ਨੀਅਤ ਨਾਲ ਦਿੱਤਾ ਦਾਨ ਇਕ ਰੁਪਿਆ ਵੀ ਬਹੁਤ ਹੈ

Parv

Prime VIP
ਇਕ ਪੁਰਾਣਾ ਮੰਦਿਰ ਸੀ। ਤ੍ਰੇੜਾਂ ਪਈਆਂ ਹੋਈਆਂ ਸਨ। ਖੂਬ ਮੀਂਹ ਪਿਆ ਅਤੇ ਹਵਾ ਚੱਲੀ। ਮੰਦਿਰ ਦਾ ਬਹੁਤ ਸਾਰਾ ਹਿੱਸਾ ਲੜਖੜਾ ਕੇ ਡਿਗ ਪਿਆ। ਉਸ ਦਿਨ ਇਕ ਸਾਧੂ ਮੀਂਹ 'ਚ ਇਸ ਮੰਦਿਰ 'ਚ ਆ ਕੇ ਠਹਿਰਿਆ ਸੀ। ਕਿਸਮਤ ਨਾਲ ਉਹ ਜਿਥੇ ਬੈਠਾ ਸੀ, ਉਧਰ ਦਾ ਕੋਨਾ ਬਚ ਗਿਆ। ਸਾਧੂ ਨੂੰ ਸੱਟ ਨਹੀਂ ਲੱਗੀ। ਸਾਧੂ ਨੇ ਸਵੇਰੇ ਨੇੜਲੇ ਬਾਜ਼ਾਰ 'ਚ ਚੰਦਾ ਜਮ੍ਹਾ ਕਰਨਾ ਸ਼ੁਰੂ ਕੀਤਾ। ਉਸ ਨੇ ਸੋਚਿਆ, ''ਮੇਰੇ ਰਹਿੰਦਿਆਂ ਭਗਵਾਨ ਦਾ ਮੰਦਿਰ ਡਿਗਿਆ ਹੈ ਤਾਂ ਇਸ ਨੂੰ ਬਣਵਾ ਕੇ ਹੀ ਮੈਨੂੰ ਕਿਤੇ ਜਾਣਾ ਚਾਹੀਦਾ ਹੈ।'' ਬਾਜ਼ਾਰ ਵਾਲਿਆਂ 'ਚ ਸ਼ਰਧਾ ਸੀ। ਸਾਧੂ ਵਿਦਵਾਨ ਸੀ। ਉਸ ਨੇ ਘਰ-ਘਰ ਜਾ ਕੇ ਚੰਦਾ ਇਕੱਠਾ ਕੀਤਾ। ਮੰਦਿਰ ਬਣ ਗਿਆ। ਭਗਵਾਨ ਦੀ ਮੂਰਤੀ ਦੀ ਬੜੇ ਭਾਰੀ ਉਤਸਵ ਨਾਲ ਪੂਜਾ ਹੋਈ। ਭੰਡਾਰਾ ਹੋਇਆ। ਸਭ ਨੇ ਆਨੰਦ ਨਾਲ ਭਗਵਾਨ ਦਾ ਪ੍ਰਸ਼ਾਦ ਲਿਆ। ਭੰਡਾਰੇ ਦੇ ਦਿਨ ਸ਼ਾਮ ਨੂੰ ਸਭਾ ਹੋਈ। ਸਾਧੂ ਬਾਬਾ ਸਾਰਿਆਂ ਦਾ ਧੰਨਵਾਦ ਕਰਨ ਲਈ ਖੜ੍ਹਾ ਹੋਇਆ। ਉਸ ਦੇ ਹੱਥ 'ਚ ਇਕ ਕਾਗਜ਼ ਸੀ। ਉਸ 'ਤੇ ਲੰਬੀ ਲਿਸਟ ਸੀ। ਉਸ ਨੇ ਕਿਹਾ, ''ਸਭ ਤੋਂ ਵੱਡਾ ਦਾਨ ਇਕ ਬਜ਼ੁਰਗ ਮਾਤਾ ਨੇ ਦਿੱਤਾ ਹੈ। ਉਹ ਖੁਦ ਆ ਕੇ ਦੇ ਗਈ ਸੀ।''
ਲੋਕਾਂ ਨੇ ਸੋਚਿਆ ਕਿ ਜ਼ਰੂਰ ਕਿਸੇ ਬਜ਼ੁਰਗ ਮਾਤਾ ਨੇ ਇਕ-ਦੋ ਲੱਖ ਰੁਪਏ ਦਿੱਤੇ ਹੋਣਗੇ ਪਰ ਸਭ ਨੂੰ ਬੜੀ ਹੈਰਾਨੀ ਹੋਈ, ਜਦੋਂ ਬਾਬਾ ਨੇ ਕਿਹਾ, ''ਉਸ ਨੇ ਮੈਨੂੰ ਇਕ ਰੁਪਏ ਦਾ ਸਿੱਕਾ ਤੇ ਥੋੜ੍ਹਾ ਜਿਹਾ ਆਟਾ ਦਿੱਤਾ ਹੈ।'' ਲੋਕਾਂ ਨੇ ਸਮਝਿਆ ਕਿ ਸਾਧੂ ਮਜ਼ਾਕ ਕਰ ਰਿਹਾ ਹੈ। ਸਾਧੂ ਨੇ ਅੱਗੇ ਕਿਹਾ, ''ਉਹ ਲੋਕਾਂ ਦੇ ਘਰ ਆਟਾ ਪੀਸ ਕੇ ਆਪਣਾ ਕੰਮ ਚਲਾਉਂਦੀ ਹੈ। ਇਹ ਇਕ ਰੁਪਿਆ ਉਹ ਕਈ ਮਹੀਨਿਆਂ 'ਚ ਇਕੱਠਾ ਕਰ ਸਕੀ ਸੀ। ਇਹੀ ਉਸ ਦੀ ਸਾਰੀ ਪੂੰਜੀ ਸੀ। ਮੈਂ ਸਭ ਕੁਝ ਦਾਨ ਕਰਨ ਵਾਲੀ ਉਸ ਸ਼ਰਧਾਲੂ ਮਾਤਾ ਨੂੰ ਪ੍ਰਣਾਮ ਕਰਦਾ ਹਾਂ।'' ਲੋਕਾਂ ਨੇ ਸਿਰ ਝੁਕਾ ਲਏ। ਸੱਚਮੁਚ ਬਜ਼ੁਰਗ ਦਾ ਮਨ ਨਾਲ ਦਿੱਤਾ ਹੋਇਆ ਇਹ ਦਾਨ ਹੀ ਸਭ ਤੋਂ ਵੱਡਾ ਸੀ।
 
Top