ਨਾਰਸਿਸਸ

Mandeep Kaur Guraya

MAIN JATTI PUNJAB DI ..
ਇਕ ਵਾਰ ਨਾਰਸਿਸਸ ਨਾਂ ਦਾ ਇਕ ਲੜਕਾ ਸੀ। ਉਹ ਬਹੁਤ ਸੁੰਦਰ ਸੀ, ਸਾਰੇ ਉਸਦੀ ਪ੍ਰਸ਼ੰਸਾ ਕਰਦੇ ਹੁੰਦੇ ਸਨ ਪਰ ਉਹ ਖ਼ੁਦ ਨੂੰ ਦੂਜਿਆਂ ਦੀਆਂ ਨਜ਼ਰਾਂ ਤੋਂ ਦੂਰ ਰੱਖਦਾ ਅਤੇ ਇਕੱਲਿਆਂ ਰਹਿਣਾ ਹੀ ਪਸੰਦ ਕਰਦਾ ਸੀ। ਉਸਨੂੰ ਮਿੱਤਰ ਬਣਾਉਣ 'ਚ ਬਿਲਕੁਲ ਦਿਲਚਸਪੀ ਨਹੀਂ ਸੀ। ਉਹ ਅਜੇ ਛੋਟਾ ਬੱਚਾ ਹੀ ਸੀ, ਜਦੋਂ ਉਸਦੀ ਮਾਂ, ਉਸਨੂੰ ਇਕ ਪੈਗੰਬਰ ਕੋਲ ਲੈ ਗਈ, ਜੋ ਉਸਦਾ ਭਵਿੱਖ ਦੇਖ ਸਕਦਾ ਸੀ ਅਤੇ ਇਹ ਕਹਿ ਸਕਦਾ ਸੀ ਕਿ ਜੋ ਉਸ ਨਾਲ ਸਲਾਹ ਕਰ ਚੁੱਕੇ ਸਨ, ਉਨ੍ਹਾਂ ਦਾ ਕੀ ਹੋਵੇਗਾ। ਪੈਗੰਬਰ ਦਾ ਕਹਿਣਾ ਸੀ ਕਿ ਨਾਰਸਿਸਸ ਜਦੋਂ ਤਕ ਉਹ ਖ਼ੁਦ ਨੂੰ ਪਛਾਣਦਾ ਨਹੀਂ, ਉਦੋਂ ਤਕ ਉਸ ਲਈ ਸਭ ਕੁਝ ਸਹੀ ਹੋਵੇਗਾ।
ਨਾਰਸਿਸਸ ਦੀ ਮਾਂ ਨੂੰ ਇਹ ਸ਼ਬਦ ਕਾਫੀ ਉਲਝਣ ਭਰੇ ਲੱਗੇ। ਉਸਨੂੰ ਸਮਝ ਨਾ ਆਈ ਕਿ ਇਸ ਪੈਗੰਬਰ ਦੇ ਕਹਿਣ ਦਾ ਅਰਥ ਕੀ ਸੀ। ਉਸਨੇ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਉਨ੍ਹਾਂ ਗੱਲਾਂ ਦਾ ਸਪੱਸ਼ਟੀਕਰਨ ਮੰਗਿਆ ਪਰ ਕੋਈ ਵੀ ਉਸਨੂੰ ਕੁਝ ਦੱਸ ਨਾ ਸਕਿਆ।
ਜਿਵੇਂ ਕਿ ਪਹਿਲਾਂ ਕਿਹਾ ਜਾ ਚੁੱਕਾ ਹੈ ਕਿ ਨਾਰਸਿਸਸ ਬਹੁਤ ਸੁੰਦਰ ਲੜਕਾ ਸੀ। ਸ਼ਿਕਾਰ ਉਸਦੀ ਮਨਪਸੰਦ ਖੇਡ ਸੀ। ਅਕਸਰ ਉਹ ਆਪਣਾ ਤੀਰਕਮਾਨ ਚੁੱਕਦਾ ਅਤੇ ਜੰਗਲ ਵਿਚ ਸ਼ਿਕਾਰ ਦੀ ਭਾਲ 'ਚ ਘੁੰਮਦਾ ਰਹਿੰਦਾ। ਉਹ ਆਪਣੇ ਆਪ ਵਿਚ ਖੁਸ਼ ਸੀ।
ਇਕ ਦਿਨ ਉਸਨੇ ਕਿਸੇ ਜਾਨਵਰ ਨੂੰ ਲੱਭਣਾ ਆਰੰਭ ਕੀਤਾ। ਉਸਨੇ ਕਈ ਘੰਟੇ ਲਗਾਏ ਪਰ ਕੋਈ ਜਾਨਵਰ ਨਾ ਮਿਲਿਆ। ਉਸਨੂੰ ਪਸੀਨਾ ਆ ਗਿਆ ਸੀ ਅਤੇ ਉਹ ਥੱਕ ਗਿਆ ਸੀ। ਉਹ ਪਾਣੀ ਪੀਣਾ ਚਾਹੁੰਦਾ ਸੀ ਅਤੇ ਕਿਸੇ ਠੰਡੇ ਛਾਂਦਾਰ ਸਥਾਨ 'ਤੇ ਆਰਾਮ ਕਰਨਾ ਚਾਹੁੰਦਾ ਸੀ। ਉਹ ਅਜਿਹਾ ਸਥਾਨ ਇਧਰ-ਓਧਰ ਲੱਭਣ ਲੱਗਾ ਅਤੇ ਕੁਝ ਸਮੇਂ ਪਿੱਛੋਂ ਉਸਨੂੰ ਝਾੜੀਆਂ ਵਿਚ ਇਕ ਚਸ਼ਮਾ (ਪਾਣੀ ਦਾ ਸ੍ਰੋਤ) ਮਿਲਿਆ। ਪਾਣੀ ਕਾਫੀ ਸਾਫ਼-ਸਵੱਛ ਸੀ ਅਤੇ ਜਿਉਂ ਹੀ ਪਿਆਸਾ ਨਾਰਸਿਸਸ ਪਾਣੀ ਪੀਣ ਲਈ ਝੁਕਿਆ ਤਾਂ ਇਕਦਮ ਰੁਕਿਆ, ਸਾਫ਼ ਪਾਣੀ ਵਿਚ ਇਕ ਸੁੰਦਰ ਜਿਹਾ ਚਿਹਰਾ ਉਸਦੇ ਸਾਹਮਣੇ ਸੀ। ਇਹ ਉਸਦਾ ਆਪਣਾ ਪਰਛਾਵਾਂ ਸੀ ਪਰ ਉਹ ਇਸਨੂੰ ਅਨੁਭਵ ਨਹੀਂ ਕਰ ਸਕਿਆ। ਉਹ ਹੈਰਾਨੀ ਨਾਲ ਪਾਣੀ 'ਚੋਂ ਝਲਕਦੇ ਉਸ ਪਰਛਾਵੇਂ ਨੂੰ ਨਿਹਾਰਦਾ ਰਿਹਾ। ਜਿੰਨਾ ਜ਼ਿਆਦਾ ਉਹ ਉਸ ਪਰਛਾਵੇਂ ਨੂੰ ਦੇਖਦਾ ਜਾਂਦਾ, ਓਨਾ ਹੀ ਉਹ ਜ਼ਿਆਦਾ ਸੁੰਦਰ ਹੁੰਦਾ ਜਾਂਦਾ।
ਨਾਰਸਿਸਸ, ਜਿਸਦੇ ਪ੍ਰਸ਼ੰਸਕ ਉਸਨੂੰ ਬਹੁਤ ਪਿਆਰ ਕਰਦੇ ਸਨ, ਆਪਣੇ ਹੀ ਪ੍ਰਤੀਬਿੰਬ ਨਾਲ ਗਹਿਰਾ ਪਿਆਰ ਕਰਨ ਲੱਗਾ। ਉਹ ਪਾਣੀ 'ਚੋਂ ਝਲਕਦੇ ਆਪਣੇ ਹੀ ਪਰਛਾਵੇਂ ਤੋਂ ਨਜ਼ਰਾਂ ਨਾ ਹਟਾ ਸਕਿਆ। ਉਹ ਉਸ ਨਾਲ ਗੱਲ ਕਰਦਾ ਤਾਂ ਇੰਝ ਲੱਗਦਾ ਕਿ ਉਹ ਪਰਛਾਵਾਂ ਵੀ ਉਸਦਾ ਜਵਾਬ ਨਾਲ ਹੀ ਦਿੰਦਾ ਸੀ। ਉਹ ਉਸਨੂੰ ਦੇਖ ਕੇ ਮੁਸਕਰਾਉਂਦਾ ਤਾਂ ਉਹ ਵੀ ਇੰਝ ਹੀ ਕਰਦਾ।
ਨਾਰਸਿਸਸ ਇਸਨੂੰ ਛੂਹਣਾ ਚਾਹੁੰਦਾ ਸੀ ਪਰ ਉਸਦੇ ਹੱਥ ਦੀ ਛੋਹ ਨਾਲ ਪਾਣੀ ਦੀ ਸਤਹ ਗੜਬੜਾ ਗਈ ਅਤੇ ਪਰਛਾਵਾਂ ਧੁੰਦਲਾ ਪੈ ਗਿਆ। ਜਦੋਂ ਉਸਨੇ ਆਪਣਾ ਹੱਥ ਪਾਣੀ 'ਚੋਂ ਬਾਹਰ ਕੱਢਿਆ ਤਾਂ ਕੁਝ ਦੇਰ ਪਿੱਛੋਂ ਉਹੀ ਚਿਹਰਾ ਫਿਰ ਪਾਣੀ 'ਚੋਂ ਉੱਭਰ ਆਇਆ। ਉਸਨੇ ਮੁੜ ਉਸਨੂੰ ਛੋਹਣਾ ਚਾਹਿਆ ਤਾਂ ਉਹ ਫਿਰ ਧੁੰਦਲਾ ਹੋ ਗਿਆ। ਹੱਥ ਹਟਾਉਣ 'ਤੇ ਪਾਣੀ ਦੇ ਸਥਿਰ ਹੋ ਜਾਣ ਨਾਲ ਉਹ ਫਿਰ ਉੱਭਰ ਆਇਆ। ਉਸਨੂੰ ਆਪਣੀ ਨੁਹਾਰ ਨਾਲ ਹੀ ਪਿਆਰ ਹੋ ਗਿਆ ਸੀ, ਜੋ ਇਕ ਪਰਛਾਵਾਂ ਸੀ, ਜਿਸਦਾ ਕੋਈ ਠੋਸ ਰੂਪ ਨਹੀਂ ਸੀ।
ਨਾਰਸਿਸਸ ਨੂੰ ਨਾ ਭੁੱਖ ਲੱਗੀ ਸੀ ਅਤੇ ਨਾ ਹੀ ਉਹ ਨੀਂਦ ਮਹਿਸੂਸ ਕਰ ਰਿਹਾ ਸੀ। ਉਹ ਚਸ਼ਮੇ ਕੋਲ ਪੂਰਾ ਦਿਨ ਅਤੇ ਰਾਤ ਆਪਣੇ ਪਰਛਾਵੇਂ ਨੂੰ ਪਾਣੀ ਵਿਚ ਦੇਖਦਿਆਂ ਘਾਹ 'ਤੇ ਬੈਠਾ ਰਹਿੰਦਾ। ਹੌਲੀ-ਹੌਲੀ ਉਹ ਕਾਫੀ ਪਤਲਾ ਅਤੇ ਕਮਜ਼ੋਰ ਹੁੰਦਾ ਗਿਆ। ਅਖੀਰ ਇਕ ਦਿਨ ਉਹ ਮਰ ਗਿਆ।
ਜੰਗਲ ਅਤੇ ਪਾਣੀ ਦੀਆਂ ਦੇਵੀਆਂ ਨੂੰ ਆਪਣੇ ਪਿਆਰੇ ਨਾਰਸਿਸਸ ਦੀ ਮੌਤ 'ਤੇ ਗਹਿਰਾ ਦੁੱਖ ਹੋਇਆ। ਉਨ੍ਹਾਂ ਨੇ ਉਸਦੀ ਚਿਤਾ ਤਿਆਰ ਕੀਤੀ। ਹਾਰ ਬਣਾਉਣ ਪਿੱਛੋਂ ਉਹ ਉਸਨੂੰ ਚਿਤਾ ਵੱਲ ਲਿਜਾਣ ਲੱਗੀਆਂ। ਜਦੋਂ ਉਨ੍ਹਾਂ ਦੇ ਪਿਆਰੇ ਨਾਰਸਿਸਸ ਦਾ ਸਰੀਰ ਨਸ਼ਟ ਹੋਵੇਗਾ ਤਾਂ ਉਨ੍ਹਾਂ ਦੇ ਦੁੱਖ ਦੀ ਕਲਪਨਾ ਕੀਤੀ ਜਾ ਸਕਦੀ ਹੈ।
ਜਿਥੇ ਨਾਰਸਿਸਸ ਬੈਠਾ ਆਪਣੀ ਨੁਹਾਰ ਦੇਖਦਾ ਹੁੰਦਾ ਸੀ, ਉਥੇ ਸੁੰਦਰ ਸਫੈਦ ਪੱਤੀਆਂ ਅਤੇ ਸੁਨਹਿਰੀ ਕੇਂਦਰ ਵਾਲਾ ਨਰਗਿਸ ਦਾ ਫੁੱਲ ਉੱਗਿਆ। ਇਸਦਾ ਤਣਾ ਚਸ਼ਮੇ ਵੱਲ ਝੁਕਿਆ ਸੀ। ਇੰਝ ਲੱਗਦਾ ਸੀ ਜਿਵੇਂ ਨਾਰਸਿਸਸ ਦੇ ਵਾਂਗ ਇਹ ਵੀ ਪਾਣੀ 'ਚ ਆਪਣੀ ਸ਼ਕਲ ਨੂੰ ਨਿਹਾਲ ਰਿਹਾ ਹੋਵੇ। ਇਸੇ ਕਰਕੇ ਇਸ ਫੁੱਲ ਨੂੰ ਨਾਰਸਿਸਸ (ਨਰਗਿਸ) ਦਾ ਨਾਂ ਦਿੱਤਾ ਗਿਆ ਹੈ। ਇਹ ਸ਼ਾਂਤ ਚਸ਼ਮਿਆਂ ਦੇ ਕੋਲ ਉੱਗਦਾ ਹੈ ਅਤੇ ਇੰਝ ਲੱਗਦਾ ਹੈ ਜਿਵੇਂ ਇਹ ਨਾਰਸਿਸਸ ਦੇ ਵਾਂਗ ਹੀ ਪਾਣੀ 'ਚ ਆਪਣਾ ਅਕਸ ਤੱਕ ਰਿਹਾ ਹੋਵੇ।
 
Top