਹੀਂ ਹੁੰਦੇ, ਸਗੋਂ ਘਰ ਦੇ ਵੱਡੇ ਵਡੇਰਿਆਂ ਨੂੰ ਵੀ ਖਿੱਚ-ਖਿੱਚਾ ਕੇ ਇੱਕ ਤਮਾਸ਼ਾ ਬਣਾ ਲੈਂਦੇ ਹਨ । ਹੁਣ ਤਾਂ ਜਨਾਨੀਆਂ ਦਾ ਭੰਗੜਾ ਬਹੁਤ ਪ੍ਰਚਲਿਤ ਹੈ । ਘਰ ਵਿੱਚ ਸਹੁਰੇ ਕੋਲੋਂ ਘੁੰਡ ਕੱਢਣ ਵਾਲੀਆਂ ਪਾਰਸਾਅ ਬੀਬੀਆਂ, ਛਾਤੀਆਂ ਨੂੰ ਨਿੱਕੀ ਜਿਹੀ ਤੜਾਕੀ ਨਾਲ ਢੱਕ ਕੇ ਤੇ ਢਿੱਡੋਂ ਨੰਗੀਆਂ, ਉੱਚੇ ਹੱਥ ਕਰਕੇ ਭੰਗੜੇ ਦਾ ਤਾਲ ਦੇਂਦੀਆਂ ਤੇ ਨੱਚਦੀਆਂ ਹਨ, "ਵੇਖੈ ਲੋਕੁ ਹਸੈ ਘਰਿ ਜਾਇ।।"
ਇਨ੍ਹਾਂ ਗੁੱਟ ਹੋਏ ਬਰਾਤੀਆਂ ਦੇ ਸੁਆਗਤ ਲਈ ਅੱਗੋਂ ਢੋਲਕੀਆਂ ਖੜਕਾ ਕੇ ਸ਼ਬਦ ਗਾਇਨ ਹੁੰਦੇ ਹਨ । "ਹਰਿ ਸਜਣੁ ਲਧਾ ਜੀ ਸਾਰਾ ਜਗ ਢੂੰਡ ਕੇ " ਬਲਿਹਾਰੇ ਜਾਈਏ, ਇਹੋ ਜਿਹੇ ਸੁਹਣੇ ਸਾਜਣਾਂ ਤੋਂ । ਅੱਖੋਂ ਅੰਨ੍ਹੀਂ ਨੇ ਨਾਂ ਨੂਰ ਭਰੀ ।
ਰੋਟੀ ਖਾਣ ਸਮੇਂ ਗੁੱਟ ਹੋਏ ਸ਼ਰਾਬੀਆਂ ਦੀ ਹੇੜ, ਜਿਸਨੂੰ ਬਰਾਤ ਦਾ ਸ਼ੁੱਭ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ, ਮੁਰਗੇ ਦੀਆਂ ਲੱਤਾਂ ਨੂੰ ਚਿੰਬੜ ਜਾਂਦੀ ਹੈ । ਤੁਹਾਡੇ ਸਮੇਂ ਪੰਗਤ ਵਿੱਚ ਬੈਠ ਕੇ ਪੂੜੀ ਕੜਾਹ ਦਾ ਸੁਆਦ ਪੁਰਾਣੀ ਕਹਾਣੀ ਹੈ । ਹੁਣ ਬਗਲੇ ਵਾਂਗ ਖੜੇ ਹੋ ਕੇ ਮੁਰਗਾ ਮੱਛੀ ਖਾਣ ਨੂੰ "Buffet" ਆਖਦੇ ਹਨ । ਬਗਲਾ ਤਾਂ ਫੜ੍ਹੀ ਮੱਛੀ ਨਾਲ ਢਿੱਡ ਭਰਦਾ ਹੈ ਪਰ ਬਰਾਤੀ ਲੋਕ ਮੁਰਗੇ ਦੀਆਂ ਲੱਤਾਂ ਨਾਲ ਦੰਦ ਪਾਲਿਸ਼ ਕਰਦੇ ਹਨ । ਛੱਕਣ ਛਕਾਣ ਦੇ ਬਾਅਦ ਫੁਲਕੇ ਦੀ ਵਾਰੀ ਆਉਂਦੀ ਹੈ, ਕੇਵਲ ਹੱਥ ਪੂੰਝਣ ਲਈ । ਤੁਸੀਂ ਤਾਂ ਕਦੇ ਇਹ ਨਜ਼ਾਰਾ ਤੱਕੋ ਤਾਂ ਤੁਹਾਡਾ ਕੋਮਲ ਚਿੱਤ ਮਤਲਾਣ ਲੱਗ ਜਾਏ । ਜੇ ਇਸ ਪਿਰਤ ਵਿਰੁੱਧ ਤੁਸੀਂ ਕਿਤੇ ਬਾਣੀ ਵਿੱਚ ਜ਼ਿਕਰ ਕਰ ਦੇਵੋ, ਤਾਂ ਤੁਹਾਡੇ ਸਿੱਖ ਭਾਵੇਂ ਨਾਰਾਜ਼ ਹੀ ਹੋ ਜਾਣ। ਛੱਡੋ ਪਰੇ, ਇਹ ਨਿੱਕੀਆਂ ਨਿੱਕੀਆਂ ਗੱਲਾਂ ਅੱਖ ਉਹਲੇ ਕਰ ਦੇਣੀਆਂ ਹੀ ਚੰਗੀਆਂ ਹਨ।
ਜੇ ਸ਼ਾਦੀ ਦਾ ਪੂਰਾ ਅਨੰਦ ਲੈਣਾ ਹੋਵੇ ਤਾਂ "ਜੈ-ਮਾਲਾ" ਦੀ ਰਸਮ ਜ਼ਰੂਰ ਤੱਕਣਾ ਜੀ । ਵਿਆਹ ਨੂੰ ਵਧੇਰੇ ਪੱਕਿਆਂ ਕਰਨ ਲਈ ਅੱਜ ਕੱਲ ਸਿੱਖਾਂ ਵਿੱਚ 'ਦੋਹਰੀ ਰਸਮ' ਦਾ ਰਿਵਾਜ਼ ਹੈ । ਰਾਤ ਨੂੰ ਵਿਆਹ ਸਵੰਬਰ ਵਾਂਗ "ਜੈ-ਮਾਲਾ" ਰਾਹੀਂ ਹੁੰਦੀ ਹੈ ਤੇ ਸਵੇਰੇ 'ਅਨੰਦ ਕਾਰਜ' ਰਾਹੀਂ ਦੁਬਾਰਾ ਸਿੱਖ ਰੀਤਾਂ ਦਾ ਮੂੰਹ ਚਿੜਾਇਆ ਜਾਂਦਾ ਹੈ । ਤੁਸਾਂ ਬ੍ਰਾਹਮਣਾਂ ਨੂੰ ਮਗਰੋਂ ਲਾਹਿਆ ਸੀ ਪਰ ਅੱਜ ਬ੍ਰਾਹਮਣਵਾਦ ਫਿਰ ਪ੍ਰਧਾਨ ਹੋ ਨਿਬੜਿਆ ਹੈ ।
ਇੱਕ ਹੋਰ ਗੱਲ ਸੁਣਨਾ ਜੀ। ਕਿਸੇ ਗਰੀਬ ਬੰਦੇ ਨੇ ਕੇਵਲ ਦੋ ਸੌ ਆਦਮੀ ਜੰਝ ਵਜੋਂ ਲਿਆਣ ਲਈ ਕੁੜਮਾਂ ਨੂੰ ਬੇਨਤੀ ਕੀਤੀ ਤੇ ਇਸੇ ਮੂਜ਼ਬ ਸਾਰਾ ਪ੍ਰਬੰਧ ਕੀਤਾ ਗਿਆ। ਬਰਾਤ ਚੱਲਣ ਵੇਲੇ ਕਿਸੇ ਨੇ ਆ ਦੱਸਿਆ ਕਿ ਬਰਾਤ ਪੰਜ ਸੌ ਤੋਂ ਉੱਪਰ ਢੁੱਕ ਰਹੀ ਹੈ। ਸੋ ਵਿਚਾਰੇ ਨੇ ਸੁਨੇਹਾਂ ਘੱਲਿਆ ਕੇ ਜੇ ਬਰਾਤ ਪੰਜ ਸੌ ਆ ਰਹੀ ਹੈ ਤਾਂ ਕ੍ਰਿਪਾ ਕਰਕੇ ਬਰਾਤ ਥੋੜੀ ਲੇਟ ਕਰ ਲੈਣਾ ਜੀ ਤਾਂ ਜੇ ਪ੍ਰਬੰਧ ਠੀਕ ਕਰ ਸਕੀਏ। ਤਾਂ ਮੁੰਡੇ ਵਾਲਿਆਂ ਕਿਹਾ ਕਿ ਅਸੀਂ ਭਾਵੇਂ ਪੰਜ ਸੌ ਤੋਂ ਵੀ ਵੱਧ ਚਲੀਏ, ਅਸੀਂ ਇਕਰਾਰ ਮੁਤਾਬਿਕ ਤੁਹਾਡੇ ਘਰ ਦੋ ਸੌ ਹੀ ਪੁਜਾਂਗੇ, ਅਸਾਡਾ ਪ੍ਰਬੰਧ ਹੀ ਇਹੋ ਜਿਹਾ ਹੈ। ਬਰਾਤ ਢੁੱਕਣ ਤੇ ਪਤਾ ਲੱਗਾ ਕਿ ਬਰਾਤ ਦੋ ਸੌ ਹੀ ਪੁੱਜੀ ਹੈ। ਬਾਕੀ ਦੇ ਰਸਤੇ ਵਿੱਚ ਨਾਲੀਆਂ ਕੰਢੇ ਬਿਸ਼ਰਾਮ ਕਰ ਰਹੇ ਹਨ। "ਤਪਸੀ ਤੇ ਠੁਸ ਕਰਸੀ।"
ਲਾਊਡ ਸਪੀਕਰ ਦੀ ਗੱਲ ਵਿੱਚੇ ਹੀ ਰਹਿ ਗਈ। ਅੱਜ ਕੱਲ੍ਹ ਇੱਕ ਗਾਣਾ ਵਿਆਹ ਸਮੇਂ ਆਮ ਪ੍ਰਧਾਨ ਹੈ।
"ਝੂਠ ਬੋਲੇ ਕਊਆ ਕਾਟੇ
ਮੈਂ ਮਾਇਕੇ ਚਲੀ ਜਾਊਂਗੀ ਤੁਮ ਦੇਖਤੇ ਰਹੀਉ।"
ਇਹ ਤਾਂ ਲਾਵਾਂ ਤੋਂ ਪਹਿਲਾਂ ਦੀ ਸਿੱਖਿਆ ਹੈ। ਗਾਣੇ ਵੀ ਇੱਕ ਮਜ਼ਬੂਰੀ ਦੀ ਰਸਮ ਜਾਪਦੀ ਹੈ ਕਿਉਂਕਿ ਸਬਦਾਂ ਲਈ ਨਾਂ ਰਾਗੀ ਮਿਲਦੇ ਹਨ ਤੇ ਨਾਂ ਹੀ ਚੰਗੇ ਰਾਗੀ ਦੀ ਪੁੱਜਤ ਆਮ ਸਿੱਖ ਨੂੰ ਹੋ ਸਕਦੀ ਹੈ।

Copyrights to Azad Book Depot
Writer Dr. Sukhpreet Singh Udoke
Book Kujh Khatt Babe Nanak De Naa
 
Top