ਬਦਨਾਮ ਜੋ ਹੋਂਗੇ

:kiven
ਥਾਣਿਆਂ ਵਿਚ ਪੁਲਿਸ ਹੁੰਦੀ ਹੈ ਇਹ ਗੱਲ ਮੰਨੀ-ਪ੍ਰਮੰਨੀ ਹੈ ਪਰ ਥਾਣਿਆਂ ਵਿਚ ਪੁਲਿਸ ਜਿੰਨਾ ਹੀ ਚੂਹਿਆਂ ਦਾ ਵੀ ਰਾਜ
ਹੁੰਦਾ ਹੈ। ਬਲਕਿ ਚੂਹੇ ਐਕਸ ਆਫੀਸ਼ੋ ਥਾਣਾ ਵਾਸੀ ਹੁੰਦੇ ਹਨ। ਭਾਵੇਂ ਥਾਣੇ ਪੁਲਿਸ ਲਈ
ਜਾਣੇ ਜਾਂਦੇ ਹਨ ਪਰ ਕੁਤਰੰਮ ਕੁਤਰੀ ਦੇ ਚੂਹਿਆਨਾ ਸੁਭਾਅ ਦੀ ਦੋਹਾਂ 'ਚ ਭਾਈਵਾਲੀ ਜਾਂ
ਹਮ-ਪਿਆਲਾ, ਹਮ ਨਵਾਲਾ ਸੁਭਾਅ ਦੀ ਸਾਂਝ ਵੀ ਚਲਦੀ ਹੈ। ਜਦੋਂ ਕੁਤਰੰਮ ਕੁਤਰੀ 'ਤੇ ਆਈਏ
ਤਾਂ ਦੋ ਟੰਗੇ ਚੂਹੇ ਜ਼ਿਆਦਾ ਬਦਨਾਮ ਹਨ। ਇਸ ਬਦਨਾਮਪੁਣੇ 'ਚ ਵੀ ਇਕ ਨਾਮ ਹੈ ਅਰਥਾਤ-

ਬਦਨਾਮ ਜੋ ਹੋਂਗੇ ਤੋ ਕਿਆ ਨਾਮ ਨਾ ਹੋਗਾ।

ਦੋ ਟੰਗੇ ਚੂਹੇ ਅਰਥਾਤ ਪੁਲਿਸ ਐਵੇਂ ਬਦਨਾਮ ਨਹੀਂ। ਜੇ ਪੁਲਿਸ ਮੁਜਰਮ ਦੀ ਜੇਬ ਤੱਕ
ਪੁੱਜਣ 'ਚ ਸਫ਼ਲ ਨਾ ਹੋਵੇ ਤਾਂ ਫਿਰ ਮੁਲਜ਼ਮ ਜੇਲ੍ਹ 'ਚ ਤੇ ਜਾਂ ਫਿਰ ਚੂਹਿਆਂ ਤੇ ਮੱਛਰਾਂ
ਦੇ ਹਵਾਲੇ। ਥਾਣੇ 'ਚ ਵੀ ਚੂਹੇ ਦੋ ਪ੍ਰਕਾਰ ਦੇ ਹੁੰਦੇ ਹਨ। ਪਹਿਲੇ ਚੂਹੇ ਉਹ ਜੋ
ਮੁਲਜ਼ਮਾਂ ਦੇ ਪਜਾਮਿਆਂ 'ਚ ਛੱਡੇ ਜਾਂਦੇ ਹਨ। ਚੂਹੇ ਪਜਾਮੇ ਅੰਦਰ ਘਬਰਾਏ ਹੋਏ ਦੌੜਦੇ ਹਨ,
ਨਹੁੰ ਖੋਭਦੇ ਹਨ ਤੇ ਦੰਦੀਆਂ ਵੱਢਦੇ ਹਨ। ਮੁਜਰਮ ਪਜਾਮਿਓਂ ਬਾਹਰ ਹੋਣ ਲਈ ਅਰਾਟ ਪਾਉਂਦਾ
ਹੈ ਤੇ ਚੂਹੇ ਪਜਾਮੇ ਵਿਚ ਆਪਣੀ ਪੁਲਿਸ ਨਿਵਾਜ਼ੀ ਕਰਦੇ ਹਨ।

ਗੁਰੂ ਬਾਬੇ ਦੀ ਕ੍ਰਿਪਾ ਨਾਲ ਖੁਸ਼ਕਿਸਮਤ ਹਾਂ ਜੋ ਇਹ ਸਭ ਹੱਡ ਬੀਤੀ ਨਹੀਂ ਜੱਗ ਬੀਤੀ ਹੈ।
ਮੈਂ ਨਹੀਂ ਜਾਣਦਾ ਕਿ ਡਾਗ ਸਕੁਐਡ ਵਾਂਗ ਚੂਹਾ ਸਕੁਐਡ ਵੀ ਥਾਣੇ 'ਚ ਭਰਤੀ ਹੋਵੇ।
ਪੁਰਾਣੀਆਂ ਹਕੂਮਤਾਂ ਨੇ ਜਿਨ੍ਹਾਂ ਦੀਆਂ ਪਜਾਮੀਆਂ 'ਚ ਚੂਹੇ ਛੱਡੇ ਹੋਣਗੇ ਉਨ੍ਹਾਂ ਦੀਆਂ
ਹੀ ਧਮਕੀਆਂ ਹਨ ਕਿ ਪੁਰਾਣੀਆਂ ਹਕੂਮਤਾਂ ਦੇ ਥੰਮ੍ਹਾਂ ਦੀਆਂ ਪਜਾਮੀਆਂ 'ਚ ਚੂਹੇ
ਛੱਡਾਂਗੇ। ਨਵੀਆਂ ਹਕੂਮਤਾਂ ਵੱਲੋਂ ਇਹ ਵੀ ਖ਼ਬਰਾਂ ਆਈਆਂ ਕਿ ਪਜਾਮੀਆਂ ਭੀੜੀਆਂ ਹੋ ਗਈਆਂ
ਹਨ ਤੇ ਚੂਹੇ ਮੋਟੇ।

ਖੈਰ, ਇਹ ਤਾਂ ਭਾਜੀ ਮੋੜੂ ਨੀਤੀ ਹੈ। ਹਕੂਮਤਾਂ ਜਾਨਣ, ਪਜਾਮੀਆਂ ਜਾਣਨ ਜਾਂ ਚੂਹੇ। ਚੂਹੇ
ਚਾਹੇ ਚੂਹੇ ਸਕੁਐਡ ਦੇ ਹੋਣ ਜਾਂ ਟੈਂਪਰੇਰੀ ਭਰਤੀ ਕੀਤੇ ਗਏ ਸਿਖਾਂਦਰੂ ਚੂਹੇ ਹੋਣ
ਜਿਨ੍ਹਾਂ ਨੇ ਲਪਗੜੱਪੀ ਖਾਧਾ ਉਹ ਜਾਨ। ਵਰਨਾ ਸਾਡਾ ਤਾਂ ਕੀ ਹੈ ਖ਼ਬਰ ਪੜ੍ਹ ਲਵਾਂਗੇ
ਨਜ਼ਾਰਾ ਲੁੱਟ ਲਵਾਂਗੇ।

ਗੱਲ ਚੂਹਿਆਂ ਦੀ ਚੱਲ ਰਹੀ ਸੀ। ਪਜਾਮੀਆਂ ਵਾਲੇ ਚੂਹਿਆਂ ਤੋਂ ਇਲਾਵਾ ਇਕ ਕਿਸਮ ਹੋਰ ਵੀ
ਹੈ ਜੋ ਸੁਭਾਅ ਅਨੁਸਾਰ ਤੂੰ ਕੌਣ ਮੈਂ ਖਾਹਮ ਖਾਹ ਹਨ। ਇਹ ਚੂਹੇ ਥਾਣੇ 'ਚ ਹਰ ਥਾਂ ਮਿਲਦੇ
ਹਨ। ਜੇਲ੍ਹਾਂ ਭਾਵੇਂ ਸੁਧਾਰ ਘਰ ਬਣ ਗਈਆਂ ਤੇ ਥਾਣੇ ਸੁਧਾਰਨ ਘਰ, ਚੂਹੇ ਥਾਣੇ 'ਚ ਹਰ
ਥਾਂ ਅਜ਼ਾਦ ਹਨ। ਜਦੋਂ ਮਾਰਕੁੱਟ ਕੇ ਪੁਲਿਸ ਥੱਕ ਜਾਂਦੀ ਹੈ ਤਾਂ ਫਿਰ ਚੂਹੇ ਹਨ੍ਹੇਰੀ
ਕੋਠੜੀ 'ਚ ਹਾਜ਼ਰ ਹੋ ਕੇ ਮੁਜਰਮ ਦੇ ਹੱਥ ਪੈਰ ਕੁਤਰਦੇ ਹਨ। ਕਈ ਵਾਰ (ਚਾਹਲ ਵਰਗਾ) ਤਾਂ
ਮੁਜਰਮ ਚੂਹਿਆਂ ਦੀ ਕੁਤਰੋਲੋ ਜੀ ਕਾਰਨ ਮੰਨ ਜਾਂਦਾ ਹੈ। ''ਮੈਨੂੰ ਇਕ ਦਫਾ ਇਕ ਸੌ ਸੱਤ
ਇਕਵੰਜਾ ਦੇ ਚੂਹਿਆਂ ਤੋਂ ਬਚਾਉਣਾ ਬੇਸ਼ੱਕ ਕੋਰੇ ਕਾਗਜ਼ 'ਤੇ ਦਸਤਖ਼ਤ ਕਰਾ ਲਵੋ।''

ਐਸੇ ਚੂਹਿਆਂ ਦੀ ਹੀ ਖ਼ਬਰ ਅਖ਼ਬਾਰ ਵਿਚ ਛਪੀ। ਖ਼ਬਰ ਅਨੁਸਾਰ ਥਾਣੇ ਦੇ ਚੂਹੇ ਏਨੇ ਭੂਤਰੀਫਾਈ
ਹੋ ਗਏ ਕਿ ਉਨ੍ਹਾਂ ਨੇ ਨਾਜਾਇਜ਼ ਫੜੀ ਸ਼ਰਾਬ ਤੇ ਲਾਹਨ 'ਤੇ ਹੀ ਹੱਲਾ ਬੋਲ ਦਿੱਤਾ। ਚੂਹੇ
ਪਲਾਸਟਿਕ ਦੀਆਂ ਡਰੰਮੀਆਂ ਦੇ ਢੱਕਣ ਕੁਤਰ ਕੇ ਲਾਹਨ ਤੇ ਸ਼ਰਾਬ ਛੱਕ ਜਾਂਦੇ ਹਨ। ਬੋਤਲਾਂ
ਵਿਚਾਰੀਆਂ ਉਨ੍ਹਾਂ ਲਈ ਕਿਸੇ ਬਾਗ ਦੀ ਮੂਲੀ ਹੀ ਨਹੀਂ ਹਨ।

ਬੋਤਲਾਂ ਦੇ ਢੱਕਣਾਂ 'ਤੇ ਦੰਦ ਅਜ਼ਮਾ ਕੇ ਅਕਲਮੰਦ ਚੂਹੇ ਤਾਂ ਬੋਤਲ ਸੁੱਟ ਕੇ ਡੋਲ੍ਹ
ਲੈਂਦੇ ਹਨ ਤੇ ਮੌਜ ਉਡਾਉਂਦੇ ਹਨ ਤੇ ਫਿਰ ਗਾਉਂਦੇ ਹਨ -

ਮੁਝੇ ਦੁਨੀਆਂ ਵਾਲੋ ਸ਼ਰਾਬੀ ਨਾ ਸਮਝੋ,
ਮੈਂ ਪੀਤਾ ਨਹੀਂ ਹੂੰ ਪਿਲਾਈ ਗਈ ਹੈ।

ਬੋਤਲ ਨਾ ਡੁੱਲ੍ਹੇ ਤਾਂ ਪਹਿਲਾਂ ਢੱਕਣ 'ਚ ਛੇਕ ਪਾਓ ਫਿਰ ਪੂਛਾਂ ਉਸ 'ਚ ਲਮਕਾਓ ਤੇ ਫਿਰ
ਚੱਟ ਜਾਓ। ''ਜਿਥੇ ਚਾਹ ਉਥੇ ਰਾਹ'' ਦੇ ਮਾਰਨ ਦੀਆਂ ਨਵੀਆਂ ਕਹਾਣੀਆਂ ਥਾਣੇ 'ਚ ਜਨਮ ਲੈ
ਰਹੀਆਂ ਹਨ। ਇਨ੍ਹਾਂ 'ਚੋਂ ਜਿਹੜੇ ਕੁਝ ਮਾਡਰਨ ਚੂਹੇ ਹੋਣਗੇ, ਜਾਂ ਪੜ੍ਹੀਆਂ-ਲਿਖੀਆਂ
ਨਵੀਆਂ ਜਵਾਨ ਰੂਹਾਂ ਕਰਮਾਂ ਦੀ ਗਤੀ ਕਾਰਨ ਚੂਹਾ ਅਵਤਾਰ ਧਾਰ ਗਈਆਂ ਹੋਣਗੀਆਂ। ਉਹ ਸਮੈਕ
ਦੀਆਂ ਥੈਲੀਆਂ ਜ਼ਰੂਰ ਕੁਤਰਦੀਆਂ ਹੋਣਗੀਆਂ, ਉਹ ਜ਼ਰੂਰ ਨਸ਼ੇ ਦੇ ਕੈਪਸੂਲ ਲੱਭਦੇ ਹੋਣਗੇ, ਉਹ
ਜ਼ਰੂਰ ਚਾਹੁੰਦੇ ਹੋਣਗੇ ਕਿ ਉਨ੍ਹਾਂ ਦੇ ਕੋਈ ਨਸ਼ੇ ਦਾ ਟੀਕਾ ਲਾਵੇ।

ਇਥੇ ਤੱਕ ਗੱਲ ਅਜੇ ਪੁੱਜੀ ਨਹੀਂ ਲੱਗਦੀ। ਪਰ ਜੇ ਚੂਹੇ ਸ਼ਰਾਬ ਨਾਲ ਬੰਦਿਆਂ ਨਾਲੋਂ ਵਧੀਆ
ਸਲੂਕ ਕਰ ਸਕਦੇ ਹਨ ਤਾਂ ਫਿਰ ਈਦ ਗਈ ਕਿ ਰੋਜ਼ੇ ਉਹ ਅਵੱਲੇ ਦਿਨ ਵੀ ਆ ਜਾਣਗੇ। ਅੱਗੇ ਤਾਂ
ਵਿਚਾਰੀ ਪੁਲਿਸ ਨੂੰ ਨਸ਼ੀਲੇ ਬੰਦਿਆਂ ਬਾਰੇ ਸੋਚਣਾ ਪੈ ਰਿਹੈ ਫਿਰ ਚੂਹਿਆਂ ਬਾਰੇ ਵੀ
ਸੋਚਣਾ ਪਵੇਗਾ। ਜੇ ਫੜਕੇ ਲਿਆਂਦੀ ਸ਼ਰਾਬ ਚੂਹਿਆਂ ਲੇਖੇ ਲੱਗ ਗਈ ਤਾਂ ਪੁਲਿਸ ਵਾਲੇ
ਤੰਗੀ-ਫੰਗੀ ਦਾ ਸਮਾਂ ਕਿਵੇਂ ਲੰਘਾਉਣਗੇ।

ਬੰਦੇ ਦਰੁੱਸਤ ਕਰਨ ਵਾਲੇ ਪਟੇ ਤਾਂ ਬਣੇ ਹਨ ਚੂਹੇ ਦਰੁੱਸਤ ਕਰਨ ਵਾਲੇ ਪਟੇ ਕਿਥੋਂ ਲਿਆਉਣ
ਜਿਸ ਸਦਕਾ ਚੂਹਾ ਮਰੇ ਵੀ ਨਾ, ਪਟਾ ਪਿੱਟੇ ਵੀ ਨਾ ਤੇ ਸ਼ਰਾਬ ਵੀ ਬਚੀ ਰਹੇ। ਪਤਾ ਨਹੀਂ
ਲੱਗਦਾ ਕਿ -

ਪੁਲਿਸ ਵਿਚਾਰੀ ਕੀ ਕਰੇ? ਚੂਹਿਆਂ ਦੀ ਜੂਠੀ
ਲਾਹਨ ਪੀ ਮਰੇ।
 
Top