ਪਿੰਡਾਂ ਵਿੱਚ ਵਿਕਸਿਤ ਨਹੀਂ ਹੋ ਰਿਹਾ ਇੰਟਰਨੈੱਟ

Saini Sa'aB

K00l$@!n!
ਪਿਛਲੇ ਕੁੱਝ ਕੁ ਵਰ੍ਹਿਆਂ ਵਿੱਚ ਹੀ ਮੋਬਾਇਲ ਫੋਨ ਤੇ ਇੰਟਰਨੈੱਟ ਵਰਗੇ ਅਤਿ ਆਧੁਨਿਕ ਸੰਚਾਰ ਸਾਧਨਾਂ ਵਿੱਚ ਬੇਜੋੜ ਤਬਦੀਲੀਆਂ ਤੇ ਤਰੱਕੀਆਂ ਹੋਈਆਂ ਹਨ । ਲੱਗਦਾ ਹੈ ਕਿ ਅਸੀਂ ਸੱਚਮੁੱਚ ਹੀ ਦੁਨੀਆਂ ਮੁੱਠੀ ਵਿੱਚ ਕਰ ਲਈ ਹੋਵੇ । ਪੂਰੀ ਦੁਨੀਆਂ ਦੇ ਨਾਲ ਨਾਲ ਇੰਟਰਨੈੱਟ ਨੇ ਆਪਣਾ ਪਸਾਰਾ ਪੰਜਾਬ ਦੇ ਪਿੰਡਾਂ ਤੀਕ ਕਰ ਲੈਣ ਵਿੱਚ ਮਾਅਰਕਾ ਮਾਰ ਲਿਆ ਸੀ । ਪਰ ਛੇਤੀ ਹੀ ਇਸਦੇ ਨਾਂਹ ਪੱਖੀ ਪ੍ਰਭਾਵ ਨੇ ਪਿੰਡਾਂ ਦੇ ਸਭਿਅਕ ਮਨੁੱਖਾਂ ਨੂੰ ਇੱਕ ਕੰਬਣੀ ਜੇਹੀ ਛੇੜ ਦਿੱਤੀ ਕਿ ਇਹ ਤਾਂ ਸਾਡੇ ਬੱਚਿਆਂ ਨੂੰ 'ਅਸ਼ਲੀਲਤਾ ਦੀ ਦਲਦਲ' ਰੂਪੀ ਡੂੰਘੀ ਖਾਈ ਵਿੱਚ ਧਕੇਲ ਦਿੱਤੇ ਜਾਣ ਦਾ ਇੱਕ ਮਾਤਰ ਸਾਧਨ ਹੀ ਹੈ । ਇਸੇ ਧਾਰਨਾ ਨੇ ਪੰਜਾਬ ਦੇ ਪਿੰਡਾਂ ਵਿੱਚ ਵੱਸਦੇ ਲੋਕਾਂ ਦਾ ਇਸ ਆਧੁਨਿਕ ਸੁਵਿਧਾ ਤੋਂ ਮੋਹ ਭੰਗ ਹੋਣ ਦਾ ਰਸਤਾ ਖੋਲ੍ਹ ਦਿੱਤਾ । ਵੇਂਹਦਿਆਂ ਵੇਂਹਦਿਆਂ ਹੀ ਪੰਜਾਬ ਦੇ ਪੇਂਡੂ ਘਰਾਂ ਵਿੱਚ ਚਲਦੇ ਇੰਟਰਨੈੱਟ ਕੁਨੈਕਸ਼ਨਾਂ ਦੇ ਪੰਜਾਹ ਫੀਸਦੀ ਕੂਨੈਕਸ਼ਨਾਂ ਦੇ ਕਟਾ ਦਿੱਤੇ ਜਾਣ ਕਰਕੇ ਇਹ ਸੁਵਿਧਾ ਪਿਛੜੇ ਪੈਂਰੀ ਪਿੰਡਾਂ 'ਚੋ ਵਾਪਿਸ ਹੋਣੀ ਸ਼ੁਰੂ ਹੋ ਗਈ ।

3724cd98-1.jpg


ਇੰਟਰਨੈੱਟ ਦੀ ਸੁਵਿਧਾ ਦਾ ਪਿੰਡਾਂ ਚੋਂ ਵਾਪਿਸ ਪਰਤਣ ਦਾ ਕਾਰਨ ਇੰਟਰਨੈੱਟ ਦੇ ਜ਼ਰੀਏ ਖੋਜ ਕਰਦੇ ਸਮੇਂ 'ਖੋਜ ਖਾਨੇ' ਵਿੱਚ ਗਲਤੀ ਨਾਲ ਭਰੇ ਇੱਕ ਸ਼ਬਦ ਜਾਂ ਇੱਕ ਅੱਖਰ ਦੀ ਵਜ੍ਹਾ ਕਰਕੇ ਅਸ਼ਲੀਲਤਾ ਪਰੋਸਦੀਆਂ ਗਲਤ ਵੈਬਸਾਇਟਾਂ ਦਾ ਖੁੱਲ੍ਹ ਜਾਣਾ ਵੀ ਹੈ । ਚੜ੍ਹਦੀ ਵਰੇਸ਼ ਵਿੱਚ ਬੱਚਿਆਂ ਨੂੰ ਅਜਿਹੀਆਂ ਵੈਬਸਾਇਟਾਂ ਦੀ ਚੇਟਕ ਜਿਹੀ ਲੱਗ ਜਾਣੀ ਅਤੇ ਬੱਚਿਆਂ ਦਾ ਪੜ੍ਹਾਈ ਵਾਲੇ ਪਾਸਿਓ ਮਨ ਉਚਾਟ ਹੋ ਜਾਣਾ ਵੀ , ਛੇਤੀ ਕਿਤੇ ਮਾਪਿਆਂ ਨੂੰ ਹਜ਼ਮ ਨਹੀਂ ਹੁੰਦਾ ।

ਇੰਟਰਨੈੱਟ 'ਤੇ “ਨਵੇਂ ਦੋਸਤ ਬਣਾਓ“ ਵੈਬਸਾਇਟਾਂ ਦੀ ਭਰਮਾਰ ਨੇ ਵੀ ਪਿੰਡਾਂ ਦੇ ਲੋਕਾਂ ਨੂੰ ਆਪਣੇ ਕਦਮ ਪਿੱਛੇ ਖਿੱਚਣ ਨੂੰ ਮਜਬੂਰ ਕੀਤਾ ਹੈ । ਸਾਡਾ ਅਮੀਰ ਸਭਿਆਚਾਰ ਇਸ ਗੱਲ ਦੀ ਇਜ਼ਾਜਤ ਨਹੀਂ ਦਿੰਦਾ ਕਿ ਉਹ ਇਸ ਹੋਸ਼ੀ ਤੇ ਇਖਲਾਕੋ ਗਿਰੀ ਗੱਲ ਨੂੰ ਅਪਨਾਅ ਲਵੇ । ਨੌਜਵਾਨ ਮੁੰਡੇ ਕੁੜੀਆਂ 'ਔਰਕੁਟ ਅਤੇ ਫੇਸ ਬੁੱਕ' ਵਰਗੀਆਂ ਵੈਬਸਾਇਟਾਂ 'ਤੇ ਦਿਨ ਰਾਤ ਲੱਗੇ ਰਹਿੰਦੇ ਹਨ ।

ਬੇਸ਼ੱਕ ਪੇਂਡੂ ਬੱਚੇ ਅਤੇ ਨੌਜਵਾਨ ਇਹਨਾਂ ਵੈਬਸਾਇਟਾਂ ਤੋਂ ਹਾਲ ਦੀ ਘੜੀ ਅਣਜਾਣ ਸਨ ਪਰੰਤੂ ਸਾਡੇ ਗਾਇਕਾਂ ,ਗੀਤਕਾਰਾਂ ਨੇ ਇਹਨਾਂ ਵੈਬਸਾਇਟਾਂ ਵਾਲੇ ਪਾਸੇ ਉਕਸਾਉਣ ਦਾ ਚੋਖਾ ਯੋਗਦਾਨ ਪਾਇਆ ਹੈ । ਪੇਂਡੂ ਬੱਚਿਆਂ ਦੇ ਮਾਂ ਬਾਪ ਆਪਣੇ ਬੱਚੇ ਨੂੰ ਸਾਰੀ ਸਾਰੀ ਰਾਤ ਕੰਮਪਿਊਟਰ 'ਤੇ ਇਹਨਾਂ ਵੈਬਸਾਇਟਾਂ ਨਾਲ ਜੁੜਿਆ ਵੇਖ ਚਿੰਤਤ ਹੋਣ ਲਗਦੇ ਹਨ। ਹੌਲੀ ਹੌਲੀ ਉਹ ਸਭ ਜਾਣ ਜਾਂਦੇ ਹਨ ਕਿ ਸਾਡਾ ਬੱਚਾ ਰਾਤ ਭਰ ਕੋਈ ਊਸਾਰੂ ਜਾਣਕਾਰੀ ਹਾਸਿਲ ਨਾ ਕਰਕੇ ਸਗੋਂ ਮਨ ਭਟਕਾਉਣ ਵਾਲੀਆਂ ਵੈਬਸਾਇਟਾਂ ਨਾਲ ਜੁੜਿਆ ਰਹਿੰਦਾ ਹੈ । ਮਾਂ ਬਾਪ ਇਸ ਸੁਵਿਧਾ ਨੂੰ 'ਬੱਚੇ ਬਿਗਾੜੂ ਸੁਵਿਧਾ' ਸਮਝਕੇ ਆਖਰ ਅਲਵਿਦਾ ਕਹਿਣਾ ਹੀ ਬਿਹਤਰ ਸਮਝਦੇ ਹਨ ।


7b9a9a35-1.jpg


ਪਿੰਡਾਂ ਦੇ ਬੱਚੇ ਆਪਣੇ ਸ਼ਹਿਰੀ ਜਾਂ ਵਿਦੇਸ਼ੀ ਰਿਸ਼ਤੇਦਾਰਾਂ ਦੀ ਰੀਸ ਕਰਕੇ ਸਮੇਂ ਦੇ ਨਾਲ ਨਾਲ ਵਿਕਸਿਤ ਹੋਣਾ ਲੋੜਦੇ ਹਨ ਪਰੰਤੂ ਪਿੰਡਾਂ ਦੇ ਬੱਚਿਆਂ ਵਿੱਚ ਏਨੀ ਪ੍ਰਪੱਕਤਾ ਨਹੀਂ ਹੁੰਦੀ ਕਿ ਉਹ ਛੇਤੀ ਕਿਤੇ ਇੰਟਰਨੈੱਟ 'ਤੇ ਪਰੋਸੀ ਪਈ ਅਸ਼ਲੀਲਤਾ ਨੂੰ ਨਜ਼ਰ ਅੰਦਾਜ਼ ਕਰ ਸਕਣ । ਦੇਖੋ ਦੇਖ ਜਾਂ ਸੁਣ ਸੁਣਾ ਕੇ ਸਭਦਾ ਮਨ ਲਲਚਾਉਣ ਲੱਗਦਾ ਹੈ ਕਿ ਕਿਉਂ ਨਾ ਮੈਂ ਵੀ ਔਰਕੁਟ ਜਾਂ ਫੇਸਬੁੱਕ ਵਰਗੀਆਂ ਵੈਬਸਾਇਟਾਂ ਦੇ ਜ਼ਰੀਏ ਆਪਣੇ ਨਵੇਂ ਨਵੇਂ ਦੋਸਤਾਂ ਵਿੱਚ ਵਾਧਾ ਕਰਾਂ ।

ਹੌਲੀ ਹੌਲੀ ਪਿੰਡ ਦੇ ਲੋਕਾਂ ਵਿੱਚ ਇਹ ਗੱਲ ਘਰ ਕਰਦੀ ਜਾ ਰਹੀ ਹੈ ਕਿ 'ਇੰਟਰਨੈੱਟ' ਦੇ ਜ਼ਰੀਏ ਕਾਮ ਉਕਸਾਊ ਤੇ ਅਸ਼ਲੀਲਤਾ ਪਰੋਸਦੀਆਂ ਵੈਬਸਾਇਟਾਂ ਕਾਰਨ ਨਵੀਂ ਪੀੜ੍ਹੀ ਨਿਘਾਰ ਵੱਲ ਜਾਣੀ ਸ਼ੁਰੂ ਹੋ ਗਈ ਹੈ । ਬਲਾਤਕਾਰ ਅਤੇ ਕੁੜੀਆਂ ਨੂੰ ਅਗਵਾ ਕਰਨ ਵਰਗੀਆਂ ਘਟਨਾਵਾਂ 'ਚ ਹੁੰਦਾ ਜਾ ਰਿਹਾ ਵਾਧਾ ਇਸੇ ਜੜ੍ਹ ਦੀ ਉਪਜ ਹੀ ਮੰਨੀਆਂ ਜਾਂਦੀਆਂ ਹਨ । ਦੇਖਾ ਦੇਖੀ ਹਰ ਨੌਜਵਾਨ ਪੁੱਤ - ਧੀ ਦਾ ਬਾਪ ਇਹ ਸੋਚਣ ਲਈ ਮਜਬੂਰ ਹੈ ਕਿ ਕੀ ਸੱਚਮੁੱਚ ਹੀ 'ਇੰਟਰਨੈੱਟ' ਆਧੁਨਿਕ ਜ਼ਿੰਦਗੀ ਲਈ ਜਾਂ ਉਚੇਰੀ ਪੜ੍ਹਾਈ ਲਈ ਅਤਿ ਜਰੂਰੀ ਲੋੜ ਹੈ । ਸੱਚ ਕਿਹਾ ਜਾਂਦਾ ਹੈ ਕਿ ਹਰ ਚੰਗੀ ਚੀਜ਼ ਨਾਲ ਮਾੜਾ ਪੱਖ ਵੀ ਨਾਲੋ ਨਾਲ ਉਜਾਗਰ ਹੋ ਜਾਂਦਾ ਹੈ । ਪਰ ਅਸੀਂ ਕਿਸ ਪੱਖ ਨੂੰ ਅਪਨਾਉਣਾ ਹੈ ।ਇਹ ਸਾਡੇ ਜਾਂ ਸਾਡੇ ਬੱਚਿਆਂ 'ਤੇ ਨਿਰਭਰ ਕਰਦਾ ਹੈ ।

ਇਹ ਸਹੀ ਹੈ ਕਿ ਭਾਰਤੀ ਸਮਾਜ ਦੀ ਫਿਤਰਤ ਹੈ ਕਿ ਉਹ ਲਕੋਈ ਜਾ ਰਹੀ ਚੀਜ਼ ਨੂੰ ਵਧੇਰੇ ਉਤਸ਼ਾਹ ਨਾਲ ਅਪਨਾਉਣਾ ਚਾਹੁੰਦਾ ਹੈ । ਦੂਸਰੇ ਸ਼ਬਦਾਂ ਵਿੱਚ ਕਹਿ ਲਈਏ ਕਿ ਜਿਸ ਗੱਲ ਨੂੰ ਅਸੀਂ ਦਬਾਉਣਾ ਚਾਹੁੰਦੇ ਹਾਂ ਉਹ ਓਨੀ ਹੀ ਤੇਜ਼ੀ ਨਾਲ ਵਧੇਰੇ ਵਿਕਸਿਤ ਹੋ ਕੇ ਰਹਿੰਦੀ ਹੈ ।

ਇੰਟਰਨੈੱਟ ਦੇ ਮਾੜੇ ਪੱਖਾਂ ਨੂੰ ਨਵੀਂ ਪੀੜ੍ਹੀ ਦੇ ਨੌਜਵਾਨ ਮੁੰਡੇ ਕੁੜੀਆਂ ਬੜੀ ਤੇਜ਼ੀ ਨਾਲ ਅਪਨਾ ਰਹੇ ਹਨ। ਸ਼ਹਿਰੀ ਮਾਪੇ ਇਸਨੂੰ ਨਵੇਂ ਯੁੱਗ ਨਾਲ ਜੋੜਕੇ ਸਬਰ ਕਰ ਲੈਂਦੇ ਹਨ। ਪਰ ਪਿੰਡਾਂ ਵਾਲੇ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਆਉਂਦੀ। ਜਦੋਂ ਕੋਈ ਮਾਂ ਪਿਉ ਆਪਣੇ ਬੱਚਿਆਂ ਨੂੰ ਅਸ਼ਲੀਲ ਵੈਬਸਾਇਟਾਂ ਖੋਹਲਦਿਆਂ ਵੇਖ ਲੈਂਦਾ ਹੈ ਤਾਂ ਉਸਦੇ ਸਬਰ ਦਾ ਪਿਆਲਾ ਆਖਰ ਟੁੱਟ ਹੀ ਜਾਂਦਾ ਹੈ ਕਿ ਇਸ ਕੰਜਰਖਾਨੇ ਦੀ ਜੜ੍ਹ 'ਇੰਟਰਨੈੱਟ' ਦਾ ਕੂਨੈਕਸ਼ਨ ਕਟਵਾ ਕੇ ਹੀ ਇਸ ਬਿਮਾਰੀ ਤੋਂ ਨਿਜਾਤ ਪਾਈ ਜਾ ਸਕਦੀ ਹੈ । ਇਹੀ ਕਾਰਨ ਹੈ ਕਿ 'ਇੰਟਰਨੈੱਟ' ਨੇ ਪੰਜਾਬ ਦੇ ਪਿੰਡਾਂ ਵੱਲ ਵਧਾਏ ਕਦਮਾਂ ਨੂੰ ਹਾਲ ਦੀ ਘੜੀ 'ਮੁੜਵੇਂ ਪੈਰੀ' ਵਾਪਸੀ ਵੱਲ ਲਿਆਉਣਾ ਸ਼ੁਰੂ ਕਰ ਦਿੱਤਾ ਹੈ । ਲੋੜ ਇਸ ਗੱਲ ਦੀ ਕਿ ਕੋਈ ਅਜਿਹੀ ਵਿਧੀ ਇੰਟਰਨੈੱਟ 'ਤੇ ਲਾਗੂ ਕੀਤੀ ਜਾਵੇ ਜਿਸ ਨਾਲ ਚੰਗੀਆਂ ਤੇ ਊਸਾਰੂ ਗਿਆਨ ਵਾਲੀਆਂ ਵੈਬਸਾਇਟਾਂ ਹੀ ਖੋਹਲੀਆਂ ਜਾ ਸਕਣ ਅਤੇ ਅਸ਼ਲੀਲ ਤੇ ਕਾਮਉਕਸਾਊ ਵੈਬਸਾਇਟਾਂ 'ਤੇ ਮੁਕੰਮਲ 'ਲਾਕ' ਲਗਵਾਇਆ ਜਾ ਸਕੇ । ਭਾਵੇਂ ਹਾਲ ਦੀ ਘੜੀ 'ਲਾਕ' ਵਾਲੀ ਸੁਵਿਧਾ ਵੀ ਉਪਲਬਧ ਹੈ ਪਰ ਪਿੰਡਾਂ ਦੀ ਚੇਤਨਤਾ ਦੇ ਹਿਸਾਬ ਨਾਲ ਉਹ ਨਾਕਾਫ਼ੀ ਹੈ
 
Top