ਬਹਾਰਾਂ ਨੂੰ ਆਵਾਜ਼

ਸ਼ਾਇਰਾ: ਮਨਜੀਤ ਕੌਰ ਅੰਬਾਲਵੀ
ਪ੍ਰਕਾਸ਼ਕ: ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ।

ਮਨਜੀਤ ਕੌਰ ਅੰਬਾਲਵੀ ਹਰਿਆਣੇ ਦੀ ਚਰਚਿਤ ਤੇ ਸੰਵੇਦਨਸ਼ੀਲ ਸ਼ਾਇਰਾ ਹੈ। ਉਸ ਦੀ ਸ਼ਾਇਰੀ ਮਾਨਵੀ ਸੰਸਕਾਰਾਂ, ਸਰੋਕਾਰਾਂ ਤੋਂ ਸਤਿਕਾਰਾਂ ਨਾਲ ਓਤਪੋਤ ਹੈ। ਉਹ ਸਮਾਜ ਵਿਚਲੇ ਅਣਸੁਖਾਵੇਂ ਵਰਤਾਰਿਆਂ, ਸਥਿਤੀਆਂ ਤੇ ਪ੍ਰਸਥਿਤੀਆਂ ਤੇ ਫਿਕਰਮੰਦ ਹੈ। ਉਹ ਦਸਾਂ ਨਹੁੰਆਂ ਦੀ ਮਿਹਨਤ ਕਰਨ ਵਾਲੀ ਧਿਰ ਦੀ ਕਦਰਦਾਨ ਹੈ। ਵਿਹਲੜ ਤੇ ਲੁਟੇਰੀ ਧਿਰ ਲਈ ਵਿਅੰਗੀ ਸੁਰ ਅਲਾਪਦੀ ਹੈ। ਖੁਸ਼ੀਆਂ, ਖੇੜੇ ਤੇ ਸੁਹਾਵਣੇ ਮੌਸਮਾਂ ਦੀ ਆਮਦ ਉਸ ਦੀ ਸ਼ਾਇਰੀ ਦੀ ਵਿਸ਼ੇਸ਼ ਸੁਰ ਹੈ। ਉਹ ਪੀੜਤ, ਸੰਤਾਪੀ ਤੇ ਹਾਸ਼ੀਏ ’ਤੇ ਧੱਕੀ ਹੋਈ ਧਿਰ ਦੀ ਖੁਸ਼ਹਾਲੀ, ਬਿਹਤਰੀ ਤੇ ਤਰੱਕੀ ਲਈ ਹੱਕ-ਸੱਚ ਦਾ ਹੋਕਾ ਦਿੰਦੀ ਹੈ। ਉਹ ਹੁਣ ਤਕ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ‘ਗੁਆਚੇ ਰੰਗ’ (ਕਾਵਿ ਸੰਗ੍ਰਹਿ) ਤੇ ‘ਚਾਨਣ ਦੇ ਫੁੱਲ’ (ਬਾਲ ਕਵਿਤਾ) ਜੋ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਰਵੋਤਮ ਪੁਰਸਕਾਰ ਜੇਤੂ ਪੁਸਤਕ ਹੈ, ਪਾ ਚੁੱਕੀ ਹੈ। ‘ਬਹਾਰਾਂ ਨੂੰ ਅਵਾਜ਼’ ਉਸ ਦੀ ਤੀਜੀ ਕਾਵਿ ਪੁਸਤਕ ਹੈ ਜਿਸ ਵਿਚ ਉਸ ਨੇ ਸਮਾਜ ਵਿਚਲੇ ਰੰਗਾਂ, ਤਮਾਸ਼ਿਆਂ ਤੇ ਮਨੁੱਖੀ ਉਮੰਗਾਂ ਨੂੰ ਬਾਖੂਬੀ ਪੇਸ਼ ਕੀਤਾ ਹੈ।
ਮਨਜੀਤ ਕੌਰ ਅੰਬਾਲਵੀ ਅਜੋਕੇ ਸਰਾਪੇ, ਸੰਤਾਪੇ ਤੇ ਨੀਰਸ ਸਮਾਜ ਦੀ ਗਿਣਤੀਆਂ-ਮਿਣਤੀਆਂ ਤੋਂ ਉਦਾਸ ਹੈ। ਉਹ ਸੰਤੁਲਤ, ਸੰਤੁਸ਼ਟ ਤੇ ਸਰਵਹਿਤਕਾਰੀ ਸਮਾਜ ਦੀ ਸਿਰਜਣਾ ਕਰਨਾ ਲੋਚਦੀ ਹੈ। ਉਹ ਮਾਨਵ ਵਿਰੋਧੀ ਸੋਚਾਂ, ਹਰਕਤਾਂ ਤੇ ਕਲਾਬਾਜ਼ੀਆਂ ਦੀ ਘੋਰ ਵਿਰੋਧੀ ਹੈ। ਇਹੀ ਕਾਰਨ ਹੈ ਕਿ ਉਹ ਲਫ਼ਜ਼ਾਂ ਦੀ ਸ਼ਕਤੀ ਨੂੰ ਅਥਾਹ ਮੰਨਦੀ ਹੈ। ਇਹ ਲਫ਼ਜ਼ ਹੀ ਹਨ ਜੋ ਯੁੱਗ ਪਲਟਾ ਸਕਦੇ ਹਨ। ਮਾਨਵ ਹਿਤੈਸ਼ੀ ਯੁੱਗ ਦੀ ਸਿਰਜਣਾ ਕਰ ਸਕਦੇ ਹਨ।
ਉਹ ਮਨੁੱਖਾਂ, ਸਮਾਜ ਤੇ ਦੇਸ਼ਾਂ ਦੇਸ਼ਾਂਤਰਾਂ ਵਿਚਲੀਆਂ ਦੂਰੀਆਂ ਤੋਂ ਚਿੰਤਤ ਹੈ। ਉਹ ਸਭਨਾਂ ਲਈ ਸੁਖਾਵਾਂ, ਪਵਿੱਤਰ, ਖੁਸ਼ਨੁਮਾ ਤੇ ਸਤਿਕਾਰ ਭਰਿਆ ਮਾਹੌਲ ਲੋਚਦੀ ਆਖਦੀ ਹੈ:-
ਸਰਹੱਦੋਂ ਪਾਰ ਜੇ ਆਉਣ ਹਵਾਵਾਂ
ਨਾਲ ਚਾਵਾਂ ਮੈਂ ਗਲ ਨਾਲ ਲਾਵਾਂ
ਨਫ਼ਰਤ ਦੀ ਵਿਚ ਦੀਵਾਰ ਨਾ ਹੋਵੇ
ਖਿੜੀਆਂ ਰਹਿਣ ਸਦਾ ਬਹਾਰਾਂ…
ਮੈਨੂੰ ਐਸਾ ਘਰ…
ਪੰਨਾ-66
ਸੋ ਪੁਸਤਕ ਪੜ੍ਹਨ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਉਸ ਦੀ ਕਵਿਤਾ ਰੌਚਕ ਹੈ, ਸੰਖੇਪ ਹੈ, ਵਿਵੇਕ ਭਰਪੂਰ ਹੈ। ਨਵੀਂ ਜੀਵਨ ਸ਼ੈਲੀ ਤੇ ਕਾਵਿ ਦ੍ਰਿਸ਼ਟੀ ਹੈ। ਕਵਿਤਾ ਵਿਚ ਮਨੁੱਖੀ ਜੀਵਨ ਲਈ ਸੋਹਣਾ, ਸੁਨੱਖਾ ਤੇ ਭਵਿੱਖੀ ਸੁਪਨਾ ਹੈ। ਪੁਸਤਕ ਵਿਚਲੀਆਂ ਮਾਂ ਜ਼ਿੰਦਗੀ, ਵਿਤਕਰੇ, ਅਨਮੋਲ ਮੋਤੀ, ਸਫ਼ਰ, ਬਹਾਰਾਂ, ਸਰਹੱਦਾਂ, ਪੰਜਵੀਂ ਉਦਾਸੀ, ਖਿੜੀਆਂ ਰਹਿਣ ਬਹਾਰਾਂ ਤੇ ਰੁਦਨ ਰੁੱਖਾਂ ਦਾ ਬਹੁਤ ਹੀ ਟੁੰਬਣਸ਼ੀਲ ਤੇ ਪ੍ਰਭਾਵਤ ਕਰਨ ਵਾਲੀਆਂ ਕਵਿਤਾਵਾਂ ਹਨ। ਪੁਸਤਕ ਪੜ੍ਹਨ ਤੇ ਮਾਨਣ ਵਾਲੀ ਹੈ।
 
Top