ਦਿਨ ਦਿਹਾੜੇ

Mandeep Kaur Guraya

MAIN JATTI PUNJAB DI ..
''ਤੂੰ ਕਿਹੜੇ ਵੇਲੇ ਮੁੜੀ ਕੁੜੇ?'' ਬਸੰਤ ਕੌਰ ਨੇ ਅੰਦਰੋਂ ਹੀ ਆਵਦੀ ਨੂੰਹ ਨੂੰ ਆਵਾਜ਼ ਮਾਰੀ।
ਰੂਪੀ ਥਾਲ ਚੁੱਕੀ ਕਮਰੇ ਵਿਚ ਹੀ ਆ ਵੜੀ, ''ਮੈਂ ਤਾਂ ਆ ਹੀ ਗਈ ਸੀ ਮਾਂ। ਤੁਸੀਂ ਮੂੰਹ-ਸਿਰ ਵਲੇਟੀ ਪਏ ਸੀ, ਮੈਂ ਜਗਾਉਣਾ ਠੀਕ ਨਾ ਸਮਝਿਆ। ਆਹ ਵੇਖੋ ਥੋਡੇ ਲਈ ਰੋਟੀ ਘੱਲੀ ਹੈ ਉਨ੍ਹਾਂ ਨੇ।'' ਰੂਪੀ ਨੇ ਥਾਲ ਤੋਂ ਕਾਗਜ਼ੀ ਪੋਣਾ ਚੁੱਕਿਆ ਤਾਂ ਪਕਵਾਨਾਂ ਦੀ ਖੁਸ਼ਬੂ ਕਮਰੇ ਵਿਚ ਖਿੱਲਰ ਗਈ।
ਬਸੰਤ ਕੌਰ ਨੇ ਥਾਲ ਉਹਦੇ ਹੱਥੋਂ ਫੜਦਿਆਂ ਅਗਲਾ ਸਵਾਲ ਦਾਗਿਆ, ''ਡੇਰ ਕਿੰਨੀ ਕੁ ਰੌਣਕ ਸੀ ਅਖੰਡ ਪਾਠ 'ਤੇ? ਨਾਨਕੀਆਂ ਆਈਆਂਹੋਣੀਆਂ ਨੇ ਸਾਰੀਆਂ? ਉਹ ਸੁੱਜੜ ਜਿਹੀ ਬੂਕੀ ਆਲੀ ਗੁਰਪ੍ਰੀਤ ਵੀ ਮਰੀ ਸੀ?''
ਰੂਪੀ ਹੱਸ ਪਈ ਸੱਸ ਦੀ ਗੱਲ 'ਤੇ, ''ਆਪਾਂ ਨੂੰ ਕੀ ਲੱਗੇ ਮਾਂ। ਅਗਲੇ ਆਪੇ ਜਾਣਨ। ਆਈਆਂ ਤਾਂ ਸਾਰੀਆਂ ਸੀ, ਥੋਡੀ ਬਾਬਤ ਪੁੱਛਿਆ ਵੀ ਕਈਆਂ ਨੇ ਬਈ ਚਾਚੀ ਜੀ ਹੁਣ ਕਿਵੇਂ ਹੈ? ਮੈਂ ਕਿਹਾ, ਵਿਚਾਰੇ ਦਲਿੱਦਰ ਭੋਗਦੇ ਹਨ ਪਰ ਸਬਰ ਆਲੇ ਹਨ ਤਾਂ ਹੀ ਵਕਤ ਟਪਾਈ ਜਾਂਦੇ ਹਨ।''
ਬਸੰਤ ਨੂੰ ਪਿਆਰ ਜਿਹਾ ਆ ਗਿਆ ਆਵਦੀ ਨੂੰਹ 'ਤੇ, ''ਚੱਲ ਮੈਂ ਤਾਂ ਆਵਦੀ ਆਈ ਸਹਾਰਨੀ ਹੀ ਸੀ, ਪਰ ਤੂੰ ਸੇਵਾ ਕਰਕੇ ਮੇਰੀ ਸੂਲੀਓਂ ਸੂਲ ਕਰਤੀ।''
''ਉਹ ਬੇਬੇ, ਜਾਣ ਦੇ ਗੁੱਸਾ। ਹੋਰ ਸੇਵਾ ਆਲੀ ਕਿਤੋਂ ਹੋਰ ਆ ਜਾਣੀ ਸੀ।'' ਰੂਪੀ ਨੇ ਲਾਡ ਜਿਹੇ ਨਾਲ ਆਖਤਾ।

ਦਰਅਸਲ ਬੇਬੇ ਬਸੰਤ ਕੌਰ ਰੂਪੀ ਦੀ ਸਕੀ ਸੱਸ ਹੈ ਹੀ ਨਹੀਂ ਸੀ। ਉਹਦਾ ਘਰਵਾਲਾ ਸਰਦੂਲ ਤਾਂ ਬਿਸ਼ਨ ਕੌਰ ਦੀ ਕੁੱਖੋਂ ਜੰਮਿਆ ਸੀ। ਬਸੰਤ ਉਹਦੀ ਮਾਸੀ ਤੇ ਪਿਓ ਦੀ ਦੂਜੀ ਵਿਆਹੁਤਾ ਸੀ ਤੇ ਬੇਔਲਾਦ ਵੀ। ਭੈਣ ਬਿਸ਼ਨੀ ਦੇ ਗੁਜ਼ਰਨ 'ਤੇ ਵਿਆਹੀ ਆਈ ਲੋੜੋਂ ਵੱਧ ਫਰਜ਼ ਨਿਭਾਅ ਗਈ। ਰੂਪੀ ਸ਼ਹਿਰ ਵਿਚ ਪਲੀ ਸੀ ਪਰ ਸੀ ਫਰੀਦਕੋਟੀਏ ਸਰਦਾਰਾਂ ਦੀ ਧੀ।

ਕਾਕਾ ਜੀ ਸਰਦੂਲ ਸਿੰਘ ਚਾਹੁੰਦੇ ਸਨ ਕਿ ਉਨ੍ਹਾਂ ਦੇ ਘਰ ਜੋ ਬੀਬੀ ਆਵੇ, ਉਹਨੂੰ ਸੱਭਿਅਤਾ ਤੇ ਸੂਝ ਵਿਰਾਸਤ ਵਿਚ ਮਿਲੀ ਹੋਵੇ। ਇਹ ਨਾ ਹੋਵੇ ਕਿ ਪੁਸ਼ਤਾਂ ਦੀ ਬਣੀ-ਬਣਾਈ ਉਹ ਦਿਨਾਂ ਵਿਚ ਰੋਹੜ ਦੇਵੇ। ਰਿਸ਼ਤੇ-ਨਾਤੇ ਇਨਸਾਨੀ ਜ਼ਿੰਦਗੀ ਦੀ ਖੁਰਾਕ ਹਨ ਤੇ ਵਿਆਹ ਤਾਂ ਖਾਸਕਰ ਉਹ ਰਿਸ਼ਤਾ ਹੈ, ਜਿਥੇ ਦੋਵਾਂ ਦੀ ਤਬੀਅਤ ਜੇ ਮੇਲ ਨਾ ਖਾਵੇ ਤਾਂ ਫਾਸਲੇ ਜ਼ਿੰਦਗੀਆਂ ਲੈ ਡੁੱਬਦੇ ਹਨ। ਰੂਪੀ ਇਕ ਤਰ੍ਹਾਂ ਨਾਲ ਸਰਦੂਲ ਦੀ ਸ਼ਖਸੀਅਤ ਦਾ ਹਿੱਸਾ ਹੋ ਨਿਬੜੀ ਸੀ। ਉਹਦੇ ਮਨ ਦੀਆਂ ਬੁੱਝਦੀ ਉਹ ਉਹਦੀ ਸਭ ਤੋਂ ਵੱਡੀ ਕਮਜ਼ੋਰੀ ਤੇ ਸਭ ਤੋਂ ਵੱਧ ਲੋੜ ਬਣ ਚੁੱਕੀ ਸੀ। ਜੇ ਕਿਤੇ ਸਰਦੂਲ ਨੇ ਬਾਹਰੋਂ ਥੱਕੇ ਨੇ ਆਉਣਾ ਤਾਂ ਘਰ ਪਹੁੰਚ ਆਰਾਮ ਲੋਚਣਾ, ਰੂਪੀ ਨੇ ਆਵਾਜਾਈ ਆਪ ਹੀ ਭੁਗਤਾ ਛੱਡਣੀ। ਜੇ ਕਿਤੇ ਉਹ ਚੁੱਪ ਫੜ ਲੈਂਦਾ ਤੇ ਉਹ ਆਨੇ-ਬਹਾਨੇ ਉਹਦੇ ਮੂਹਰੇ-ਮਗਰ ਹੋਈ ਫਿਰਦੀ ਉਹਦੀ ਚੁੱਪ ਦੀ ਬਿੜਕ ਲੈਣ ਨੂੰ। ਜੇ ਕਿਤੇ ਚਾਰ ਪੈਸੇ ਘਰ ਘੱਟ ਆਏ ਹੋਣੇ ਤਾਂ ਰੂਪੀ ਨੇ ਕਈ ਖਰਚੇ ਨੱਪ ਛੱਡਣੇ ਤੇ ਗੱਡੀ ਇਵੇਂ ਖਿੱਚਣੀ ਜਿਵੇਂ ਕੋਈ ਘਾਟ ਹੋਵੇ ਹੀ ਨਾ। ਬਸੰਤ ਕੌਰ ਵੀ ਸੋਚੇ ਬਈ ਆਵਦੇ ਜਾਣੇ ਨੇ ਹੋਰ ਕੀ ਰੰਗ ਬੁਣ ਦੇਣਾ ਸੀ? ਖਵਰਾ ਗਲ 'ਚ ਹੀ ਅੰਗੂਠਾ ਦਿੱਤਾ ਹੁੰਦਾ। ਆਹ ਦੋਵਾਂ ਨੇ ਤਾਂ ਜਿਵੇਂ ਜਨਮਾਂ-ਜਨਮਾਂਤਰਾਂ ਦਾ ਨਿੱਘ ਭਰ 'ਤਾ ਜ਼ਿੰਦਗੀ ਵਿਚ।

ਓਦਣ ਪਿੰਡ ਵਿਚ ਕੋਈ ਮਰਗਤ ਹੋ ਗਈ। ਉਨ੍ਹਾਂ ਦਾ ਵਿਹੜਾ ਛੋਟਾ ਸੀ। ਨਾਨਕੀਆਂ ਨੇ ਮਕਾਣ ਆਉਣਾ ਸੀ। ਬਸੰਤ ਕੌਰ ਨੇ ਰੂਪੀ ਨੂੰ ਕਿਹਾ, ''ਆਪਣੇ ਸੱਥਰ ਵਿਛਾ ਲਵੋ ਕੁੜੇ। ਅਗਲੇ ਦਾ ਵਕਤ ਸਾਰੋ।''
ਰੂਪੀ ਹੱਸ ਕੇ ਉਲਾਂਭਾ ਜਿਹਾ ਦੇਣ ਲੱਗੀ।'' ਨਾ, ਬੇਬੇ, ਆਪਣਾ ਤਾਂ ਪਿੰਡ ਸੁੱਖ ਨਾਲ ਬੁੱਡਸਤਾਨ ਬਣਿਆ ਪਿਆ ਹੈ। ਵਾਧੂ ਬੁੜੇ ਹਨ ਇਥੇ। ਆਏ ਦਿਨ ਕੋਈ ਨਾ ਕੋਈ ਬੁੜਕਿਆ ਰਹਿਣਾ ਹੈ। ਜੇ ਸਾਰੇ ਆਪਣੇ ਆਉਣਾ ਗਿਝ ਗਏ ਤਾਂ ਸਮਝੋ ਮਕਾਣਾਂ ਦਾ ਬਰਾਂਚ ਆਫਿਸ ਖੁੱਲ੍ਹ ਗਿਆ ਆਪਣੇ ਘਰੇ।''
ਬੇਬੇ ਨੇ ਲਾਡ ਨਾਲ ਉਹਦੇ ਇਕ ਧਰ 'ਤੀ'' ਬੂਹ, ਹਾਅ ਕੀ ਆਖ 'ਤੀ ਕੁਡੀ? ਹੈਂਅ ਤਾਂ ਜੱਗ 'ਤੇ ਵਾਰੀ ਬੰਨ੍ਹੀ ਹੈ। ਮੌਤ ਦਾ ਕੀ ਉਲਾਂਭਾ ਹੈ, ਉਹ ਤਾਂ ਸਭ 'ਤੇ ਖੜ੍ਹੀ ਹੈ ਪਰ ਤੂੰ ਪੁੰਨ ਖੱਟ ਕੇ ਸੁਨੇਹਾ ਘੱਲ ਦੇ ਸਰਪੰਚਾਂ ਦੇ।''
ਲਓ ਜੀ ਸਾਰੀ ਆਥਣ ਤੁਰ ਗਿਆ ਵੇ ਰੱਬਾ, ਲੋਹੜਾ ਵੇ ਰੱਬਾ ਹੁੰਦੀ ਰਹੀ। ਸਰਦੂਲ ਮੁੜ ਕੇ ਬੜਾ ਔਖਾ ਹੋਇਆ।
"ਨਾ ਹਾਅ ਕਸਰ ਰਹਿ ਗਈ ਸੀ ਨੂੰਹ-ਸੱਸ ਦੀ ਮੱਤ ਦੀ। ਪੁੰਨ ਖਾਤਿਰ ਕਿਸੇ ਗਰੀਬ ਦੀ ਧੀ ਵਿਆਹੋ, ਕੁਝ ਹੋਰ ਲੀੜਾ ਕੱਪੜਾ ਕਿਤੇ ਫੜਾਓ, ਭਲਾ ਮਕਾਣਾਂ ਨੂੰ ਸੱਦੇ ਦਿੰਦਾ ਕੋਈ ਸੁਣਿਆ?''
ਰੂਪੀ ਗੱਲ ਕੱਦਣ ਦੀ ਜੁਅਰੱਤ ਨਾ ਕਰੇ ਪਰ ਕਈ ਵਲੇਟੇ ਪਾਵੇ, ''ਉਹ ਜੀ, ਤਾਂ ਕੀ ਹੋਇਆ। ਉਹ ਤਾਂ ਬਾਹਰੋਂ ਬਹਿ ਕੇ ਮੁੜ ਗਏ।''
''ਤੂੰ ਡਰਾਇੰਗ ਰੂਮ ਖੋਲ੍ਹ ਛੱਡਦੀ ਉਨ੍ਹਾਂ ਦੀਆਂ ਹੇਕਾਂ ਨੂੰ। ਪਿਛਲੇ ਸਾਲ ਦੀ ਮੁਰੰਮਤ ਨੂੰ ਉਨ੍ਹਾਂ ਦੀਆਂ ਚੀਕਾਂ ਨਾਲ ਤਰੇੜਾਂ ਪੈ ਜਾਣੀਆਂ ਸਨ।''
ਸਰਦੂਲ ਦੀ ਖਿਝ ਬੇਬੇ ਨੂੰ ਸਮਝ ਨਾ ਆਵੇ। ਖੈਰ, ਅਗਲੇ ਦਿਨ ਪਾਣੀ ਛਿੜਕਾ ਘਰ ਵਿਹੜੇ ਵਿਚ ਘਰ ਦੇ ਅੰਦਰ ਪਾਠ ਖੁਲਾਇਆ ਤਾਂ ਜਾ ਕੇ ਸ਼ਾਂਤੀ ਹੋਈ।

ਫਿਰ ਇਕ ਦਿਨ ਇਕ ਪ੍ਰੇਮਣ ਬੀਬੀ, ਬਸੰਤ ਕੌਰ ਨੂੰ ਸਲਾਹ ਦੇ ਗਈ, ਬਈ ਜਿਹੜਾ ਤੇਰੀ ਇਕ ਲੱਤ ਚੰਗੀ-ਭਲੀ, ਤੁਰਨੋਂ ਰਹਿ ਗਈ, ਕਿਸੇ ਦਾ ਟੂਣਾ-ਟੱਪਣਾ ਨਾ ਹੋਵੇ? ਲਾਗਲੇ ਪਿੰਡ ਵਿਚ ਬੜਾ ਪਹੁੰਚਿਆ ਇਕ ਸਾਧ ਹੈ, ਸੁਆਹ ਦੀ ਪੁੜੀ ਨਾਲ ਹੀ ਅਗਲੇ ਨੂੰ ਨੌਂ-ਬਰ-ਨੌਂ ਕਰ ਦੇਂਦਾ ਹੈ। ਕੀ ਹਰਜ਼ ਹੈ ਜੇ ਟੈਂਪੂ ਦਾ ਕਿਰਾਇਆ ਦੇ ਕੇ ਘਰੇ ਸੱਦ ਲਈਏ। ਬੇਬੇ ਦਾ ਚਿੱਤ ਕੀਤਾ ਬਈ ਹੁਣੇ ਆਖੇ ਸਰਦੂਲ ਨੂੰ ਵੀ ਉਹਨੂੰ ਬਹਾਈ ਲਿਆਵੇ ਪਰ ਸਰਦੂਲ ਨੂੰ ਕਿਵੇਂ ਆਖੇ? ਕੇਰਾਂ ਗੱਲ ਤੋਰੀ ਸੀ ਲੱਤ ਦੀ ਤਾਂ ਕਹਿੰਦਾ, ''ਸਾਰੇ ਪੰਜਾਬ ਦੇ ਡਾਕਟਰ ਮੈਨੂੰ ਤੇਰੀ ਲੱਤ ਕਰਕੇ ਪਛਾਣਦੇ ਨੇ। ਤੂੰ ਦੱਸ ਮੈਰਾਥਨ ਭੱਜਣਾ ਹੈ ਕਿ ਗਿੱਧਾ ਪਾਉਣਾ ਹੈ ਇਸ ਉਮਰੇ? ਅਗਲੇ ਸਫਰ 'ਤੇ ਤਾਂ ਚਾਰ ਮੋਢਿਆਂ 'ਤੇ ਜਾਏਂਗੀ, ਦੂਜੀ ਲੱਤ ਦੀ ਵੀ ਲੋੜ ਨਹੀਂ।'' ਵਿਚਾਰੀ ਬੇਬੇ, ਆਵਦੀ ਕਿਰਿਆ ਸੋਧਣ ਜੋਗੀ ਹੋਣਾ ਚਾਹੁੰਦੀ ਸੀ। ਥੋੜ੍ਹਾ-ਬਹੁਤ-ਆਂਢ-ਗੁਆਂਢ ਜਾਣ ਜੋਗੀ ਪਰ ਕਿਹੜਾ ਮੱਥਾ ਮਾਰੇ ਏਸ ਪਤੰਦਰ ਨਾਲ। ਇਹ ਚਾਰ ਕੁ ਦਿਨ ਕਿਤੇ ਜਾ ਹੀ ਵੜੇ ਤਾਂ ਵੀ ਹੈ। ਰੱਬ ਨੇ ਨੇੜੇ ਹੋ ਸੁਣ ਲਈ। ਸਰਦੂਲ ਨੂੰ ਨਾਲ ਦੇ ਪਿੰਡ ਆਲੇ ਜ਼ੈਲਦਾਰ ਕੇ ਨਾਲ ਬਿਠਾ ਲੈ ਗਏ ਗਵਾਹੀ ਪਾਉਣ ਨੂੰ ਕੋਰਟ ਕਚਹਿਰੀ ਦਾ ਮਾਮਲਾ ਸੀ, ਦੇਰ ਸਵੇਰ ਹੋਣੀ ਲਾਜ਼ਮੀ ਸੀ। ਬਸੰਤ ਕੌਰ ਨੇ ਰੂਪੀ ਨੂੰ ਇਕ ਮੁੱਚੀ ਜਿਹੀ ਪਰਚੀ ਫੜਾਈ ਜੀਹਦੇ 'ਤੇ ਬੂਬਣੇ ਦਾ ਮੋਬਾਇਲ ਨੰਬਰ ਸੀ ਤੇ ਆਖਿਆ ਉਹਨੂੰ ਸੱਦ ਲਵੇ। ਰੂਪੀ ਆਖੇ, ''ਬੇਬੇ ਹੋਰ ਨਾ ਕੁਝ ਵੱਧ-ਘੱਟ ਹੋ ਜੇ, ਕੀਹਦੇ ਮਾਂ ਨੂੰ ਮਾਸੀ ਆਖਾਂਗੇ? ਆਪਾਂ ਸਰਦੂਲ ਹੋਰਾਂ ਨੂੰ ਮੁੜ ਲੈਣ ਦੇਈਏ।'' ''ਨੀ ਜਾ ਪਰਾਂ, ਉਹਨੇ ਮੇਰੀ ਲੱਤ ਕੀ ਜੁੜਨ ਦੇਣੀ ਹੈ, ਸਾਧ ਦੀਆਂ ਵੀ ਭੰਨ ਧਰੂ।'' ਰੂਪੀ ਨੇ ਡਰਦੀ ਨੇ ਫੋਨ ਤਾਂ ਕੇਰਾ ਘੁਕਾਤਾ ਪਰ ਹੱਥ ਕੰਬਣ।

ਸਾਧ ਹੁਰੀਂ ਆ ਪਹੁੰਚੇ। ਇਕੱਲੇ ਨਹੀਂ, ਦਸ ਕੁ ਫੀਲੇ ਨਾਲ। ਸਾਧ ਦਾ ਨਾਮ ਹੱਡੀ ਸਮਰਾਟ ਸੀ। ਪਹਿਲਾਂ ਸਾਰੀ ਡਾਕਟਰੀ ਟੀਮ ਨੇ ਪਰਸ਼ਾਦਾ ਛੱਕਿਆ, ਫੇਰ ਆਪ੍ਰੇਸ਼ਨ ਸ਼ੁਰੂ ਕੀਤਾ। ਉਨ੍ਹੇ ਬੇਬੇ ਦੀ ਲੱਤ 'ਤੇ ਸੁਹਾ ਜਿਹੀ ਮਲੀ ਤੇ ਉਹਦੇ ਸਿਰ ਤੋਂ ਗਿਆਰਾਂ ਮਿਰਚਾਂ ਵਾਰੀਆਂ। ਫੇਰ ਪੱਕੇ ਫਰਸ਼ 'ਤੇ ਕੁਝ ਡੋਲ੍ਹਿਆ ਤੇ ਮੰਤਰ ਪੜ੍ਹ ਛੱਡਿਆ। ਫਰਸ਼ ਤੋਂ ਧੂੰਆਂ ਇਓਂ ਉੱਠ ਰਿਹਾ ਸੀ ਜਿਵੇਂ ਕਿਸੇ ਡੀ. ਜੇ. ਦੀ ਵਿਆਹ ਆਲੀ ਸਟੇਜ ਤੋਂ ਉਠਦਾ ਹੈ।

ਬੂਬਣੇ ਨੇ ਸ਼ਗਨ ਦੀ ਮੰਗ ਕੀਤੀ, ਕੇਵਲ ਗਿਆਰਾਂ ਸੌ ਰੁਪਿਆ। ਰੂਪੀ ਨੇ ਕਿਹਾ ਘਰੇ ਤਾਂ ਮਸਾਂ ਪੰਜ ਕੁ ਸੌ ਹੁੰਦਾ ਹੈ। ਉਹ ਵੀ ਘਰਵਾਲੇ ਨੇ ਆ ਕੇ ਪੁੱਛਣਾ ਹੈ ਬਈ ਕੀ ਹਿਸਾਬ ਹੈ। ਬੂਬਣੇ ਨੇ ਮੱਥੇ 'ਤੇ ਤਿਊੜੀਆਂ ਪਾ ਲਈਆਂ ਤੇ ਜਾਣ ਨੂੰ ਉੱਠਿਆ। ਫੀਲਿਆ ਨੇ ਵਿਚ ਪੈ ਪੰਜ ਸੌ 'ਤੇ ਗੱਲ ਮੁਕਾਈ ਤੇ ਰੂਪੀ ਤੋਂ ਨੋਟ ਫੜ ਲਏ। ਸਾਧ ਨੇ ਬੇਬੇ ਨੂੰ ਉੱਠ ਕੇ ਫਰਸ਼ 'ਤੇ ਤੁਰਨ ਨੂੰ ਆਖਿਆ। ਰੂਪੀ ਨੇ ਅਗਾਂਹ ਹੋ ਫੜਨਾ ਚਾਹਿਆ ਤੇ ਉਹਨੇ ਕਾਲੀ ਜਿਹੀ ਉਂਗਲ ਚੁੱਕ ਉਹਨੂੰ ਸਖਤੀ ਨਾਲ ਵਰਜ ਦਿੱਤਾ। ਬੇਬੇ ਉੱਠੀ, ਇਕ ਪੈਰ ਚੁੱਕਿਆ, ਫੇਰ ਹਵਾ ਵਿਚ ਉੱਡ ਕੇ ਧੜੰਮ ਦੇਣੇ ਫਰਸ਼ 'ਤੇ ਆ ਡਿੱਗੀ। ਬੂਬਣੇ ਨੇ ਆਪਣੇ ਸਾਥੀਆਂ ਨੂੰ ਕਿਹਾ, ਚਲੋ ਅਗਲੇ ਆਪ੍ਰੇਸ਼ਨ ਦਾ ਟੈਮ ਹੋ ਗਿਆ। ਇਸ ਮਰੀਜ਼ ਨੂੰ ਫੇਰ ਆ ਵੇਖਾਂਗੇ। ਰੂਪੀ ਆਖੇ, ''ਓਏ ਸੁਣੋ ਬਾਬਾ ਜੀ ਕੰਮ ਤਾਂ ਪੂਰਾ ਕਰਕੇ ਜਾਓ।''

''ਪੈਸੇ ਅੱਧੇ ਤੇ ਕੰਮ ਪੂਰਾ? ਉਡਣਾ ਆ ਗਿਆ ਮਾਈ ਨੂੰ, ਤੁਰਨਾ ਵੀ ਸਿੱਖ ਜਾਵੇਗੀ। ਹਰ ਰੋਜ਼ ਤੋਰਿਆ ਕਰੋ।''
ਬੇਬੇ ਦੀ 'ਕ੍ਰੈਸ਼ ਲੈਂਡਿੰਗ' ਤੇ ਨਾਲ ਦੇ ਘਰ ਵਾਲੇ ਆ ਪਹੁੰਚ। ਉਹਨੂੰ ਲਹੂ ਲੁਹਾਨ ਪਈ ਨੂੰ ਚੁੱਕਿਆ। ਅਗਲੇ ਦਿਨ ਕਈ ਹਮਦਰਦ ਪਤਾ ਲੈਣ ਆਏ।
ਸਰਦੂਲ ਅੱਗ-ਬਬੂਲਾ ਹੋਇਆ ਬੈਠਾ ਸੀ। ਰੂਪੀ ਗੁਨਾਹਗਾਰਾਂ ਵਾਂਗ ਸੇਵਾ ਕਰ ਰਹੀ ਸੀ। ਬੇਬੇ ਸਿਰੋਂ ਪੈਰਾਂ ਤਾਈਂ ਪਲਸਤਰ ਵਿਚ ਬੱਝੀ ਸੀ।
ਕਿਸੇ ਨੇ ਪੁੱਛਿਆ ਸਰਦੂਲ ਨੂੰ ਬਈ ਕੀ ਹਾਲ ਹੈ?
ਉਹ ਆਖੇ, ''ਬਸ ਜੀ, ਇਕ ਜ਼ੁਬਾਨ ਨੂੰ ਛੱਡ ਕੇ ਸਾਰੇ ਸਿਸਟਮ ਫੇਲ੍ਹ ਨੇ। ਸਾਧ ਨੇ ਪਹਿਲੇ ਗਿਅਰ ਵਿਚ ਗੱਡੀ ਪਾਈ ਨਾ ਤੇ ਫਲਾਇੰਗ ਗਿਅਰ ਪਾ ਛੱਡਿਆ। ਇਹ ਪੁੰਲਾਂਧਾਰੀ ਬੀਬੀ ਕਿਸੇ ਪੁੰਨ ਨੇ ਬਚਾ ਲੀ, ਨਹੀਂ ਤਾਂ...।''
ਬੇਬੇ ਪਲਸਤਰਾਂ ਵਿਚੋਂ ਦੀ ਮੁਸਕਰਾ ਪਈ।
 
Top