ਪੰਜ ਸੌ ਦਾ ਨੋਟ

ਮਨਧੀਰ ਸਿੰਘ ਦਿਓਲ ਦੀ ਹੱਡ ਬੀਤੀ
ਪਤਨੀ ਦਾ ਫੋਨ ਆਇਆ ਕਿ ਜਲਦੀ ਘਰ ਆ ਜਾਓ ਕਿਉਂਕਿ ਗੁਆਂਢ ’ਚ ਰਹਿੰਦੇ ਇਕ ਪਰਿਵਾਰ ਦੇ ਜੀਅ ਦੀ ਤਬੀਅਤ ਬਹੁਤ ਖਰਾਬ ਹੋ ਗਈ ਸੀ। ਉਸ ਨੂੰ ਖੂਨ ਦੀ ਲੋੜ ਸੀ। ਬਿਮਾਰ ਗੁਆਂਢੀ ਮਰੀਜ਼ ਦਾ ਬਲੱਡ ਗਰੁੱਪ ਵੀ ਮੇਰੇ ਗਰੁੱਪ ਵਾਲਾ ਹੀ ਸੀ। ਉਸ ਗੁਆਂਢੀ ਨਾਲ ਸਾਂਝ ਹੋਣ ਕਰਕੇ ਮੈਂ ਕਾਹਲੀ ਨਾਲ ਮੋਟਰਸਾਈਕਲ ਨੂੰ ਕਿੱਕ ਮਾਰੀ ਅਤੇ ਫਰੀਦਾਬਾਦ ਨੂੰ ਚਾਲੇ ਪਾ ਦਿੱਤੇ।
ਜਲਦੀ ਘਰ ਪਹੁੰਚਣ ਲਈ ਘੱਟ ਭੀੜ ਵਾਲਾ ਰਾਹ ਚੁਣਿਆ ਤੇ ਮੋਟਰਸਾਈਕਲ ਨੂੰ ਦਿੱਲੀ ਦੀਆਂ ਟ੍ਰੈਫਿਕ ਭਰੀਆਂ ਸੜਕਾਂ ਤੋਂ ਇਧਰੋਂ-ਉਧਰੋਂ ਕੱਢਦਾ ਹੋਇਆ ਮੈਂ ਓਖਲਾ ਪਹੁੰਚ ਗਿਆ। ਗੋਬਿੰਦਪੁਰੀ ਟੱਪਦੇ ਹੀ ਬਾਈਕ ਦੀ ਰਫਤਾਰ ਵਧਾ ਦਿੱਤੀ। ਓਖਲਾ ਗੋਲ ਚੱਕਰ ਕੋਲ ਪਹੁੰਚਿਆ ਹੀ ਸੀ ਕਿ ਮੋਬਾਈਲ ਦੀ ਸਕਰੀਨ ’ਤੇ ਘਰੋਂ ਆਏ ਫੋਨ ਦਾ ਨੰਬਰ ਚਮਕਿਆ। ਸੰਦੇਸ਼ ਸੀ ਕਿ ਘਰ ਆਉਣ ਦੀ ਬਜਾਏ ਸਿੱਧੇ ਫਲਾਣੇ ਹਸਪਤਾਲ ਪਹੁੰਚਿਓ।
ਓਖਲਾ-ਗੋਬਿੰਦਪੁਰੀ ਰੂਟ ’ਤੇ ਦਿੱਲੀ ਟ੍ਰੈਫਿਕ ਪੁਲੀਸ ਦੇ ਸਿਪਾਹੀ ਅਕਸਰ ਹੀ ਨਾਦਾਰਦ ਰਹਿੰਦੇ ਹਨ। ਮੈਂ ਥੋੜ੍ਹਾ ਇਧਰ-ਉਧਰ ਦੇਖਿਆ ਤੇ ਕਿਤੇ ਵੀ ਚਿੱਟੀ-ਨੀਲੀ ਵਰਦੀ ਵਾਲਾ ਸਿਪਾਹੀ ਦਿਖਾਈ ਨਹੀਂ ਦਿੱਤਾ ਤਾਂ ਲਾਲਬੱਤੀ ਦੀ ਪ੍ਰਵਾਹ ਕੀਤੇ ਬਿਨਾਂ ਫਟਾਫਟ ਮੋਟਰਸਾਈਕਲ ਪਾਸੇ ਜਿਹੇ ਦੀ ਕਰਕੇ ਚੌਕ ਤੋਂ ਕੱਢ ਲਿਆ।
ਹਸਪਤਾਲ ਪਹੁੰਚਣ ਦੀ ਕਾਹਲ ਕਾਰਨ ਅਗਲੀਆਂ ਦੋ ਲਾਲ ਬੱਤੀਆਂ ਵੀ ਪਾਰ ਕਰ ਲਈਆਂ ਪਰ ਅੱਗੇ ਫਿਰ ਓਖਲਾ ਈ.ਐਨ.ਆਈ. ਨੇੜੇ ਲਾਲ ਬੱਤੀ ਚਮਕ ਰਹੀ ਸੀ। ਮਨ ਵਿਚ ਬਹੁਤ ਗੁੱਸਾ ਉਬਲਿਆ। ਥਾਂ-ਥਾਂ ਲਾਲ ਬੱਤੀਆਂ ਲਈ ਗੱਡੇ ਖੰਭੇ ਰਾਜਧਾਨੀ ਵਾਸੀਆਂ ਦੀ ਜ਼ਿੰਦਗੀ ਦੀ ਰਫਤਾਰ ਨੂੰ ਬਰੇਕਾਂ ਲਾ ਦਿੰਦੇ ਹਨ।
ਮਨ ਕਾਹਲਾ ਸੀ! ਫਿਰ ਮੋਟਰਸਾਈਕਲ ਦੀ ‘ਰੇਸ’ ਮਰੋੜੀ ਤੇ ਇਸ ਲਾਲ ਬੱਤੀ ਨੂੰ ਮੈਂ ਫਿਲਮੀ ਅੰਦਾਜ਼ ਵਿਚ ਪਾਰ ਕਰ ਲਿਆ। ਮੇਰੀ ਰੀਸੇ ਹੀ ਇਕ ਹੋਰ ਬਾਈਕ ਸਵਾਰ ਗੱਭਰੂ ਨੇ ਵੀ ਲਾਲ ਬੱਤੀ ਪਾਰ ਕਰ ਲਈ।
ਪਿੱਛੋਂ ਸਾਇਰਨ ਦੀ ਤਿੱਖੀ ਆਵਾਜ਼ ਕੱਢਦਾ ਤੇ ਚੀਕਾਂ ਮਾਰਦਾ ਟ੍ਰੈਫਿਕ ਪੁਲੀਸ ਦਾ ਮੋਟਰਸਾਈਕਲ ਸਾਡੇ ਦੋਨਾਂ ਲਾਲ ਬੱਤੀ ਟੱਪਣ ਵਾਲਿਆਂ ਦੇ ਅੱਗੇ ਆ ਗਿਆ। ਮੋਟਰਸਾਈਕਲ ਸਵਾਰ ਦੋ ਪੁਲੀਸ ਵਾਲਿਆਂ ਨੇ ਸਾਨੂੰ ਰੁਕਣ ਦਾ ਇਸ਼ਾਰਾ ਕਰ ਚਲਾਣ ਕੱਟਣ ਵਾਲੀ ਕਾਪੀ ਵੀ ਕੱਢ ਲਈ।
ਗੱਭਰੂ ਨੂੰ ਸਿਪਾਹੀਆਂ ਨੇ ਬਾਈਕ ਦੇ ਕਾਗਜ਼ਾਤ ਦਿਖਾਉਣ ਲਈ ਹੁਕਮ ਚਾੜ੍ਹਿਆ। ਉਹ ਮਿੰਨਤਾਂ ਕਰਨ ਲੱਗਾ ਤੇ ਕੁਝ ਲੈਣ-ਦੇਣ ਕਰਕੇ ਗੱਲ ਨਿਪਟਾਉਣ ਲਈ ਫਰਿਆਦ ਕੀਤੀ ਕਿਉਂਕਿ ਉਸ ਕੋਲ ਲਾਇਸੈਂਸ ਨਹੀਂ ਸੀ। ਉਨ੍ਹਾਂ ਦੀ ਤਕਰਾਰ ਲੰਬੀ ਹੁੰਦੀ ਦੇਖ ਮੈਂ ਤਰਲਾ ਕੀਤਾ ‘‘ਜਨਾਬ ਮੈਨੂੰ ਘਰ ਜਲਦੀ ਜਾਣਾ ਹੈ ਤੇ ਪਹਿਲਾਂ ਮੇਰਾ ਚਲਾਨ ਕੱਟ ਦਿਓ।’’
ਸਿਪਾਹੀ ਉਖੜ ਗਿਆ ਤੇ ਹਰਿਆਣਵੀ ’ਚ ਕੜਕਿਆ ‘‘ਘਰ ਮੇਂ ਕੇ ਆਗ ਲੱਗੀ ਸੇ ਜੋ ਤੰਨੇ ਬੁਝਾਣੀ ਸੈ?’’ ਮੈਂ ਕਲਪਿਆ, ‘‘ਨਹੀਂ ਜਨਾਬ ਮੇਰਾ ਗੁਆਂਢੀ ਬਿਮਾਰ ਹੈ, ਉਸ ਨੂੰ ਖੂਨ ਦੇਣਾ ਹੈ।’’
‘ਤੇਰੇ ਖੁਦ ਮੈਂ ਪਾਈਆ ਖੂਨ ਨਹੀਂ, ਕਿਸੀ ਕੋ ਕਿਆ ਦੇਗਾ’, ਉਸ ਨੇ ਮੇਰੇ ’ਤੇ ਵਿਅੰਗ ਕਸਿਆ। ਬਹਿਸ ਵਿਚ ਪੈਣ ਦੀ ਥਾਂ ਮੈਂ ਉੱਤਰ ਦਿੱਤਾ, ‘‘ਕਭੀ ਕਭੀ ਸਮਾਜ ਸੇਵਾ ਵੀ ਕਰ ਲੇਨੀ ਚਾਹੀਏ।’’
ਇੰਨੇ ਨੂੰ ਦੂਜਾ ਸਿਪਾਹੀ ਗੱਭਰੂ ਦਾ ਚਲਾਨ ਕੱਟ ਕੇ ਮੇਰੇ ਵੱਲ ਉਹਲਿਆ। ਉਸ ਨੇ ਮੇਰੀ ਬਾਈਕ ਉਪਰ ਇਕ ਚੈਨਲ ਦਾ ‘ਲੋਗੋ’ ਚਿਪਕਿਆ ਦੇਖ ਲਿਆ ਤੇ ਗਰਜਿਆ, ‘‘ਪ੍ਰੈਸ ਵਾਲਾ ਹੋਵਣ ਕਾ ਰੋਅਬ ਨਹੀਂ ਚੱਲੇਗਾ ‘ਬਾਪਾ’ (ਭਾਪਾ) ਜੀ।’’ ਉਹ ਝਾਂਗੀ ਸੀ ਤੇ ਪ੍ਰੈਸ ਵਾਲਿਆਂ ਤੋਂ ਤਪਿਆ ਹੋਇਆ ਸੀ। ਉਸ ਦੀ ਭਾਸ਼ਾ ਹਰਿਆਣਵੀ ਸਿਪਾਹੀ ਤੋਂ ਘੱਟ ਖ਼ਰਵੀ ਸੀ।
ਤੁਸਾਂ ਲੋਗ ਵੀ ਸਾਡਾ ਬਹੁਤ ਤਵਾ ਲਾਂਦੇ ਸੋ, ਅੱਜ ਨਾ ਛੱਡਸਾਂ, ਨਾਲ ਹੀ ਉਹ ਗਿਣਾ ਗਿਆ ਕਿ ਪੁਲੀਸ ਵਾਲਿਆਂ ਦੀਆਂ ਸਿਗਰਟ ਪੀਂਦਿਆਂ, ਬਿਨਾਂ ਹੈਲਮਟ ਮੋਟਰਸਾਈਕਲ ਚਲਾਉਂਦਿਆਂ ਦੀਆਂ ਤਸਵੀਰਾਂ ਪ੍ਰੈਸ ਵਾਲੇ ਛਾਪਦੇ ਨੇ। ਉਸ ਨੇ ਦੁੱਖ ਜ਼ਾਹਰ ਕੀਤਾ ਕਿ ਪੁਲੀਸ ਦੇ ਚੰਗੇ ਕੰਮਾਂ ਬਾਰੇ ਘੱਟ ਹੀ ਲਿਖਿਆ ਜਾਂਦਾ ਹੈ?
ਉਸ ਦੇ ਇਸ ਸ਼ਿਕਵੇ ਦੀ ਕਾਟ ਮੈਂ ਕੀਤੀ ਕਿ ਧਾਲੀਵਾਲ (ਡੀ.ਸੀ.ਪੀ. ਦਿੱਲੀ ਪੁਲੀਸ) ਤੇ ਹੋਰਾਂ ਦੇ ਚੰਗੇ ਕੰਮਾਂ ਬਾਰੇ ਤਾਂ ਕਾਫੀ ਕੁਝ ਲਿਖਿਆ ਜਾ ਚੁੱਕਾ ਹੈ। ਡੀ.ਸੀ.ਪੀ. ਦਾ ਨਾਂ ਸੁਣ ਕੇ ਉਹ ਇਕਦਮ ਠੰਢਾ ਪੈ ਗਿਆ। ਮੈਂ ਬਟੂਏ ਦੀ ਅੰਦਰਲੀ ਜੇਬ ਵਿਚੋਂ ਪੰਜ ਸੌ ਦਾ ਨੋਟ ਕੱਢ ਕੇ ਸਿਪਾਹੀ ਨੂੰ ਫੜਾਇਆ ਤੇ ਕਾਹਲ ਦਾ ਕਾਰਨ ਦੱਸਦੇ ਹੋਏ ਜਲਦੀ ਚਲਾਨ ਕੱਟਣ ਦੀ ਦੁਹਾਈ ਫਿਰ ਦਿੱਤੀ।
ਚਲਾਨ ਕੱਟਣ ਲੱਗਾ ਤਾਂ ਸਿਪਾਹੀ ਨੇ ਨੋਟ ਘੋਖਿਆ ਜੋ ਫਟਿਆ ਹੋਇਆ ਸੀ। ਮੇਰੇ ਕੋਲ ਇਕ ਸੌ ਵੀਹ ਰੁਪਏ ਹੋਰ ਸਨ ਜੋ ਉਸ ਨੂੰ ਫੜਾ ਕੇ ਕਿਹਾ, ‘‘ਮੈਨੂੰ ਜਲਦੀ ਫਾਰਗ ਕਰੋ ਜਨਾਬ ਹਸਪਤਾਲ ਪਹੁੰਚਣਾ ਏ।’’
ਮੇਰੀ ਕਾਹਲ ਦਾ ਕਾਰਨ ਉਹ ਸਮਝ ਚੁੱਕੇ ਸਨ ਤੇ ਉਨ੍ਹਾਂ ਮੈਨੂੰ ਰਿਆਇਤ ਦੇਣ ਦਾ ਮਨ ਬਣਾ ਲਿਆ ਸੀ। ‘‘ਲਉ ਪੰਜ ਸੌ ਦਾ ਨੋਟ, ਤੁਸਾਂ ਸੌ ਈ ਡੇਅ ਮਾਰੋ!’’ ਸਿਪਾਹੀ ਨੇ ਇਸ ਨੋਟ ਨਾਲ ਹੀ ਬਾਅਦ ਵਿਚ ਦਿੱਤੇ ਇਕ ਸੌ ਵੀਹ ਵਿਚੋਂ ਵੀ ਵੀਹ ਰੁਪਏ ਮੋੜ ਦਿੱਤੇ। ‘‘ਮੈਂ ਸੌ ਨਾਲ ਈ ਕੰਮ ਚਲਾ ਲੈਸਾਂ!’’ ਉਸ ਨੇ ਬੁੜਬੜ ਕੀਤੀ।
ਮੋਟਰਸਾਈਕਲ ਨੂੰ ਕਿੱਕ ਮਾਰੀ ਤੇ ਮੈਂ ਫਿਰ ਹਸਪਤਾਲ ਵੱਲ ਨੂੰ ਸਿੱਧਾ ਹੋ ਲਿਆ ਪਰ ਮੇਰੀ ਕਾਹਲ ਨੇ ਅੱਧਾ ਘੰਟਾ ਖਾ ਲਿਆ ਸੀ। ਮੇਰਾ ਪੰਜ ਸੌ ਦਾ ਨੋਟ ਫਟਿਆ ਹੋਣ ਕਰਕੇ ਬਚ ਗਿਆ ਸੀ ਜਾਂ ਸਿਪਾਹੀ ਵੱਲੋਂ ਰਿਸ਼ਵਤ ਲੈਣ ਵੇਲੇ ਵਰਤੀ ਇਮਾਨਦਾਰੀ, ਹਸਪਤਾਲ ਤੱਕ ਇਹੀ ਸੋਚਦਾ ਰਿਹਾ।
 
Top