ਪਾਣੀ ਪੰਜਾਂ ਦਰਿਆਵਾਂ ਵਾਲਾ ਜ਼ਹਿਰੀ ਹੋ ਗਿਆ

ਪੁਰਾਤਨ ਪੰਜਾਬ ਭਾਰਤ ਦਾ ਅਜਿਹਾ ਸੂਬਾ ਹੈ ਜਿਸ ਨੇ ਸਮੁੱਚੇ ਭਾਰਤ ਦਾ ਪੇਟ ਹੀ ਨਹੀਂ ਭਰਿਆ ਸਗੋਂ ਅਫ਼ਗ਼ਾਨੀ ਹਮਲਾਵਰਾਂ ਨੂੰ ਡੱਕਣ ਤੋਂ ਬਾਅਦ ਅੰਗਰੇਜ਼ ਹਕੂਮਤ ਨੂੰ ਵੀ ਨੇੜੇ ਨਾ ਲੱਗਣ ਦਿੱਤਾ। ਪੰਜਾਬੀ ਜਾਣਦੇ ਹਨ ਕਿ ਪੰਜਾਬ ਪੰਜ+ਆਬ ਤੋਂ ਬਣਿਆ ਹੈ। ਪੁਰਾਣੇ ਪੰਜਾਬ ਦੇ ਪੰਜ ਦਰਿਆਵਾਂ ਨੂੰ ਵੇਖਣਾ ਵੀ ਹੁਣ ਸੌਖਾ ਨਹੀਂ। ਚੋਣਵੇਂ ਪੰਜਾਬੀਆਂ ਵਿੱਚੋਂ ਜਿਨ੍ਹਾਂ ਨੇ ਪੰਜ ਦਰਿਆ ਵੇਖੇ ਉਨ੍ਹਾਂ ਵਿੱਚ ਮੈਂ ਵੀ ਸ਼ਾਮਲ ਹਾਂ। ਬਾਰ ਦੇ ਜੰਗਲੀ ਇਲਾਕੇ ਨੂੰ ਉਪਜਾਊ ਭੂਮੀ ਬਣਾਉਣਾ। ਆਪਣੇ ਤੇ ਦੇਸ਼ ਲਈ ਅੰਨ ਭੰਡਾਰ ਕਰਨਾ ਆਦਿ ਬਹਾਦਰੀ ਦੇ ਕਿੱਸੇ ਬਜ਼ੁਰਗ ਕਿਸਾਨਾਂ ਤੋਂ ਸੁਣੇ ਜਾ ਸਕਦੇ ਹਨ। ਸੰਨ 1947 ਵਿੱਚ ਗ਼ੈਰ-ਕੁਦਰਤੀ, ਬੇ-ਅਸੂਲੀ ਅਤੇ ਦੁਖਾਂਤਮਈ ਵੰਡ ਹੋਈ ਜੇ ਇਸ ਨੂੰ ਪੰਜਾਬੀਆਂ ਨਾਲ ਕਾਣੀ ਵੰਡ ਆਖੀਏ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਪੰਜਾਬ ਦੀ ਵੰਡ ਹੋਈ, ਚੜ੍ਹਦੇ ਨੂੰ ਭਾਰਤ ਵਾਲਾ ਪੰਜਾਬ, ਲਹਿੰਦੇ ਨੂੰ ਪਾਕਿਸਤਾਨ ਵਾਲਾ ਪੰਜਾਬ ਨਾਂ ਮਿਲਿਆ। ਕੁਝ ਵੀ ਹੋਵੇ ਅੱਜ ਵੀ ਦੋਵੇਂ ਪੰਜਾਬੀ ਅਖਵਾ ਕੇ ਕੇ ਫ਼ਖ਼ਰ ਮਹਿਸੂਸ ਕਰਦੇ ਹਨ। ਪੁਰਾਤਨ ਪੰਜਾਬ ਦਾ ਪਾਣੀ ਸ਼ੁੱਧ, ਸਾਫ਼ ਤੇ ਪਵਿੱਤਰ ਹੁੰਦਾ ਸੀ। ਗੁਰਬਾਣੀ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਵਧ ਰਹੀ ਆਬਾਦੀ ਤੇ ਹਰੇ ਇਨਕਲਾਬ ਨੇ ਸਾਡੇ ਕੁਦਰਤੀ ਸੋਮੇ ਦੇ ਭੰਡਾਰ ਨੂੰ ਪਲੀਤ ਕਰ ਦਿੱਤਾ। ਖੂਹ, ਟਿਊਬਵੈੱਲ, ਟੋਭੇ, ਚਸ਼ਮੇ ਅਤੇ ਨਲਕਿਆਂ ਤੱਕ ਪਾਣੀ ਅੱਜ ਦੇ ਫਿਲਟਰ ਕੀਤੇ ਪਾਣੀ ਤੋਂ ਵੱਧ ਸ਼ੁੱਧ ਤੇ ਗੁਣਕਾਰੀ ਸੀ। ਪਾਣੀ ਦੀ ਇੱਕ ਸਮੱਸਿਆ ਨਹੀਂ, ਇਸ ਦੀਆਂ ਤਿੰਨ ਪ੍ਰਮੁੱਖ ਸਮੱਸਿਆਵਾਂ ਹਨ। ਪਾਣੀ ਦੇ ਸੋਮੇ ਨੂੰ ਬਚਾਉਣਾ, ਪਾਣੀ ਨੂੰ ਸ਼ੁੱਧ ਰੱਖਣਾ ਅਤੇ ਤੀਜੀ ਗੰਦੇ ਪਾਣੀ ਦੀ ਨਿਕਾਸੀ ਸਭ ਤੋਂ ਵੱਡੀ ਸਮੱਸਿਆ ਹੈ। ਇਹ ਤਿੰਨੇ ਸਮੱਸਿਆਵਾਂ ਚੜ੍ਹਦੇ-ਲਹਿੰਦੇ ਪੰਜਾਬ ਦੀਆਂ ਸਾਂਝੀਆਂ ਹੀ ਹਨ। ਸੰਨ 1981 ਦੀ ਗੱਲ ਹੈ ਕਿ ਸਾਡੇ ਪਿੰਡਾਂ ਦੇ ਪਾਣੀ ਵਾਲੇ ਪੰਪ (ਪੱਖੇ) ਜ਼ਮੀਨ ਦੇ ਉਪਰ ਪਏ ਸਨ। ਸਕੂਲ ਦੇ ਵੱਡੇ ਵਿਦਿਆਰਥੀ ਖ਼ਾਸ ਕਰਕੇ ਕਾਲਜੀਏਟ ਸਾਈਕਲ, ਦਾ ਪਿਛਲਾ ਟਾਇਰ ਪੁਲੀ ਨਾਲ ਲਗਾ ਕੇ ਪਾਣੀ ਵਾਲੇ ਪੰਪ (ਪੱਖੇ) ਨਾਲ ਧਰਤੀ ਹੇਠੋਂ ਪਾਣੀ ਕੱਢ ਲੈਂਦੇ ਸਨ। ਸੰਨ 1978 ਤੋਂ ਸੰਨ 1981 ਤੱਕ ਗੰਨੇ ਦੀ ਕਾਸ਼ਤ ਵਾਲਾ ਰਕਬਾ ਸ਼ੂਗਰ ਮਿੱਲਾਂ ਦੀ ਬੇਰੁਖੀ ਕਾਰਨ ਝੋਨੇ ਹੇਠ ਤਬਦੀਲ ਹੋ ਗਿਆ। ਉਸ ਤੋਂ ਬਾਅਦ ਰਹਿੰਦੀ ਕਸਰ ਖਾੜਕੂਵਾਦ ਦੇ ਦਿਨਾਂ ਵਿੱਚ ਕੱਢੀ ਗਈ। ਪੁਲੀਸ ਤੇ ਖਾੜਕੂਆਂ ਨੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਉਦੋਂ ਤੋਂ ਅੱਜ ਤੱਕ ਗੰਨਾ ਮੁੜ ਬੀਜ ਨਹੀਂ ਹੋ ਸਕਿਆ। ਫ਼ਸਲਾਂ ਦੀ ਵਿਭਿੰਨਤਾ ਵੀ ਕਿਤਾਬਾਂ ਤੇ ਕੈਂਪਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ। ਖੂਹਾਂ ਤੋਂ ਬੰਬੀਆਂ, ਬੰਬੀਆਂ ਤੋਂ ਖੂਹੀਆਂ ਪੁੱਟੀਆਂ ਗਈਆਂ। ਪਾਣੀ ਸਾਥੋਂ ਦੂਰ ਹੋ ਗਿਆ।
ਪਾਣੀ ਕੇਵਲ ਮਨੁੱਖ ਲਈ ਨਹੀਂ ਸਾਰੇ ਜੀਵ ਜੰਤੂ ਕੱੁਲ ਬਨਸਪਤੀ ਪਾਣੀ ’ਤੇ ਟਿਕੀ ਹੈ। ਪਾਣੀ ਵਿਚਲੇ ਖਣਿਜ ਪਦਾਰਥ ਜੀਵ ਨੂੰ ਵਿਕਸਿਤ ਕਰਨ ਲਈ ਸਹਾਈ ਹੁੰਦੇ ਹਨ। ਸੰਸਾਰ ’ਤੇ 70 ਫ਼ੀਸਦੀ ਪਾਣੀ ਤੇ 30 ਫ਼ੀਸਦੀ ਧਰਤੀ ਹੈ। ਇਸੇ ਤਰ੍ਹਾਂ ਮਨੁੱਖੀ ਸਰੀਰ ਵੀ (ਤਰਲ) 70 ਫ਼ੀਸਦੀ ਪਾਣੀ ਨਾਲ ਸਿਰਜਿਆ ਹੋਇਆ ਹੈ। ਸਾਇੰਸ ਦੀ ਤਰੱਕੀ ਨੇ ਸਾਨੂੰ ਅਨੇਕਾਂ ਸਹੂਲਤਾਂ ਦਿੱਤੀਆਂ। ਇਸ ਦੇ ਨਾਲ ਹੀ ਦੂਜੇ ਪਾਸੇ ਮੁਸੀਬਤਾਂ ਦੇ ਢੇਰ ਖੜ੍ਹਾ ਕਰ ਦਿੱਤਾ। ਕੋਈ ਤਿੰਨ ਦਹਾਕੇ ਪਹਿਲਾਂ ਧਰਤੀ ਤੋਂ ਕੇਵਲ ਨਿਰਮਲ ਪਾਣੀ ਪ੍ਰਾਪਤ ਹੁੰਦਾ ਸੀ ਜਿਹੜਾ ਹੁਣ ਬਿਮਾਰੀਆਂ ਉਪਜ ਰਿਹਾ ਹੈ। ਅਸੀਂ ਟਿਊਬਵੈੱਲਾਂ, ਨਲਕਿਆਂ ਤੇ ਵੱਡੇ-ਵੱਡੇ ਬੋਰਾਂ ਨਾਲ ਧਰਤੀ ’ਚੋਂ ਸ਼ੁੱਧ ਪਾਣੀ ਕੱਢਿਆ ਤੇ ਜ਼ਹਿਰੀਲਾ ਬਣਾ ਕੇ ਬੇਗਾਨੇ ਬੂਹੇ ਵੱਲ ਰੋੜ ਦਿੱਤਾ। ਪਾਣੀ ਹਮੇਸ਼ਾਂ ਨਿਵਾਣ ਵੱਲ ਵਹਿੰਦਾ ਹੈ। ਵੇਖਦਿਆਂ-ਵੇਖਦਿਆਂ ਸਾਰਾ ਪੰਜਾਬ ਨਾਮੁਰਾਦ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ। ਘਰੇਲੂ ਪਾਣੀ ਦੀ ਜੇ ਗੱਲ ਕਰੀਏ ਤਾਂ ਯੂਰਪੀ ਵਿਗਿਆਨੀ ਮੰਨਦੇ ਹਨ ਕਿ ਲੋਹੇ ਦੀਆਂ ਪਾਈਪਾਂ ਪਾਣੀ ਵਿੱਚ ਸਿੱਕੇ ਦੀ ਮਾਤਰਾ ਘੋਲਦੀਆਂ ਹਨ ਜਿਹੜਾ ਮਨੁੱਖੀ ਦਿਮਾਗ਼ ਲਈ ਘਾਤਕ ਹੈ।
ਹਰੀ ਕ੍ਰਾਂਤੀ ਅਤੇ ਉਦਯੋਗਿਕ ਪ੍ਰਣਾਲੀ ਨੇ ਧਰਤੀ ਹੇਠਲੀਆਂ ਸੁਰੱਖਿਅਤ ਚੱਟਾਨਾਂ ਨੂੰ ਥਾਂ-ਥਾਂ ’ਤੇ ਸੰਨ੍ਹ ਲਾ ਕੇ ਜ਼ਹਿਰ ਘੁਲਣ ਦੇ ਰਸਤੇ ਬਣਾ ਦਿੱਤੇ। ਫ਼ਸਲਾਂ ’ਤੇ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਤੇ ਰਸਾਇਣਕ ਖਾਦਾਂ ਨੇ ਜ਼ਮੀਨ ਦੀ ਉਪਰਲੀ ਤਹਿ ਨੂੰ ਦੂਸ਼ਿਤ ਕਰ ਦਿੱਤਾ। ਇਸ ਤੋਂ ਬਾਅਦ ਰਹਿੰਦੀ ਕਸਰ ਸਨਅਤਕਾਰਾਂ ਨੇ ਕੱਢ ਦਿੱਤੀ। ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਕੰਢੀ ਦੇ ਇਲਾਕੇ ,ਪੰਜਾਬ ਅਤੇ ਹਿਮਾਚਲ ਦੇ ਉਦਯੋਗ ਮਾਲਵਾ ਪੱਟੀ ਨੂੰ ਕਾਫ਼ੀ ਪ੍ਰਭਾਵਿਤ ਕਰਦੇ ਹਨ। ਬਿਜਲੀ ਉਤਪਾਦਨ ਲਈ ਥਰਮਲ ਪਲਾਂਟਾਂ ਦੀ ਵਿਵਸਥਾ ਕੀਤੀ ਗਈ ਹੈ ਕਿਉਂਕਿ ਪੰਜਾਬ ਵਿੱਚੋਂ ਹਿਮਾਚਲ ਬਣਨ ਨਾਲ ਪਣ ਬਿਜਲੀ ਦਾ ਜ਼ਿਆਦਾ ਖੇਤਰ ਹਿਮਾਚਲ ਪ੍ਰਦੇਸ਼ ਦੇ ਹਿੱਸੇ ਰਹਿ ਗਿਆ। ਥਰਮਲ ਪਲਾਟਾਂ ਦੀ ਸੁਆਹ ਹੁਣ ਸੀਮਿੰਟ ਵਿੱਚ ਵਰਤੀ ਜਾਂਦੀ ਹੈ। ਸੁਆਹ ਵਿੱਚ ਯੂਰੇਨੀਅਮ ਦੀ ਕਾਫ਼ੀ ਮਾਤਰਾ ਜੋ ਪਾਣੀ ’ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਪਾਣੀ ਦੀ ਅਸ਼ੁੱਧਤਾ ਹੁਣ ਕਿਸੇ ਤੋਂ ਲੁਕੀ ਨਹੀਂ। ਕਦੇ ਸੋਚਿਆ ਵੀ ਨਹੀਂ ਸੀ ਕਿ ਪੀਣ ਵਾਲਾ ਪਾਣੀ ਵਿਕਿਆ ਕਰੇਗਾ। ਇਸ ਆਫ਼ਤ ਲਈ ਅਸੀਂ ਖ਼ੁਦ ਜ਼ਿੰਮੇਵਾਰ ਹਾਂ ਜਿਨ੍ਹਾਂ ਨੇ ਬਾਹਰੀ ਚਮਕ-ਦਮਕ ਲਈ ਅੰਧਾਧੁੰਦ ਰਸਾਇਣਾਂ ਦੀ ਵਰਤੋਂ ਕੀਤੀ। ਹਿਮਾਲਿਆ ਤੋਂ ਚੱਲਣ ਵਾਲੇ ਕੁਦਰਤੀ ਚਸ਼ਮੇ, ਨਾਲੇ ਨਦੀਆਂ ਇੰਨੇ ਪਲੀਤ ਕਰ ਦਿੱਤੇ ਜਿਹੜੇ ਹੁਣ ਗੰਦੇ ਨਾਲਿਆਂ ਦਾ ਰੂਪ ਧਾਰਨ ਕਰ ਗਏ। ਹਜ਼ਾਰਾਂ ਏਕੜ ਭੂਮੀ ਹੇਠਲਾ ਪਾਣੀ ਫ਼ਸਲਾਂ ਦੇ ਯੋਗ ਵੀ ਨਹੀਂ ਰਿਹਾ। ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਦਰਜਨਾਂ ਪਿੰਡ ਅਸ਼ੁੱਧ ਪਾਣੀ ਪੀ ਕੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਗਏ। ਪੰਜਾਬ ਦੇ ਦੂਸ਼ਿਤ ਪਾਣੀ ਨਾਲ ਆਰ.ਓ. ਕੰਪਨੀਆਂ ਦੀ ਤਾਂ ਚਾਂਦੀ ਬਣ ਗਈ ਪਰ ਇਹ ਸਿਸਟਮ ਹਰੇਕ ਪਰਿਵਾਰ ਦੀ ਪਹੁੰਚ ਤੋਂ ਦੂਰ ਹੈ। ਪਾਣੀ ’ਚ ਘੁਲ ਰਹੇ ਜ਼ਹਿਰ ਤੋਂ ਚਿੰਤਕ ਲੋਕਾਂ ਵਿੱਚ ਸੰਤ ਸੀਚੇਵਾਲ ਤੇ ਕਈ ਹੋਰ ਜਥੇਬੰਦੀਆਂ ਨੇ ਉਪਰਾਲੇ ਕੀਤੇ ਹਨ ਪਰ ਉਨ੍ਹਾਂ ਨੂੰ ਅਮਲੀ ਰੂਪ ਦੇਣਾ ਅਜੇ ਬਾਕੀ ਹੈ। ਸਾਨੂੰ ਸੋਚਣਾ ਪਏਗਾ ਕਿ ਜੀਵਨ ਦੇਣ ਵਾਲਾ ਪਾਣੀ ਹੁਣ ਜਾਨ ਲੈਣ ਲੱਗ ਪਿਆ ਹੈ, ਉਸ ਨੂੰ ਕਿਹੜੇ ਢੰਗ ਨਾਲ ਰੋਕੀਏ।
 
Top