'ਪੰਜਾਬੀਏ ਜੁਬਾਨੇ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ

Yaar Punjabi

Prime VIP
icon8.png
ਅਸੀ ਪੰਜਾਬੀ ਨਹੀ ਪੜਾਉਣੀ,ਇਹ ਪੰਜਾਬ ਨਹੀ


ਚੰਡੀਗੜ੍ਹ, ਪਿਛਲੇ ਕਈ ਸਾਲਾਂ ਤੋਂ ਪੰਜਾਬ ਤੋਂ ਮੁਕਤ ਹੋਣ ਦੀ ਤਾਕ ਵਿਚ ਕੇਂਦਰੀ ਦਰਜੇ (ਸੈਂਟਰਲ ਸਟੇਟੱਸ) ਲਈ ਤਰਲੋਮੱਛੀ ਹੁੰਦੀ ਆ ਰਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਭਾਸ਼ਾ ਵਿਚ ਦਾਖਲਾ ਪ੍ਰੀਖਿਆਵਾਂ ਨਾ ਲੈਣ 'ਤੇ ਅੜ ਗਈ ਹੈ। ਇਸ ਮਸਲੇ ਨੂੰ ਲੈ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਭੁੱਖ ਹੜਤਾਲ 'ਤੇ ਬੈਠਿਆਂ 3 ਦਿਨ ਹੋ ਗਏ ਹਨ ਅਤੇ ਬੀਤੇ ਕੱਲ੍ਹ ਭੁੱਖ ਹੜਤਾਲ 'ਤੇ ਬੈਠੇ ਵਿਦਿਆਰਥੀ ਸੁਖਬਾਜ ਸਿੰਘ ਮਾਨ, ਹਰਸ਼ਨਦੀਪ ਸਿੰਘ ਮੱਲ੍ਹੀ ਅਤੇ ਮਨੋਜ ਲੁਬਾਣਾ ਦੀ ਹਾਲਤ ਵਿਗੜ ਗਈ ਸੀ ਜਿਸਦੇ ਚੱਲਦਿਆਂ ਵਰਸਿਟੀ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਆਜ਼ਾਦੀ ਦਿਹਾੜੇ ਨੂੰ ਵੇਖਦੇ ਹੋਏ ਭੁੱਖ ਹੜਤਾਲ ਸਮਾਪਤ ਕਰ ਦੇਣ ਨਹੀਂ ਤਾਂ ਉਨ੍ਹਾਂ ਖਿਲਾਫ਼ ਖੁਦਕੁਸ਼ੀ ਦੇ ਮਾਮਲੇ ਦਰਜ ਕਰਵਾ ਦਿੱਤੇ ਜਾਣਗੇ ਪਰ ਵਿਦਿਆਰਥੀਆਂ ਨੇ ਹੜਤਾਲ ਜਾਰੀ ਰੱਖਦਿਆਂ ਹਰਪਿੰਦਰ ਸਿੰਘ ਔਲਖ ਅਤੇ ਅਤੁਲ ਬਾਂਸਲ ਨਾਮ ਦੇ ਵਿਦਿਆਰਥੀਆਂ ਨੂੰ ਭੁੱਖ ਹੜਤਾਲ 'ਤੇ ਬਿਠਾ ਦਿੱਤਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੁੱਖ ਹੜਤਾਲ ਦੇ ਬਾਵਜੂਦ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰੁਣ ਕੁਮਾਰ ਗਰੋਵਰ ਅਤੇ ਡੀ.ਯੂ.ਆਈ. ਸ੍ਰੀ ਭੁਪਿੰਦਰ ਸਿੰਘ ਬਰਾੜ ਪੰਜਾਬੀ ਭਾਸ਼ਾ ਵਿਚ ਐਮ.ਫਿਲ ਦਾਖਲਾ ਪ੍ਰੀਖਿਆਵਾਂ ਲੈਣ ਲਈ ਤਿਆਰ ਨਹੀਂ ਹਨ ਅਤੇ ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿਚ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਦੇ ਪਰਚੇ ਰੱਦ ਕਰਨ ਦੀ ਜ਼ਿੱਦ ਧਾਰ ਲਈ ਹੈ। ਵਿਦਿਆਰਥੀਆਂ ਦਾ ਇਹ ਵੀ ਕਹਿਣਾ ਸੀ ਕਿ ਪੰਜਾਬੀ ਭਾਸ਼ਾ ਦੇ ਇਸ ਮਸਲੇ ਨੂੰ ਹੱਲ ਕਰਾਉਣ ਲਈ ਪੰਜਾਬ ਦੀ ਕਿਸੇ ਵੀ ਜੱਥੇਬੰਦੀ ਨੇ ਉਨ੍ਹਾਂ ਦਾ ਕੋਈ ਸਾਥ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇ ਪੰਜਾਬ ਯੂਨੀਵਰਸਿਟੀ ਦੇ ਕਲਾ ਵਿਭਾਗਾਂ ਵਿਚ ਹੀ ਪੰਜਾਬੀ ਭਾਸ਼ਾ ਵਿਚ ਦਾਖਲਾ ਪ੍ਰੀਖਿਆ ਨਹੀਂ ਦਿੱਤੀ ਜਾ ਸਕਦੀ ਤਾਂ ਪੰਜਾਬ ਦੇ ਵਿਦਿਆਰਥੀ ਵਰਗ ਲਈ ਇਹ ਬਹੁਤ ਨਿਰਾਸ਼ਾਜਨਕ ਗੱਲ ਹੈ। ਚੇਤੇ ਰਹੇ ਕਿ ਯੂਨੀਵਰਸਿਟੀ ਦੇ ਪੁਲਿਸ ਪ੍ਰਸ਼ਾਸਨ ਵਿਭਾਗ ਵਿਚ ਬੀਤੇ ਦਿਨੀਂ ਹੋਈ ਦਾਖਲਾ ਪ੍ਰੀਖਿਆ ਵਿਚ ਪੰਜਾਬੀ ਭਾਸ਼ਾ 'ਚ ਪਰਚੇ ਦੇਣ ਵਾਲੇ ਵਿਦਿਆਰਥੀਆਂ ਦੇ ਪਰਚੇ ਯੂਨੀਵਰਸਿਟੀ ਨੇ ਇਹ ਕਹਿੰਦਿਆਂ ਰੱਦ ਕਰ ਦਿੱਤੇ ਸਨ ਕਿ ਯੂਨੀਵਰਸਿਟੀ ਦੇ ਨਿਯਮ ਪੰਜਾਬੀ ਅਤੇ ਹਿੰਦੀ ਵਿਚ ਦਾਖਲਾ ਪ੍ਰੀਖਿਆ ਦੇਣ ਦੀ ਇਜਾਜ਼ਤ ਨਹੀਂ ਦਿੰਦੇ। ਇਹ ਉਹ ਵਿਦਿਆਰਥੀ ਸਨ ਜਿਨ੍ਹਾਂ ਨੇ ਉਪਰੋਕਤ ਵਿਭਾਗ ਤੋਂ ਹੀ ਐਮ.ਏ. ਦੀ ਪੜ੍ਹਾਈ ਪੰਜਾਬੀ ਭਾਸ਼ਾ ਵਿਚ ਪੂਰੀ ਕੀਤੀ ਸੀ। ਪਰਚੇ ਰੱਦ ਹੋਣ 'ਤੇ ਵਿਦਿਆਰਥੀਆਂ ਨੇ 'ਵਰਸਿਟੀ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਸੀ ਕਿ ਯੂਨੀਵਰਸਿਟੀ ਦੇ ਹੀ ਇਤਿਹਾਸ ਵਿਭਾਗ, ਰਾਜਨੀਤੀ ਸ਼ਾਸਤਰ ਵਿਭਾਗ ਅਤੇ ਲੋਕ ਪ੍ਰਸ਼ਾਸਨ ਵਿਭਾਗ ਨੇ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਤਿੰਨਾਂ ਭਾਸ਼ਾਵਾਂ ਵਿਚ ਦਾਖਲਾ ਪ੍ਰੀਖਿਆ ਲਈ ਹੈ ਤੇ ਦਾਖਲੇ ਦਿੱਤੇ ਹਨ ਜਿਸ 'ਤੇ ਵਰਸਿਟੀ ਅਧਿਕਾਰੀਆਂ ਨੇ ਕਿਹਾ ਸੀ ਕਿ ਜਿਨ੍ਹਾਂ ਵਿਭਾਗਾਂ ਨੇ ਪੰਜਾਬੀ ਅਤੇ ਹਿੰਦੀ ਵਿਚ ਪਰਚੇ ਲਏ ਹਨ ਉਹ ਪਰਚੇ ਵੀ ਰੱਦ ਕਰ ਦਿੱਤੇ ਜਾਣਗੇ। ਵਿਦਿਆਰਥੀਆਂ ਅਨੁਸਾਰ ਬੀਤੇ ਕੱਲ੍ਹ ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਆਜ਼ਾਦੀ ਦਿਹਾੜਾ ਮਨਾਉਣ ਮਗਰੋਂ ਉਪ ਕੁਲਪਤੀ ਅਤੇ ਹੋਰ ਅਧਿਕਾਰੀ ਉਨ੍ਹਾਂ ਨੂੰ ਮਿਲਣ ਆਏ ਸਨ ਅਤੇ ਕਿਹਾ ਸੀ ਕਿ ਉਹ ਇਸ ਮਸਲੇ ਨੂੰ ਲੈ ਕੇ ਬੈਠਕ ਕਰ ਰਹੇ ਹਨ। ਵਿਦਿਆਰਥੀਆਂ ਦੱਸਿਆ ਕਿ ਬੀਤੇ ਕੱਲ੍ਹ ਹੀ ਉਪ-ਕੁਲਪਤੀ ਅਤੇ ਹੋਰ ਅਧਿਕਾਰੀਆਂ ਦੀ ਇਸ ਬਾਰੇ ਬੈਠਕ ਵੀ ਹੋਈ ਪਰ ਉਸ ਤੋਂ ਬਾਅਦ ਵੀ ਮਸਲਾ ਹੱਲ ਨਾ ਹੋਇਆ। ਇਸ ਬਾਰੇ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਮਾਮਲਿਆਂ ਦੇ ਡੀਨ ਪ੍ਰੋ. ਅਮਰੀਕ ਸਿੰਘ ਆਹਲੂਵਾਲੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਕਾਲ ਰੱਦ (ਰਿਜੈਕਟ) ਕਰ ਦਿੱਤੀ। ਇਸ ਬਾਰੇ ਡੀਨ ਸ੍ਰੀ. ਭੁਪਿੰਦਰ ਸਿੰਘ ਬਰਾੜ ਨਾਲ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਫੋਨ ਕਵਰੇਜ਼ ਖੇਤਰ ਤੋਂ ਬਾਹਰ ਆਇਆ ਜਦਕਿ ਉਪ-ਕੁਲਪਤੀ ਦਫ਼ਤਰ 'ਚ ਕਿਸੇ ਨੇ ਟੈਲੀਫੋਨ ਨਾ ਚੁੱਕਿਆ। ਖ਼ਬਰ ਲਿਖੇ ਜਾਣ ਤੱਕ ਵਿਦਿਆਰਥੀਆਂ ਦੀ ਭੁੱਖ ਹੜਤਾਲ ਜਾਰੀ ਸੀ।
 
Top