ਦਾਦੇ ਦੀ ਤੂੰਬੀ ਪੋਤੇ ਹੱਥ

ਸਿਰ ਉੱਤੇ ਤੁਰਲੇ ਵਾਲੀ ਦੁੱਧ ਰੰਗੀ ਪੱਗ, ਤੇੜ ਚਾਦਰਾ ਤੇ ਚਿੱਟਾ ਕੁੜਤਾ ਪਾ ਕੇ ਹੱਥ ’ਚ ਸ਼ਿੰਗਾਰੀ ਹੋਈ ਤੂੰਬੀ ਫੜ ਜਦੋਂ ਸੁਰੇਸ਼ ਯਮਲਾ ਸਟੇਜ ’ਤੇ ਚੜ੍ਹਦਾ ਹੈ ਤਾਂ ਦੇਖਣ ਵਾਲਿਆਂ ਨੂੰ ਉਹ ਪਹਿਲੀ ਨਜ਼ਰੇ ਉਸਤਾਦ ਗਾਇਕ ਯਮਲਾ ਜੱਟ ਦਾ ਭੁਲੇਖਾ ਪਾਉਂਦਾ ਹੈ। ਯਮਲਾ ਪਰਿਵਾਰ ਦੇ ਇਸ ਵਾਰਿਸ ਨੂੰ ਜਿੱਥੇ ਰੂਪ, ਪਹਿਰਾਵਾ ਵਿਰਾਸਤ ਵਿੱਚੋਂ ਮਿਲਿਆ ਹੈ ਉੱਥੇ ਜਨਮ ਤੋਂ ਮਿਲੀ ਗਾਇਕੀ ਦੀ ਗੁੜ੍ਹਤੀ ਨੇ ਇਸ ਦੀ ਕਲਾ ਨੂੰ ਚਾਰ ਚੰਨ ਲਾਏ ਹਨ। ਸੁਰੇਸ਼ ਯਮਲਾ ਵੀ ਆਪਣੀ ਗਾਇਕੀ ਦਾ ਆਰੰਭ ਆਪਣੇ ਦਾਦਾ ਉਸਤਾਦ ਯਮਲਾ ਜੱਟ ਦਾ ਗਾਇਆ ਗੀਤ ਰੂਪੀ ਸ਼ਬਦ ‘ਸਤਿਗੁਰੂ ਨਾਨਕ ਤੇਰੀ ਲੀਲ੍ਹਾ ਨਿਆਰੀ ਏ, ਰੀਝਾਂ ਲਾ ਲਾ ਵਹਿੰਦੀ ਦੁਨੀਆਂ ਸਾਰੀ ਏ।’ ਗਾ ਕੇ ਕਰਦਾ ਹੈ। ਉਸ ਦੀ ਆਵਾਜ਼ ਵਿਚ ਉਸਤਾਦ ਯਮਲਾ ਜੱਟ ਵਰਗਾ ਰਸ ਅਤੇ ਠਹਿਰਾਅ ਸਾਫ ਝਲਕਦਾ ਹੈ।
ਸੁਰੇਸ਼ ਯਮਲਾ ਨੇ ਦੱਸਿਆ ਕਿ ਉਸ ਨੂੰ ਛੱਡ ਕੇ ਬਾਕੀ ਪਰਿਵਾਰ ਦੇ ਮੈਂਬਰਾਂ ਦੀ ਅੰਡਰ ਮੈਟ੍ਰਿਕ ਤੱਕ ਦੀ ਪੜ੍ਹਾਈ ਮਸਾਂ ਪੂਰੀ ਕਰਨ ਨੇ ਦਾਦਾ ਜੀ ਦੇ ਦਿਲ ਨੂੰ ਕਾਫੀ ਠੇਸ ਮਾਰੀ ਜਿਸ ਕਰਕੇ ਉਹ ਨਹੀਂ ਸੀ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਗਾਇਕੀ ਵੱਲ ਆਉਣ। ਭਾਵੇਂ ਬਚਪਨ ਵਿਚ ਉਸ ਨੂੰ ਵੀ ਉਸਤਾਦ ਯਮਲਾ ਜੀ ਦੇ ਇਸ ਵਤੀਰੇ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੌਲੀ ਹੌਲੀ ਉਨ੍ਹਾਂ ਦੇ ਸੁਭਾਅ ਵਿਚ ਤਬਦੀਲੀ ਆਈ ਅਤੇ ਉਨ੍ਹਾਂ ਨੇ ਗਾਉਣ ਅਤੇ ਤੂੰਬੀ ਵਜਾਉਣ ਦੇ ਗੁਰ ਦੱਸ ਦਿੱਤੇ।
ਸੁਰੇਸ਼ ਨੇ ਆਪਣੇ ਦਾਦੇ ਦੀ ਯਾਦ ਨੂੰ ਤਾਜ਼ਾ ਕਰਦਿਆਂ ਦੱਸਿਆ ਕਿ ਇੱਕ ਵਾਰ ਕਿਸੇ ਸਮਾਗਮ ਵਿਚ ਪਟਿਆਲੇ ਘਰਾਣੇ ਦੇ ਗਾਇਕਾਂ ਨੇ ਸ਼ਿਰਕਤ ਕੀਤੀ ਅਤੇ ਉੱਥੇ ਹੀ ਉਸ ਦੇ ਦਾਦਾ ਯਮਲਾ ਜੱਟ ਵੀ ਪਹੁੰਚੇ ਹੋਏ ਸਨ। ਪਟਿਆਲਾ ਘਰਾਣੇ ਵਿੱਚੋਂ ਹੀ ਕਿਸੇ ਨੇ ਕਿਹਾ ਕਿ ਗਾਇਕੀ ਸਿੱਖਣ ਲਈ ਕਲਾਸੀਕਲ ਆਉਣਾ ਬਹੁਤ ਜ਼ਰੂਰੀ ਹੈ। ਇਸ ਦੇ ਜਵਾਬ ਵਿਚ ਉਸਤਾਦ ਯਮਲਾ ਜੀ ਨੇ ਸਿਰਫ ਏਨਾ ਹੀ ਕਿਹਾ ਕਿ ਕਲਾਸੀਕਲ ਗਾਇਕੀ ਤਾਂ ਕਰਾਟੇ ਦੀ ਖੇਡ ਵਾਂਗ ਹੈ। ਉਨ੍ਹਾਂ ਕਿਹਾ ਕਿ ਸਿੱਧਾ ਹੀ ਕਲਾਸੀਕਲ ਸਿੱਖਣਾ ਬਿਲਕੁਲ ਉਂਵੇਂ ਹੀ ਹੈ ਜਿਵੇਂ ਕੋਈ ਖਿਡਾਰੀ ਬਿਨਾਂ ਕਿਸੇ ਅਗਾਊਂ ਤਿਆਰੀ ਦੇ ਕਰਾਟੇ ਵਰਗੀ ਖਤਰਨਾਕ ਖੇਡ ਖੇਡਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਕਲਾਸੀਕਲ ਸਿੱਖਣ ਤੋਂ ਪਹਿਲਾਂ ਤਿਆਰੀ ਲਈ ਸਿਖਾਂਦਰੂਆਂ ਨੂੰ ਯਮਲੇ ਕੋਲ ਹੀ ਆਉਣਾ ਪਵੇਗਾ। ਉਸ ਅਨੁਸਾਰ ਜਦੋਂ ਦਾਦਾ ਜੀ ਗਾਇਕੀ ਦਾ ਰਿਆਜ ਕਰਦੇ ਤਾਂ ਉਹ ਵੀ ਉਨ੍ਹਾਂ ਕੋਲ ਆ ਕੇ ਬੈਠ ਜਾਂਦਾ ਅਤੇ ਕਈ ਕਈ ਘੰਟੇ ਉਨ੍ਹਾਂ ਦੇ ਪਿੱਛੇ ਗਾਉਂਦਾ ਰਹਿੰਦਾ। ਸੁਰੇਸ਼ ਅਨੁਸਾਰ ਦਾਦਾ ਜੀ ਦਾ ਕਹਿਣਾ ਸੀ ਕਿ ਜੇਕਰ ਤੈਨੂੰ ਤੂੰਬੀ ਹੀ ਵਜਾਉਣੀ ਨਾ ਆਈ ਤਾਂ ਤੂੰ ਯਮਲੇ ਦਾ ਵਾਰਸ ਕਿਵੇਂ ਕਹਾਏਗਾ। ਉਹ ਕਹਿੰਦੇ ਸਨ ਕਿ ਲਿਬਾਸ ਅਤੇ ਸਾਜ਼ ਕਿਸੇ ਵੀ ਪੰਜਾਬੀ ਕਲਾਕਾਰ ਦੀ ਪਛਾਣ ਹੁੰਦੇ ਹਨ।
ਸੁਰੇਸ਼ ਨੇ ਦੱਸਿਆ ਕਿ ਯਮਲਾ ਜੱਟ ਜੀ ਕਹਿੰਦੇ ਸਨ ਕਿ ਬਾਕੀ ਸਾਜ਼ਾਂ ਦੀਆਂ ਸੁਰਾਂ ਤਾਂ ਭਾਵੇਂ ਬਹੁਤੇ ਲੋਕ ਕੱਢ ਲੈਂਦੇ ਹਨ ਪਰ ਇੱਕ ਤਾਰ ਵਿੱਚੋਂ ਸੱਤ ਸੁਰਾਂ ਨੂੰ ਕੱਢਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ। ਸੁਰੇਸ਼ ਅਨੁਸਾਰ ਉਨ੍ਹਾਂ ਵੱਲੋਂ ਆਖੀ ਇਸ ਗੱਲ ਨੇ ਉਸ ਉਪਰ ਏਨਾ ਅਸਰ ਕੀਤਾ ਕਿ ਸਭ ਤੋਂ ਪਹਿਲਾਂ ਉਸ ਨੇ ਤੂੰਬੀ ਵਜਾਉਣੀ ਸਿੱਖੀ। ਉਸ ਅਨੁਸਾਰ ਤੂੰਬੀ ਦੀ ਇੱਕ ਤਾਰ ਤੋਂ ਨਹੁੰ ਦੇ ਹੇਰ- ਫੇਰ ਨਾਲ ਹੀ ਸੱਤ ਸੁਰਾਂ ਕੱਢੀਆਂ ਜਾਂਦੀਆਂ ਹਨ। ਤੂੰਬੀ ਅਜਿਹਾ ਸਾਜ਼ ਹੈ ਜਿਸ ਦੀ ਆਵਾਜ਼ ਨੂੰ ਬਾਕੀ ਸਾਜ਼ਾਂ ਦੇ ਮੁਕਾਬਲੇ ਸੌਖਿਆਂ ਆਪਣੇ ਬੋਲ ਅਨੁਸਾਰ ਘੱਟ ਵੱਧ ਕੀਤਾ ਜਾ ਸਕਦਾ ਹੈ। ਉਸ ਨੇ ਤੂੰਬੀ ਨੂੰ ਵਜਾਉਣ ਹੀ ਨਹੀਂ ਸਗੋਂ ਬਨਾਉਣ ਦਾ ਢੰਗ ਤਰੀਕਾ ਵੀ ਆਪਣੇ ਦਾਦਾ ਜੀ ਤੋਂ ਸਿੱਖਿਆ। ਸੁਰੇਸ਼ ਅਨੁਸਾਰ ਤੂੰਬੀ ਲਈ ਆਮ ਤੌਰ ’ਤੇ 0 ਨੰਬਰ ਅਤੇ 36 ਨੰਬਰ ਦੀ ਲੋਹੇ ਦੀ ਤਾਰ ਵਰਤੀ ਜਾਂਦੀ ਹੈ। ਇਸ ਦੇ ਇੱਕ ਪਾਸੇ ਕੋੜੇ ਕੱਦੂ ਨੂੰ ਕੱਟ ਕੇ ਲਾਇਆ ਜਾਂਦਾ ਹੈ। ਉਸ ਅਨੁਸਾਰ ਬਹੁਤੇ ਲੋਕ ਕੱਦੂ ਦੀ ਥਾਂ ਬਿੱਲ ਦੀ ਵਰਤੋਂ ਕਰ ਲੈਂਦੇ ਹਨ। ਬਿੱਲ ਅਤੇ ਕੱਦੂ ਦੀ ਵਰਤੋਂ ਨਾਲ ਆਵਾਜ਼ ਵਿਚ ਜ਼ਮੀਨ-ਆਸਮਾਨ ਦਾ ਫਰਕ ਪੈ ਜਾਂਦਾ ਹੈ ਜਿਸ ਦਾ ਪਤਾ ਇਸ ਦਾ ਮਾਹਿਰ ਹੀ ਲਗਾ ਸਕਦਾ ਹੈ। ਸੁਰੇਸ਼ ਅਨੁਸਾਰ ਕੱਦੂ ਨਾਲ ਬਣੀ ਤੂੰਬੀ ਦੀ ਆਵਾਜ਼ ‘ਪਤਲੀ’ (ਬਰੀਕ) ਹੁੰਦੀ ਹੈ ਜਦਕਿ ਬਿੱਲ ਨਾਲ ਬਣੀ ਤੂੰਬੀ ਦੀ ਆਵਾਜ਼ ‘ਮੋਟੀ’ ਨਿਕਲਦੀ ਹੈ। ਇਸ ਤੋਂ ਇਲਾਵਾ ਕੱਦੂ ਜਾਂ ਬਿੱਲ ਦੇ ਉੱਤੇ ਬੱਕਰੇ ਦੀ ਪਤਲੀ ਖੱਲ ਲਾਈ ਜਾਂਦੀ ਹੈ। ਸੁਰੇਸ਼ ਅਨੁਸਾਰ ਤੂੰਬੀ ਲਈ ਵਰਤੇ ਜਾਂਦੇ ਡੰਡੇ ਦੀ ਲੰਬਾਈ ਵੱਖ-ਵੱਖ ਹੋ ਸਕਦੀ ਹੈ ਪਰ ਉਹ ਇਸ ਨੂੰ ਅੰਦਾਜ਼ੇ ਨਾਲ 2 ਗਿੱਠ, 4 ਉਂਗਲ (ਕਰੀਬ 21 ਇੰਚ) ਰੱਖਦਾ ਹੈ। ਕੱਦੂ ਉੱਤੇ ਲਾਈ ਗਈ ਖੱਲ ਉਪਰ ਠਿਕਰੀ (ਲੱਕੜੀ ਦੀ ਬਣੀ ਹੋਈ) ਜਿਸ ਨੂੰ ਘੋੜੀ ਵੀ ਕਿਹਾ ਜਾਂਦਾ ਹੈ, ਟਿਕਾਈ ਜਾਂਦੀ ਹੈ। ਤੂੰਬੀ ਦੀ ਆਵਾਜ਼ ਨੂੰ ਠੀਕ ਕਰਨ ਲਈ ਘੋੜੀ ਨੂੰ ਤੂੰਬੇ ’ਤੇ ਫਿੱਟ ਕਰਕੇ 2-3 ਘੰਟੇ ਇਸ ’ਤੇ ਪਾਣੀ ਪਾ-ਪਾ ਕੇ ਥਾਂ ਬਣਾਈ ਜਾਂਦੀ ਹੈ। ਇਸ ਤੋਂ ਬਾਅਦ ਡੰਡੇ ਦੇ ਇੱਕ ਪਾਸੇ ਲੱਕੜ ਦੀ ‘ਕਿੱਲੀ’ ਲਾਈ ਜਾਂਦੀ ਹੈ ਜਿਸ ਨਾਲ ਤੂੰਬੀ ’ਤੇ ਲਾਈ ਜਾਣ ਵਾਲੀ ਤਾਰ ਦੇ ਤਿੰਨ ਵਲ ਦਿੱਤੇ ਜਾਂਦੇ ਹਨ। ਇਹ ਸਭ ਕੁਝ ਕਰ ਲੈਣ ਤੋਂ ਬਾਅਦ ਸੱਤ ਸੁਰਾਂ ਕੱਢਣ ਵਾਲੀ ਇੱਕ ਤਾਰ ਵਾਲੀ ਤੂੰਬੀ ਬਣ ਕੇ ਤਿਆਰ ਹੋ ਜਾਂਦੀ ਹੈ।
ਸੁਰੇਸ਼ ਯਮਲੇ ਨੇ ਦੱਸਿਆ ਕਿ ਗਾਇਕੀ ਕਰਕੇ ਹੀ ਉਸ ਨੂੰ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਭਲਾਈ ਮੰਚ ਨੇ ਉਸ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ। ਉਹ ਜਿੱਥੇ ਦੇਸ਼ ਦੇ ਕਈ ਸੂਬਿਆਂ ਵਿਚ ਆਪਣੀ ਗਾਇਕੀ ਦਾ ਲੋਹਾ ਮਨਵਾ ਚੁੱਕਾ ਹੈ ਉੱਥੇ ਅਮਰੀਕਾ ਵਰਗੇ ਦੇਸ਼ ਵਿਚ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਅਤੇ ਉਸਤਾਦ ਯਮਲਾ ਜੱਟ ਦੀ ਯਾਦ ਨੂੰ ਤਾਜ਼ਾ ਕਰਨ ਵਿਚ ਸਫਲ ਰਿਹਾ ਹੈ। ਮੇਰੇ ਦਾਦਾ ਜੀ ਕਹਿੰਦੇ ਸਨ ਕਿ ਜਿੰਨੇ ਵੱਧ ਲੋਕ ਤੂੰਬੀ ਨੂੰ ਸਿੱਖਣਗੇ, ਉਨਾ ਹੀ ਯਮਲਾ ਪਰਿਵਾਰ ਵਧੇਗਾ। ਉਸ ਨੇ ਆਪਣੇ ਦਾਦਾ ਜੀ ਦੇ ਦੱਸੇ ਰਾਹ ’ਤੇ ਚੱਲਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਤੂੰਬੀ ਦੇ ਗੁਰ ਦੱਸ ਰਹੇ ਹਨ। ਉਹ ‘ਡੇਰਾ ਉਸਤਾਦ ਯਮਲਾ ਜੱਟ’ ’ਤੇ ਲੋਕਾਂ ਨੂੰ ਤੂੰਬੀ ਵਜਾਉਣੀ ਸਿਖਾਉਂਦੇ ਹਨ ਅਤੇ ਉਹ ਵੀ ਬਿਨਾਂ ਕੋਈ ਫੀਸ ਲੈਣ ਦੇ। ਕੋਈ ਵੀ ਵਿਅਕਤੀ ਉਦੋਂ ਤੱਕ ਬੁਲੰਦੀਆਂ ਨਹੀਂ ਛੂਹ ਸਕਦਾ ਜਦੋਂ ਤੱਕ ਪ੍ਰਮਾਤਮਾ, ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਦਾ ਸਹਿਯੋਗ ਨਾ ਮਿਲੇ। ਉਸ ਅਨੁਸਾਰ ਉਸ ਦੀ ਗਾਇਕੀ ਪਿੱਛੇ ਪਿਤਾ ਕਰਤਾਰ ਚੰਦ, ਪਤਨੀ ਸੀਮਾ ਯਮਲਾ, ਪੁੱਤਰ ਤਰੁਨ ਯਮਲਾ ਅਤੇ ਬੇਟੀਆਂ ਕਵਿਤਾ ਅਤੇ ਸੰਧਿਆ ਤੋਂ ਇਲਾਵਾ ਦੋਸਤ ਰਵਿੰਦਰ ਰੰਗੂਵਾਲ ਅਤੇ ਨਿੰਦਰ ਘੁੰਗਿਆਣਵੀ ਦਾ ਬਹੁਤ ਵੱਡਾ ਹੱਥ ਹੈ। ਉਸਤਾਦ ਯਮਲਾ ਜੱਟ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਘੁਗਿਆਨਵੀ ਵੱਲੋਂ ਸੰਪਾਦਤ ਕੀਤੀਆਂ ਯਮਲਾ ਜੀ ਵੱਲੋਂ ਗਾਏ ਗੀਤਾਂ ਦੀਆਂ ਦੋ ਕਿਤਾਬਾਂ ‘ਤੂੰਬੀ ਦੀ ਤਾਰ’ ਅਤੇ ‘ਤੂੰਬੀ ਦੀ ਪੁਕਾਰ’ ਛਪ ਕੇ ਤਿਆਰ ਹੋ ਗਈਆਂ ਹਨ ਜਦਕਿ ਤੀਜੀ ਕਿਤਾਬ ‘ਤੂੰਬੀ ਦਾ ਸ਼ਿੰਗਾਰ’ ਤਿਆਰੀ ਅਧੀਨ ਹੈ।
 
Top