ਨਿੱਕੀ ਜਿਹੀ ਗੱਲ

Mandeep Kaur Guraya

MAIN JATTI PUNJAB DI ..
ਦਸਵੀਂ ਜਮਾਤ ਦਾ ਇਮਤਿਹਾਨ ਦੇ ਕੇ ਵਿਹਲਾ ਸਾਂ। ਨਹਿਰੋਂ ਪਾਰਲੇ ਪਿੰਡ ਮੌਲਵੀ ਵਾਲੇ ਸ਼ਰੀਕੇ ’ਚੋਂ ਭਰਾ ਲੱਗਦੇ ਪੂਰਨ ਸਿੰਘ ਦਾ ਪਿਛਲੀ ਰਾਤ ਚੜ੍ਹਦੀ ਜਵਾਨੀ ’ਚ ਹੀ ਕਤਲ ਹੋ ਗਿਆ ਸੀ। ਮੇਰੀ ਛੋਟੀ ਭੈਣ ਤੇ ਭਰਾ ਨੂੰ ਭੂਆ ਧੰਨੋ ਕੇ ਘਰ ਛੱਡ ਕੇ ਬਾਪੂ ਜੀ ਤੇ ਮਾਂ ਹੋਰ ਸ਼ਰੀਕੇ-ਕਬੀਲੇ ਦੇ ਬੰਦੇ-ਬੁੜ੍ਹੀਆਂ ਨਾਲ ਸਸਕਾਰ ਕਰਾਉਣ ਲਈ, ਮੈਨੂੰ ਵਿਹੜੇ ਵਿਚ ਪਏ ਕਣਕ ਦੇ ਢੇਰ ਦੀ ਰਾਖੀ ਕਰਨ ਅਤੇ ਘਰ ਰਹਿਣ ਲਈ ਸੋਘੀ ਕਰ ਕੇ ਗਏ ਸਨ।
ਛਤੜੇ ਦੀ ਛਾਵੇਂ ਮੰਜੇ ’ਤੇ ਕਣਕ ਦੀ ਰਾਖੀ ਬੈਠਾ ਮੈਂ ਉਕਤਾ ਰਿਹਾ ਸਾਂ। ਮੇਰਾ ਮਨ ਪੜ੍ਹਨ ਨੂੰ ਕਰ ਰਿਹਾ ਸੀ। ਘਰ ਵਿਚ ਵਾਹਵਾ ਸਾਰੀਆਂ ਕਿਤਾਬਾਂ ਪਈਆਂ ਸਨ। ਜ਼ਿਆਦਾਤਰ ਉਰਦੂ ਦੀਆਂ ਕਿਤਾਬਾਂ ਵਿਚੋਂ ਸਿਰਫ਼ ਦੋ ਹੀ ਪੰਜਾਬੀ ਦੀਆਂ ਸਨ। ਇਕ ਬਾਬੂ ਫਿਰੋਜ਼ਦੀਨ ‘ਸ਼ਰਫ਼’ ਦੀ ‘ਸੁਨਹਿਰੀ ਕਲੀਆਂ’ ਅਤੇ ਦੂਜੀ ਪ੍ਰੋਫੈਸਰ ਮੋਹਨ ਸਿੰਘ ਦੀ ਸੀ, ‘ਸਾਵੇ ਪੱਤਰ’। ..ਦੋਵੇਂ ਕਿਤਾਬਾਂ ਹੀ ਅੰਦਰੋਂ ਕੱਢ ਲਿਆਇਆ ਸਾਂ। ਮੋਹਨ ਸਿੰਘ ਦੀਆਂ ਚਾਰ ਕਵਿਤਾਵਾਂ- ਰੱਬ, ਬਸੰਤ, ਤਾਜ ਮਹੱਲ ਤੇ ਅਨਾਰਕਲੀ ਅਤੇ ਸ਼ਰਫ਼ ਦੀ ਮਾਂ-ਬੋਲੀ ਪੰਜਾਬੀ ਬਾਰੇ ਲਿਖੀ ਲੰਬੀ ਕਵਿਤਾ ਮੇਰੀਆਂ ਮਨ-ਪਸੰਦ ਰਚਨਾਵਾਂ ਸਨ। ਇਹ ਕਵਿਤਾਵਾਂ ਤਾਂ ਜ਼ੁਬਾਨੀ ਯਾਦ ਹੋਈਆਂ ਪਈਆਂ ਸਨ। ਮੈਂ ਇਨ੍ਹਾਂ ਨੂੰ ਸਕੂਲ ਬਾਲ-ਸਭਾ ਵਿਚ ਸੁਣਾਉਂਦਾ ਹੁੰਦਾ ਸਾਂ। ਪਰ ਫਿਰ ਵੀ ਮੈਂ ਇਨ੍ਹਾਂ ਨੂੰ ਦੁਬਾਰਾ ਪੜ੍ਹ ਲਿਆ। ਇਸ ਉਮਰ ਦੀ ਅਟਿਕਾਊ ਬਿਰਤੀ ਹੋਣ ਕਰ ਕੇ ਹੱਥ-ਕਰੋਲੇ ਦੇਣ ਲੱਗ ਪਿਆ ਸਾਂ ਕਿ ਕੋਈ ਪੜ੍ਹਨ ਵਾਲੀ ਜਾਂ ਖਾਣ ਵਾਲੀ ਚੀਜ਼ ਹੀ ਮਿਲ ਜਾਏ। ਰਸੋਈ ’ਚ ਜਾ ਕੇ ਖੰਡ ਦਾ ਫੱਕਾ ਹੀ ਮਾਰ ਆਇਆ ਸਾਂ। ਗੁੜ ਦੇ ਲੱਡੂ ਨਾਲ ਇਕ ਰੋਟੀ ਵੀ ਨਿਗਲ ਲਈ ਸੀ। ਦੋ ਕੁ ਸੇਰ ਦਾਣੇ ਝੱਗੇ ਦੀ ਝੋਲੀ ’ਚ ਪਾ ਕੇ ਭਾਗ ਮਹਾਜਨ ਦੀ ਹੱਟੀ ਤੋਂ ਖਤਾਈਆਂ ਲਿਆ ਕੇ ਖਾ ਲਈਆਂ ਸਨ। ਵੱਡੇ ਸਾਰੇ ਘਰ ਵਿਚ ਇਕੱਲ ਕਾਰਨ ਮੈਂ ਬੇਚੈਨ ਹੋਇਆ ਪਿਆ ਸਾਂ।
ਸੁਫ਼ੇ ਅੰਦਰ ਗਿਆ। ਲਟੈਣ ਉਤੇ ਧੁਆਂਖੇ ਜਿਹੇ ਕੱਪੜੇ ਵਿਚ ਬੱਧਾ ਹੋਇਆ ਕਿਤਾਬ ਵਰਗਾ ਕੁਝ ਦਿਖਾਈ ਦਿੱਤਾ। ‘ਅੰਨ੍ਹਾਂ ਕੀ ਭਾਲੇ, ਦੋ ਅੱਖਾਂ’- ਵਾਲੀ ਗੱਲ ਹੋ ਗਈ ਸੀ। ਮੇਜ਼ ਰੱਖ ਕੇ ਹੱਥ ਨਾ ਅੱਪੜਿਆ ਤਾਂ ਪੌੜੀ ਚੁੱਕ ਲਿਆਂਦੀ ਅਤੇ ਲਟੈਣ ਨੂੰ ਲਾ ਕੇ ਉਹ ਕਿਤਾਬ ਲਾਹ ਲਈ ਸੀ।
ਵੱਡੇ ਸਾਰੇ ਆਕਾਰ ਦੀ ਕਿਤਾਬ ਉਤੇ ਵਲ੍ਹੇਟਿਆ ਹੋਇਆ ਮੈਲ਼ਾ ਜਿਹਾ ਨਿੱਕੇ ਨਿੱਕੇ ਲਾਲ-ਨੀਲੇ ਫੁੱਲਾਂ ਵਾਲਾ ਰੇਸ਼ਮੀ ਰੁਮਾਲ ਧੂੜ ਨਾਲ ਅੱਟਿਆ ਪਿਆ ਸੀ। ਧੂੜ ਝਾੜ ਕੇ ਰੁਮਾਲ ਨੂੰ ਖੋਲ੍ਹਿਆ ਤਾਂ ਮੋਟੇ-ਮੋਟੇ ਅੱਖਰਾਂ ’ਚ ਛਪੀ ਹੋਈ ਭੁਰੂੰ ਭੁਰੂੰ ਕਰਦੇ ਮਿੱਟੀ ਰੰਗੇ ਵਰਕਿਆਂ ਵਾਲੀ ਇਹ ਮੋਟੀ ਸਾਰੀ ਕਿਤਾਬ ਵਾਰਸ ਸ਼ਾਹ ਦੀ ‘ਹੀਰ’ ਨਿਕਲੀ। ਪੱਟਾਂ ’ਚ ਰੱਖ ਕੇ ਵਾਕ ਲੈਣ ਵਾਂਙ ਹੀਰ ਖੋਲ੍ਹੀ ਤਾਂ ਬਹੁਤ ਪੁਰਾਣੇ ਤਿੰਨ ਪੱਤਰ ਵਿਚ ਪਏ ਹੋਏ ਮਿਲੇ। ਇਹ ਪੱਤਰ ਭਾਰਤੀ ਅੰਤਰਦੇਸ਼ੀ ਪੱਤਰਾਂ ਵਰਗੇ ਸਨ ਪਰ ਉਨ੍ਹਾਂ ਉਪਰ ਛਪੇ ਚੰਦ-ਤਾਰੇ ਦੀ ਤਸਵੀਰ ਅਤੇ ਉਰਦੂ ਲਿਪੀ ਨੇ ਸ਼ੰਕਾ ਨਹੀਂ ਸੀ ਰਹਿਣ ਦਿੱਤਾ ਕਿ ਇਹ ਪੱਤਰ ਪਾਕਿਸਤਾਨੋਂ ਆਏ ਹੋਏ ਹਨ। ਮੈਨੂੰ ਉਰਦੂ ਨਹੀਂ ਆਉਂਦੀ ਸੀ, ਬਾਪੂ ਜੀ ਦਾ ਅੰਗਰੇਜ਼ੀ ਵਿਚ ਲਿਖਿਆ ਹੋਇਆ ਪਤਾ ਅਤੇ 1948-49 ਦੀਆਂ ਤਾਰੀਖਾਂ ਹੀ ਪੜ੍ਹ ਸਕਿਆ ਸਾਂ। ਮਹੀਨਿਆਂ ਦੇ ਨਾਂ ਵੀ ਉਰਦੂ ’ਚ ਹੀ ਲਿਖੇ ਹੋਏ ਸਨ।
‘ਹੀਰ’ ਦੀਆਂ ਕੁਝ ਕੁ ਸਤਰਾਂ ਪੜ੍ਹ ਕੇ ਵਰਕੇ ਉਲੱਦਦਾ ਜਾ ਰਿਹਾ ਸਾਂ। ਕਿਤਾਬ ਦੇ ਪਿਛਲੇ ਪਾਸੇ ਜਿਲਦ ਦੇ ਅੰਦਰਵਾਰ ਮੋਟੇ ਕਾਗਜ਼ ਦਾ ਬਣਿਆ ਹੋਇਆ ਖਾਕੀ ਰੰਗ ਦਾ ਇਕ ਲਿਫਾਫਾ ਪਿਆ ਹੋਇਆ ਸੀ। ਖੋਲ੍ਹ ਕੇ ਵੇਖਿਆ ਤਾਂ ਇਕ ਤਸਵੀਰ ਨਿਕਲੀ। ਪੋਸਟ ਕਾਰਡ ਜਿੱਡੇ ਮੋਟੇ ਸਾਰੇ ਦਾਣੇਦਾਰ ਗੱਤਾਨੁਮਾ ਕਾਗਜ਼ ਉਤੇ ਮੋਟੀਆਂ-ਮੋਟੀਆਂ ਅੱਖਾਂ, ਚੌੜਾ ਮੱਥਾ, ਤਿੱਖਾ ਨੱਕ, ਖੱਬੀ ਗੱਲ੍ਹ ਉਤੇ ਮੋਟੇ ਸਾਰੇ ਤਿਲ ਦਾ ਨਿਸ਼ਾਨ, ਲੰਬੀ ਧੌਣ, ਖੱਬੇ ਮੋਢੇ ਉਤੋਂ ਦੀ ਅੱਗੇ ਸੁੱਟੀ ਤਿੱਲੜੀ ਗੁੰਦਵੀਂ ਮੋਟੀ ਗੁੱਤ ਵਾਲੀ ਮੁਟਿਆਰ ਦੀ ‘ਸਾਈਡ ਪੋਜ਼’ ਤੋਂ ਖਿੱਚੀ ਹੋਈ ਬੜੀ ਖੂਬਸੂਰਤ ਤਸਵੀਰ ਸੀ। ਵਾਹਵਾ ਦੇਰ ਮੈਂ ਉਸ ਵੱਲ ਵੇਂਹਦਾ ਹੀ ਰਿਹਾ। ਉਸ ਦੇ ਨੈਣ-ਨਕਸ਼ਾਂ ਤੋਂ ਭਾਸਦਾ ਸੀ ਕਿ ਉਹ ਸੁੰਦਰ ਹੋਣ ਦੇ ਨਾਲ-ਨਾਲ ਸੁਡੌਲ ਜੁੱਸੇ ਵਾਲੀ ਲੰਬੀ-ਲੰਝੀ ਧੜੱਲੇਦਾਰ ਕੁੜੀ ਹੋਵੇਗੀ। ਬੇਸ਼ੱਕ ਵਕਤ ਨੇ ਕਾਗਜ਼ ਉਤੇ ਆਪਣਾ ਅਸਰ ਵਿਖਾਇਆ ਹੋਇਆ ਸੀ ਪਰ ਤਸਵੀਰ ਉਤੇ ਇਸ ਦਾ ਕੋਈ ਅਸਰ ਹੋਇਆ ਨਹੀਂ ਸੀ ਜਾਪਦਾ। ਤਸਵੀਰ ਵਿਚਲੀ ਕਾਟਵੀਂ ਮੁਸਕੁਰਾਹਟ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਹੁਣੇ ਹੀ ਬੋਲ ਪਵੇਗੀ। ਤਸਵੀਰ ਦੇ ਪਿਛਲੇ ਪਾਸੇ ਕਾਲੀ ਸਿਆਹੀ ਨਾਲ ਉਰਦੂ ’ਚ ਕੁਝ ਲਿਖਿਆ ਹੋਇਆ ਸੀ ਅਤੇ ਨੀਲੀ ਸਿਆਹੀ ਨਾਲ ਅੰਗਰੇਜ਼ੀ ’ਚ ਗੋਲ ਮੋਹਰ ਲੱਗੀ ਹੋਈ ਸੀ, ‘ਕਬੀਰ ਸਟੂਡੀਓ, ਲਾਹੌਰ। ਮਿਤੀ 22.11.1942 ਲਿਖੀ ਹੋਈ ਸੀ।
ਮੈਂ ਸੋਚੀਂ ਪੈ ਗਿਆ।
ਬਾਪੂ ਜੀ ਦਾ ਜਨਮ ਉੱਨੀ ਸੌ ਬਾਈ ਦਾ ਸੀ। ਗੱਲੀਂ-ਬਾਤੀਂ ਦੱਸਦੇ ਹੁੰਦੇ ਕਿ ਉਹ ਲਾਹੌਰ ਪੜ੍ਹਦੇ ਰਹੇ ਸਨ। ਸੰਨ ਬਿਆਲੀ ’ਚ ਉਹ ਵੀਹ ਵਰ੍ਹਿਆਂ ਦੇ ਹੋਣਗੇ। ਇਹ ਕੁੜੀ ਪਿਤਾ ਜੀ ਨਾਲ ਪੜ੍ਹਦੀ ਰਹੀ ਹੋਵੇਗੀ। ਚੜ੍ਹਦੀ ਜਵਾਨੀ ਦੀ ਉਮਰ ਵਾਲੀ ਸਮਝ ਨਾਲ ਮੈਂ ਹੋਰ ਵੀ ਕਈ ਕੁਝ ਚਿਤਵ ਗਿਆ ਸਾਂ। ਮਨ ਵਿਚ ਇਕ ਨਵੀਂ ਕਿਸਮ ਦੀ ਖੁਤਖੁਤੀ ਨੇ ਜਨਮ ਲੈ ਲਿਆ ਹੋਇਆ ਸੀ। ਪਤਾ ਲਾਉਣਾ ਚਾਹੁੰਦਾ ਸਾਂ ਕਿ ਤਸਵੀਰ ਦੇ ਪਿੱਛੇ ਉਰਦੂ ਵਿਚ ਕੀ ਲਿਖਿਆ ਹੋਇਆ ਹੈ। ਮੈਨੂੰ ਪਤਾ ਸੀ ਕਿ ਹੱਟੀ ਵਾਲੇ ਤਾਏ ਭਾਗ ਨੂੰ ਉਰਦੂ ਆਉਂਦੀ ਸੀ ਕਿਉਂਕਿ ਉਧਾਰ ਗਿਆ ਹੋਇਆ ਸੌਦਾ ਉਹ ਆਪਣੀ ਵਹੀ ਵਿਚ ਇਸ ਲਿਪੀ ’ਚ ਹੀ ਲਿਖਦਾ ਹੁੰਦਾ ਸੀ।
ਬਾਪੂ ਜੀ ਦਾ ਉਸ ਕੋਲ ਆਮ ਬਹਿਣ-ਉੱਠਣ ਸੀ। ਤਸਵੀਰ ਲੈ ਕੇ ਜਾਂਦਾ ਸਾਂ ਤਾਂ ਉਸ ਨੇ ਸਾਰੀ ਗੱਲਬਾਤ ਬਾਪੂ ਜੀ ਨੂੰ ਦੱਸ ਦੇਣੀ ਸੀ। ਮੈਂ ਕਾਫ਼ੀ ਉਲਝਣ ’ਚੋਂ ਲੰਘ ਰਿਹਾ ਸਾਂ। ਅਖੀਰ ਇਸ ਸਿੱਟੇ ’ਤੇ ਪੁੱਜਾ ਕਿ ਉਰਦੂ ਅੱਖਰਾਂ ਨੂੰ ਵੇਖ-ਵੇਖ ਕੇ ਉਤਾਰਾ ਲਾਹ ਲਿਆ ਜਾਏ। ਕਾਫ਼ੀ ਮਿਹਨਤ ਕਰਨ ਤੋਂ ਬਾਅਦ ਮੈਂ ਪੱਥਰ ਦੀ ਸਲੇਟ ਉਤੇ ਸਲੇਟੀ ਨਾਲ ਉਹ ਲਿਖਤ ਉਤਾਰ ਲਈ ਅਤੇ ਤਾਏ ਭਾਗ ਕੋਲ ਪੜ੍ਹਾਉਣ ਲਈ ਲੈ ਗਿਆ। ਸਲੇਟ ਫੜ ਕੇ ਉਹ ਪੁੱਛਣ ਲੱਗਿਆ ਕਿ ਇਹ ਕਿੱਥੋਂ ਲਿਖ ਕੇ ਲਿਆਇਆ ਹੈਂ? ਮੈਨੂੰ ਕੋਈ ਜੁਆਬ ਨਹੀਂ ਸੀ ਅਹੁੜ ਰਿਹਾ, ਪਰ ਛੇਤੀ ਹੀ ਸੰਭਲ ਕੇ ਮੈਂ ਬੋਲਿਆ, ‘‘ਬਾਪੂ ਜੀ ਤੋਂ ਉਰਦੂ ਸਿੱਖਦਾ ਹਾਂ, ਕਿਸੇ ਕਿਤਾਬ ਤੋਂ ਵੇਖ ਕੇ ਲਿਖਿਆ ਹੈ।’’
ਥੋੜ੍ਹਾ ਜਿਹਾ ਰੁਕ, ਮੇਰੇ ਵੱਲ ਤੱਕ ਕੇ ਉਹ ਬੋਲਿਆ, ‘‘ਬੇਪਨਾਹ ਮੁਹੱਬਤ ਸੇ ਆਪਣੇ ਮਹਿਬੂਬ ਹਰਬੰਸ ਕੋ, ਸੁਰੱਈਆ, ਲਾਹੌਰ।’’…. ਅਤੇ ਨਾਲ ਹੀ ਮਿਤੀ ਬੋਲ ਕੇ, ਸਲੇਟ ਮੇਰੇ ਵੱਲ ਕਰਦਿਆਂ ਉਹ ਮੁਸਕਰਾ ਪਿਆ ਸੀ।
ਘਰ ਆ ਕੇ ਬਹੁਤ ਦੇਰ ਮੈਂ ਉਸ ਤਸਵੀਰ ਨੂੰ ਵੇਖਦਾ ਰਿਹਾ ਸਾਂ। ਤਸਵੀਰ ਵਿਚਲੀ ‘ਕੁੜੀ’ ਬਾਰੇ ਸੋਚਦਾ ਰਿਹਾ ਸਾਂ।
ਸੋਚਦਿਆਂ,ਬੀਤੇ ’ਚ ਵਾਪਰਿਆ ਕਈ ਕੁਝ ਯਾਦ ਆਉਣ ਲੱਗਿਆ।
ਕੰਵਰ ਮਹਿੰਦਰ ਸਿੰਘ ਬੇਦੀ, ਜੋ ਉਰਦੂ ਦਾ ਬਹੁਤ ਹੀ ਉੱਚ-ਪਾਏ ਦਾ ਸ਼ਾਇਰ, ਲੇਖਕ ਤੇ ਫਿਲਮਕਾਰ ਰਾਜਿੰਦਰ ਸਿੰਘ ਬੇਦੀ ਦਾ ਭਰਾ ਸੀ, ਗੁੜਗਾਉਂ ਡੀ.ਸੀ. ਲੱਗਿਆ ਹੁੰਦਾ ਸੀ। ਉਹ ਪਿਤਾ ਜੀ ਦਾ ਲਾਹੌਰ ਦਾ ਜਮਾਤੀ ਸੀ। ਜਿਗਰੀ ਯਾਰ ਅਤੇ ਸ਼ਿਕਾਰ ਦਾ ਸ਼ੁਕੀਨ। ਇਕ ਵਾਰ ਉਹ ਸਾਡੇ ਪਿੰਡ ਦੇ ਸੱਜੇ ਖੱਬੇ ਲੰਘਦੀਆਂ ਨਹਿਰਾਂ ’ਤੇ ਤਿੱਤਰਾਂ ਦਾ ਸ਼ਿਕਾਰ ਖੇਡਣ ਆਇਆ ਆਪਣੇ ਤਿੰਨ ਹੋਰ ਹਰਿਆਣਵੀ ਸ਼ਿਕਾਰੀ ਮਿੱਤਰਾਂ ਨਾਲ ਸਾਡੇ ਘਰ ਰਾਤ ਠਹਿਰਿਆ ਹੋਇਆ ਸੀ। ਰਾਤ ਨੂੰ ਕੋਠਿਆਂ ਦੀ ਲੰਬੀ ਛੱਤ ਉਤੇ ਮੰਜੇ ਡਾਹੇ ਹੋਏ ਸਨ। ਰੋਟੀ ਖਾਣ ਤੋਂ ਬਾਅਦ, ਦੁੱਧ ਪੀਂਦਿਆਂ, ਚੰਨ-ਚਾਨਣੀ ਰਾਤ ਵਿਚ ਪਿਤਾ ਜੀ ਤੇ ਬੇਦੀ ਹੁਰੀਂ ਬੀਤੇ ਨੂੰ ਯਾਦ ਕਰ ਕਰ ਹੱਸ ਰਹੇ ਸਨ। ਟਿਕੀ ਰਾਤ ਵਿਚ ਉਨ੍ਹਾਂ ਦਾ ਹਾਸਾ-ਠੱਠਾ ਵਾਹਵਾ ਦੂਰ ਤਕ ਸੁਣਾਈ ਦਿੰਦਾ ਸੀ। ਮੈਂ ਉਨ੍ਹਾਂ ਦੀ ਟਹਿਲ-ਸੇਵਾ ਕਰ ਰਿਹਾ ਸਾਂ। ਸੋਟੀਆਂ ’ਤੇ ਵਲ੍ਹੇਟੀਆਂ ਹੋਈਆਂ ਮੱਛਰਦਾਨੀਆਂ ਲੈ ਕੇ ਪੌੜੀ ਚੜ੍ਹਦਿਆਂ ਮੈਨੂੰੂ ਬੇਦੀ ਸਾਹਬ ਦੀ ਆਵਾਜ਼ ਸੁਣੀ, ‘‘ਸੁਣਾ ਭਾਊ! ਕਦੇ ਗਿਆ ਨਹੀਂ ਲੌ੍ਹਰ? ਤੇਰੀ ਸੁਰੱਈਆ ਦਾ ਕੀ ਹਾਲ ਹੈ? ਮਿਲੀ ਊ ਕਦੀ ਕਿ ਮਰ ਮੁੱਕ ਈ ਗਈ ਊ?’’
ਮੈਨੂੰ ਉਤਾਂਹ ਆਇਆ ਵੇਖ ਕੇ ਸਾਰੇ ਚੁੱਪ ਕਰ ਗਏ ਸਨ। ਮੈਂ ਉਦੋਂ ਸੱਤਵੀਂ-ਅੱਠਵੀਂ ’ਚ ਹੋਵਾਂਗਾ। ਸੂਝ ਕੱਚੀ ਹੋਣ ਕਰ ਕੇ ਮੇਰੇ ਲਈ ਉਦੋਂ ਇਹ ਗੱਲਾਂ ਕੋਈ ਅਰਥ ਨਹੀਂ ਰੱਖਦੀਆਂ ਸਨ ਭਾਵੇਂ ਕਿ ਮੈਨੂੰ ਮਹਿਸੂਸ ਹੋਇਆ ਸੀ ਕਿ ਇਹ ਗੱਲ ਕੰਵਰ ਨੇ ਬਾਪੂ ਜੀ ਨੂੰ ਹੀ ਕਹੀ ਹੈ। ਉਂਜ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਉਦੋਂ ਬਾਪੂ ਜੀ ਨੇ ਮੇਰੇ ਵੱਲ ਵੇਖ ਕੇ ਮੂੰਹ ਭੁਆ ਲਿਆ ਸੀ।
…ਤੇ ਇਸੇ ਤਰ੍ਹਾਂ ਸਾਲ ਕੁ ਪਹਿਲਾਂ ਸ਼ਰਾਬੀ ਹੋਏ ਚਾਚੇ ਪ੍ਰਕਾਸ਼ ਨੇ ਬਾਪੂ ਜੀ ਨੂੰ ਮਿਹਣਾ ਮਾਰਿਆ ਸੀ, ‘‘ਮੈਂ ਜਾਣਦਾਂ ਤੈਨੂੰ ਵੱਡੇ ਨਵਾਬ ਨੂੰ। ਦੁਆਨੀ ਦੀ ਮੁਸਲੀ ਪਿੱਛੇ ਬਾਰਡਰ ਟੱਪ-ਟੱਪ ਕੇ ਜਾਨੈਂ। ਭਾਵੇਂ ਬਾਰਡਰ ਲੰਘਣ ਲੱਗਿਆਂ ਕੋਈ ਗੋਲੀ ਮਾਰ ਕੇ ਮਾਰ ਦੇਵੇ। ਪਿੱਛੇ ਇਨ੍ਹਾਂ ਜੁਆਕਾਂ ਦਾ ਕੀ ਬਣੂੰ?’’ ਹਿੰਦ-ਪਾਕਿ ਵੰਡ ਹੋਈ ਨੂੰ ਉਨ੍ਹਾਂ ਦਿਨਾਂ ’ਚ ਚੌਵੀ-ਪੰਝੀ ਵਰ੍ਹੇ ਹੋ ਚੁੱਕੇ ਸਨ।
ਯਾਦ ਆ ਰਿਹਾ ਸੀ ਕਿ ਬਾਪੂ ਜੀ ‘ਵਲਟੋਹੇ ਚੱਲਿਆ’ ਕਹਿ ਕੇ ਕਈ ਕਈ ਦਿਨ ਘਰ ਨਹੀਂ ਸੀ ਮੁੜਦੇ ਹੁੰਦੇ। ਖੇਮਕਰਨ ਲਾਗੇ ਹਿੰਦ-ਪਾਕਿ ਸਰਹੱਦ ’ਤੇ ਵਸਿਆ ਪਿੰਡ ਵਲਟੋਹਾ ਸਾਡੇ ਪੁਰਖਿਆਂ ਦਾ ਪਿੰਡ ਹੈ। ਉਨ੍ਹੀਂ ਦਿਨੀਂ ਸਰਹੱਦ ’ਤੇ ਤਾਰ ਵੀ ਨਹੀਂ ਸੀ ਲੱਗੀ ਹੁੰਦੀ। ਲੁਕ-ਛਿਪ ਕੇ ਪਾਰ ਲੰਘ ਜਾਣਾ ਉਨ੍ਹਾਂ ਦਿਨਾਂ ’ਚ ਬਹੁਤਾ ਔਖਾ ਕੰਮ ਨਹੀਂ ਹੁੰਦਾ ਹੋਵੇਗਾ।
ਹੁਣ, ਆਪਣੇ ਹੱਥਾਂ ’ਚ ਤਸਵੀਰ ਫੜੀ ਬੈਠਾ, ਮੈਂ ਇਨ੍ਹਾਂ ਗੱਲਾਂ ਨੂੰ ਤਸਵੀਰ ਵਿਚਲੀ ਕੁੜੀ ਨਾਲ ਮੇਲ ਕੇ ਵੇਖ ਰਿਹਾ ਸਾਂ- ਇਹ ਕੁੜੀ ਬਾਪੂ ਜੀ ਨਾਲ ਪੜ੍ਹਦੀ ਰਹੀ ਹੋਵੇਗੀ। ਉਨ੍ਹਾਂ ਨੂੰ ਮੁਹੱਬਤ ਕਰਦੀ ਹੋਵੇਗੀ, ਨਹੀਂ ਤਾਂ ਆਪਣੀ ਤਸਵੀਰ ’ਤੇ ਇਹੋ ਜਿਹੇ ਮੋਹ ਭਰੇ ਸ਼ਬਦ ਲਿਖ ਕੇ ਕਦੋਂ ਕੋਈ ਕਿਸੇ ਨੂੰ ਦਿੰਦਾ ਹੈ? ਪਤਾ ਨਹੀਂ ਹੁਣ ਜਿਊਂਦੀ ਹੋਵੇਗੀ ਕਿ ਨਹੀਂ? ਵਾਰ ਵਾਰ ਮੇਰਾ ਧਿਆਨ ਤਾਏ ਭਾਗ ਵੱਲੋਂ ਬੋਲੇ ਹੋਏ ਸ਼ਬਦਾਂ ਵੱਲ ਜਾ ਰਿਹਾ ਸੀ। ਮੈਂ ਇਨ੍ਹਾਂ ਸ਼ਬਦਾਂ ਨੂੰ ਪੰਜਾਬੀ ’ਚ ਲਿਖ ਲਿਆ ਸੀ। ਸਲੇਟ ਵੱਲ ਵੇਖ, ਮੈਂ ਕਈ ਵਾਰ ਇਹ ਸ਼ਬਦ ਆਪ-ਮੁਹਾਰੇ ਹੀ ਦੁਹਰਾਅ ਗਿਆ ਸਾਂ।
ਯਾਦ ਆਈ ਇਕ ਹੋਰ ਗੱਲ ਨੇ ਇਸ ਸ਼ੱਕ ਨੂੰ ਪੱਕ ਵਿਚ ਬਦਲ ਦਿੱਤਾ ਸੀ।
ਬਾਪੂ ਜੀ ਆਪਣੇ ‘ਮਰਫੀ’ ਰੇਡੀਓ ਨੂੰ ਬਹੁਤ ਸੰਭਾਲ-ਸੰਭਾਲ ਕੇ ਰੱਖਦੇ ਸਨ। ਰੇਡੀਓ ਨੂੰ ਹੱਥ ਲਾਉਣ ਦੀ ਸਾਨੂੰ ਆਗਿਆ ਨਹੀਂ ਸੀ। ਉਹ ਦੱਸਦੇ ਹੁੰਦੇ ਸਨ ਕਿ ਇਹ ਰੇਡੀਓ ਉਨ੍ਹਾਂ ਨੇ ਪੰਜ ਸੌ ਅੱਸੀ ਰੁਪਏ ਦਾ ਉਦੋਂ ਖਰੀਦਿਆ ਸੀ ਜਦੋਂ ਇਕ ਕਿੱੱਲਾ ਜ਼ਮੀਨ ਦਾ ਮੁੱਲ ਕੇਵਲ ਤਿੰਨ ਸੌ ਰੁਪਏ ਹੁੰਦਾ ਸੀ। ਉਦੋਂ ਪਿੰਡ ਵਿਚੋਂ ਇਕੋ-ਇਕ ਰੇਡੀਓ ਹੁੰਦਾ ਸੀ। ਉਹ ਸ਼ਾਮ ਵੇਲੇ ਰੇਡੀਓ ਅਤੇ ‘ਬਿੱਲੀ’ ਵਾਲੀ ਬੈਟਰੀ ਨੂੰ ਮੇਜ਼ ’ਤੇ ਰੱਖ ਕੇ ਅਤੇ ਕੋਠੇ ਦੇ ਬਨੇਰੇ ’ਤੇ ਗੱਡੀ ਵੰਝੀ ਨਾਲ ‘ਏਰੀਅਲ’ ਜੋੜ ਕੇ ਬਹੁਤ ਚਾਅ ਨਾਲ ਸੁਣਦੇ ਹੁੰਦੇ ਸਨ। ਮੈਂ ਆਪ ਵੇਖਿਆ ਸੀ ਕਿ ਜਦੋਂ ਕਦੇ ਫਿਲਮੀ ਗਾਇਕਾ ਸੁਰੱਈਆ ਦਾ ਗਾਇਆ ਹੋਇਆ ਕੋਈ ਗਾਣਾ-ਖਾਸ ਤੌਰ ’ਤੇ ‘ਓ ਦੂਰ ਜਾਨੇ ਵਾਲੇ-ਵਾਅਦਾ ਨਾ ਭੂਲ ਜਾਨਾ’ ਰੇਡੀਓ ’ਤੇ ਚੱਲ ਰਿਹਾ ਹੁੰਦਾ ਤਾਂ ਉਹ ਨਾਲ ਨਾਲ ਗਾਉਂਦੇ ਹੋਏ ਚੁਟਕੀਆਂ ਵਜਾਉਣ ਲੱਗ ਪੈਂਦੇ ਸਨ ਅਤੇ ਉਨ੍ਹਾਂ ਦੇ ਚਿਹਰੇ ’ਤੇ ਅਜੀਬ ਕਿਸਮ ਦੀ ਰੌਣਕ ਆ ਜਾਂਦੀ ਸੀ। ਸੁਰੱਈਆ ਨਾਂ ਨਾਲ ਉਨ੍ਹਾਂ ਨੂੰ ਕਿੰਨਾ ਲਗਾਅ ਸੀ…?
ਬਾਪੂ ਜੀ ਦੇ ਮੁੜ ਆਉਣ ਤੋਂ ਪਹਿਲਾਂ ਹੀ ਮੈਂ ਤਸਵੀਰ ਅਤੇ ਪੱਤਰਾਂ ਨੂੰ ਉਸੇ ਤਰ੍ਹਾਂ ਹੀ ਹੀਰ ਵਿਚ ਟਿਕਾਅ ਕੇ ਉਸੇ ਥਾਂ ’ਤੇ ਰੱਖ ਦਿੱਤਾ ਸੀ। ਪੌੜੀ ਵੀ ਜਿੱਥੋਂ ਚੁੱਕੀ ਸੀ, ਉਸੇ ਥਾਂ ਟਿਕਾ ਦਿੱਤੀ ਸੀ।
ਛੋਟੇ ਜਿਹੇ ਦਿਨ ਪਿਤਾ ਜੀ ਸਸਕਾਰ ਕਰਵਾ ਕੇ ਪਰਤ ਆਏ ਸਨ। ਮੈਂ ਉਨ੍ਹਾਂ ਦੇ ਚਿਹਰੇ ਵੱਲ ਇਕ ਅਜੀਬ ਜਿਹੀ ਤੱਕਣੀ ਨਾਲ ਤੱਕਿਆ ਸੀ। ਉਨ੍ਹਾਂ ਦੇ ਚਿਹਰੇ ’ਤੇ ਜਵਾਨ ਭਤੀਜੇ ਦੀ ਅਣਹੋਣੀ ਮੌਤ ਦਾ ਪ੍ਰਛਾਵਾਂ ਸਾਫ ਵੇਖਿਆ ਜਾ ਸਕਦਾ ਸੀ।
ਬਾਪੂ ਜੀ ਕਾਫੀ ਖੂਬਸੂਰਤ ਸਨ ਪਰ ਸਖਤ ਸੁਭਾਅ। ਉਂਜ ਕਦੇ ਕਦੇ ਉਨ੍ਹਾਂ ਦਾ ਵਿਹਾਰ ਬੜਾ ਹੀ ਦੋਸਤਾਨਾ ਹੋ ਜਾਂਦਾ ਸੀ। ਜਿਨ੍ਹਾਂ ਦਿਨਾਂ ’ਚ ਉਨ੍ਹਾਂ ਦਾ ਲਹਿਜਾ ਮਿੱਤਰਮਈ ਹੁੰਦਾ, ਮਨ ’ਚ ਆਉਂਦਾ ਕਿ ਉਨ੍ਹਾਂ ਨੂੰ ਤਸਵੀਰ ਵਿਚਲੀ ‘ਸੁਰੱਈਆ’ ਬਾਰੇ ਪੁੱਛਿਆ ਜਾਏ। ਕਈ ਵਾਰ ਬੋਲ ਬੁੱਲ੍ਹਾਂ ’ਤੇ ਆ ਕੇ ਰੁਕ ਜਾਂਦੇ। ਉਨ੍ਹਾਂ ਦਾ ਸਖ਼ਤ ਸੁਭਾਅ ਅਤੇ ਬਚਪਨ ਵਿਚ ਨਿੱਕੀਆਂ-ਮੋਟੀਆਂ ਗਲਤੀਆਂ ਕਾਰਨ ਕਈ ਵਾਰ ਪਈ ਮਾਰ ਨੂੰ ਚਿਤਵ ਕੇ ਪੁੱਛਣ ਦਾ ਹੀਆ ਨਹੀਂ ਸੀ ਪੈਂਦਾ। …ਚੋਰੀ ਚੋਰੀ ਉਸ ਤਸਵੀਰ ਨੂੰ ਮੈਂ ਕਈ ਵਾਰ ਬਾਅਦ ’ਚ ਵੀ ਵੇਖਿਆ ਸੀ…।-ਉਰਦੂ ਲਿਖਣੀ ਵੀ ਸਿੱਖ ਲਈ ਸੀ।
ਵਕਤ ਆਪਣੀ ਚਾਲੇ ਚਲਦਾ ਰਿਹਾ। ਮੈਂ ਨੌਕਰੀ ਕਾਰਨ ਪਿੰਡ ਛੱਡ ਕੇ ਢੁੱਡੀਕੇ ਰਹਿਣ ਲੱਗ ਪਿਆ। ਮਹੀਨੇ ਵੀਹੀਂ ਦਿਨੀਂ ਜਦੋਂ ਵੀ ਪਿੰਡ ਜਾਂਦਾ, ਹਰੇਕ ਵਾਰ ਸੋਚ ਕੇ ਜਾਂਦਾ ਕਿ ਇਸ ਵਾਰ ‘ਸੁਰੱਈਆ’ ਵਾਲੀ ਗੱਲ ਪੁੱਛ ਹੀ ਲੈਣੀ ਹੈ। ਪ੍ਰੰਤੂ ਹਰ ਵਾਰ ਹੀ ਬੋਲ ਜੀਭ ’ਤੇ ਜੰਮ ਜਾਂਦੇ ਅਤੇ ਮੈਂ ਜਿਵੇਂ ਜਾਂਦਾ, ਉਂਜ ਦਾ ਉਂਜ ਹੀ ਮੁੜ ਆਉਂਦਾ ਸਾਂ।
ਕੁਝ ਵਰ੍ਹੇ ਪਹਿਲਾਂ ਬਾਪੂ ਜੀ ਦੀ ਮੌਤ ਤੋਂ ਦੋ ਕੁ ਸਾਲ ਪਹਿਲਾਂ ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ ਸੀ। ਉਦੋਂ ਉਹ ਅੱਸੀਆਂ ਦੇ ਨੇੜੇ-ਤੇੜੇ ਸਨ। ਕੁਝ ਦੇਰ ’ਚ ਹੀ ਉਹ ਸੰਭਲ ਗਏ ਸਨ। ਇਸ ਦੌਰਾਨ ਮੈਂ ਉਨ੍ਹਾਂ ਦਾ ਪਤਾ ਲੈਣ ਗਿਆ, ਇਕ ਰਾਤ ਪਿੰਡ ਹੀ ਰਹਿ ਪਿਆ ਸਾਂ। ਰਾਤ ਦੀ ਰੋਟੀ ਖਾ ਕੇ ਉਹ ਬਿਸਤਰੇ ਨੂੰ ਢੋਅ ਲਾ ਕੇ ਅਧਲੇਟੇ ਜਿਹੇ ਪਏ ਹੋਏ ਸਨ। ਮੈਂ ਵੀ ਉਨ੍ਹਾਂ ਦੇ ਨਾਲ ਵਾਲੇ ਮੰਜੇ ’ਤੇ ਟੇਢਾ ਜਿਹਾ ਹੋ ਕੇ ਪਿਆ ਹੋਇਆ ਸੀ। ਮੈਂ ਪੱਕਾ ਸੋਚਿਆ ਹੋਇਆ ਸੀ ਕਿ ਅੱਜ ਬਾਪੂ ਜੀ ਤੋਂ ‘ਸੁਰੱਈਆ’ ਵਾਲੀ ਗੱਲ ਪੁੱਛ ਹੀ ਲੈਣੀ ਹੈ, ਚਾਹੇ ਕੁਝ ਵੀ ਹੋ ਜਾਵੇ। ਮੈਂ ਕੁਝ ਦੇਰ ਪਹਿਲਾਂ ਹੀ ਪਾਕਿਸਤਾਨ ਦਾ ਚੱਕਰ ਲਾ ਕੇ ਆਇਆ ਸਾਂ। ਪਾਕਿਸਤਾਨ ਨੂੰ ਤੁਰਨ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਆਪਣੇ ਕਾਲਜ ਵਿਚਲੀਆਂ ਕਈ ਥਾਵਾਂ ’ਤੇ ਜਾਣ ਅਤੇ ਉਥੋਂ ਦੇ ਸੂਰਤ-ਏ-ਹਾਲ ਲਿਖ ਕੇ ਲਿਆਉਣ ਲਈ ਪੱਕੀ ਕੀਤੀ ਸੀ। ਬਹੁਤ ਬਲ ਦੇ ਕੇ ਦੱਸੀ ਹੋਈ ਥਾਂ, ਫਾਰਮਨ ਕ੍ਰਿਸ਼ਚੀਅਨ ਕਾਲਜ ਦੇ ਦਫਤਰ ਦੇ ਪਿਛਲੇ ਪਾਸੇ ਜੌੜੇ ਅੰਬਾਂ ਦੇ ਰੁੱਖਾਂ ਹੇਠ ਆਪਣੇ ਨਾਲ ਗਏ ਸਾਥੀਆਂ ਸਮੇਤ ਅੱਧਾ ਘੰਟਾ ਗੁਜ਼ਾਰ ਕੇ ਵੀ ਆਇਆ ਸਾਂ ਮੁੜਨ ’ਤੇ ਉਨ੍ਹਾਂ ਪੁੱਛਿਆ ਸੀ, ‘‘ਅੰਬਾਂ ਦੇ ਦੋਵੇਂ ਦਰਖਤ ਅਜੇ ਹੈਗੇ ਨੇ ਕਿ ਪੁੱਟ ਦਿੱਤੇ ਹੋਏ ਨੇ?’’ ਜਦੋਂ ਮੈਂ ਦੱਸਿਆ ਸੀ ਕਿ ਉਹ ਦੋਵੇਂ ਰੁੱਖ ਬਹੁਤ ਹੀ ਵੱਡੇ ਹੋਏ ਪਏ ਨੇ, ਪੂਰੇ ਫੈਲਰੇ ਹੋਏ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ ਰਿਹਾ। ਖੁਸ਼ੀ ਦੇ ਮਾਰੇ ਉਨ੍ਹਾਂ ਦੀਆਂ ਅੱਖਾਂ ’ਚ ਆਪ-ਮੁਹਾਰੇ ਅੱਥਰੂ ਆ ਗਏ ਸਨ। ਇਸ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਕਦੇ ਵੀ ਇੰਨੇ ਖੁਸ਼ ਨਹੀਂ ਸੀ ਵੇਖਿਆ। ਜਿਹੜੀ ਲਾਲੀ ਉਨ੍ਹਾਂ ਦੇ ਚਿਹਰੇ ਉੱਤੇ ਉਸ ਦਿਨ ਸੀ, ਬਿਆਨ ਨਹੀਂ ਕੀਤੀ ਜਾ ਸਕਦੀ। ਮੈਂ ਓਦਣ ਦਿਲੋਂ ਮਹਿਸੂਸ ਕੀਤਾ ਸੀ ਕਿ ਅੰਦਰਲੀ ਖੁਸ਼ੀ ਦੀ ਆਪਣੀ ਵੱਖਰੀ ਹੀ ਰੰਗਤ ਹੁੰਦੀ ਹੈ।
ਆਸ਼ੇ ਨੂੰ ਮੁੱਖ ਰੱਖ ਕੇ ਮੈਂ ਲਾਹੌਰ ਦੀਆਂ ਗੱਲਾਂ ਛੇੜ ਲਈਆਂ। ਮੈਂ ਤਾਂ ਗੱਲ ‘ਛੇੜਨ’ ਵਾਸਤੇ ਹੀ ਛੇਤੀ ਸੀ। ਲਾਹੌਰ ਦਾ ਨਾਂ ਸੁਣਦਿਆਂ ਸਾਰ ਹੀ ਉਨ੍ਹਾਂ ਨੂੰ ਚਾਅ ਚੜ੍ਹ ਗਿਆ ਲਗਦਾ ਸੀ। ਪਿਤਾ ਜੀ ਉਥੋਂ ਦੀਆਂ ਗੱਲਾਂ ਸੁਣਾਉਣ ਲਈ ਉੱਠ ਕੇ ਬਹਿ ਗਏ। ਉਹ ਪੂਰੇ ਟਹਿਕਰੇ ’ਚ ਲੈਅ-ਬੱਧ ਹੋ ਕੇ ਗੱਲਾਂ ਸੁਣਾ ਰਹੇ ਸਨ- ਪਾਕਪਟਨ ਦੇ ਨੇੜੇ ਆਪਣੀ ਜੰਮਣ ਭੌਂਇ ਚੱਕ ਨੰਬਰ ਛੱਬੀ, ਸਾਹੀਵਾਲ, ਕਸੂਰ ਅਤੇ ਲਾਹੌਰ ਦੀਆਂ ਗੱਲਾਂ। ਅਨਾਰਕਲੀ ਬਾਜ਼ਾਰ ਦੀਆਂ ਗੱਲਾਂ। ਇਸ ਸ਼ਹਿਰ ਨਾਲ ਖਹਿ, ਠਾਠਾਂ ਮਾਰ ਕੇ ਵਗਦੇ ਰਾਵੀ ਦਰਿਆ ਦੀਆਂ ਗੱਲਾਂ। ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ ਦੀਆਂ ਗੱਲਾਂ। ਕਿਲ੍ਹੇ ਦੇ ਦੱਖਣ ’ਚ ਦਰਵਾਜ਼ਿਓਂ ਬਾਹਰ ਮੱਲਾਂ ਦੇ ਅਖਾੜੇ ਦੀਆਂ ਗੱਲਾਂ। ਇਕ ਅੱਧੀ ਗੱਲ ਉਨ੍ਹਾਂ ਸ਼ਾਹੀ ਮਸਜਿਦ ਦੀ ਦੱਖਣੀ ਵੱਖੀ ’ਚ ਆਬਾਦ ਬਾਜ਼ਾਰ-ਏ-ਹੁਸਨ ਦੀ ਵੀ ਸੁਣਾ ਛੱਡੀ ਸੀ ਕਿ ਇਥੋਂ ਦੇ ਲੋਕ ਦਿਨੇ ਸੌਂਦੇ ਹਨ ਅਤੇ ਰਾਤ ਨੂੰ ਜਾਗਦੇ ਹਨ। ਮੈਂ ਹੁੰਗਾਰਾ ਭਰਦਿਆਂ ਉਨ੍ਹਾਂ ਨੂੰ ਲਾਹੌਰ ਕਾਲਜ ਦੀ ਕੋਈ ਗੱਲ ਸੁਣਾਉਣ ਲਈ ਆਖਿਆ, ਉਨ੍ਹਾਂ, ਆਪਣੇ ਇਕ ਜਮਾਤੀ ਦੀ ਮਾਂ ਨਾਲ ਇਕ ਰੰਗੀਨ ਤਬੀਅਤ ਪ੍ਰੋਫੈਸਰ ਦੀ ਇਕ ਪਾਸੜ ਪਿਆਰ ਦੀ ਬਹੁਤ ਹੀ ਮਜ਼ੇਦਾਰ ਗੱਲ ਸੁਣਾਈ। ਸੁਣ ਕੇ ਵੱਖੀਆਂ ਟੁੱਟਣ ਵਾਲੀਆਂ ਹੋ ਗਈਆਂ। ਲੋਹਾ ਪੂਰਾ ਗਰਮ ਵੇਖ ਕੇ ਮੈਂ ਆਪਣੀ ਸਾਰੀ ਤਾਕਤ ਇਕੱਠੀ ਕਰਕੇ ਸੱਟ ਮਾਰ ਦਿੱਤੀ, ‘‘ਬਾਪੂ ਜੀ! ਆਪਣੇ ਘਰ ‘ਹੀਰ’ ’ਚ ਇਕ ਤਸਵੀਰ ਪਈ ਐ, ਸੁਰੱਈਆ ਦੀ। ਉਹ ਕੁੜੀ ਕੌਣ ਸੀ?’’ ਜੀਭ ’ਤੇ ਚਿਰਾਂ ਦਾ ਜੰਮਿਆ ਹੋਇਆ ਸਵਾਲ ਪਿਘਲ ਕੇ ਸ਼ਬਦ ਰੂਪ ਧਾਰ ਗਿਆ ਸੀ। ਉਂਜ ਇਹ ਗੱਲ ਪੁੱਛਣ ਤੋਂ ਬਾਅਦ ਮੈਂ ਅੰਦਰੋਂ ਕੰਬ ਗਿਆ ਸਾਂ।
ਪਿਤਾ ਜੀ ਨੇ ਇਕਦਮ ਮੇਰੇ ਵੱਲ ਵੇਖਿਆ ਅਤੇ ਹੌਲੀ ਜਿਹੇ ਬੋਲੇ, ‘‘ਉਹ ਸੁਰੱਈਆ ਦੀ ਤਸਵੀਰ ਹੈ। ਉਹ ਮੇਰੀ ਜਮਾਤਣ ਸੀ…ਤੇ ਬੇਟੇ। ਉਹ ਨਾ… ਮੈਨੂੰ ਬਹੁਤ ਮੁਹੱਬਤ ਕਰਦੀ ਸੀ। ਉਹ ਥੋੜ੍ਹਾ ਜਿਹਾ ਠਹਿਰ ਕੇ ਫਿਰ ਬੋਲੇ, ‘‘ਐਫ.ਸੀ. ਕਾਲਜ ਵਾਲੇ ਜੌੜੇ ਅੰਬ ਮੇਰੇ ਅਤੇ ਸੁਰੱਈਆ ਦੇ ਹੱਥਾਂ ਨਾਲ ਲਾਏ ਹੋਏ ਨੇ। ਸੰਤਾਲੀ ਵਾਲੀ ਵੰਡ ਸਾਡੀ ਮੁਹੱਬਤ ਦੀਆਂ ਜੜ੍ਹਾਂ ’ਚ ਬਹਿ ਗਈ..ਨਹੀਂ ਤਾਂ ਜ਼ਿੰਦਗੀ ਕੁਝ ਹੋਰ ਹੀ…।’’
ਬਿਜਲੀ ਦੇ ਲਾਟੂ ਦੇ ਚਾਨਣ ’ਚ ਮੈਂ ਵੇਖਿਆ ਕਿ ਉਨ੍ਹਾਂ ਦੀਆਂ ਅੱਖਾਂ ’ਚੋਂ ਮੋਟੇ-ਮੋਟੇ ਹੰਝੂਆਂ ਦੀ ਘਰਾਲ ਉਨ੍ਹਾਂ ਦੀ ਦੁੱਧ-ਚਿੱਟੀ ਦਾੜ੍ਹੀ ’ਚ ਗੁਆਚ ਰਹੀ ਸੀ। ਕੁਝ ਦੇਰ ਬਾਅਦ ਉਹ ਲੰਮੇ ਪੈ ਗਏ। ਇਸ ਤੋਂ ਬਾਅਦ ਉਹ ਸਾਰੀ ਰਾਤ ਇਕ ਸ਼ਬਦ ਵੀ ਨਹੀਂ ਸਨ ਬੋਲੇ। ਉਨ੍ਹਾਂ ਦੀਆਂ ਸਿਸਕੀਆਂ ਦੀ ਆਵਾਜ਼ ਸਾਫ ਸੁਣਾਈ ਦੇ ਰਹੀ ਸੀ। ਚਾਹੁੰਦਾ ਹੋਇਆ ਵੀ ਮੈਂ ਹੋਰ ਕੁਝ ਨਹੀਂ ਸੀ ਪੁੱਛ ਸਕਿਆ¨ ਉਨ੍ਹਾਂ ਨੇ ਸਾਰੀ ਰਾਤ ਉਸਲਵੱਟੇ ਭੰਨਦਿਆਂ ਹੀ ਕੱਢ ਦਿੱਤੀ ਸੀ। ਮੈਨੂੰ ਵੀ ਸਾਰੀ ਰਾਤ ਨੀਂਦ ਨਹੀਂ ਸੀ ਆਈ।…. ਪਰ ਮੈਨੂੰ ਇਕ ਅਣਸੁਲਝੇ ਸਵਾਲ ਦਾ ਜਵਾਬ ਮਿਲ ਗਿਆ ਸੀ, ਉਸ ਸਵਾਲ ਦਾ ਜਿਸ ਨੂੰ ਮੈਂ ਪਿਛਲੇ ਤੀਹ ਸਾਲਾਂ ਤੋਂ ਪੁੱਛਣ-ਪੁੱਛਣ ਕਰਦਾ ਰਿਹਾ ਸਾਂ, ਪਰ ਪੁੱਛ ਨਹੀਂ ਸਕਿਆ । ਇਕ ਨਿੱਕੀ ਜਿਹੀ ਗੱਲ ਪੁੱਛਣ ਵਿਚ ਮੈਨੂੰ ਕਿੰਨੇ ਹੀ ਵਰ੍ਹੇ ਲੱਗ ਗਏ ਸਨ।
 
Top