ਬਾਕੋ ਦਾ ਅਧੂਰਾ ਸੁਪਨਾ

Mandeep Kaur Guraya

MAIN JATTI PUNJAB DI ..
1970-80 ਤੀਕ ਬਾਕੋ ਬਾਰੇ ਬਹੁਤ ਸੁਣਦੇ ਰਹੇ ਹਾਂ। ਉਸ ਦੇ ਸੁਭਾਅ ਜ਼ਿੰਦਾਦਿਲੀ ਦੀਆਂ ਗੱਲਾਂ ਵਾਰ-ਵਾਰ ਸੁਣ ਕੇ ਕੰਨਾਂ ਵਿਚ ਰਸ ਘੋਲਦੀਆਂ ਰਹਿੰਦੀਆਂ।
ਬਾਕੋ ਮੁਸਲਮਾਨ ਕਸ਼ਮੀਰੀ ਜੁਲਾਹਿਆਂ ਦਾ ਜਵਾਨ ਹੋ ਰਿਹਾ ਮੁੰਡਾ ਸੀ। ਹੁੰਦੜਹੇਲ, ਲੰਮਾ, ਪਤਲਾ, ਨੈਣ ਨਕਸ਼ ਖਿੱਚਵੇਂ ਸੋਹਣੇ। ਉਸ ਦਾ ਪਿਓ ਸ਼ਹਾਬੂ ਤਾਣੀਆਂ ਬੁਣਦਾ ਸੀ। ਉਸ ਦੀ ਮਾਂ ਤਾਬੋ ਕੰਮਕਾਰ ਵਿਚ ਪੂਰਾ ਸਾਥ ਦਿੰਦੀ ਸੀ। ਉਨ੍ਹਾਂ ਦੀਆਂ ਦੇਸੀ ਲੋਈਆਂ ਬਣਾਉਣ ਵਿਚ ਬੇਹੱਦ ਸਚਿਆਰੇ ਹੋਣ ਕਰਕੇ ਕੰਮ ਦਾ ਵਾਰ ਨਹੀਂ ਆਉਂਦਾ ਸੀ। ਬਾਕੋ ਨੇ ਪਿਤਾ-ਪੁਰਖੀ ਕੰਮ ਨਾ ਸਿੱਖਿਆ, ਜਿਵੇਂ ਖੱਡੀ ’ਚ ਬੈਠਣਾ ਉਸ ਦੀ ਖੁੱਲ੍ਹੀ ਤਬੀਅਤ ਨੂੰ ਰਾਸ ਨਾ ਆਉਂਦਾ ਹੋਵੇ। ਬਾਰਾਂ ਕੁ ਸਾਲ ਦਾ ਬਾਕੋ ਆਪਣੇ ਅਤੇ ਲੋਕਾਂ ਦੇ ਪਸ਼ੂ ਚਾਰਨ ਲੱਗ ਪਿਆ। ਇਹ ਕੰਮ ਉਸ ਨੂੰ ਬਹੁਤ ਸੂਤ ਆਇਆ। ਸਾਲ ਵਿਚ ਚਾਰ-ਚਾਰ ਵਹਿੜਕੇ ਅਤੇ ਦੋ-ਦੋ, ਤਿੰਨ-ਤਿੰਨ ਗਾਈਆਂ ਵੇਚ ਦਿੰਦਾ। ਉਸ ਸਮੇਂ ਖੁੱਲ੍ਹੀਆਂ ਜੂਹਾਂ ਵਿਚ ਪਸ਼ੂ ਚਾਰਨੇ ਸੌਖੇ ਸਨ। ਬਾਕੋ ਨੂੰ ਬਾਹਰ ਭੱਜਣ, ਦੌੜਾਂ ਅਤੇ ਛਾਲਾਂ ਲਾਉਣ ਦਾ ਸ਼ੌਕ ਪੈਦਾ ਹੋ ਗਿਆ। ਪੰਦਰਾਂ ਸਾਲ ਦੀ ਉਮਰੇ ਉਸ ਵਰਗਾ ਤੇਜ਼ ਦੌੜਾਕ ਅਤੇ ਲੰਮੀ ਛਾਲ ਮਾਰਨ ਵਾਲਾ ਨੇੜ-ਤੇੜ ਪਟੜੀ ਫੇਰ ਦੇ ਪਿੰਡਾਂ ਵਿਚ ਕੋਈ ਨਹੀਂ ਸੀ। ਉਸ ਦੀ ਹਾਸਿਆਂ ਭਰੀ ਖੁਸ਼ਦਿਲੀ ਤਾਂ ਲੋਕਾਂ ਦੇ ਮਨ ਮੋਹ ਲੈਣ ਵਾਲੀ ਚੀਜ਼ ਹੀ ਵੱਖਰੀ ਸੀ।
ਬਾਕੋ ਦਰਖੱਤਾਂ ਉਤੋਂ ਕਾਟੋ ਵਾਂਗ ਚੜ੍ਹ ਜਾਂਦਾ ਸੀ। ਪੰਜੀਂ ਸੱਤੀਂ ਦਿਨੀਂ ਉਹ ਦਰਖੱਤਾਂ ਤੋਂ ਸੁੱਕਾ ਬਾਲਣ ਜਾਂ ਵੱਗ ਦੇ ਏਰਨਿਆਂ ਦਾ ਮਗਰਾ ਲੈ ਆਉਂਦਾ, ਚੁੱਲ੍ਹੇ ਚੌਕੇ ਲਈ। ਇਕ ਵਾਰ ਉਸ ਦੀ ਮਾਂ ਤਾਬੋ ਨੇ ਕਿਹਾ, ‘‘ਪੁੱਤ ਬਾਲਣ ਤਾਂ ਛੇਆਂ ਮਹੀਨਿਆਂ ਵਾਸਤੇ ’ਕੱਠਾ ਕਰਦੇ, ਉਤੋਂ ਸਾਉਣ ਭਾਦੋਂ ਅਤੇ ਸਿਆਲ ਆਉਣੈਂ।
‘‘ਮਾਂ ਪੰਜਾਂ ਸੱਤਾਂ ਦਿਨਾਂ ਤੋਂ ਵੱਧ ਫਿਕਰ ਨ੍ਹੀਂ ਕਰੀਦਾ। ਪੱਲੇ ਕਦੇ ਨਾ ਬੰਨ੍ਹਦੇ ਪੰਛੀ ਅਤੇ ਦਰਵੇਸ਼। ਜੋੜਨ ਦਾ ਫਿਕਰ ਨਹੀਂ ਕਰੀਦਾ। ਲਾਉਣ ਨੂੰ ਤਾਂ ਮੈਂ ਦਸਾਂ ਦਿਨਾਂ ਵਿਚ ਸਾਲ ਭਰ ਵਾਸਤੇ ਬਾਲਣ ਦੀ ਦੱਨ ਲਾ ਦਿੰਨੈਂ, ਪਰ ਜੇ ਮੈਂ ਮਰ ਗਿਆ ਤੈਨੂੰ ਝੋਰਾ ਖਾਜੂ, ਮੇਰਾ ਸਲੱਗ ਪੁੱਤ ਕਿੱਡਾ ਢੇਰ ਲਾ ਕੇ ਤੁਰ ਗਿਆ। ਜੇ ਤੂੰ ਮਰਗੀ, ਮੈਨੂੰ ਹੋਊ ਬਾਲਣ ’ਕੱਠਾ ਕਰਵਾਉਂਦੀ-ਕਰਵਾਉਂਦੀ ਐਵੇਂ ਹੀ ਰਿੜ ਗਈ। ਆਪਣੇ ਤਾਂ ਮਰਿਆਂ ਦੇ ਵੀ ਕੰਮ ਨਹੀਂ ਆਉਂਦਾ।’’ ਤਾਬੋ ਦਾ ‘ਫਿੱਟੇ ਮੂੰਹ’ ਕਿਹਾ ਬਾਕੋ ਨੂੰ ਨਾ ਸੁਣਿਆ। ਬੀਹੀ ’ਚੋਂ ਝੰਡੇ ਬੁੜੇ ਛੜੇ ਨੂੰ ਬਰਾਬਰ ਆਇਆ ਵੇਖ ਕੇ ਉਸ ਨੂੰ ਸੁਣਾ ਕੇ ਕਹਿਣ ਲੱਗਾ, ‘‘ਮਾਂ ਮੈਂ ਚਹੁੰ ਦਿਨਾਂ ’ਚ ਕੋਠੇ ਜਿੱਡੀ ਦੱਨ ਲਾ ਦਿੰਨਾਂ ਬਾਲਣ ਦੀ, ਆਹ ਤਾਏ ਝੰਡਾ ਸਿਹੁੰ ’ਤੇ ਪਾ ਦਿਆਂਗੇ।’’
‘‘ਮੈਂ ਬਾਲਣ ਪੁਆਉਣ ਤੋਂ ਪਹਿਲਾਂ ਤੇਰੀ ਮਾਂ ’ਤੇ ਚਾਦਰ ਪਾਊਂਗਾ, ਫੇਰ ਮਰੂੰਗਾ’’ ਝੰਡੇ ਨੇ ਟਕੋਰ ਮੋੜੀ। ‘‘ਐਵੇਂ ਤਾਇਆ ਦੋ ਗਜ਼ ਤੋਂ ਉੱਚੇ ਬਾਪੂ ਸ਼ਹਾਬੂ ਨੂੰ ਖੱਡੀ ’ਚ ਬੈਠਾ ਈ ਨਾ ਜਾਣੀਂ। ਫੜਕੇ ਲਟੈਣ ’ਤੇ ਟੰਗਦੂ। ਲਮਕੇਂਗਾ ਜਿਵੇਂ ਤੋਰੀ ਦਾ ਬਿਆੜ ਲਮਕਦਾ ਹੁੰਦੈ। ਬਾਕੋ ਨੇ ਝੰਡੇ ਛੜੇ ਨੂੰ ਜਿਵੇਂ ਖਤਰੇ ਬਾਰੇ ਸੁਚੇਤ ਕੀਤਾ ਹੋਵੇ।
ਪਿੰਡ ’ਚ ਕਈ ਦਿਨ ਹਾਸਾ ਪਿਆ ਰਿਹਾ। ਲੋਕ ਝੰਡੇ ਨੂੰ ਕਹਿੰਦੇ ਬੀਹੀ ਨਾ ਵੜੀਂ, ਨਹੀਂ ਤੋਰੀ ਦੇ ਬਿਆੜ ਵਾਂਗੂ ਲਮਕੇਂਗਾ।’’
ਇਕ ਵਾਰ ਦਸ ਬਾਰਾਂ ਹਿਰਨੀਆਂ ਤੇ ਦੋ ਹਿਰਨਾਂ ਦੀ ਡਾਰ ਆਉਂਦੀ ਬਾਕੋ ਨੇ ਦੂਰੋਂ ਵੇਖ ਲਈ। ਉਹ ਸਰਕੜੇ ਦੇ ਬੂਝਿਆਂ ’ਚ ਛਹਿ ਕੇ ਬਹਿ ਗਿਆ। ਹਵਾ ਦੂਜੇ ਪਾਸਿਓਂ ਸੀ। ਡਾਰ ਨੂੰ ਮੁਸ਼ਕ ਨਾ ਆਇਆ। ਉਹ ਮੌਜ ਵਿਚ ਤੁਰੇ ਆਏ। ਜਦੋਂ ਕੋਲ ਦੀ ਲੰਘੇ ਬਾਕੋ ਨੇ ਝਪਟ ਮਾਰ ਕੇ ਕਾਲੇ ਹਰਨ ਨੂੰ ਸਿੰਗ ਤੋਂ ਜਾ ਫੜਿਆ। ਕਦੇ ਨਾਲ ਭੱਜਾ ਜਾਵੇ, ਕਦੇ ਸਿੰਗ ਤੋਂ ਦੂਜੇ ਪਾਸੇ ਮੋੜ ਲਵੇ, ਕਦੇ ਆਪਣੇ ਬਰਾਬਰ ਖੜ੍ਹਾ ਕਰਕੇ ਉਸ ਦੀ ਗਰਦਣ ਪਲੋਸਣ ਲੱਗ ਜਾਵੇ। ਆਸੇ-ਪਾਸੇ ਹਲ ਵਾਹੁੰਦਿਆਂ ਬੰਦਿਆਂ ਨੇ ਦੇਖਿਆ ਉਹ ਹਿਰਨ ਮਾਰਨ ਲਈ ਉਧਰ ਨੂੰ ਭੱਜ ਤੁਰੇ। ਜਦੋਂ ਨੇੜੇ ਆ ਗਏ, ਬਾਕੋ ਨੇ ‘‘ਭੱਜ ਜਾ ਮਿੱਤਰਾ ਬਚਾਅ ਲੈ ਜਾਨ, ਝਟਕੇ ਵਾਲੇ ਆ ਗਏ’’ ਉੱਚੀ ਦੇਣੇ ਕਹਿੰਦਿਆਂ ਹਿਰਨ ਛੱਡ ਦਿੱਤਾ। ਡਰਿਆ ਹਿਰਨ ਚਹੁੰ ਛਾਲਾਂ ’ਚ ਔਹ ਗਿਆ। ‘‘ ਕੰਜਰ ਦਿਆ। ਪਤੀਲਿਆਂ ’ਚੋਂ ਭਜਾਤਾ’’ ਨੰਦੂ ਕੇ ਸ਼ੇਰੇ ਨੇ ਕਿਹਾ ਉਸ ਦਾ ਸਾਹ ਚੜ੍ਹਿਆ ਪਿਆ ਸੀ।
‘‘ਉਹ ਤਾਂ ਮੇਰੇ ਨਾਲ ਖੇਡਣ ਆਇਆ ਸੀ। ਖੇਡਦਾ ਜਰਿਆ ਨਹੀਂ ਗਿਆ। ਆਪਦਾ ਆੜੀ ਮਿੱਤਰ ਮੈਂ ਥੋਨੂੰ ਰਿੰਨ੍ਹ ਕੇ ਖੁਆ ਦਿੰਦਾ ਭੁੱਖਿਆਂ ਨੂੰ, ਸ਼ਰਮ ਕਰੋ ਕੁਛ’’ ਬਾਕੋ ਪੂਰਾ ਖੁਸ਼ ਸੀ।
‘ਜੇ ਛੱਡ ਈ ਦੇਣਾ ਸੀ ਸਾਡੇ ਦਸ-ਦਸ ਸਿਆੜ੍ਹ ਕਿਉਂ ਮਰਵਾਏ’’ ਉਹ ਕੱਚੇ ਹੁੰਦੇ ਦੰਦ ਕੱਢਦੇ ਮੁੜ ਗਏ।
‘‘ਜਦੋਂ ਤੁਸੀਂ ਜ਼ਮੀਨਾਂ ਵਾਲੇ ਹੋ ਕੇ ਮਰੂੰ-ਮਰੂੰ ਕਰਦੇ ਝੂਰੀ ਜਾਨੇ ਐਂ। ਮੇਰੇ ਕੋਲ ਛੇ ਕਨਾਲਾਂ ਹੁੰਦੀ ਤਿੰਨ-ਤਿੰਨ ਵਾਰ ਬੈਅ ਕਰਕੇ ਟੌਅਰੇ ਵਾਲੀ ਪੱਗ, ਧੂਹਵੇਂ ਚਾਦਰੇ ਨਾਲ, ਬੱਗੀ ਘੋਅੜੀ.ਈ. ਅਸਵਾਅ..ਰ ਹੁੰਦਾ’’ ਉਹ ਹੇਕ ਲਾ ਕੇ ਜੱਟਾਂ ਦੇ ਹਾਣੀ ਮੁੰਡਿਆਂ ਨੂੰ ਕਹਿੰਦਾ’’ ਉਸ ਦੀ ਇਹ ਗੱਲ ਬਹੁਤੀ ਮਸ਼ਹੂਰ ਰਹੀ।
‘‘ਬੈਅ ਤਾਂ ਕੇਰਾਂ ਈ ਹੁੰਦੀ ਐ ਫੇਰ ਦੁਬਾਰਾ ਨਹੀਂ ਹੁੰਦੀ।’’ ਕੋਈ ਸਿਆਣਾ ਉਸ ਨੂੰ ਸਮਝਾਉਂਦਾ।
‘‘ਮੇਰੇ ਕੋਲ ਹੈ ਨ੍ਹੀਂ, ਨਹੀਂ ਮੈਂ ਦੋ ਵਾਰ, ਤਿੰਨ ਵਾਰ ਵੀ ਬੈਅ ਕਰਕੇ ਦਿਖਾ ਦਿੰਦਾ, ਇਹ ਮੇਰੀ ਤਮੰਨਾ ਤਾਂ ਅਧੂਰੇ ਸੁਪਨੇ ਵਾਂਗ ਪੂਰੀ ਹੋਣੋਂ ਰਹਿ ਜਾਣੀ ਐਂ ਹੋਰ ਤਾਂ ਰੱਬ ਦਾਤੇ ਦੀਆਂ ਮੇਹਰਾਂ ਈ ਮੇਹਰਾਂ, ਬਸ ਦੂਹਰੀ-ਤੀਹਰੀ ਬੈਅ ਦੀ ਇੱਛਾ ਈ ਰਹਿ ਜਾਂਦੀ ਐ’’ ਇਉਂ ਕਹਿੰਦਾ ਬਾਕੋ ਖਨੀਂ ਸੱਚੀਂ ਨਿਰਾਸ਼ ਹੋ ਜਾਂਦਾ ਸੀ ਜਾਂ ਨਿਰਾਸ਼ ਹੋਣ ਦਾ ਵਿਖਾਵਾ ਕਰਦਾ ਸੀ। ਪਰ ਨਿਰਾਸ਼ ਦਿਸਣ ਜ਼ਰੂਰ ਲੱਗ ਜਾਂਦਾ ਸੀ।
ਪਾਕਿਸਤਾਨ ਬਣਨ ਦੀ ਮਾੜੀ-ਮਾੜੀ ਗੱਲ ਤੁਰਨ ਲੱਗੀ। ਮੁਸਲਮਾਨਾਂ ਨੂੰ ਇਥੋਂ ਜਾਣਾ ਪਊ ਸੋਚ ਕੇ ਬਾਕੋ ਉਦਾਸ ਹੋ ਜਾਂਦਾ। ਉਹਦੇ ਜਿਗਰੀ ਯਾਰ ਅਮਰੂ, ਭਜਨਾ, ਘੋਲਾ, ਤੇਜਾ ਕਹਿੰਦੇ, ‘‘ਕਿਹੜਾ ਸਾਲਾ ਤੈਨੂੰ ਸਾਡੇ ਕੋਲੋਂ ਲੈ ਜੂਗਾ, ਸਿਰ ਨਾ ਲਾਹ ਦਿਆਂਗੇ। ਭਾਵੇਂ ਪਾਕਿਸਤਾਨ ਦਾ ਪਿਓ ਬਣ ਜਾਵੇ’’ ਬਾਕੋ ਫਿਰ ਖਿੜ ਜਾਂਦਾ।
ਦੂਜੀ ਵੱਡੀ ਲੜਾਈ ਸ਼ੁਰੂ ਹੋਣ ਵਾਲੀ ਸੀ। ਉੱਨੀਵੇਂ ਸਾਲ ਵਿਚ ਬਾਕੋ ਦਾ ਮੰਗਣਾ ਹੋਇਆ। ਉਸ ਦੇ ਯਾਰ ਉਸ ਦੇ ਵਿਆਹ ’ਤੇ ਆਪਣੇ ਘਰ ਬੱਕਰੇ ਝਟਕਾਉਣ ਦੀਆਂ ਵਿਉਂਤਾਂ ਬਣਾਉਂਦੇ। ਅਚਾਨਕ ਰੱਬ ਦਾ ਕਹਿਰ, ਥੋੜ੍ਹਾ ਜਿਹਾ ਤਾਪ ਚੜ੍ਹਨ ਮਗਰੋਂ, ਬਾਕੋ ਤੁਰ ਗਿਆ। ਸਾਰੇ ਪਿੰਡ ’ਤੇ ਉਦਾਸੀ ਛਾ ਗਈ। ਕੰਧਾਂ ਵੀ ਕੀਰਨੇ ਪਾਉਂਦੀਆਂ ਲੱਗਦੀਆਂ। ਉਹਦੇ ਯਾਰ ਸਾਰੀ ਰਾਤ ਉਹਦੇ ਘਰ ਬੈਠੇ ਰੋਂਦੇ ਰਹੇ ਕਿਸੇ ਨੇ ਬੁਰਕੀ ਨ੍ਹੀਂ ਖਾਧੀ।
ਬਾਕੋ ਕਬਰ ਵਿਚ ਸਪੁਰਦੇ ਖਾਕ ਹੋ ਗਿਆ। ਉਹਦੇ ਯਾਰ ਉਹਦੀਆਂ ਗੱਲਾਂ ਕਰਦੇ ‘‘ਬਈ ਆਪਣੇ ਸਦਾ ਹਸਦੇ ਬਾਕੋ ਦੀ ਰੂਹ, ਛੇ ਕਨਾਲਾਂ, ਦੋ-ਦੋ ਵਾਰ ਬੈਅ ਕਰਨ ਦੀ ਅਧੂਰੀ ਰਹੀ ਤਮੰਨਾ, ਅਧੂਰੇ ਸੁਪਨੇ ਕਾਰਨ ਜ਼ਰੂਰ ਦੁਖੀ ਹੁੰਦੀ ਤੜਫਦੀ ਹੋਊ, ਪਰ ਆਪਾਂ ਕਰ ਵੀ ਕੀ ਸਕਦੇ ਐਂ’’ ਕਹਿੰਦੇ ਚੁੱਪ ਕਰ ਜਾਂਦੇ ਜਿਵੇਂ ਉਹ ਆਪ ਵੀ ਬੇਵੱਸ ਹੋਣ।
ਬਾਕੋ ਦਾ ਸੁਪਨਾ, ਪੈਲੀ ਹੋਵੇ ਦੋ-ਦੋ ਵਾਰ ਬੈਅ ਕਰਾਂ, ਅਧੂਰਾ ਰਹਿ ਗਿਆ। ਅਧੂਰੇ ਰਹੇ ਸੁਪਨੇ ਕਾਰਨ ਰੂਹ ਵੀ ਸੰਤਾਪ ’ਚ ਹੋਵੇਗੀ। ਅਧੂਰਾ ਸੁਪਨਾ ਕਿਸੇ ਹੋਰ ਰਾਹੀਂ ਵੀ ਪੂਰਾ ਹੋਵੇ, ਤਸੱਲੀ ਅਤੇ ਸਕੂਨ ਮਿਲ ਜਾਂਦਾ ਹੈ। ਬਾਕੋ ਦੀ ਰੂਹ ਨੂੰ ਅਧੂਨਾ ਸੁਪਨਾ ਪੂਰਾ ਹੋਣ ਦਾ ਹੁਣ ਜ਼ਰੂਰ ਸਕੂਨ ਮਿਲ ਗਿਆ ਹੋਵੇਗਾ। ਪੰਜਾਬ ਸਰਕਾਰ ਆਪਣੀਆਂ ਜ਼ਮੀਨਾਂ ਜਾਇਦਾਦਾਂ ਬੈਅ ਕਰਨ ਲੱਗੀ ਹੈ। ਬਾਕੋ ਦਾ ਅਧੂਰਾ ਸੁਪਨਾ ਵੀ ਕਿਵੇਂ ਪੂਰਾ ਹੋ ਰਿਹਾ ਹੈ। ਕਿਸੇ ਥਾਂ ਤਹਿਸੀਲ ਕੰਪਲੈਕਸ ਪਹਿਲਾਂ ਦੋ ਘੁਮਾਂ ’ਚ ਸੀ, ਫਿਰ ਨਵਾਂ ਚਹੁੰ ’ਚ ਬਣਿਆ, ਫਿਰ ਅੱਠਾਂ ’ਚ ਬਣਿਆ। ਪਹਿਲੇ ਦੋਵੇਂ ਵਿਕ ਰਹੇ ਹਨ। ਹੋਰ ਥਾਂ ਬਾਰਾਂ ਕਿੱਲਿਆਂ ’ਚ ਬਣ ਰਿਹਾ ਹੈ। ਤੀਜਾ ਵੀ ਵਿਕ ਜਾਵੇਗਾ ਹੋ ਗਿਆ ਨਾ ਦੂਹਰੀ ਤੀਹਰੀ ਵਾਰ ਬੈਅ। ਇਸ ਤਰ੍ਹਾਂ ਕਈ ਹੋਰ ਅੱਡਿਆਂ, ਜੇਲ੍ਹਾਂ, ਸਰਕਾਰੀ ਜਾਇਦਾਦਾਂ ਬਾਰੇ ਡੂੰਘੀ ਸਕੀਮ ਬਣ ਰਹੀ ਹੈ। ਤੀਜੇ ਥਾਂ ਨਵੇਂ ਬਣ ਗਏ ਪਹਿਲੇ ਦੋਵੇਂ ਉਸੇ ਨਾਂ ਵਾਲੇ ਨੀਲਾਮ ਹੋਣਗੇ। ਖੈਰ ਇਸ ਨੂੰ ਕੁਝ ਵੀ ਨਾਂ ਦੇ ਦਿੱਤਾ ਜਾਵੇ ਬਾਕੋ ਦੀ ਰੂਹ ਨੂੰ ਅਧੂਰਾ ਸੁਪਨਾ, ਅਧੂਰੀ ਤਮੰਨਾ ਪੂਰੀ ਹੋਣ ਦੀ ਜ਼ਰੂਰ ਤਸੱਲੀ ਹੋਵੇਗੀ, ਸਦੀਵੀ ਸਕੂਨ ਮਿਲ ਜਾਵੇਗਾ। ਬਾਕੋ ਦੇ ਬਚੇ-ਖੁਚੇ ਯਾਰਾਂ ਨੂੰ ਪਤਾ ਲੱਗੇ ਉਨ੍ਹਾਂ ਨੂੰ ਬਾਕੋ ਦੀ ਰੂਹ ਨੂੰ ਕਿਆਮਤ ਤੀਕ ਸਕੂਨ ਮਿਲ ਜਾਣ ਦਾ ਵਿਸ਼ਵਾਸ ਹੋ ਜਾਵੇਗਾ।

-ਕਿਰਪਾਲ ਸਿੰਘ ਦਤਾਰੀਏਵਾਲਾ
 
Top