ਪ੍ਰਸੰਸਾ ਦਾ ਭੁੱਖਾ ਠੱਗਿਆ ਜਾਂਦਾ ਹੈ

Mandeep Kaur Guraya

MAIN JATTI PUNJAB DI ..
ਇਕ ਕਾਂ ਕਿਧਰੋਂ ਮਾਸ ਦਾ ਇਕ ਟੁਕੜਾ ਚੁੱਕ ਲਿਆਇਆ ਅਤੇ ਇਕ ਰੁੱਖ ਦੀ ਟਹਿਣੀ ’ਤੇ ਜਾ ਬੈਠਾ। ਅਚਾਨਕ ਉਸ ਰੁੱਖ ਹੇਠਾਂ ਇਕ ਲੂੰਬੜੀ ਆ ਬੈਠੀ ਅਤੇ ਕਾਂ ਦੇ ਮੂੰਹ ਵਿਚ ਮਾਸ ਵੇਖ ਕੇ ਉਹਦੇ ਆਪਣੇ ਮੂੰਹ ਵਿਚ ਪਾਣੀ ਆ ਗਿਆ। ਉਹ ਸੋਚਣ ਲੱਗੀ ਕਿ ਕਿਵੇਂ ਕਾਂ ਦੇ ਮੂੰਹੋਂ ਇਹ ਟੁਕੜਾ ਹਥਿਆਵਾਂ ਅਤੇ ਖਾ ਜਾਵਾਂ।
ਸੋਚ-ਵਿਚਾਰ ਕੇ ਲੂੰਬੜੀ ਨੂੰ ਇਕ ਸਕੀਮ ਸੁੱਝੀ। ਉਹਨੇ ਕਾਂ ਨੂੰ ਕਿਹਾ, ‘‘ਵਾਹ-ਵਾਹ, ਕਿੰਨਾ ਸੁੰਦਰ ਹੈਂ ਤੂੰ! ਕਿੰਨਾ ਪਿਆਰਾ ਲਗਦਾ ਹੈ ਤੇਰਾ ਇਹ ਕਾਲਾ ਚਮਕੀਲਾ ਰੰਗ! ਜੋ ਵੇਖੇ, ਬਸ ਵੇਂਹਦਾ ਹੀ ਰਹਿ ਜਾਏ। ਭਰਾਵਾ, ਤੇਰੀ ਚੁੰਝ ਦੀ ਮੈਂ ਕੀ ਸਿਫਤ ਕਰਾਂ! ਇਹ ਜਿੰਨੀ ਲੰਮੀ ਹੈ, ਉਨੀ ਹੀ ਨੁਕੀਲੀ ਹੈ। ਅੱਖਾਂ ਵੀ ਕਿੰਨੀਆਂ ਵੱਡੀਆਂ ਅਤੇ ਗੋਲ-ਗੋਲ ਹਨ। ਖੰਭ ਤਾਂ ਤੇਰੇ ਏਨੇ ਕੋਮਲ ਨੇ ਕਿ ਮਖ਼ਮਲ ਨੂੰ ਵੀ ਮਾਤ ਪਾਉਂਦੇ ਹਨ। ਪਰ ਦੁੱਖ ਦੀ ਗੱਲ ਇਹ ਹੈ ਕਿ ਤੂੰ ਗੂੰਗਾ ਹੈਂ। ਜੇ ਗੂੰਗਾ ਨਾ ਹੁੰਦਾ ਤਾਂ ਪੰਛੀਆਂ ਦਾ ਰਾਜਾ ਤੈਨੂੰ ਹੀ ਸਮਝਿਆ ਜਾਂਦਾ। ਕੀ ਕਹਾਂ, ਰੱਬ ਦੀ ਲੀਲਾ ਵੀ ਬੜੀ ਅਜੀਬ ਹੈ। ਉਹਨੇ ਤੈਨੂੰ ਜਿੱਥੇ ਏਨਾ ਸੋਹਣਾ ਰੂਪ ਦਿੱਤਾ, ਉੱਥੇ ਦੂਜੇ ਪਾਸੇ ਤੈਨੂੰ ਬਿਲਕੁਲ ਗੂੰਗਾ ਬਣਾ ਦਿੱਤਾ। ਦੱਸ, ਤੇਰੀ ਭਲਾਈ ਲਈ ਮੈਂ ਕੀ ਕਰ ਸਕਦੀ ਹਾਂ?’’
ਲੂੰਬੜੀ ਦੇ ਮੂੰਹੋਂ ਆਪਣੀ ਪ੍ਰਸੰਸਾ ਸੁਣੀ ਤਾਂ ਕਾਂ ਫੁੱਲ ਕੇ ਕੁੱਪਾ ਹੋ ਗਿਆ। ਪਰ ਉਹਨੇ ਸੋਚਿਆ, ‘ਇਹ ਲੰੂਬੜੀ ਵੀ ਕਿੰਨੀ ਬੇਵਕੂਫ ਹੈ, ਮੈਨੂੰ ਗੂੰਗਾ ਸਮਝਦੀ ਹੈ। ਜੇ ਇਹਨੂੰ ਆਪਣੀ ਮਿੱਠੀ ਬੋਲੀ ਸੁਣਾ ਦੇਵਾਂ ਤਾਂ ਕੀ ਨੁਕਸਾਨ ਹੈ? ਇਹ ਵੀ ਕੀ ਜਾਣੇਗੀ ਕਿ ਮੈਂ ਕਾਂ ਦੀ ਕਿੰਨੀ ਪਿਆਰੀ ਬੋਲੀ ਸੁਣੀ ਸੀ!’
ਇਹ ਸੋਚਦੇ ਹੀ ਕਾਂ ਨੇ ਚੁੰਝ ਖੋਲ੍ਹ ਕੇ ਕਾਂ-ਕਾਂ ਦੀ ਆਵਾਜ਼ ਕੀਤੀ। ਬਸ, ਮਾਸ ਦਾ ਟੁਕੜਾ ਉਹਦੀ ਚੁੰਝ ’ਚੋਂ ਨਿਕਲ ਕੇ ਭੁੰਜੇ ਆ ਡਿੱਗਿਆ। ਲੂੰਬੜੀ ਨੇ ਝਪਟ ਕੇ ਉਹਨੂੰ ਖਾ ਲਿਆ ਅਤੇ ਹੱਸ ਕੇ ਬੋਲੀ, ‘‘ਸਮਝ ਗਈ, ਸਮਝ ਗਈ! ਕਾਂ ਭਰਾਵਾ, ਤੂੰ ਗੂੰਗਾ ਨਹੀਂ ਹੈ, ਚੰਗੀ ਤਰ੍ਹਾਂ ਬੋਲਣਾ ਜਾਣਦਾ ਹੈਂ! ਪਰ ਥੋੜ੍ਹੀ ਬਹੁਤ ਬੁੱਧੀ ਵੀ ਹੈ ਕਿ ਨਹੀਂ?’’
ਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹਨੇ ਦੁਖੀ ਹੋ ਕੇ ਕਿਹਾ, ‘‘ਸੱਚ ਹੈ ਜੇ ਮੇਰੇ ਵਿਚ ਜ਼ਰਾ ਵੀ ਬੁੱਧੀ ਹੁੰਦੀ ਹੈ, ਤਾਂ ਤੰੂ ਮੇਰੇ ਮੂੰਹੋਂ ਮਾਸ ਦਾ ਟੁਕੜਾ ਕਿਵੇਂ ਖੋਹ ਲੈਂਦੀ? ਜੋ ਪ੍ਰਾਣੀ ਪ੍ਰਸੰਸਾ ਦਾ ਭੁੱਖਾ ਹੁੰਦਾ ਹੈ, ਉਹ ਆਮ ਕਰਕੇ ਮੇਰੇ ਵਾਂਗ ਹੀ ਠੱਗਿਆ ਜਾਂਦਾ ਹੈ।

- ਨਵਸੰਗੀਤ ਸਿੰਘ
 
Top