ਦੋ ਮੁਸਾਫਰ

“ਪਰ ਭੂਆ ਜੀ, ਕੀ ਵੀਰ ਜੀ ਨੇ ਕਿਸੇ ਬਾਰੇ ਕਦੇ ਇਤਰਾਜ਼ ਜਾਂ ਗਿਲਾ ਵੀ ਕੀਤਾ ਹੈ?”

“ਕਦੇ ਨਹੀਂ, ਇਹੋ ਤਾਂ ਬੇਟੀ ਉਸਦੀ ਖ਼ੂਬੀ ਹੈ।”

“ਪਤਨੀ ਜਾਂ ਬੱਚਿਆਂ ਬਾਰੇ?”

“ਉਹ ਤਾਂ ਆਖਦਾ ਹੈ ਕਿ ਸਮਾਂ ਬਦਲ ਗਿਆ ਹੈ। ਆਦਮੀ ਨੂੰ ਸਮੇਂ ਅਤੇ ਹਾਲਾਤ ਅਨੁਸਾਰ ਬਦਲ ਜਾਣਾ ਚਾਹੀਦੈ। ਉਸ ਦਾ ਕਹਿਣਾ ਹੈ ਕਿ ਉਸ ਵਾਂਗ ਉਸਦੇ ਬੱਚੇ, ਕਿਉਂ ਆਪਣੇ ਮਾਪਿਆਂ ਵਰਗੀ ਜ਼ਿੰਦਗੀ ਜੀਉਣ? ਉਨ੍ਹਾਂ ਨੂੰ ਮਨ ਮਰਜ਼ੀ ਨਾਲ਼ ਆਪਣੀ ਜ਼ਿੰਦਗੀ ਜੀਉਣ ਦਾ ਪੂਰਾ ਹੱਕ ਹੋਣਾ ਚਾਹੀਦੈ। ਉਸ ਵਿਚਾਰੇ ਨੂੰ ਆਪਣੀ ਜ਼ਿੰਦਗੀ ਘੱਟ, ਬਹੁਤੀ ਆਪਣੇ ਪਿਓ ਦੀ ਜਿੰਦਗੀ ਹੀ ਜੀਉਣੀ ਪਈ ਸੀ। ਉਸਦੇ ਪਿਓ ਵਾਂਗ, ਉਸਦੇ ਬਹੁਤੇ ਰਿਸ਼ਤੇ ਵੀ ਸੁਆਰਥੀ ਹੀ ਹਨ। ਇਹੋ ਕਿਸੇ ਵੱਖਰੀ ਮਿੱਟੀ ਦਾ ਬਣਿਆ ਹੋਇਆ ਏ!”

“ਫਿਰ ਕੋਈ ਤਾਂ ਸ਼ਿਕਾਇਤ ਹੋਵੇਗੀ ਜੋ ਕਈ ਵਾਰ ਉਨ੍ਹਾਂ ਦੀ ਉਦਾਸੀ ਦਾ ਕਾਰਣ ਬਣਦੀ ਹੈ।”

“ਨਿੱਕੇ ਮੋਟੇ ਇਤਰਾਜ਼ ਤਾਂ ਬੇਟੀ ਆਪਾਂ ਵੀ ਇੱਕ ਦੂਜੇ ਪ੍ਰਤੀ ਕਰ ਹੀ ਸਕਦੀਆਂ ਹਾਂ। ਉਹ ਤਾਂ ਆਪਣੇ ਪਰਿਵਾਰ, ਪਤਨੀ ਤੇ ਰਿਸ਼ਤਿਆਂ ਦੀ ਖੁਸ਼ੀ ਵਿੱਚ ਹੀ, ਆਪਣੀ ਖੁਸ਼ੀ ਸਮਝਦਾ ਹੈ। ਸ਼ਾਇਦ ਥੋੜ੍ਹੇ ਸਮੇਂ ਲਈ ਉਸਦੀ ਪਤਨੀ ਵੀ ਮਿਲਣ ਆ ਜਾਵੇ!”

“ਇਸਦਾ ਮਤਲਬ ਤੁਹਾਡੇ ਵਾਂਗ ਭਾਅ ਜੀ ਵੀ, ਆਪਣੀ ਖੁਸ਼ੀ ਨਾਲ਼ ਹੀ ਇੱਥੇ ਰਹਿੰਦਾ ਹੈ।”

“ਹੋਰ ਉਹ ਕਿਸੇ ਨਾਲ਼ ਲੜ ਕੇ ਆਇਆ ਹੋਇਐ? ਸਾਲ ਵਿੱਚ ਹੁਣ ਮੈਂ ਵੀ ਤਾਂ ਅੱਠ-ਨੌਂ ਮਹੀਨੇ ਏਥੇ ਹੀ ਗੁਜ਼ਾਰਦੀ ਹਾਂ। ਮੇਰਾ ਪ੍ਰਵਾਰ ਮੈਨੂੰ ਬੜਾ ਪਿਆਰ ਕਰਦਾ ਹੈ। ਪਰ ਬਹੂਆਂ-ਬੇਟੇ ਕੰਮਾਂ ਕਾਰਾਂ ਵਿਚ ਰੁਝੇ ਰਹਿੰਦੇ ਹਨ। ਉਹਨਾਂ ਦੇ ਬੱਚਿਆਂ ਦੀ ਆਪਣੀ ਦੁਨੀਆਂ ਹੈ। ਕਈ ਵਾਰ, ਉਹਨਾਂ ਦੇ ਘਰ ਹੁੰਦੇ-ਸੁੰਦੇ ਵੀ ਮੈਂ ਇਕੱਲ ਮਹਿਸੂਸਦੀ ਹਾਂ। ਖਾਸ ਕਰ ਉਦੋਂ ਤੋਂ, ਜਦੋਂ ਦੇ ਤੇਰੇ ਫੁਫੱੜ ਜੀ ਮੈਨੂੰ ਸਦੀਵੀ ਵਿਛੋੜਾ ਦੇ ਗਏ ਹਨ। ਤੇਰੇ ਭਾਅ ਜੀ ਦਾ ਹਾਲ ਵੀ ਸ਼ਾਇਦ ਮੇਰੇ ਵਰਗਾ ਹੀ ਹੋਵੇ!”

“ਤਾਂ ਹੀ ਤੁਹਾਡੀ ਸੁਰ ਰਲ਼ਦੀ ਹੈ।”

“ਹਾਂ, ਇੱਕ ਦੂਜੇ ਨਾਲ਼ ਗੱਲਾਂ-ਬਾਤਾਂ ਕਰਦਿਆਂ ਵਕਤ ਗੁਜ਼ਰ ਜਾਂਦਾ ਹੈ। ਪਰ ਮੈਂ ਜਦੋਂ ਵੀ ਵਲੈਤੋਂ ਭਾਰਤ ਆਵਾਂ ਤਾਂ ਤੂੰ ਮੇਰੇ ਕੋਲ਼ ਹੀ ਰਿਹਾ ਕਰ। ਇੱਥੋਂ ਤੇਰਾ ਕਾਲਜ ਵੀ ਨੇੜੇ ਆ।”

“ਹੁਣ ਤਾਂ ਸੜਕਾਂ ਨੇ ਪਿੰਡ, ਸ਼ਹਿਰਾਂ ਨਾਲ਼ ਹੀ ਜੋੜ ਦਿੱਤੇ ਐ।”

“ਤੇਰਾ ਭਾਅ ਜੀ ਵੀ ਇਹੋ ਗੱਲ ਕਰਦਾ ਸੀ ਕਿ ਸੜਕਾਂ ਨੇ ਪਿੰਡਾਂ ਨੂੰ ਦਿੱਤਾ ਵੀ ਬੜਾ ਕੁੱਝ ਹੈ, ਤੇ ਥੋੜ੍ਹਾ ਖੋਹਿਆ ਵੀ ਹੈ! ਪਰ ਏਸ ਤਬਦੀਲੀ ਨੂੰ ਉਹ ਕੁਦਰਤੀ ਪ੍ਰਕਿਰਿਆ ਸਮਝਦਾ ਹੈ; ਇਸ ਕਰਕੇ ਬੀਤੇ ਦੀਆਂ ਕਬਰਾਂ ਪੁੱਟਣ ਦਾ ਆਦੀ ਨਹੀਂ ਹੈ।”

“ਪਰ ਕਈ ਵਾਰੀ ਐਵੇਂ ਹੱਦੋਂ ਵੱਧ ਜਜ਼ਬਾਤੀ ਹੋ ਜਾਂਦਾ।”

“ਹਾਂ, ਇਹ ਔਗੁਣ ਉਸ ਵਿੱਚ ਜ਼ਰੂਰ ਹੈ। ਉਸ ਲਈ ਔਗੁਣ, ਪਰ ਦੂਜਿਆਂ ਵਾਸਤੇ ਗੁਣ!”

“ਉਸ ਦਿਨ ਐਵੇਂ ਇੱਕ ਬੱਚੇ ਦੀ ਖਾਤਰ ਸਭ ਦੀ ਜ਼ਿੰਦਗੀ ਖ਼ਤਰੇ ਵਿੱਚ ਪਾ ਦਿੱਤੀ ਸੀ। ਏਦਾਂ ਦੇ ਹਾਦਸੇ ਤਾਂ ਨਿੱਤ ਹੁੰਦੇ ਰਹਿੰਦੇ ਆ।”

“ਇਸੇ ਕਰਕੇ ਤਾਂ ਕਈ ਲੋਕ ਇਸਨੂੰ ਸੌਖੇ ਹੀ ਬਲੈਕ ਮੇਲ ਕਰਨ ਵਿੱਚ ਸਫਲ ਹੋ ਜਾਂਦੇ ਹਨ।”

“ਦੇਖਿਆ ਜਾਵੇ ਤਾਂ ਇਹ ਬਹਾਦਰੀ ਵਾਲ਼ੀ ਗੱਲ ਵੀ ਹੈ। ਅਜਿਹਾ ਹਾਦਸਾ ਕਿਸੇ ਦਿਨ, ਸਾਡੇ ਕਿਸੇ ਆਪਣੇ ਨਾਲ਼ ਵੀ ਵਾਪਰ ਸਕਦਾ; ਫਿਰ ਅਸੀਂ ਕਿੱਥੇ ਖੜ੍ਹਾਂਗੇ?”
ਸਮਾਂ ਆਪਣੀ ਤੋਰੇ ਤੁਰਦਾ ਰਹਿੰਦਾ ਹੈ। ਲੌਢਾ ਵੇਲਾ, ਸ਼ਾਮ ਵਿੱਚ ਤੇ ਫਿਰ ਸ਼ਾਮ, ਰਾਤ ਵਿੱਚ ਬਦਲ ਗਈ ਸੀ।

ਸੋਨੀਆ, ਆਪਣੀ ਭੂਆ ਨਾਲ਼ ਰਸੋਈ ਦੇ ਕੰਮ ਵਿੱਚ ਮਗਨ ਸੀ ਜਦੋਂ ਅਜੀਤ ਨੇ ਹਾਕ ਮਾਰ ਕੇ ਆਖਿਆ, ” ਸੋਨੀਆ, ਬੇਟੇ, ਮੈਨੂੰ ਥੋੜ੍ਹਾ ਸਲਾਦ ਕੱਟ ਕੇ ਦੇ ਜਾ।”

ਸੋਨੀਆ ਦੀ ਭੂਆ ਅਤੇ ਅਜੀਤ ਦੀ ਉਮਰ ਵਿੱਚ, ਬਹੁਤਾ ਫਰਕ ਨਾ ਹੋਣ ਕਾਰਣ, ਅਜੀਤ ਸੋਨੀਆਂ ਨੂੰ ‘ਬੇਟਾ’ ਆਖ ਕੇ ਹੀ ਬੁਲਾਉਂਦਾ ਸੀ।

ਰਸੋਈ ਵਿੱਚ ਖੜ੍ਹੀ ਸੋਨੀਆ, ਕਦੇ ਆਪਣੀ ਭੂਆ ਦਾ ਚਿਹਰਾ ਪੜ੍ਹਨ ਦੀ ਕੋਸ਼ਿਸ਼ ਕਰਦੀ ਅਤੇ ਕਦੇ ਅਜੀਤ ਦਾ। ਉਸ ਦੇ ਮਨ ਵਿੱਚ ਇੱਕ ਪ੍ਰਸ਼ਨ ਜਾਗਿਆ – ਸਮੇਂ ਦੇ ਬੀਤਣ ਨਾਲ਼, ਕੀ ਇਹ ਦੋਵੇਂ ਤਰਸ ਦੇ ਪਾਤਰ ਬਣਕੇ ਰਹਿ ਜਾਣਗੇ? ਇੱਕ ਹਉਕਾ ਜਿਹਾ ਉਸਦੇ ਧੁਰ ਅੰਦਰੋਂ ਉੱਠਿਆ, ਅਤੇ ਛੇਤੀਂ ਹੀ ਦਮ ਤੋੜ ਗਿਆ।

ਥੋੜ੍ਹੀ ਦੇਰ ਬਾਦ, ਉਸਦੀ ਸੋਚ ਨੇ ਪਲਟਾ ਖਾਧਾ “ਦਰਿਆ ਕਦੇ ਮਰਦੇ-ਮੁਕੱਦੇ ਨਹੀਂ, ਸਿਰਫ ਵਹਿਣ ਬਦਲਦੇ ਰਹਿੰਦੇ ਹਨ। ਇਹ ਸਭ ਕੁਦਰਤੀ ਹੈ। ਸੰਸਾਰੀ ਮੰਚ ਤੇ ਜੀਵਨ ਦਾ ਇਹ ਨਾਟਕ ਤਾਂ ਹਮੇਸ਼ਾ ਤੋਂ ਚਲਦਾ ਆਇਆ ਹੈ। ਚਲਦਾ ਰਹੇਗਾ ਵੀ; ਬੱਸ ਕਿਰਦਾਰ ਬਦਲਦੇ ਰਹਿੰਦੇ ਹਨ। ਜੋ ਗੱਲ ਪ੍ਰਕਿਰਤਕ ਹੈ, ਉਸ ’ਤੇ ਗਿਲਾ ਕਾਹਦਾ?”

“ਕੁੜੇ ਕੀ ਬੁੜਬੁੜਾ ਰਹੀਂ ਏਂ? ਕਿਹੜੀ ਦੁਨੀਆਂ ‘ਚ ਗੁੰਮ ਰਹੀ ਏਂ? ਕਿਸੇ ਨਾਲ਼ ਕੋਈ ਚੱਕਰ-ਵੱਕਰ ਤਾਂ ਨਹੀਂ ਚਲ ਰਿਹਾ?” ਭੂਆ ਦੇ ਮੂਹੋਂ ਇਹ ਬੋਲ ਸੁਣਦਿਆਂ ਹੀ ਉਹ ਚੌਂਕ ਪਈ। ਫਿਰ ਹੱਸਦੀ ਹੋਈ ਭੂਆ ਨੂੰ ਮੁਖਤਿਬ ਹੋਈ, “ਪਹਿਲਾਂ ਪੜ੍ਹਾਈ ਖਤਮ ਕਰਕੇ ਨੌਕਰੀ ਜੋਗੀ ਤਾਂ ਹੋ ਲਾਂ। ਫਿਰ ਕਿਤੇ ਚੱਕਰ ਵੀ ਚਲਾਊਂਗੀ। ਚੱਕਰ ਚਲਾਏ ਬਿਨਾਂ ਵੀ ਤਾਂ ਨਹੀਂ ਸਰਦਾ। ਹਾਂ ਹਾਲੇ ਕਦੇ ਕਦਾਈਂ, ਕਿਸੇ ਨੂੰ ਵਹਿਮ ਦਾ ਸ਼ਿਕਾਰ ਬਣਾ ਦੇਈਦਾ।”

“ਖਸਮਾਂ ਨੂੰ ਖਾਣੀਏ, ਏਦਾਂ ਕਰਦਿਆਂ ਹੀ ਬੰਦਾ ਅਚਾਨਕ ਖਾਈ ਵਿੱਚ ਜਾ ਡਿਗਦੈ।” ਭੂਆ ਨੇ ਚਿਤਾਵਨੀ ਦਿੱਤੀ। “ਨਹੀਂ ਭੂਆ ਜੀ, ਖਾਈ ਵਿੱਚ ਤਾਂ ਮੈਂ ਤੁਹਾਡੇ ਆਸਰੇ ਨਾਲ਼ ਹੀ ਡਿਗਾਂਗੀ। ਏਦਾਂ ਦੀ ਕੋਈ ਖਾਈ ਇੰਗਲੈਂਡ ਵਿੱਚ ਲੱਭ ਛੱਡਣੀ; ਮੈਂ ਬਿਨ ਸੋਚੇ ਸਮਝੇ ਛਾਲ਼ ਮਾਰ ਦਿਆਂਗੀ। ਜਿੱਦਾਂ ਬਾਕੀ ਲੋਕਾਂ ਨੇ ਮਾਰੀਆਂ ਹਨ।”

“ਪਤਾ ਨਹੀਂ ਬਦੇਸ਼ਾਂ ਦਾ ਝੱਲ ਕਿਉਂ ਏਨਾ ਸਿਰ ਚੜ੍ਹ ਕੇ ਬੋਲਣ ਲੱਗਾ ਏ!”

“ਤੁਹਾਡੇ ਸਿਰ ਵੀ ਤਾਂ ਚੜ੍ਹਿਆ ਹੀ ਹੋਵੇਗਾ?”

“ਨਹੀਂ ਕੁੜੇ, ਮੇਰੀ ਤਾਂ ਏਥੇ ਹੁੰਦਿਆਂ ਹੀ ਸ਼ਾਦੀ ਹੋ ਗਈ ਸੀ। ਨਾਲ਼ੇ ਇਹ ਸ਼ਾਦੀ ਮੇਰੇ ਅਤੇ ਤੇਰੇ ਫੁੱਫੜ ਵਿਚਕਾਰ ਨਹੀਂ ਸੀ ਹੋਈ, ਸਗੋਂ ਤੇਰੇ ਬਾਬੇ ਮਲੂਕ ਸਿੰਘ ਅਤੇ ਮੇਰੇ ਸਹੁਰੇ ਦਰਸ਼ਨ ਸਿੰਘ ਦੇ ਖਾਨਦਾਨਾਂ ਦਰਮਿਆਨ ਹੋਈ ਸੀ। ਦਸ ਸਾਲ ਸਹੁਰੇ ਘਰ ਦੀ ਗੁਲਾਮੀ ਕੀਤੀ। ਸੱਸ ਦੀ ਕੁੱਤੇਖਾਣੀ ਨੂੰ ਸਿਰ-ਮੱਥੇ ਝੱਲਿਆ। ਨਣਾਨ ਅਤੇ ਜਠਾਣੀ ਦੀਆਂ ਵਧੀਕੀਆਂ ਨਾਲ਼ ਸਮਝੌਤੇ ਕੀਤੇ। ਜੇਠ ਦੀ ਮੈਲ਼ੀ ਅੱਖ ਤੋਂ ਬਚੀ। ਸੱਸ ਦੀ ਬੇਇਨਸਾਫੀ ਅਤੇ ਬਦਸਲੂਕੀ ਨੂੰ ਹੱਥ ਦੀਆਂ ਲਕੀਰਾਂ ਸਮਝ ਕੇ ਦਿਨ-ਕਟੀ ਕੀਤੀ। ਹਾਂ ਇਹ ਗੱਲ ਵੱਖਰੀ ਕਿ ਵਲੈਤ ਜਾਣ ਦਾ ਚਾਅ ਬੜਾ ਸੀ।”

ਅਜੀਤ ਨੇ ਪਹਿਲਾ ਪੈੱਗ ਅੱਧਾ ਕੁ ਪੀਂਦਿਆਂ ਹਾਈ-ਫਾਈ ਤੇ ਕੋਈ ਰਾਗ ਲਾ ਦਿੱਤਾ। ਸੋਨੀਆ ਸ਼ਾਇਦ ਇਸ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ ਦਿਖਾ ਰਹੀ। ਇਸ ਕਾਰਣ ਹੀ ਅਜੀਤ ਨੇ ਕਿਹਾ ਹੋਵੇਗਾ, “ਬੇਟੀ, ਇਹ ਗਾਇਕਾ ਗਿਰਜਾ ਦੇਵੀ ਦਾ ਗਾਇਆ ਹੋਇਆ ਹੈ। ਇਹ ਗਾਇਕਾ ਬਨਾਰਸ ਘਰਾਣੇ ਨਾਲ਼ ਸੰਬੰਧ ਰੱਖਦੀ ਸੀ ਅਤੇ ਇਹ ਯਮਨ ਰਾਗ ਹੈ।”

ਸੋਨੀਆ ਚੁੱਪ-ਚਾਪ ਸੁਣਦੀ ਰਹੀ। ਫਿਰ ਪਤਾ ਨਹੀਂ ਕੀ ਸੋਚ ਕੇ ਪੁੱਛ ਬੈਠੀ, “ਭਾਅ ਜੀ ਤੁਹਾਨੂੰ ਔਰਤ ਗਾਇਕਾਵਾਂ ਵਿੱਚੋਂ ਸਭ ਤੋਂ ਵੱਧ ਕੌਣ ਪਸੰਦ ਏ?”

“ਸਰੀਰਕ ਖੂਬਸੂਰਤੀ ਦੇ ਪੱਖੋਂ ਜਾਂ ਗਾਇਕੀ ਪੱਖੋਂ?”

“ਗਾਇਕੀ ਪੱਖੋਂ,” ਹੱਸਦੇ ਹੋਏ ਸੋਨੀਆਂ ਨੇ ਆਖਿਆ।

“ਬਈ ਹਰ ਇੱਕ ਦੀ ਆਪੋ-ਆਪਣੀ ਖੂਬੀ ਹੁੰਦੀ ਆ। ਵੈਸੇ ਮੈਨੂੰ ਪਟਿਆਲ਼ੇ ਘਰਾਣੇ ਨਾਲ਼ ਸੰਬੰਧਿਤ, ਮੀਰਾ ਬੈਨਰਜੀ ਦੀ ਅਵਾਜ਼ ਬੜੀ ਟੁੰਬਦੀ ਹੈ।”

“ਪਤਾ ਲੱਗਾ ਤੁਸੀਂ ਆਪ ਵੀ ਗਾਉਂਦੇ ਹੋ!” ਸੋਨੀਆ ਹੋਰ ਜਾਣਨ ਲਈ ਉਤਸੁਕ ਜਾਪਦੀ ਸੀ।

“ਹਾਂ, ਕਿਸੇ ਜ਼ਮਾਨੇ ਗਾਉਂਦਾ ਹੁੰਦਾ ਸੀ ਪਰ ਗ੍ਰਹਿਸਥੀ ਜੀਵਨ ਤੋਰਨ ਲਈ, ਮੈਨੂੰ ਆਪਣੇ ਸ਼ੌਕਾਂ ਦੀ ਕੁਰਬਾਨੀ ਦੇਣ ਲਈ ਮਜਬੂਰ ਹੋਣਾ ਪਿਆ ਸੀ।”

“ਪਰ ਹੁਣ ਤਾਂ ਤੁਸੀਂ ਫਰੀ ਹੋ। ਦਿੱਲੀ ‘ਚ ਤੁਹਾਡੇ ਲੜਕਿਆਂ ਦਾ ਏਨਾ ਬੜਾ ਕਾਰੋਬਾਰ ਏ। ਵਧੇਰੇ ਕਰਕੇ, ਭਰਜਾਈ ਉੱਥੇ ਰਹਿੰਦੀ ਹੈ। ਹੁਣ ਤਾਂ ਤੁਹਾਨੂੰ ਰੋਕਣ-ਟੋਕਣ ਵਾਲਾ ਵੀ ਕੋਈ ਨਹੀਂ।”

“ਤੇਰੀ ਗੱਲ ਕਾਫੀ ਹੱਦ ਤੱਕ ਠੀਕ ਹੈ; ਪਰ ਬੇਟੀ, ਸੰਸਾਰਿਕ ਰੋਕਾਂ-ਟੋਕਾਂ ਬੜੀਆਂ ਜ਼ਾਲਿਮ ਹੁੰਦੀਆਂ! ਕੌਣ ਚਾਹੁੰਦਾ ਇਕੱਲੇ ਰਹਿਣਾ! ਰਿਆਜ਼ ਕਰਨ ਲੱਗੇ ਵੀ ਹੁਣ ਤਾਂ ਡਰੀਦਾ ਕਿ ਲੋਕ ਇਹ ਨਾ ਕਹਿਣ – ਇਹ ਕਿਉਂ ਤੜਕੇ ਅੜਿੰਗਣ ਬੈਠ ਜਾਂਦਾ?”

ਮੇਰੀ ਵੱਡੀ ਨੁੰਹ ਦੇ ਪਿਤਾ ਨੇ ਇੱਕ ਵਾਰੀ ਉਸਨੂੰ ਪੁੱਛਿਆ – ਅਖੇ ਤੇਰਾ ਸਹੁਰਾ ਜੱਟ ਹੋ ਕੇ ਮਰਾਸੀਆਂ ਵਾਲੇ ਸ਼ੌਕ ਕਿਉਂ ਪਾਲ਼ਦੈ? ਪਰ ਮੈਂ ਉਸ ਬੰਦੇ ਦੀ ਗੱਲ ਦਾ ਰੀਣ ਵੀ ਬੁਰਾ ਨਹੀਂ ਮਨਾਇਆ। ਮੈਨੂੰ ਤਾਂ ਸਗੋਂ ਉਸ ਵਿਚਾਰੇ ਤੇ ਤਰਸ ਆਇਆ ਸੀ।”

ਦੂਜਾ ਪੈਗ ਖਤਮ ਕਰਕੇ ਤੀਜਾ ਪਾਉਂਦਿਆਂ, ਅਜੀਤ ਨੇ ਸੁਰਜੀਤ ਵੱਲ ਸੰਕੇਤ ਕਰਕੇ ਆਖਿਆ – “ਚਾਚੀ ਜੀ, ਕਰ ਲਓ ਹੁਣ ਫਿਰ ਰੋਟੀ ਦਾ ਬੰਦੋਬਸਤ।”

ਸੋਨੀਆ ਖਿੜ-ਖਿੜਾ ਕੇ ਹੱਸੀ ਤੇ ਫਿਰ ਕਹਿਣ ਲੱਗੀ, “ਭਾਅ ਜੀ, ਜਦ ਤੁਸੀਂ ਭੂਆ ਜੀ ਨੂੰ ‘ਚਾਚੀ’ ਆਖ ਕੇ ਬਲਾਉਂਦੇ ਹੋ ਤਾਂ ਦੇਖਣ ਵਾਲੇ ਨੂੰ ਬੜਾ ਅਜੀਬ ਲਗਦਾ ਹੋਵੇਗਾ! ਤੁਸੀਂ ਬਿਲਕੁਲ ਹਮਉਮਰ ਜਾਪਦੇ ਹੋ।”

“ਬਿਲਕੁਲ ਨਹੀਂ। ਤੇਰੀ ਭੂਆ ਮੇਰੇ ਨਾਲੋਂ ਵੱਡੀ ਹੈ। ਉਮਰ ਵਿੱਚ; ਕੱਦ ‘ਚ ਭਾਵੇਂ ਛੋਟੀ ਲੱਗੇ। ਚਾਚਾ ਜਦੋਂ ਨੌਵੀਂ ਵਿੱਚ ਪੜ੍ਹਦਾ ਹੁੰਦਾ ਸੀ ਤਾਂ ਮੈਂ ਪੰਜਵੀਂ ਵਿੱਚ ਹੁੰਦਾ ਸਾਂ। ਬਾਬਾ ਜੀ ਵੀ ਕੀ ਕਰਦੇ? ਉਦੋਂ ਗਰਭ-ਰੋਕੂ ਸਾਧਨ ਹੀ ਨਹੀਂ ਸਨ!” ਇਸ ਗੱਲ ‘ਤੇ ਉਹ ਤਿੰਨੇ ਜਣੇ ਚੁਟਕਲੇ ਵਾਂਗ ਹੱਸੇ।

ਤੀਜਾ ਪੈਗ, ਅਜੀਤ ਇੱਕੋ ਸਾਹੇ ਪੀ ਗਿਆ। ਬੰਦਾ ਜਿਵੇਂ ਮਜਬੂਰੀ ਅਤੇ ਉਦਾਸੀ, ਦੋਹਾਂ ਨੂੰ ਮਿਲ਼ਾ ਕੇ ਪੀਂਦਾ ਹੈ। ਸਰੂਰ ਵਿੱਚ ਆ ਕੇ, ਉਹ ਕਿਸੇ ਗੀਤ ਦੇ ਬੋਲ ਗੁਣਗੁਣਾਉਣ ਲੱਗਾ – ਜਾਦੂ ਭਰੇ ਜੀਆ …”

ਅਚਾਨਕ ਉਹ ਬੋਲਿਆ, “ਲੈ ਬਈ ਸੋਨੀਆਂ, ਜੇਕਰ ਭਲਾ ਮੈਂ ਪਿੰਡ ਵਾਲ਼ੇ ਘਰ ਹੋਵਾਂ ਤਾਂ ਗੁਆਂਢੀਆਂ ਨੇ ਮਖੌਲ ਹੀ ਉਡਾਉਣਾ ਏ! ਏਥੇ ਚੰਗਾ ਖੇਤਾਂ ਵਿਚਲੇ ਮਕਾਨ ‘ਚ ਰਹਿੰਦਿਆਂ, ਕੋਈ ਡਿਸਟਰਬ ਤਾਂ ਨਹੀਂ ਹੁੰਦਾ। ਦੂਜੀ ਗੱਲ, ਤੁਹਾਡੇ ਦੋਹਾਂ ਦੇ ਸਾਥ ਵਿੱਚ ਮੈਂ ਬਹੁਤ ਖੁਸ਼ ਹਾਂ। ਮੈਂ ਰਤਾ ਵੀ ਇਕੱਲਾ ਮਹਿਸੂਸ ਨਹੀਂ ਕਰਦਾ।”

“ਭਾਅ ਜੀ, ਮੈਨੂੰ ਤਾਂ ਸ਼ਹਿਰੀ ਜੀਵਨ ਆਪਣੀ ਵੱਲ ਖਿੱਚਦੈ। ਤੁਹਾਨੂੰ ਪਤਾ ਨਹੀਂ ਪਿੰਡ ਕਿਉਂ ਚੰਗਾ ਲਗਦਾ?”

“ਉਮਰ ਦੀ ਗੱਲ ਹੁੰਦੀ ਆ ਬੇਟਾ। ਤੇਰੀ ਉਮਰੇ ਮੈਨੂੰ ਵੀ ਏਦਾਂ ਹੀ ਲਗਦਾ ਸੀ। ਜਵਾਨੀ ਵਿੱਚ ਭੀੜ-ਭੜੱਕਾ, ਭੜਕਾਹਟ ਅਤੇ ਦਿਖਾਵਾ ਚੰਗੇ ਲਗਦੇ ਹਨ। ਸਾਦਗੀ ਚੰਗੀ ਨਹੀਂ ਲਗਦੀ। ਇਹ ਉਮਰ ਜਲਦਬਾਜ਼ੀ ਅਤੇ ਜੋਸ਼ ਦੀ ਹੁੰਦੀ ਹੈ। ਇਸੇ ਕਰਕੇ ਤਾਂ ਹੋਸ਼ ਵਾਲ਼ੇ ਹੰਢੇ ਹੋਏ ਚਲਾਕ ਬੰਦੇ, ਜੁਆਨਾਂ ਨੂੰ ਭੜਕਾ ਕੇ ਆਪਣੇ ਨਿੱਜੀ ਹਿਤ ਪੂਰਦੇ ਹਨ। ਤੁਹਾਡੀ ਪਿਛਲੇ ਮਹੀਨੇ ਵਾਲ਼ੀ ਰੈਲੀ ਵੀ ਇਸੇ ਗੱਲ ਦਾ ਸਬੂਤ ਹੈ।”

ਰੋਟੀ-ਪਾਣੀ ਖਾਣ ਬਾਦ, ਅਜੀਤ ਆਪਣੇ ਕਮਰੇ ਵਿੱਚ ਸੌਣ ਲਈ ਚਲਾ ਗਿਆ। ਛੇਤੀਂ ਹੀ ਉਸਦੇ ਘੁਰਾੜਿਆਂ ਦੀ ਅਵਾਜ਼ ਕੰਨੀਂ ਪੈਣ ਲੱਗੀ ਸੀ। ਸੁਰਜੀਤ ਅਤੇ ਸੋਨੀਆਂ ਵੀ ਨੀਂਦ ਦੀ ਬੁਕਲ਼ ਵਿੱਚ ਜਾ ਲੁਕੀਆਂ ਸਨ।

ਸਵੇਰੇ, ਜਦੋਂ ਅਜੀਤ ਨੇ ਪਹਿਲਾਂ ਰਾਗ ਭੈਰਵ ਅਤੇ ਫਿਰ ਰਾਮਕਲੀ ਛੇੜਿਆ ਤਾਂ ਸੁਰਜੀਤ ਤੇ ਸੋਨੀਆਂ ਸਮਝ ਗਈਆਂ ਕਿ ਇਹ ਉਨ੍ਹਾਂ ਦੇ ਉੱਠਣ ਦਾ ਅਲਾਰਮ ਵੀ ਹੈ।

“ਭਾਅ ਜੀ, ਦੱਸੋ ਅੱਜ ਬ੍ਰੇਕਫਾਸਟ ਵਿੱਚ ਕੀ ਖਾਓਗੇ?” ਸੋਨੀਆਂ, ਅਜੀਤ ਦੀ ਸਲਾਹ ਪੁੱਛਣ ਆਈ।

“ਏਦਾਂ ਕਰੋ, ਤਾਜ਼ੀ ਮੇਥੀ, ਮੂਲੀ ਅਤੇ ਹਰਾ ਧਨੀਆਂ ਪਾ ਕੇ ਪਰਾਠੇ ਬਣਾਓ ਜਾਂ ਫਿਰ ਮੱਕੀ ਦੀਆਂ ਰੋਟੀਆਂ ‘ਚ ਪਾ ਲਓ।”

ਸੁਰਜੀਤ ਕੌਰ ਹਾਲੇ ਆਟਾ ਗੁੰਨ੍ਹਣ ਹੀ ਲੱਗੀ ਸੀ, ਜਦੋਂ ਅਜੀਤ ਨੇ ਸੜਕ ਤੋਂ ਮੁੜਦੇ ਦੋ ਬੰਦਿਆਂ ਨੂੰ ਵੇਖ ਕੇ ਆਖਿਆ, “ਬਈ ਆਟਾ ਥੋੜ੍ਹਾ ਹੋਰ ਗੁੰਨ੍ਹਣਾ ਪਏਗਾ। ਸੋਨੀਆਂ, ਇੱਕ ਤਾਂ ਪਠਾਨਕੋਟ ਵਾਲ਼ਾ ਮੰਗਤ ਹੈ ਤੇ ਦੂਜਾ ਉਸਦਾ ਸ਼ਾਗਿਰਦ, ਸ਼ਾਹਕੋਟੀਆ ਅਸਲਮ!”

ਸਭ ਨੇ ਮਿਲਕੇ ਖਾਣਾ ਖਾਧਾ। ਗੱਲਾਂ-ਬਾਤਾਂ ਸਾਂਝੀਆਂ ਹੁੰਦੀਆਂ ਰਹੀਆਂ। ਚਾਹ ਦੀਆਂ ਚੁਸਕੀਆਂ ਭਰਦੇ ਹੋਏ, ਲਤੀਫੇਬਾਜ਼ੀ ਕਰਦੇ ਰਹੇ। ਸਿਆਲੂ ਰੁੱਤ ਦੇ ਦਿਨ ਜਲਦੀ ਹੀ ਬੀਤ ਜਾਂਦੇ ਹਨ। ਪਤਾ ਹੀ ਨਹੀਂ ਚਲਿਆ ਕਦੋਂ ਸ਼ਾਮ ਦੇ ਚਾਰ ਵੱਜ ਗਏ!

“ਮੰਗਤ, ਰਾਤ ਦਾ ਖਾਣਾ ਖਾਣ ਲਈ ਅੱਠ ਕੁ ਤਾਂ ਵੱਜ ਹੀ ਜਾਣੇ ਹਨ। ਨਿਕੰਮਾ ਨਸ਼ਾ, ਜਾਣੀ ਕਿ ਵਿਸਕੀ, ਸ਼ੁਰੂ ਕਰਾਂਗੇ ਛੇ ਤੋਂ ਬਾਦ। ਪਹਿਲਾਂ ਨਸ਼ਾ ਲੈਂਦੇ ਹਾਂ ਗਾਇਕੀ ਦਾ। ਬਾਹਰ ਹਵਾ ਚੱਲ ਪਈ ਹੈ; ਆਪਾਂ ਅੰਦਰ ਬੈਠ ਕੇ ਸ਼ੁਰੂ ਕਰਦੇ ਹਾਂ। ਅੱਜ ਮੈਂ ਸੁਣਾਂਗਾ ਤੁਹਾਡੇ ਕੋਲ਼ੋਂ, ਰਾਗ ਪੂਰਵੀ, ਸਮਾਂ ਵੀ ਹੈ।”

“ਯਾਰ ਅਜੀਤ ਸਿਆਂ, ਬੜੀ ਦੇਰ ਬਾਦ ਨਸੀਬ ਹੋਈ ਹੈ ਲਹਿਲਹਾਂਦੇ ਖੇਤਾਂ ਵਿੱਚ ਰਾਤ ਗੁਜ਼ਾਰਨੀ। ਪਹਿਲਾਂ ਦੋ ਕੁ ਪੈੱਗ ਖੇਤਾਂ ਦੇ ਬੰਨੀਂ ਟਹਿਲਦੇ ਹੋਏ ਲਾਉਂਦੇ ਹਾਂ। ਫਿਰ ਛੇ ਵਜੇ, ਮੈਂ ਸੁਣਾਊਂ ਰਾਗ ਪੂਰਵੀ ਅਤੇ ਅਸਲਮ ਤੋਂ ਸੁਣਾਂਗੇ, ਰਾਗ ਯਮਨ। ਨਾਲ਼ੇ ਉਦੋਂ ਤੱਕ ਇਸ ਰਾਗ ਦਾ ਵੇਲਾ ਹੋ ਜਾਏਗਾ। ਠੀਕ ਹੈ ਨਾ?” ਇੱਕ ਤਰ੍ਹਾਂ ਨਾਲ਼ ਮੰਗਤ ਨੇ ਫੈਸਲਾ ਹੀ ਕਰ ਮਾਰਿਆ।

ਅਜੀਤ ਦੇ ਹੱਥ ‘ਚ ਵਿਸਕੀ, ਮੰਗਤ ਕੋਲ਼ ਤਿੰਨ ਗਲਾਸ ਅਤੇ ਅਸਲਮ ਕੋਲ ਪਾਣੀ ਦਾ ਜੱਗ! ਬੋਤਲ ਵਲ ਵੇਖ ਕੇ, ਮੰਗਤ ਕਹਿਣ ਲੱਗਾ, “ਯਾਰ ਕਿਤੇ ਰਮ ਨਹੀਂ ਭੋਰਾ? ਮੇਰੇ ਜੋਗੀ! ਰਮ ਨਾਲ਼ ਮੇਰਾ ਗਲ਼ਾ ਖਰਾਬ ਨਹੀਂ ਹੁੰਦਾ। ਵੈਸੇ ਰਮ ਓਲਡ ਮੌਂਕ ਅੱਛੀ ਆ ‘ਤੇ ਵਿਸਕੀ ਸੋਲਨ ਨੰਬਰ ਵੱਨ!”

“ਸਭ ਕੁੱਝ ਆਪਣੇ ਕੋਲ਼ ਹੈ। ਹੁਣ ਪੈਸਾ ਜੋੜ ਕੇ, ਆਪਣੇ ਨਾਲ਼ ਲੈ ਕੇ ਜਾਣ ਦਾ ਇਰਾਦਾ ਮੈਂ ਬਦਲ ਦਿੱਤਾ ਹੈ।”

ਅਜੀਤ ਦੇ ਇਸ ਫਿਕਰੇ ਤੇ ਉਹ ਪੰਜੇ ਜਣੇ ਹੱਸਣ ਲਗਦੇ ਹਨ।

ਉਹ ਸੈਰ-ਸਪਾਟਾ ਕਰਦੇ ਰਹੇ। ਆਪੋ-ਆਪਣੇ ਡ੍ਰਿੰਕ ਹੱਥਾਂ ‘ਚ ਲਈ । ਮੰਗਤ, ਰਾਗ ਮੁਲਤਾਨੀ ਗੁਣਗੁਣਾਉਂਦਾ ਰਿਹਾ । ਕੁੱਝ ਸਮੇਂ ਬਾਦ, ਉਹ ਅੰਦਰ ਆ ਕੇ ਬੈਠ ਗਏ।

ਸੋਨੀਆਂ ਅਤੇ ਸੁਰਜੀਤ ਕੌਰ ਵੀ ਤਬਲੇ ਦੀ ਅਵਾਜ਼ ਸੁਣਕੇ ਅੰਦਰ ਆ ਬੈਠੀਆਂ ਹਨ। ਸੂਰਜ ਛੁਪ ਚੁੱਕਾ ਹੈ। ਬਾਹਰ ਹਨੇਰਾ ਹੈ ਪਰ ਅੰਦਰ ਰੌਸ਼ਨੀ! ਵਾਤਾਵਰਣ ਮਖਮੂਰ ਜਾਪਦਾ ਹੈ। ਹਰਮੋਨੀਅਮ ਦੀ ਮਧੁਰ ਅਵਾਜ਼ ਮਨਾਂ ਤੇ ਜਾਦੂ ਕਰਦੀ ਪ੍ਰਤੀਤ ਹੋ ਰਹੀ ਹੈ। ਕਮਰਾ ਬਿਜਲੀ ਦੀਆਂ ਟਿਊਬਾਂ ਨਾਲ਼ ਜਗਮਗਾ ਰਿਹਾ ਹੈ।

ਸੋਨੀਆਂ, ਜੋ ਪੱਕੇ ਰਾਗਾਂ ਵਿੱਚ ਦਿਲਚਸਪੀ ਨਹੀਂ ਸੀ ਜ਼ਾਹਰ ਕਰਦੀ, ਸੋਫੇ ਤੇ ਬੈਠੀ ਝੂਮ ਰਹੀ ਹੈ।

ਬਾਹਰ, ਇਕਾਂਤ ਵਿੱਚ ਉਦਾਸੀ ਹੈ। ਪਰ ਕਮਰੇ ਅੰਦਰ, ਆਨੰਦਮਈ ਅਹਿਸਾਸ ਲਹਿਰਾ ਰਿਹਾ ਹੈ। ਅਸਲਮ ਨੇ ਰਾਗ ਯਮਨ ਛੇੜਿਆ ਹੈ। ਨਾਲ਼ੋ-ਨਾਲ਼ ਜਾਮ ਵੀ ਹਰਕਤ ਵਿੱਚ ਹਨ।

“ਓਏ ਵਾਹ, ਓਏ ਅਸਲਮ! ਹੈ ਤਾਂ ਉਂਜ ਤੂੰ ਮੇਰੇ ਬੇਟਿਆਂ ਵਰਗਾ ਪਰ ਯਾਰ, ਅੱਜ ਇਉਂ ਲਗਦੈ ਜਿਵੇਂ ਅਸਲਮ ਖਾਨ ਨਹੀਂ; ਫ਼ਿਆਜ਼ ਖਾਨ ਗਾ ਰਿਹਾ ਹੋਵੇ! ਆਹ ਤਾਂ ਬਈ ਆਗਰਾ ਘਰਾਣੇ ਦਾ ਨਜ਼ਾਰਾ ਬੰਨ੍ਹ ਦਿੱਤਾ।”

ਸੁਰਜੀਤ ਕੌਰ ਦੇ ਇਸ਼ਾਰੇ ‘ਤੇ, ਸੋਨੀਆਂ ਨੇ ਅਜੀਤ ਕੋਲ ਹੋ ਕੇ ਪੁੱਛਿਆ, “ਭਾਅ ਜੀ, ਰੋਟੀ ਤਿਆਰ ਕਰੀਏ?”

“ਬਈ ਅਜੇ ਨਹੀਂ, ਬੱਸ ਵੀਹ ਮਿੰਟ ਹੋਰ! ਹਾਲੇ ਮੈਨੂੰ ਵੀ ਸਹਿਣਾ ਪੈਣਾ।”

ਉਹ ਦੋਵੇਂ ਖੁਸ਼ੀ-ਖੁਸ਼ੀ ਬੈਠ ਜਾਂਦੀਆਂ ਹਨ। ਦੋਹਾਂ ਦੇ ਚਿਹਰਿਆਂ ਤੇ ਹੈਰਾਨੀ ਅਤੇ ਪ੍ਰਸੰਨਤਾ ਦੇ ਮਿਲਵੇਂ ਪ੍ਰਭਾਵ ਨਜ਼ਰ ਆ ਰਹੇ ਹਨ।

“ਲੈ ਬਈ, ਇਹ ਮੇਰਾ ਆਖਰੀ ਪੈੱਗ!” ਇਹ ਕਹਿੰਦਿਆਂ ਅਜੀਤ ਹਰਮੋਨੀਅਮ ਆਪਣੇ ਅੱਗੇ ਕਰਦਾ ਹੈ। ਮੰਗਤ ਵਾਇਲਨ ਸੁਰ ਕਰਦਾ ਹੈ ਅਤੇ ਅਸਲਮ ਤਬਲਾ।

ਅਜੀਤ, ਰਾਗ ਦੁਰਗਾ ਸ਼ੁਰੂ ਕਰਦਾ ਹੈ ਅਤੇ ਦਸ ਕੁ ਮਿੰਟ ਬਾਦ, ਰਾਗ ਬਿਹਾਗ ਛੇੜ ਦਿੰਦਾ ਹੈ। ਮੰਗਤ ਅਤੇ ਅਸਲਮ, ਪਤਾ ਨਹੀਂ ਰਮ ਦੇ ਨਸ਼ੇ ਕਾਰਣ ਜਾਂ ਅਜੀਤ ਦੇ ਗਾਇਨ ਕਰਕੇ, ਅਸ਼-ਅਸ਼ ਕਰਦੇ ਨਹੀਂ ਥੱਕਦੇ।

ਸੋਨੀਆਂ ਤੇ ਸੁਰਜੀਤ, ਬੜੀ ਹੈਰਾਨੀ ਨਾਲ਼ ਸਭ ਕੁੱਝ ਵੇਖੀ ਜਾ ਰਹੀਆਂ ਹਨ। ਹੁਣ ਉਹਨਾਂ ਨੂੰ ਰੋਟੀ ਦੀ ਵੀ ਕਾਹਲ਼ੀ ਨਹੀਂ ਜਾਪਦੀ। ਬੇਹੱਦ ਖੁਸ਼ ਦਿਸ ਰਹੀਆਂ ਹਨ। ਇਉਂ ਲਗਦੈ ਜਿਵੇਂ ਉਹਨਾਂ ਨੂੰ ਵੀ ਸੰਗੀਤਕ ਅਨੰਦ ਮਾਨਣ ਦੀ ਜਾਚ ਆ ਗਈ ਹੋਵੇ!

ਖਾਣਾ ਖਾਣ ਪਿੱਛੋਂ, ਜਦੋਂ ਉਹ ਸੌਣ ਵਾਸਤੇ ਆਪੋ-ਆਪਣੇ ਕਮਰਿਆਂ ਵਿੱਚ ਜਾਣ ਲੱਗੇ ਤਾਂ ਮੰਗਤ ਨੇ ਮਸ਼ਵਰਾ ਦਿੱਤਾ, “ਅਜੀਤ ਸਾਹਿਬ, ਖਾਣਾ ਖਾ ਕੇ ਤਾਂ ਅਨੰਦ ਆ ਗਿਆ, ਪਰ ਅਜੇ ਗੱਲਾਂ-ਬਾਤਾਂ ਦਾ ਹੋਰ ਅਨੰਦ ਲੈਣਾ ਬਾਕੀ ਹੈ। ਸਵੇਰੇ ਚਲੇ ਜਾਣਾ। ਵੱਡੇ ਕਮਰੇ ਵਿੱਚ ਇੱਕ ਡਬਲ ਅਤੇ ਦੋ ਸਿੰਗਲ ਬੈੱਡ ਹਨ । ਜਿੰਨਾ ਚਿਰ ਨੀਂਦ ਨਹੀਂ ਘੇਰਦੀ, ਕਿਉਂ ਨਾ ਗੱਲਾਂ-ਬਾਤਾਂ ਕਰੀਏ?”

ਸੁਰਜੀਤ ਅਤੇ ਸੋਨੀਆਂ, ਨਾਲ਼ ਵਾਲ਼ੇ ਕਮਰੇ ਵਿੱਚ ਸੌਂ ਗਈਆਂ।

“ਭੂਆ ਜੀ, ਅੱਜ ਪਹਿਲੀ ਵਾਰ ਮੈਂ ਭਾਅ ਜੀ ਨੂੰ ਏਨਾ ਖੁਸ਼ ਵੇਖਿਆ!”

“ਕਈ ਵਾਰ ਤਾਂ ਬੇਟੀ, ਮੈਨੂੰ ਇਉਂ ਲਗਦੈ ਜਿਵੇਂ ਇਸ ਵਿਚਾਰੇ ਅੰਦਰ ਕੋਈ ਬਹੁਤ ਵੱਡਾ ਖ਼ਲਾਅ ਹੋਵੇ। ਅਜੀਤ ਵਿੱਚ ਦੋ ਬਹੁਤ ਵੱਡੇ ਗੁਣ ਨੇ; ਇੱਕ ਤਾਂ ਉਹ ਕਿਸੇ ਤੋਂ ਬਦਲਾ ਲੈਣ ਦੀ ਥਾਂ, ਮੁਆਫ਼ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਦੂਜਾ ਕਿਸੇ ਲੋੜਵੰਦ ਦੇ ਕੰਮ ਆ ਕੇ ਬੜੀ ਖੁਸ਼ੀ ਮਹਿਸੂਸਦਾ ਹੈ।”

ਨਾਲ਼ ਦੇ ਕਮਰੇ ਵਿੱਚੋਂ ਅਵਾਜ਼ਾਂ ਸੁਣਾਈ ਦੇ ਰਹੀਆਂ ਹਨ।

“ਘਰ ‘ਚ ਗੜਬੜ ਤਾਂ ਉਸੇ ਦਿਨ ਹੀ ਸ਼ੁਰੂ ਹੋ ਗਈ ਸੀ, ਜਿਸ ਦਿਨ ਨਵੰਬਰ ਵਿੱਚ, ਕਲਕੱਤੇ ਵਾਲ਼ੇ ਸੰਗੀਤ ਸਮੇਲਨ ਲਈ ਸੀਟ ਬੁੱਕ ਕਰਵਾਈ ਸੀ।”

“ਬਈ ਉਸ ਜਵਾਨ ਜਿਹੀ ਕੁੜੀ ਨੇ ਰਾਗ ‘ਖ਼ਿਆਲ’ ਇਸ ਤਰ੍ਹਾਂ ਪੇਸ਼ ਕੀਤਾ ਕਿ ਆਗਰੇ ਵਾਲ਼ੀ ਜ਼ੋਹਰਾ ਬਾਈ ਦਾ ਖ਼ਿਆਲ ਆ ਗਿਆ!”

“ਅੱਜ ਕਲ੍ਹ ਤਾਂ ਸੰਗੀਤ ਦੇ ਨਾਂ ਤੇ ਸਿਰਫ ਸਾਜ਼ਾਂ ਦਾ ਸ਼ੋਰ ਰਹਿ ਗਿਆ। ਪੱਛਮ ਦੀ ਰੀਸ, ਸੰਗੀਤ ਦੀ ਰੂਹ ਹੀ ਮਾਰ ਗਈ।”

“ਸਰੋਤੇ ਵੀ ਤਾਂ ਥਰਡ ਕਲਾਸ ਰਹਿ ਗਏ! ਸੰਗੀਤ ਦੀ ਸਮਝ ਤੋਂ ਬਿਲਕੁਲ ਹੀ ਕੋਰੇ!”

“ਇਸੇ ਕਰਕੇ ਮਾਰਕੀਟ ਗਾਣੇ ਸੁਣਨ ਦੀ ਨਹੀਂ, ਸਗੋਂ ਦੇਖਣ ਤੱਕ ਹੀ ਰਹਿ ਗਈ ਏ!”

“ਜਿਸ ਤਰ੍ਹਾਂ ਦੇ ਗਾਹਕ, ਉਸੇ ਤਰ੍ਹਾਂ ਦੀਆਂ ਦੁਕਾਨਾਂ! ਹੁਣ ਸੰਗੀਤ ਦੇ ਘਰਾਣੇ ਨਹੀਂ, ਬਲਕਿ ਡੇਰੇ ਚਲਦੇ ਹਨ ਜਿੱਥੇ ਮਾਡਲਾਂ ਦਾ ਨਖਰਾ ਅਤੇ ਜਲਵਾ ਵਰਤਾਇਆ ਜਾਂਦਾ ਹੈ। ਰੂਹ ਦੀ ਸ਼ਾਂਤੀ ਵਾਸਤੇ!”

ਸੋਨੀਆਂ ਨੇ ਵਿਚਕਾਰਲੀ ਬਾਰੀ ਥੋੜ੍ਹੀ ਜਿਹੀ ਹੋਰ ਖੋਲ੍ਹ ਦਿੱਤੀ। ਹੁਣ ਬੋਲਾਂ ਵਿੱਚ ਨੀਂਦਰ ਹਾਵੀ ਹੁੰਦੀ ਲੱਗ ਰਹੀ ਸੀ।

“ਵਿਰਕ ਸਾਹਿਬ ਵੀ ਸੰਗੀਤ ਦਾ ਬੜਾ ਸ਼ੌਕ ਰੱਖਦੇ ਆ। ਉਨ੍ਹਾਂ ਦੀ ਮਿਸਜ਼ ਨੇ ਸੰਗੀਤ ਵਿੱਚ ਬੀ ਏ ਕੀਤੀ ਹੋਈ ਏ।”

“ਵੈਸੇ ਲਗਦਾ ਬੜਾ ਅਜੀਬ ਏ! ਇੱਕ ਪੁਲਸ ਅਫਸਰ ਹੋ ਕੇ ਰਾਗਾਂ ਦੀ ਸੂਝ!”

“ਸਾਰੇ ਪੁਲਸ ਵਾਲ਼ੇ ਪਥੱਰ ਦਿਲ ਨਹੀਂ ਹੁੰਦੇ। ਬਾਕੀ ਲੋਕਾਂ ਵਾਂਗ ਉਹ ਵੀ ਤਾਂ ਇਨਸਾਨ ਨੇ। ਮੇਰਾ ਇੱਕ ਦੋਸਤ ਪੁਲੀਸ ਕਮਿਸ਼ਨਰ ਆ, ਉਹ ਬੜਾ ਚੰਗਾ ਸ਼ਾਇਰ ਵੀ ਹੈ। ਕੁੱਝ ਸਭਿਆਚਾਰਕ ਸੀਰੀਅਲ ਅਤੇ ਫਿਲਮਾਂ ਵੀ ਬਣਾ ਚੁੱਕਾ ਹੈ।”

ਸਵੇਰੇ ਉਹ ਸਾਰੇ ਜਣੇ ਚਾਹ ਦੀਆਂ ਚੁਸਕੀਆਂ ਭਰ ਰਹੇ ਸਨ ਅਤੇ ਨਾਲੋ-ਨਾਲ਼ ਰਾਗ ‘ਟੋਡੀ’ ਦਾ ਅਨੰਦ ਮਾਣ ਰਹੇ ਸਨ।

ਨਾਸ਼ਤਾ ਕਰਨ ਬਾਦ, ਮੰਗਤ ਅਤੇ ਅਸਲਮ ਨਾ ਚਾਹੁੰਦੇ ਹੋਏ ਵੀ, ਵਿਦਾ ਲੈਣ ਲਈ ਮਜ਼ਬੂਰ ਸਨ। ਸੋਨੀਆਂ ਨੂੰ ਭੈਣਾਂ ਵਾਂਗ ਮਿਲਦਿਆਂ ਅਸਲਮ ਰੋ ਰਿਹਾ ਸੀ। ਸੁਰਜੀਤ ਦੇ ਪੈਰੀਂ ਹੱਥ ਲਾ ਕੇ, ਜਦੋਂ ਉਨ੍ਹਾਂ ਮੂੰਹ ਉੱਪਰ ਚੁੱਕੇ ਤਾਂ ਦੋਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਰਹੇ ਸਨ।

ਨਾਲ਼ੋ-ਨਾਲ਼ ਸੀਟਾਂ ਤੇ ਬੈਠੇ ਸਫ਼ਰ ਕਰਦਿਆਂ, ਅਸਲਮ ਨੇ ਸਵਾਲ ਕੀਤਾ, “ਜੇ ਭਲਾ ਜੰਨਤ ਦਾ ਕਿਆਸ ਕੀਤਾ ਜਾਵੇ ਤਾਂ ਕਿਸ ਤਰ੍ਹਾਂ ਦੀ ਜਗ੍ਹਾ ਹੋ ਸਕਦੀ ਹੈ?”

“ਸਮਝ ਲੈ ਪਿਛਲੀ ਰਾਤ ਆਪਾਂ ਜੰਨਤ ਵਿੱਚ ਹੀ ਗੁਜ਼ਾਰੀ ਹੈ!”

ਫੇਰ ਉਸਨੇ ਇੱਕ ਡੂੰਘਾ ਸਾਹ ਭਰਿਆ ਅਤੇ ਅਸਲਮ ਨੂੰ ਮੁਖਾਤਿਬ ਹੋ ਕੇ ਆਖਣ ਲੱਗਾ, “ਤੁਫ਼ਾਨੀ ਦਰਿਆਵਾਂ ਵਰਗੇ ਬੰਦੇ, ਉਮਰ ਦੇ ਅੰਤਲੇ ਪੜਾਅ ਤੇ ਪਹੁੰਚ ਕੇ, ਸੁੱਕੇ ਹੋਏ ਦਰਿਆਵਾਂ ਵਰਗੇ ਬਣ ਜਾਂਦੇ ਹਨ!”
 
Top