ਬਗਲਿਆਂ ਦੀ ਦਰਿਆਦਿਲੀ

Mandeep Kaur Guraya

MAIN JATTI PUNJAB DI ..
ਸਟੇਸ਼ਨ ਕੋਲ ਦੋ ਵੱਡੇ ਰੁੱਖ ਸਨ। ਇਕ ਬੋਹੜ ਦਾ ਤੇ ਦੂਜਾ ਪਿੱਪਲ ਦਾ। ਪਿੱਪਲ 'ਤੇ ਬਗਲਿਆਂ ਦੇ ਆਲ੍ਹਣੇ ਸਨ, ਜਦਕਿ ਬੋਹੜ 'ਤੇ ਕਾਵਾਂ ਦਾ ਰਾਜ ਸੀ। ਦੋਵੇਂ ਗੁਆਂਢੀ ਸਨ ਪਰ ਆਪਸ 'ਚ ਮੇਲ-ਮਿਲਾਪ ਨਹੀਂ ਸੀ। ਬਗਲੇ ਪਿੱਪਲ 'ਤੇ ਰੌਲਾ ਪਾਉਂਦੇ ਤਾਂ ਬੋਹੜ ਦੀ ਟਾਹਣੀ 'ਤੇ ਕਾਂ ਵੀ 'ਕਾਂ-ਕਾਂ' ਕਰਕੇ ਉਨ੍ਹਾਂ ਨੂੰ ਖਿਝਾਉਂਦੇ।
ਇਕ ਦਿਨ ਪੱਛਮ ਦਿਸ਼ਾ ਤੋਂ ਤੇਜ਼ ਹਵਾ ਚੱਲੀ। ਗਰਮ ਹਵਾ ਨਾਲ ਧੂੜ ਤੇ ਰੇਤ ਦੇ ਕਣਾਂ ਨੇ ਬਗਲਿਆਂ ਨੂੰ ਪ੍ਰੇਸ਼ਾਨ ਕਰ ਦਿੱਤਾ। ਉਨ੍ਹਾਂ ਨੇ ਕਾਵਾਂ ਨੂੰ ਕਿਹਾ, ''ਭਰਾ ਆ ਜਾਈਏ ਬੋਹੜ 'ਤੇ? ਇਥੇ ਰਹਿਣਾ ਮੁਸ਼ਕਲ ਹੋ ਰਿਹਾ ਹੈ।''
ਬੋਹੜ ਦਾ ਰੁੱਖ ਪਿੱਪਲ ਦੇ ਅੱਗੇ ਸੀ, ਇਸ ਲਈ ਉਸ 'ਤੇ ਹਵਾ ਦੇ ਬੁੱਲਿਆਂ ਦਾ ਅਸਰ ਘੱਟ ਹੋ ਰਿਹਾ ਸੀ। ਕਾਂ ਬੇਫਿਕਰੇ ਸਨ। ਉਨ੍ਹਾਂ ਨੂੰ ਬਗਲਿਆਂ ਦੀਆਂ ਪ੍ਰੇਸ਼ਾਨੀਆਂ ਨਾਲ ਕੋਈ ਮਤਲਬ ਨਹੀਂ ਸੀ। ਅਖੀਰ ਉਨ੍ਹਾਂ ਨੇ ਰੁੱਖੀ ਆਵਾਜ਼ 'ਚ ਕਿਹਾ, ''ਨਹੀਂ...ਨਹੀਂ... ਇਥੇ ਆਉਣ ਦੀ ਕੋਈ ਲੋੜ ਨਹੀਂ ਹੈ। ਤੁਸੀਂ ਆਪਣੀ ਜਗ੍ਹਾ ਰਹੋ। ਅਸੀਂ ਆਪਣੀ ਜਗ੍ਹਾ ਰਹਾਂਗੇ।'' ਬਗਲੇ ਵਿਚਾਰੇ ਚੁੱਪ ਰਹਿ ਗਏ। ਹਵਾ ਦੀ ਰਫਤਾਰ ਹੋਰ ਵਧ ਗਈ। ਪਿੱਪਲ ਦੀਆਂ ਟਾਹਣੀਆਂ ਜ਼ੋਰ-ਜ਼ੋਰ ਨਾਲ ਡੋਲਣ ਲੱਗੀਆਂ। ਹਵਾ ਹਨੇਰੀ ਬਣ ਚੁੱਕੀ ਸੀ। ਬਗਲਿਆਂ ਦੇ ਆਲ੍ਹਣੇ ਤਬਾਹ ਹੋਣ ਲੱਗੇ। ਉਨ੍ਹਾਂ ਨੇ ਫਿਰ ਬੇਨਤੀ ਕੀਤੀ, ''ਆ ਜਾਈਏ, ਤੂਫਾਨ ਆਉਣ ਵਾਲਾ ਹੈ? ਇਥੇ ਰਹਿਣਾ ਮੁਸ਼ਕਲ ਹੋ ਰਿਹਾ ਹੈ।''
''ਤੂਫਾਨ ਆਏ ਜਾਂ ਭੂਚਾਲ ਉਥੇ ਰਹੋ। ਇਥੇ ਆਉਣ ਦੀ ਕੋਈ ਲੋੜ ਨਹੀਂ ਹੈ।''ਕਾਵਾਂ ਨੇ ਰੁੱਖੀ ਆਵਾਜ਼ 'ਚ ਕਿਹਾ, ''ਤੁਸੀਂ ਮਰੋ ਜਾਂ ਜਿਊਂਦੇ ਰਹੋ, ਸਾਨੂੰ ਇਸ ਨਾਲ ਕੋਈ ਮਤਲਬ ਨਹੀਂ।''
ਬਗਲਿਆਂ ਨੇ ਫਿਰ ਖੁਸ਼ਾਮਦ ਕੀਤੀ, ''ਜ਼ਿਆਦਾ ਦੇਰ ਤਕ ਨਹੀਂ ਰਹਾਂਗੇ। ਤੂਫਾਨ ਦੇ ਲੰਘਦਿਆਂ ਹੀ ਵਾਪਸ ਆ ਜਾਵਾਂਗੇ।''
ਕਾਵਾਂ ਨੇ ਫਿਰ ਮੂੰਹ ਫੇਰ ਲਏ। ਬਗਲੇ ਕਹਿਣ ਲੱਗੇ, ''ਇੰਨੇ ਨਿਰਦਈ ਨਾ ਬਣੋ। ਮੰਨ ਜਾਓ ਭਰਾ। ਦੁਖੀਆਂ ਨੂੰ ਸ਼ਰਨ ਦੇ ਦਿਓ। ਬਸ ਕੁਝ ਸਮੇਂ ਲਈ ਹੀ ਉਥੇ ਰਹਾਂਗੇ।''
ਕਾਵਾਂ ਨੇ ਕਿਹਾ, ''ਮਿੰਟ ਭਰ ਵੀ ਇਥੇ ਨਹੀਂ ਰਹਿਣ ਦੇਵਾਂਗੇ। ਬੋਹੜ ਸਾਡਾ ਹੈ, ਇਸ 'ਤੇ ਤੁਹਾਨੂੰ ਨਹੀਂ ਆਉਣ ਦੇਵਾਂਗੇ।''
ਬਗਲੇ ਨਿਰਾਸ਼ ਹੋ ਗਏ। ਉਸ ਭਿਆਨਕ ਹਨੇਰੀ 'ਚ ਉਡ ਕੇ ਦੂਜੇ ਥਾਂ ਜਾਣਾ ਵੀ ਨਾਮੁਮਕਿਨ ਸੀ, ਇਸ ਲਈ ਉਹ ਚੁੱਪਚਾਪ ਵਧਦੀ ਹਨੇਰੀ ਨੂੰ ਦੇਖਦੇ ਰਹੇ।
ਦੇਖਦਿਆਂ ਹੀ ਦੇਖਦਿਆਂ ਹਨੇਰੀ ਤੂਫਾਨ ਬਣ ਗਈ। ਪਿੱਪਲ ਦੀਆਂ ਟਾਹਣੀਆਂ ਤੇਜ਼-ਤੇਜ਼ ਡੋਲਣ ਲੱਗੀਆਂ। ਬਗਲਿਆਂ ਦੇ ਆਲ੍ਹਣੇ ਉੱਜੜ ਗਏ। ਉਸ ਦੇ ਬੱਚੇ ਟਾਹਣੀਆਂ ਨਾਲ ਚਿਪਕ ਕੇ ਰੋਣ ਲੱਗੇ। ਕਈ ਬੁੱਢੇ ਬਗਲਿਆਂ ਨੇ ਫਿਰ ਖੁਸ਼ਾਮਦ ਕੀਤੀ, ''ਭਰਾ ਰਹਿਮ ਕਰੋ। ਘੱਟੋ-ਘੱਟ ਬੱਚਿਆਂ ਨੂੰ ਹੀ ਬੋਹੜ 'ਤੇ ਸ਼ਰਨ ਦੇ ਦਿਓ।''
''ਕਦੇ ਨਹੀਂ। ਕਦੇ ਨਹੀਂ'' ਕਾਵਾਂ ਨੇ ਮਜ਼ਾਕੀਆ ਹਾਸਾ ਹੱਸਦੇ ਹੋਏ ਕਿਹਾ, ''ਦੁਸ਼ਮਣ ਦੇ ਬੱਚੇ ਵੀ ਦੁਸ਼ਮਣ ਹੁੰਦੇ ਹਨ। ਉਨ੍ਹਾਂ ਨੂੰ ਵੀ ਸ਼ਰਨ ਨਹੀਂ ਦੇਵਾਂਗੇ।''
ਤੂਫਾਨ ਹੋਰ ਖਤਰਨਾਕ ਹੋ ਗਿਆ। ਕਈ ਬਗਲੇ ਜ਼ਬਰਦਸਤੀ ਬੋਹੜ 'ਤੇ ਜਾ ਬੈਠੇ ਪਰ ਕਾਵਾਂ ਨੂੰ ਉਨ੍ਹਾਂ ਦਾ ਬੈਠਣਾ ਸਹਿਣ ਨਾ ਹੋ ਸਕਿਆ। ਉਨ੍ਹਾਂ ਨੇ ਚੁੰਝ ਮਾਰ-ਮਾਰ ਕੇ ਬਗਲਿਆਂ ਨੂੰ ਭਜਾ ਦਿੱਤਾ।
ਫਟਕਾਰ ਤੇ ਮਾਰ ਖਾ ਕੇ ਉਹ ਪਿੱਪਲ 'ਤੇ ਪਰਤ ਆਏ। ਤੂਫਾਨ ਭਿਆਨਕ ਰੂਪ ਲੈ ਚੁੱਕਾ ਸੀ। ਉਨ੍ਹਾਂ ਦੇ ਬੱਚੇ ਜ਼ਮੀਨ 'ਤੇ ਡਿਗ ਗਏ। ਕੁਝ ਦੀਆਂ ਹੱਡੀਆਂ ਟੁੱਟ ਗਈਆਂ, ਕੁਝ ਦੇ ਖੰਭ ਮੁੜ ਗਏ, ਕੁਝ ਦੀਆਂ ਗਰਦਨਾਂ ਮੁੜ ਗਈਆਂ, ਕਈ ਜ਼ਖਮੀ ਹੋ ਗਏ, ਫਿਰ ਵੀ ਕਾਵਾਂ ਨੂੰ ਉਨ੍ਹਾਂ 'ਤੇ ਰਹਿਮ ਨਹੀਂ ਆਇਆ। ਉਹ ਬੋਹੜ ਦੀ ਟਾਹਣੀ 'ਤੇ ਬੈਠੇ ਬਗਲਿਆਂ ਨੂੰ ਤੜਫਦੇ ਤੇ ਰੋਂਦੇ-ਕੁਰਲਾਉਂਦੇ ਦੇਖਦੇ ਰਹੇ। ਉਨ੍ਹਾਂ 'ਤੇ ਹੱਸਦੇ ਰਹੇ।
ਤੂਫਾਨ ਲੰਘ ਗਿਆ। ਬਗਲਿਆਂ ਨੇ ਕੁਝ ਚੈਨ ਦਾ ਸਾਹ ਲਿਆ। ਉਨ੍ਹਾਂ ਨੇ ਜ਼ਖਮੀ ਬੱਚਿਆਂ ਦਾ ਇਲਾਜ ਕਰਵਾਇਆ। ਫਿਰ ਸਾਰੇ ਆਲ੍ਹਣਿਆਂ ਦੀ ਤਿਆਰੀ 'ਚ ਜੁਟ ਗਏ। ਦੁਖ ਦੇ ਦਿਨ ਲੰਘ ਗਏ ਸਨ।
ਗਰਮੀ ਤੋਂ ਬਾਅਦ ਮੀਂਹ ਆਇਆ। ਇਕ ਦਿਨ ਅਚਾਨਕ ਪੂਰਬ ਵਲੋਂ ਤੇਜ਼ ਹਨੇਰੀ ਚੱਲਣ ਲੱਗੀ। ਬੋਹੜ ਦਾ ਰੁੱਖ ਹਿੱਲ ਗਿਆ। ਟਾਹਣੀਆਂ ਹਵਾ 'ਚ ਝੂਲਣ ਲੱਗੀਆਂ। ਕਾਵਾਂ ਦੇ ਆਲ੍ਹਣੇ ਉੱਜੜਨ ਲੱਗੇ। ਇਸ ਵਾਰ ਪਿੱਪਲ ਦਾ ਰੁੱਖ ਬੋਹੜ ਦੇ ਅੱਗੇ ਸੀ, ਇਸ ਲਈ ਹਨੇਰੀ ਦਾ ਅਸਰ ਉਸ 'ਤੇ ਬਹੁਤ ਘੱਟ ਹੋ ਰਿਹਾ ਸੀ। ਬਗਲੇ ਪੂਰੀ ਤਰ੍ਹਾਂ ਸੁਰੱਖਿਅਤ ਸਨ। ਫਿਰ ਵੀ ਉਨ੍ਹਾਂ ਤੋਂ ਗੁਆਂਢੀਆਂ ਦਾ ਦੁੱਖ ਦੇਖਿਆ ਨਾ ਗਿਆ। ਉਨ੍ਹਾਂ ਕਿਹਾ, ''ਆ ਜਾਓ। ਇਧਰ ਆ ਜਾਓ, ਭਰਾ! ਹਨੇਰੀ ਦੇ ਨਾਲ ਮੀਂਹ ਵੀ ਆਉਣ ਵਾਲਾ ਹੈ। ਬੱਚਿਆਂ ਨੂੰ ਲੈ ਕੇ ਇਥੇ ਆ ਜਾਓ।''
ਕਾਵਾਂ ਨੇ ਸਮਝਿਆ ਕਿ ਬਗਲੇ ਸਾਡਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਨੇ ਗਰਦਨ ਘੁਮਾਉਂਦੇ ਹੋਏ ਕਿਹਾ, ''ਅਸੀਂ ਡਰਪੋਕ ਨਹੀਂ ਹਾਂ। ਤੂਫਾਨ-ਮੀਂਹ ਸਭ ਦਾ ਮੁਕਾਬਲਾ ਕਰ ਲਵਾਂਗੇ।'' ਬਗਲੇ ਚੁੱਪ ਹੋ ਗਏ। ਹਨੇਰੀ ਹੁਣ ਤੂਫਾਨ ਬਣ ਚੁੱਕੀ ਸੀ। ਬੋਹੜ ਦੀਆਂ ਟਾਹਣੀਆਂ ਤੇਜ਼-ਤੇਜ਼ ਹੇਠਾਂ-ਉੱਪਰ ਝੂਲਣ ਲੱਗੀਆਂ। ਫਿਰ ਮੀਂਹ ਸ਼ੁਰੂ ਹੋ ਗਿਆ। ਇਸ ਤਰ੍ਹਾਂ ਤੂਫਾਨ ਵਾਵਰੋਲਾ ਹੋ ਗਿਆ। ਵਾਵਰੋਲਾ ਬੋਹੜ ਨੂੰ ਝੰਜੋੜਨ ਲੱਗਾ। ਉਸ ਦੀਆਂ ਕਈ ਟਾਹਣੀਆਂ ਟੁੱਟ ਗਈਆਂ। ਕਾਵਾਂ ਦੇ ਸਾਰੇ ਆਲ੍ਹਣੇ ਉੱਜੜ ਗਏ। ਉਨ੍ਹਾਂ ਦੇ ਬੱਚੇ ਟਾਹਣੀ ਨਾਲ ਚਿਪਕ ਕੇ ਰੋਣ ਲੱਗੇ। ਬਗਲਿਆਂ ਨੇ ਫਿਰ ਕਿਹਾ, ''ਭਰਾ ਆਕੜ ਛੱਡੋ। ਹੁਣ ਵੀ ਮੌਕਾ ਹੈ। ਬੱਚਿਆਂ ਨੂੰ ਲੈ ਕੇ ਇਥੇ ਆ ਜਾਓ।''
ਕਾਵਾਂ ਤੋਂ ਕੁਝ ਕਿਹਾ ਨਾ ਗਿਆ। ਸ਼ਰਮ ਨਾਲ ਵਿਚਾਰਿਆਂ ਦਾ ਬੁਰਾ ਹਾਲ ਸੀ। ਉਹ ਸਹਿਮੀਆਂ ਨਜ਼ਰਾਂ ਨਾਲ ਚੁੱਪਚਾਪ ਵਾਵਰੋਲੇ ਨੂੰ ਦੇਖਣ ਲੱਗੇ। ਬਗਲਿਆਂ ਨੂੰ ਉਨ੍ਹਾਂ 'ਤੇ ਰਹਿਮ ਆ ਗਿਆ। ਉਹ ਜ਼ਬਰਦਸਤੀ ਕਾਵਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਪਿੱਪਲ 'ਤੇ ਲੈ ਆਏ।
ਵਾਵਰੋਲਾ ਹੋਰ ਖਤਰਨਾਕ ਹੋ ਗਿਆ। ਬਗਲਿਆਂ ਨੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਬੱਚਿਆਂ ਨਾਲ ਆਲ੍ਹਣੇ 'ਚ ਬਿਠਾ ਲਿਆ। ਉਨ੍ਹਾਂ ਨੂੰ ਖਾਣਾ ਵੀ ਦਿੱਤਾ। ਕਾਵਾਂ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਨੇ ਭਰੇ ਗਲੇ ਨਾਲ ਕਿਹਾ, ''ਤੁਸੀਂ ਸਾਨੂੰ ਬਚਾਅ ਲਿਆ। ਨਹੀਂ ਤਾਂ ਅੱਜ ਮਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।''
ਬਗਲੇ ਕਹਿਣ ਲੱਗੇ, ''ਅਸੀਂ ਤਾਂ ਸਿਰਫ ਆਪਣਾ ਫਰਜ਼ ਨਿਭਾਇਆ ਹੈ।''
''ਪਰ ਅਜਿਹੇ ਚੰਗੇ ਵਤੀਰੇ ਦੀ ਆਸ ਨਹੀਂ ਸੀ।'' ਕਾਵਾਂ ਨੇ ਕਿਹਾ, ''ਅਸੀਂ ਤੁਹਾਡੇ ਨਾਲ ਮਾੜਾ ਵਤੀਰਾ ਕੀਤਾ ਸੀ, ਇਸ ਲਈ ਬਦਲਾ ਲੈਣ ਦਾ ਤੁਹਾਨੂੰ ਪੂਰਾ ਹੱਕ ਸੀ।'' ''ਆਪਣੇ ਹੱਕ ਦੀ ਹੀ ਤਾਂ ਵਰਤੋਂ ਕੀਤੀ ਹੈ ਅਸੀਂ। ਬੁਰਾਈ ਦਾ ਬਦਲਾ ਚੰਗਿਆਈ ਨਾਲ ਦਿੱਤਾ। ਮਾੜਾ ਵਤੀਰੇ ਨੂੰ ਚੰਗੇ ਵਤੀਰੇ ਨਾਲ ਹਰਾ ਦਿੱਤਾ। ਗੁਆਂਢੀ ਹੋਣ ਦਾ ਫਰਜ਼ ਨਿਭਾਇਆ, ਹੋਰ ਕੀ?''
ਉਸ ਚੰਗੇ ਸਲੂਕ ਦੇ ਸਨਮਾਨ 'ਚ ਕਾਵਾਂ ਨੇ ਖੰਭ ਜੋੜ ਦਿੱਤੇ। ਕਹਿਣ ਲੱਗੇ, ''ਅਸੀਂ ਆਪਣੇ ਮਾੜੇ ਕੰਮ 'ਤੇ ਸ਼ਰਮਿੰਦੇ ਹਾਂ ਤੇ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਦੇ ਹਾਂ।'' ਬਗਲਿਆਂ ਨੇ ਕਿਹਾ, ''ਸ਼ਰਮਿੰਦੇ ਹੋਣ ਤੇ ਮਾਫੀ ਮੰਗਣ ਦੀ ਲੋੜ ਨਹੀਂ ਹੈ। ਆਪਣੇ ਵਿਚਾਰਾਂ ਨੂੰ ਬਦਲੋ। ਦੂਜਿਆਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਬੁਰਾਈ ਦੇ ਬਦਲੇ 'ਚ ਚੰਗਿਆਈ ਕਰਨ ਦੀ ਧਾਰਨਾ ਅਪਣਾਓ।''
ਕਾਵਾਂ ਨੇ ਗੱਲ ਮੰਨ ਲਈ। ਵਾਵਰੋਲਾ ਲੰਘ ਗਿਆ। ਉਹ ਖੁਸ਼ੀ-ਖੁਸ਼ੀ ਆਪਣੇ ਟੁੱਟੇ-ਫੁੱਟੇ ਆਲ੍ਹਣੇ ਠੀਕ ਕਰਨ 'ਚ ਪੂਰੀ ਮਿਹਨਤ ਨਾਲ ਜੁਟ ਗਏ। ਅੱਜ ਉਨ੍ਹਾਂ ਨੂੰ ਆਪਣੇ ਆਲ੍ਹਣੇ ਉੱਜੜਨ ਦੀ ਕੋਈ ਚਿੰਤਾ ਤੇ ਅਫਸੋਸ ਨਹੀਂ ਸੀ ਕਿਉਂਕਿ ਵਾਵਰੋਲੇ ਨੇ ਉਨ੍ਹਾਂ ਨੂੰ ਥੋੜ੍ਹੇ ਜਿਹੇ ਨੁਕਸਾਨ ਦੇ ਬਦਲੇ ਸਦਭਾਵਨਾ ਦਾ ਅਨਮੋਲ ਗਿਆਨ ਸਿਖਾ ਦਿੱਤਾ ਸੀ।
 
Top