ਦੋ ਮਿਨੀ ਕਹਾਣੀਆਂ

1. ਮਹਾਨ ਨੇਤਾ

“ਤੁਹਾਨੂੰ ਆਪਣੇ ਧਰਮ ਤੇ ਅਧਾਰਿਤ ਆਪਣਾ ਇੱਕ ਵੱਖਰਾ ਦੇਸ਼ ਬਣਾ ਲੈਣਾ ਚਾਹੀਦਾ ਹੈ …।” ਕਿਸੇ ਚੰਗੇ ਫ਼ਰਿਸ਼ਤੇ ਜਾਂ ਕਿਸੇ ਵੱਡੇ ਸ਼ੈਤਾਨ ਨੇ ਬਿਨਾਂ ਬੋਲਿਆਂ ਹੀ ਇਹ ਗੱਲ ਉਸ ਸਿਰਕੱਢ ਅਜ਼ਾਦੀ ਘੁਲਾਟੀਏ ਦੇ ਦਿਮਾਗ ਵਿੱਚ ਪਾ ਦਿੱਤੀ ਸੀ।

ਉਹ ਸਿਰਕੱਢ ਅਜ਼ਾਦੀ ਘੁਲਾਟੀਆ ਬਹੁਤ ਕਾਬਿਲ ਆਦਮੀ ਸੀ। ਜਦੋਂ ਅਜ਼ਾਦੀ ਨੇੜੇ ਦਿਸਣ ਲੱਗੀ ਤਾਂ ਉਸ ਸਿਰਕੱਢ ਅਜ਼ਾਦੀ ਘੁਲਾਟੀਏ ਨੇ ਸਹੀ ਮੌਕਾ ਵੇਖ ਕੇ ਆਪਣੇ ਧਰਮ ਲਈ ਆਪਣੇ ਇੱਕ ਵੱਖਰੇ ਦੇਸ਼ ਦਾ ਵਿਚਾਰ ਜਨਤਾ ਦੇ ਮਨਾਂ ਵਿੱਚ ਉਤਾਰ ਦਿੱਤਾ।

ਅਜ਼ਾਦੀ ਮਿਲਦਿਆਂ ਹੀ ਉਸ ਸਿਰਕੱਢ ਅਜ਼ਾਦੀ ਘੁਲਾਟੀਏ ਦਾ ਵੱਖਰੇ ਧਰਮ ਤੇ ਅਧਾਰਿਤ ਇੱਕ ਵੱਖਰਾ ਦੇਸ਼ ਬਣ ਗਿਆ। ਧਰਮ ਤੇ ਅਧਾਰਿਤ ਵੱਖਰਾ ਦੇਸ਼ ਬਣਨ ਤੋਂ ਬਾਅਦ ਉਸ ਸਿਰਕੱਢ ਅਜ਼ਾਦੀ ਘੁਲਾਟੀਏ ਦੀ ਬਹੁਤ ਥੋੜ੍ਹੇ ਸਮੇਂ ਅੰਦਰ ਹੀ ਮੌਤ ਹੋ ਗਈ। ਧਰਮ ਦੇ ਅਧਾਰ ਤੇ ਬਣੇ ਨਵੇਂ ਦੇਸ਼ ਦੇ ਲੋਕਾਂ ਵੱਲੋਂ ਉਸ ਸਿਰਕੱਢ ਅਜ਼ਾਦੀ ਘੁਲਾਟੀਏ ਨੂੰ ਉਸ ਦੇਸ਼ ਦੇ “ਮਹਾਨ ਨੇਤਾ” ਦੀ ਉਪਾਧੀ ਦੇ ਦਿੱਤੀ ਗਈ।

ਅਕਾਲ ਚਲਾਣੇ ਤੋਂ ਬਾਅਦ ਉਸ ਦੇਸ਼ ਦੇ ਲੋਕਾਂ ਵੱਲੋਂ ਆਪਣੇ ਮਹਾਨ ਨੇਤਾ ਦੀ ਇੱਕ ਯਾਦਗਾਰ ਸਮਾਧੀ ਬਣਾਈ ਗਈ। ਇਸ ਯਾਦਗਾਰ ਸਮਾਧੀ ਦੇ ਆਲੇ-ਦੁਆਲੇ ਇੱਕ ਸੁੰਦਰ ਪਾਰਕ ਵੀ ਬਣਾਇਆ ਗਿਆ। ਹਰ ਸਾਲ ਦੇਸ਼-ਵਿਦੇਸ਼ ਤੋਂ ਅਣਗਿਣਤ ਲੋਕ ਇਸ ਯਾਦਗਾਰ ਸਮਾਧੀ ਦੇ ਦਰਸ਼ਨਾਂ ਲਈ ਆਉਣ ਲੱਗੇ।

ਸਮੇਂ ਦੇ ਨਾਲ-ਨਾਲ ਉਸ ਦੇਸ਼ ਦੇ ਮਹਾਨ ਨੇਤਾ ਦੀ ਯਾਦਗਾਰ ਸਮਾਧੀ ਤੇ ਅਪਰਾਧੀ ਪ੍ਰਵਿਰਤੀਆਂ ਵਾਲੇ ਲੋਕ ਵੀ ਆਉਣ ਲੱਗੇ ਸਨ। ਅੰਤ ਇੱਕ ਸਮਾਂ ਅਜਿਹਾ ਆਇਆ ਕਿ ਉਸ ਦੇਸ਼ ਦੇ ਮਹਾਨ ਨੇਤਾ ਦੀ ਯਾਦਗਾਰ ਸਮਾਧੀ ਦੇ ਆਲੇ-ਦੁਆਲੇ ਬਣਿਆ ਪਾਰਕ ਦਲਾਲਾਂ ਅਤੇ ਪੁਲਿਸ ਦੀ ਮਦਦ ਨਾਲ ਚੱਲਣ ਵਾਲੀਆਂ ਵੇਸਵਾਵਾਂ ਦੀਆਂ ਗਤੀਵਿਧੀਆਂ ਦਾ ਗੜ੍ਹ ਬਣ ਗਿਆ।

ਇੱਕ ਦਿਨ ਉਸ ਦੇਸ਼ ਦੇ ਇੱਕ ਮੰਨੇ-ਪ੍ਰਮੰਨੇ ਟੈਲੀਵਿਜ਼ਨ ਚੈਨਲ ਵੱਲੋਂ ਆਪਣੇ ਮਹਾਨ ਨੇਤਾ ਦੀ ਯਾਦਗਾਰ ਸਮਾਧੀ ਤੇ ਚੱਲ ਰਹੀਆਂ ਅਪਰਾਧੀ ਗਤੀਵਿਧੀਆਂ ਦਾ ਅੱਖੀਂ ਵੇਖਿਆ ਹਾਲ ਸੰਸਾਰ ਪੱਧਰ ਤੇ ਵਿਖਾਇਆ ਗਿਆ। ਇਹ ਗਤੀਵਿਧੀਆਂ ਯੂ-ਟਿਊਬ ਤੇ ਵੀ ਅਪਲੋਡ ਕਰ ਦਿੱਤੀਆਂ ਗਈਆਂ।

ਟੈਲੀਵਿਜ਼ਨ ਤੇ ਵਿਖਾਏ ਜਾਣ ਤੋਂ ਬਾਅਦ ਉਸ ਮਹਾਨ ਨੇਤਾ ਦੀ ਯਾਦਗਾਰ ਸਮਾਧੀ ਦੇ ਆਲੇ-ਦੁਆਲੇ ਬਣੇ ਪਾਰਕ ਵਿਚ ਚੱਲ ਰਹੀਆਂ ਇਹ ਅਪਰਾਧੀ ਗਤੀਵਿਧੀਆਂ ਬੰਦ ਹੋ ਗਈਆਂ।

ਕੁੱਝ ਦਿਨਾਂ ਬਾਅਦ ਹੀ ਇਹ ਧੰਦਾ ਫਿਰ ਸ਼ੁਰੂ ਹੋ ਗਿਆ। ਉਸ ਮਹਾਨ ਨੇਤਾ ਦੀ ਆਤਮਾ ਕੁਰਲਾਉਣ ਲੱਗੀ, “… ਮੈਂਥੋਂ ਗਲਤੀ ਹੋ ਗਈ … ਮੈਂ ਤੁਹਾਡਾ ਮਹਾਨ ਨੇਤਾ ਨਹੀਂ … ਮੇਰੀ ਯਾਦਗਾਰ ਢਾਹ ਦਿਓ …।”

ਉਸ ਦੇਸ਼ ਦੇ ਉਸ ਮਹਾਨ ਨੇਤਾ ਲਈ ਧਰਮ ਤੇ ਅਧਾਰਿਤ ਇੱਕ ਦੇਸ਼ ਬਣਾਉਣਾ ਸੌਖਾ ਸੀ। ਪ੍ਰੰਤੂ ਉਸ ਦੇਸ਼ ਵਿੱਚ ਉਸ ਧਰਮ ਦੇ ਮੂਲ ਨਿਯਮਾਂ ਅਤੇ ਸਿਧਾਂਤਾਂ ਨੂੰ ਸਹੀ ਢੰਗ ਨਾਲ ਲਾਗੂ ਕਰਾਉਣਾ ਬਹੁਤ ਔਖਾ ਸੀ।

ਇਹ ਗੱਲ ਸਾਰੀ ਦੁਨੀਆ ਲਈ ਇੱਕ ਬੜਾ ਵੱਡਾ ਸਬਕ ਸੀ, ਕਿ ਉਸ ਦੇਸ਼ ਵਿੱਚ ਉਸ ਮਹਾਨ ਨੇਤਾ ਦੀ ਆਤਮਾ ਨੂੰ ਸ਼ਾਂਤੀ ਦੇਣ ਵਾਲਾ ਕੋਈ ਵੀ ਨਹੀਂ ਸੀ।

2. ਪ੍ਰੇਰਣਾ

ਉਦੋਂ ਸੁਰਿੰਦਰ ਪਹਿਲੀ ਵਾਰ ਪਿੰਡ ਵਿੱਚੋਂ ਬਾਰ੍ਹਵੀਂ ਕਲਾਸ ਪਾਸ ਕਰਕੇ ਉੱਚ-ਸਿੱਖਿਆ ਲਈ ਇੱਕ ਵੱਡੇ ਸ਼ਹਿਰ ਵਿੱਚ ਗਿਆ ਸੀ। ਸੁਰਿੰਦਰ ਨੂੰ ਉਹ ਸ਼ਹਿਰ ਪਹਿਲੀ ਨਜ਼ਰੇ ਹੀ ਬਹੁਤ ਸੋਹਣਾ ਲੱਗਿਆ ਸੀ। ਉਸ ਸੁੰਦਰ ਸ਼ਹਿਰ ਦੀਆਂ ਉੱਚੀਆਂ-ਉੱਚੀਆਂ ਖ਼ੂਬਸੂਰਤ ਇਮਾਰਤਾਂ ਅਤੇ ਕਈ-ਕਈ ਕਤਾਰਾਂ ਵਾਲੀਆਂ ਸੜਕਾਂ ਸੁਰਿੰਦਰ ਨੂੰ ਆਪਣੀ ਜ਼ਿੰਦਗੀ ਉਸੇ ਤਰ੍ਹਾਂ ਦੇ ਸ਼ਹਿਰ ਵਿੱਚ ਗੁਜ਼ਾਰਨ ਲਈ ਪ੍ਰੇਰਿਤ ਕਰ ਰਹੀਆਂ ਸਨ।

ਉਸ ਸ਼ਹਿਰ ਵਿੱਚ ਰਹਿੰਦਿਆਂ ਆਪਣੇ ਪਿੰਡ ਦੇ ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਲੋਕ, ਪਿੰਡ ਦੇ ਕੱਚੇ ਰਾਹ ਅਤੇ ਪਿੰਡ ਦੇ ਡੰਗਰ-ਪਸ਼ੂ ਵਾਰ-ਵਾਰ ਸੁਰਿੰਦਰ ਦੇ ਮਨ ਵਿੱਚ ਘੁੰਮਦੇ ਰਹਿੰਦੇ ਸਨ। ਇਸ ਦੇ ਨਾਲ-ਨਾਲ ਹੀ ਸ਼ਹਿਰ ਅੰਦਰ ਉਪਲਭਧ ਸੁੱਖ-ਸੁਵਿਧਾਵਾਂ ਵੀ ਸੁਰਿੰਦਰ ਦੇ ਮਨ ਅੰਦਰ ਉਸ ਸ਼ਹਿਰ ਪ੍ਰਤੀ ਨਵੀਂ ਖਿੱਚ ਜਗਾਉਂਦੀਆਂ ਰਹਿੰਦੀਆਂ ਸਨ।

ਸ਼ਹਿਰ ਵਿੱਚ ਰਹਿੰਦਿਆਂ ਸ਼ਹਿਰ ਦੀਆਂ ਸਮੱਸਿਆਵਾਂ ਵੀ ਸੁਰਿੰਦਰ ਅੱਗੇ ਉਜਾਗਰ ਹੁੰਦੀਆਂ ਰਹਿੰਦੀਆਂ ਸਨ। ਸ਼ਹਿਰ ਦੀਆਂ ਬੇਕਾਰ ਜਿਹੀਆਂ ਸਮੱਸਿਆਵਾਂ ਨੂੰ ਝੱਲਦਿਆਂ ਸੁਰਿੰਦਰ ਨੂੰ ਪਿੰਡ ਦੀ ਹਰੇਕ ਚੀਜ਼ ਚੇਤੇ ਆਉਂਦੀ ਰਹਿੰਦੀ ਸੀ। ਸ਼ਹਿਰ ਵਿੱਚ ਰਹਿੰਦਿਆਂ ਸੁਰਿੰਦਰ ਨੂੰ ਆਪਣਾ ਪਿੰਡ ਪਹਿਲਾਂ ਨਾਲੋਂ ਕਿਤੇ ਵਧੀਆ ਲੱਗਣ ਲੱਗਾ ਸੀ।

ਪਿੰਡੋਂ ਦੂਰ ਸ਼ਹਿਰ ਵਿੱਚ ਰਹਿੰਦਿਆਂ ਸੁਰਿੰਦਰ ਨੇ ਆਪਣੇ ਮਨ ਅੰਦਰ ਇੱਕ ਦ੍ਰਿੜ੍ਹ ਫ਼ੈਸਲਾ ਕਰ ਲਿਆ ਸੀ ਕਿ ਉਹ ਆਪਣੀ ਜ਼ਿੰਦਗੀ ਅਤਿ ਆਧੁਨਿਕ ਸਹੂਲਤਾਂ ਵਾਲੇ ਵਿਸ਼ਵ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਸਹੂਲਤਾਂ ਤੋਂ ਸੱਖਣੇ ਆਪਣੇ ਪਿੰਡ ਵਿੱਚ ਵੀ ਗੁਜ਼ਾਰੇਗਾ।

ਵਾਹਿਗੁਰੂ ਦੀ ਕ੍ਰਿਪਾ ਸਦਕਾ ਇੰਝ ਹੀ ਹੋਇਆ। ਆਪਣੇ ਦੇਸ਼ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਸੁਰਿੰਦਰ ਨੂੰ ਇੱਕ ਅੰਤਰਰਾਸ਼ਟਰੀ ਕੰਪਨੀ ਵਿੱਚ ਨੌਕਰੀ ਮਿਲ ਗਈ। ਅੰਤਰ-ਰਾਸ਼ਟਰੀ ਕੰਪਨੀ ਵਿੱਚ ਨੌਕਰੀ ਕਰਦਿਆਂ-ਕਰਦਿਆਂ ਸੁਰਿੰਦਰ ਨੂੰ ਵਿਸ਼ਵ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਰਹਿਣ ਦੇ ਅਣਗਿਣਤ ਮੌਕੇ ਮਿਲੇ ਸਨ।

ਜਦੋਂ ਸੁਰਿੰਦਰ ਵਿਸ਼ਵ ਦੇ ਵੱਡੇ-ਵੱਡੇ ਸ਼ਹਿਰਾਂ ਦੀ ਅਕੇਵਿਆਂ ਅਤੇ ਥਕੇਵਿਆਂ ਭਰੀ ਰੁੱਖੀ-ਸੁੱਕੀ ਜ਼ਿੰਦਗੀ ਤੋਂ ਉਕਤਾ ਜਾਂਦਾ ਤਾਂ ਉਹ ਪੰਜਾਬ ਆਪਣੇ ਜੱਦੀ ਪਿੰਡ ਚਲਾ ਜਾਂਦਾ ਸੀ। ਆਪਣੇ ਜੱਦੀ ਪਿੰਡ ਦੇ ਗੁਰਦੁਆਰੇ ਵਿੱਚ ਪੰਜਾਬੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਅਤੇ ਪੜ੍ਹਾਉਣ ਵਿੱਚ ਲੱਗੀਆਂ ਇਸਤਰੀਆਂ ਅਤੇ ਪੁਰਸ਼ਾਂ ਨੂੰ ਵੇਖ ਕੇ ਸੁਰਿੰਦਰ ਦੀ ਰੂਹ ਨਿਹਾਲ ਹੋ ਜਾਂਦੀ ਸੀ।

ਸੁਰਿੰਦਰ ਨੇ ਆਪਣੇ ਜੱਦੀ ਪਿੰਡ ਅਤੇ ਆਲੇ-ਦੁਆਲੇ ਦੇ ਹੋਰਨਾਂ ਪਿੰਡਾਂ ਵਿੱਚ ਸਿਹਤ ਸਹੂਲਤਾਂ, ਸਿੱਖਿਆ ਦੀਆਂ ਸਹੂਲਤਾਂ ਅਤੇ ਖੇਡਾਂ ਦੇ ਪ੍ਰਚਾਰ-ਪ੍ਰਸਾਰ ਲਈ ਕਈ ਸਫਲ ਉਪਰਾਲੇ ਕੀਤੇ ਸਨ। ਉਨ੍ਹਾਂ ਪਿੰਡਾਂ ਦੇ ਨਿਵਾਸੀ ਵੀ ਸੁਰਿੰਦਰ ਦੇ ਇਨ੍ਹਾਂ ਉਪਰਾਲਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਂਦੇ ਸਨ। ਸੁਰਿੰਦਰ ਦੇ ਇਨ੍ਹਾਂ ਉਪਰਾਲਿਆਂ ਦੇ ਬੜੇ ਚੰਗੇ ਨਤੀਜੇ ਸਾਹਮਣੇ ਆ ਰਹੇ ਸਨ। ਸੁਰਿੰਦਰ ਦੇ ਇਹ ਉਪਰਾਲੇ ਹੁਣ ਦੇਸ-ਪ੍ਰਦੇਸ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦੇ ਰਹੇ ਸਨ।
 
Top