UNP

ਬਦਲ ਰਹੇ ਨੇ ਰਿਸ਼ਤਿਆਂ ਦੇ ਰੰਗ

Go Back   UNP > Contributions > Punjabi Culture

UNP Register

 

 
Old 04-Jun-2011
chandigarhiya
 
ਬਦਲ ਰਹੇ ਨੇ ਰਿਸ਼ਤਿਆਂ ਦੇ ਰੰਗ

ਅਰਸਤੂ ਦਾ ਕਹਿਣਾ ਹੈ ਕਿ ਮਨੁੱਖ ਦੀ ਜਾਤ ਵੀ ਪਸ਼ੂ ਵਾਲੀ ਹੈ ਪਰ ਸੋਚ ਸ਼ਕਤੀ ਰੱਖਣ ਕਰਕੇ ਇਹ ਆਪਣਾ ਭਲਾ-ਬੁਰਾ ਆਪ ਵਿਚਾਰਨ ਦੇ ਸਮਰੱਥ ਹੈ। ਇਹੀ ਵਿਲੱਖਣਤਾ ਉਸ ਨੂੰ ਉਸ ਦੀ ਜਾਤੀ ਦੇ ਪਰਿਵਾਰਾਂ ਤੋਂ ਵੱਖ ਕਰਦੀ ਹੈ। ਲਗਾਤਾਰ ਵਿਕਾਸ ਦੇ ਸਿੱਟੇ ਵਜੋਂ ਬੇਸ਼ੱਕ ਅੱਜ ਦਾ ਮਨੁੱਖ ਚੰਦਰਮਾ ਤੇ ਪਹੁੰਚ ਗਿਆ ਹੈ ਅਤੇ ਉਥੇ ਰੈਣ-ਬਸੇਰੇ ਦੀਆਂ ਜੁਗਤਾਂ ਵੀ ਲੜਾ ਰਿਹਾ ਹੈ। ਪਰ ਨੈਤਿਕ ਅਤੇ ਸਮਾਜਿਕ ਪੱਧਰ ਤੇ ਉਸ ਦੀ ਜੀਵਨ ਪਹੁੰਚ ਨਿਵਾਣ ਵੱਲ ਨੂੰ ਹੈ। ਪੱਛਮੀ ਸਭਿਆਚਾਰ ਅਤੇ ਸਰਮਾਏਦਾਰੀ ਨਿਜ਼ਾਮ ਦੁਆਰਾ ਫੈਲ ਚੁੱਕੀਆਂ ਕਦਰਾਂ-ਕੀਮਤਾਂ ਨੇ ਆਦਮ-ਜਾਤ ਦੀ ਆਦਮੀਅਤ ਨੂੰ ਭਰਵਾਂ ਖੋਰਾ ਲਗਾਇਆ ਹੈ। ਮੀਡੀਏ ਦੇ ਪ੍ਰਸਾਰ ਨੇ ਜਿੱਥੇ ਤਫ਼ਰੀਹੀ ਘੇਰੇ ਨੂੰ ਮੋਕਲਾ ਕੀਤਾ ਹੈ, ਉਥੇ ਮਨੁੱਖੀ ਰਹਿਣੀ-ਬਹਿਣੀ ਵੀ ਯਾਂਤਰਿਕ ਬਣਾ ਦਿੱਤੀ ਹੈ। ਅਜੋਕੇ ਯੁੱਗ ਵਿਚ ਹਰੇਕ ਮਨੁੱਖ ਕੁਦਰਤੀ ਹਾਲਤਾਂ ਤੋਂ ਬੇਮੁੱਖ ਹੋ ਕੇ ਗੈਰ-ਕੁਦਰਤੀ ਜੀਵਨ ਮਿਆਰਾਂ ਨੂੰ ਹੀ ਅਪਣਾਉਣ ਵਿਚ ਆਪਣਾ ਧੰਨ ਭਾਗ ਸਮਝਣ ਲੱਗ ਪਿਆ ਹੈ। ਇਨ੍ਹਾਂ ਮਿਆਰਾਂ ਸਦਕਾ ਜੀਵਨ ਪੱਧਰ ਦੇ ਉਚੇਰਾ ਹੋਣ ਦਾ ਭਰਮ ਤਾਂ ਪਾਲਿਆ ਜਾ ਸਕਦਾ ਹੈ ਪਰ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਮੂੰਹ ਨਹੀਂ ਭਵਾਇਆ ਜਾ ਸਕਦਾ।
ਵਿਗਿਆਨ ਅਤੇ ਤਕਨੀਕ ਦੇ ਵਿਕਾਸ ਕਾਰਨ ਮਨੁੱਖੀ ਜ਼ਿੰਦਗੀ ਸਰਲ ਧਾਰਾਵਾਂ ਤੋਂ ਗੁੰਝਲਦਾਰ ਧਾਰਾਵਾਂ ਵੱਲ ਹੀ ਤੁਰੀ ਹੈ। ਇਨ੍ਹਾਂ ਗੁੰਝਲਦਾਰ ਧਾਰਾਵਾਂ ਕਾਰਨ ਹੀ ਸਾਡੇ ਸਮਾਜਿਕ ਰਿਸ਼ਤੇ ਵੀ ਪ੍ਰਭਾਵਿਤ ਹੋਣੋਂ ਨਹੀਂ ਬਚ ਸਕੇ। ਇਨ੍ਹਾਂ ਰਿਸ਼ਤਿਆਂ ਵਿਚਲੀ ਮਿਠਾਸ ਕੁੜੱਤਣ ਵਿਚ ਬਦਲ ਰਹੀ ਹੈ। ਇਹੀ ਕੁੜੱਤਣ ਨਾ ਸਿਰਫ ਸਾਡੇ ਸੈਕੰਡਰੀ ਰਿਸ਼ਤਿਆਂ ਵਿਚ ਹੀ ਪਾਈ ਜਾਂਦੀ ਹੈ, ਸਗੋਂ ਪ੍ਰਾਇਮਰੀ ਰਿਸ਼ਤੇ ਵੀ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਪੂੰਜੀਵਾਦੀ ਜੁਗਾੜ ਨੇ ਇਨ੍ਹਾਂ ਰਿਸ਼ਤਿਆਂ ਵਿਚਲੀ ਨਿਸ਼ਕਾਮਤਾ ਨੂੰ ਲਾਹੇਵੰਦੀ ਤਰਜ਼ ਤੇ ਦੇਖਣਾ ਸ਼ੁਰੂ ਕਰ ਦਿੱਤਾ ਹੈ। ਇਕ ਵੀਰ ਦੇਂਈ ਵੇ ਰੱਬਾ ਸਹੁੰ ਖਾਣ ਨੂੰ ਬੜਾ ਚਿੱਤ ਕਰਦਾ ਵਰਗੀ ਅਰਦਾਸ ਕਰਨ ਵਾਲੀਆਂ ਭੈਣਾਂ ਚੱਲ ਜਾਂ ਅਚੱਲ ਸੰਪਤੀ ਦੀ ਵੰਡ ਬਦਲੇ ਥਾਣਿਆਂ-ਕਚਹਿਰੀਆਂ ਦਾ ਪੈਂਡਾ ਕਰਨ ਲੱਗ ਪਈਆਂ ਹਨ। ਇੱਥੇ ਹੀ ਬਸ ਨਹੀਂ ਰੱਖੜੀ ਦੀ ਰਸਮ ਦੁਆਰਾ ਆਪਣੇ ਭਰਾ ਨੂੰ ਭੈਣ ਦੀ ਰਖਵਾਲੀ ਦਾ ਅਹਿਸਾਸ ਕਰਵਾਉਣ ਲੱਗੀ ਭੈਣ ਵੀ ਅੱਜ-ਕੱਲ੍ਹ ਮੁਨਾਫ਼ਾਖੋਰੀ ਵਾਲੀ ਪਹੁੰਚ ਅਪਣਾਉਂਦੀ ਹੈ। ਜੇ ਕੋਈ ਭਰਾ ਉਸ ਦੀ ਸੋਚ ਮੁਤਾਬਕ ਖ਼ਰਾ ਨਹੀਂ ਉਤਰਦਾ ਤਾਂ ਉਹ ਮਿਲਵਰਤੋਂ ਦੇ ਸੰਵਿਧਾਨ ਵਿਚ ਲੋੜੀਂਦੀਆਂ ਸੋਧਾਂ ਕਰ ਲੈਂਦੀ ਹੈ।
ਸਮਾਜਿਕ ਜੀਵਨ ਦੀ ਚਿਰਸਥਾਈ ਕਾਇਮੀ ਲਈ ਮਾਪੇ ਧੀਆਂ ਨਾਲੋਂ ਪੁੱਤਰਾਂ ਦੀ ਵਧੇਰੇ ਤਾਂਘ ਇਸ ਲਈ ਰੱਖਦੇ ਹਨ ਕਿਉਂਕਿ ਉਨ੍ਹਾਂ ਨੂੰ ਬੁਢਾਪੇ ਵਿਚਲੀ ਧੁੱਪ ਛਾਂ ਦਾ ਫਿਕਰ ਬਰਾਬਰ ਸਤਾਈ ਰੱਖਦਾ ਹੈ। ਅਜੋਕੇ ਸਮੇਂ ਵਿਚ ਇਹ ਵੀ ਨਿਰੋਲ ਵਹਿਮ ਹੀ ਸਾਬਤ ਹੋ ਰਿਹਾ ਹੈ ਕਿਉਂਕਿ ਆਰਥਿਕਤਾ ਪੁੱਤਰਾਂ ਦੇ ਫਰਜ਼ਾਂ ਵਿਚ ਰੋੜਾ ਅਟਕਾਉਣ ਲੱਗ ਪੈਂਦੀ ਹੈ। ਹੁਣ ਤਾਂ ਉਨ੍ਹਾਂ ਦੀ ਪਿੱਤਰੀ ਸੇਵਾ ਦਾ ਆਧਾਰ ਉਨ੍ਹਾਂ ਦੀ ਮਿਲਖ ਨੂੰ ਬਣਾਇਆ ਜਾਣ ਲੱਗ ਪਿਆ ਹੈ।
ਧੀਆਂ ਜਦ ਵੀ ਸੁਰਤ ਸੰਭਾਲਦੀਆਂ ਹਨ ਤਾਂ ਮਾਪੇ ਬਿਗਾਨੇ ਧਨ ਦਾ ਰਾਗ ਅਲਾਪ ਦਿੰਦੇ ਹਨ। ਇਕ ਅਰਸੇ ਤੋਂ ਵੱਧ ਉਨ੍ਹਾਂ ਨੂੰ ਆਪਣੇ ਉਪਰ ਬੋਝ ਸਮਝਣ ਲੱਗ ਪੈਂਦੇ ਹਨ। ਉਹ ਵਿਚਾਰੀਆਂ ਸਾਰੀ ਉਮਰ ਬੇਗਾਨਗੀ ਦਾ ਸ਼ਿਕਾਰ ਹੀ ਰਹਿੰਦੀਆਂ ਹਨ ਕਿਉਂਕਿ ਸਹੁਰਿਆਂ ਵੱਲੋਂ ਵੀ ਉਨ੍ਹਾਂ ਨੂੰ ਬੇਗਾਨੀ ਧੀ ਦੇ ਖਿਤਾਬ ਨਾਲ ਨਿਵਾਜ਼ਿਆ ਜਾਂਦਾ ਹੈ।
ਰਿਸ਼ਤਿਆਂ ਵਿਚਲੀ ਅਪਣੱਤ ਨੂੰ ਘਟਾਉਣ ਲਈ ਇਨ੍ਹਾਂ ਦੇ ਅੰਗਰੇਜ਼ੀਕਰਨ ਨੇ ਵੀ ਆਪਣਾ ਬਣਦਾ ਸਰਦਾ ਰੋਲ ਅਦਾ ਕੀਤਾ ਹੈ। ਅੰਗਰੇਜ਼ਾਂ ਵੱਲੋਂ ਤੋਹਫੇ ਦੇ ਤੌਰ ਤੇ ਬਖਸ਼ੇ ਗਏ ਦੋ ਸ਼ਬਦ ਆਂਟੀ ਅਤੇ ਅੰਕਲ ਨੇ ਨਾ ਸਿਰਫ ਸਾਡੇ ਰਿਸ਼ਤਿਆਂ ਦੇ ਮੁਹਾਂਦਰੇ ਹੀ ਰਲ-ਗੱਡ ਕੀਤੇ ਹਨ ਸਗੋਂ ਉਨ੍ਹਾਂ ਦੀ ਮਹਿਕ ਅਤੇ ਨਿੱਘ ਵੀ ਖਤਮ ਕਰ ਦਿੱਤੀ ਹੈ। ਚਾਚੇ ਨੂੰ ਚਾਚਾ ਅਤੇ ਚਾਚੀ ਨੂੰ ਚਾਚੀ ਕਹਿਣ ਨਾਲ ਸਾਡੇ ਰਿਸ਼ਤੇ ਦੀ ਗੰਢ ਜਿੰਨੀ ਪੀਡੀ ਹੁੰਦੀ ਸੀ, ਉਹ ਸ਼ਾਇਦ ਹੋਰ ਕਿਸੇ ਸੰਬੋਧਨ ਨਾਲ ਨਾ ਹੋ ਸਕੇ। ਉਂਜ ਇਹ ਰਿਸ਼ਤੇ ਅੱਜ-ਕੱਲ੍ਹ ਯਾਂਤਰਿਕ ਹੋ ਚੁੱਕੇ ਹਨ। ਇਨ੍ਹਾਂ ਦੀ ਵਰਤੋਂ ਆਪਣੇ ਅਤੇ ਪਰਾਏ ਲਈ ਬਰਬਰਤਾ ਨਾਲ ਕੀਤੀ ਜਾਂਦੀ ਹੈ।
ਸਾਡੇ ਮੋਹ ਜਾਲ ਵਾਲੇ ਸਬੰਧਾਂ ਅਤੇ ਰਿਸ਼ਤਿਆਂ ਦਾ ਸੇਕ ਮੱਠਾ ਕਰਨ ਵਿਚ ਸ਼ਹਿਰੀਕਰਨ ਨੇ ਵੀ ਨਾਂਹ-ਪੱਖੀ ਭੂਮਿਕਾਵਾਂ ਅਦਾ ਕੀਤੀਆਂ ਹਨ। ਆਪਣੇ ਮਾਪਿਆਂ ਨੂੰ ਮੰਮੀ-ਡੈਮੀ ਕਹਿੰਦੇ ਕਹਿੰਦੇ ਬੱਚੇ ਬੇਸ਼ੱਕ ਮੰਮ-ਡੈਡ ਕਹਿ ਕੇ ਸਭਿਅਤਾ ਦੀਆਂ ਬੁਲੰਦੀਆਂ ਨੂੰ ਛੂਹਣ ਦਾ ਮਾਣ ਤਾਂ ਹਾਸਲ ਕਰੀ ਜਾ ਰਹੇ ਹਨ ਪਰ ਆਪਣੀ ਵਿਰਾਸਤ ਤੋਂ ਬੇਮੁੱਖ ਹੋ ਕੇ ਸਭਿਆਚਾਰਕ ਝੋਲੀ ਵੀ ਸੱਖਣੀ ਕਰੀ ਜਾ ਰਹੇ ਹਨ।
ਕਿਹੜੀ ਗੱਲ ਹੈ ਜੋ ਸਾਡੇ ਮੋਹ ਭਿੱਜੇ ਸਮਾਜਿਕ ਰਿਸ਼ਤਿਆਂ ਦੀ ਬਣਤਰ ਵਿਚ ਦਰਾੜਾਂ ਪਾਈ ਜਾ ਰਹੀ ਹੈ? ਇਸ ਦਾ ਪ੍ਰਤੱਖ ਰੂਪ ਵਿਚ ਨਜ਼ਰ ਆਉਣ ਵਾਲਾ ਕਾਰਨ ਤਾਂ ਇਹ ਹੈ ਕਿ ਸਾਡੇ ਚ ਇਮਾਨਦਾਰਾਨਾ ਪਹੁੰਚ ਜਾਂ ਤਾਂ ਬਿਲਕੁਲ ਖ਼ਤਮ ਹੋ ਗਈ ਹੈ ਜਾਂ ਫਿਰ ਨਾਂਹ ਦੇ ਬਰਾਬਰ ਹੈ। ਅਸੀਂ ਕਿਸੇ ਪ੍ਰਤੀ ਇਮਾਨਦਾਰ ਤਾਂ ਕੀ ਰਹਿਣਾ, ਆਪਣੇ ਆਪ ਨਾਲ ਵੀ ਇਮਾਨਦਾਰ ਨਹੀਂ ਰਹੇ।

 
Old 05-Jun-2011
harpreetbrar
 
Re: ਬਦਲ ਰਹੇ ਨੇ ਰਿਸ਼ਤਿਆਂ ਦੇ ਰੰਗ

thanks

Post New Thread  Reply

« ਸੂਫ਼ੀ ਗਾਇਕੀ ਦਾ ਨਵਾਂ ਚਿਰਾਗ | ਸੱਭਿਆਚਾਰ ਚ ਘੜੇ ਦਾ ਮਹੱਤਵ »
X
Quick Register
User Name:
Email:
Human Verification


UNP