ਤਰੇੜ ਵਾਲਾ ਘੜਾ

Parv

Prime VIP
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਕਿਸੇ ਪਿੰਡ ਵਿਚ ਇਕ ਕਿਸਾਨ ਰਹਿੰਦਾ ਸੀ। ਉਹ ਰੋਜ਼ ਸਵੇਰੇ ਤੜਕੇ ਉੱਠ ਕੇ ਦੂਰ ਝਰਨਿਆਂ ਤੋਂ ਸਾਫ ਪਾਣੀ ਲੈਣ ਜਾਂਦਾ ਸੀ। ਇਸ ਕੰਮ ਲਈ ਉਹ ਆਪਣੇ ਨਾਲ 2 ਵੱਡੇ ਘੜੇ ਲੈ ਜਾਂਦਾ ਸੀ, ਜਿਨ੍ਹਾਂ ਨੂੰ ਉਹ ਡੰਡੇ ਨਾਲ ਬੰਨ੍ਹ ਕੇ ਆਪਣੇ ਮੋਢਿਆਂ 'ਤੇ ਦੋਵੇਂ ਪਾਸੇ ਲਟਕਾ ਲੈਂਦਾ ਸੀ।
ਉਨ੍ਹਾਂ ਵਿਚੋਂ ਇਕ ਘੜੇ ਵਿਚ ਤਰੇੜ ਪਈ ਹੋਈ ਸੀ ਅਤੇ ਦੂਜਾ ਇਕਦਮ ਸਹੀ ਸੀ। ਇਸ ਕਾਰਨ ਰੋਜ਼ ਘਰ ਪਹੁੰਚਦੇ-ਪਹੁੰਚਦੇ ਕਿਸਾਨ ਕੋਲ ਡੇਢ ਘੜਾ ਪਾਣੀ ਹੀ ਬਚਦਾ ਸੀ। ਅਜਿਹਾ 2 ਸਾਲਾਂ ਤੋਂ ਚੱਲ ਰਿਹਾ ਸੀ।
ਸਹੀ ਘੜੇ ਨੂੰ ਇਸ ਗੱਲ ਦਾ ਘੁਮੰਡ ਸੀ ਕਿ ਉਹ ਪੂਰੇ ਦਾ ਪੂਰਾ ਪਾਣੀ ਘਰ ਪਹੁੰਚਾਉਂਦਾ ਹੈ ਅਤੇ ਉਸ ਵਿਚ ਕੋਈ ਕਮੀ ਨਹੀਂ। ਦੂਜੇ ਪਾਸੇ ਤਰੇੜ ਵਾਲਾ ਘੜਾ ਇਸ ਗੱਲੋਂ ਸ਼ਰਮਿੰਦਾ ਰਹਿੰਦਾ ਸੀ ਕਿ ਅੱਧਾ ਪਾਣੀ ਹੀ ਘਰ ਤਕ ਪਹੁੰਚਾਉਂਦਾ ਹੈ ਅਤੇ ਕਿਸਾਨ ਦੀ ਮਿਹਨਤ ਵਿਅਰਥ ਚਲੀ ਜਾਂਦੀ ਹੈ। ਤਰੇੜ ਵਾਲਾ ਘੜਾ ਇਹ ਸਭ ਸੋਚ ਕੇ ਬਹੁਤ ਪ੍ਰੇਸ਼ਾਨ ਰਹਿਣ ਲੱਗਾ। ਇਕ ਦਿਨ ਉਸ ਕੋਲੋਂ ਰਿਹਾ ਨਾ ਗਿਆ। ਉਸ ਨੇ ਕਿਸਾਨ ਨੂੰ ਕਿਹਾ,''ਮੈਂ ਖੁਦ 'ਤੇ ਸ਼ਰਮਿੰਦਾ ਹਾਂ ਅਤੇ ਤੁਹਾਡੇ ਕੋਲੋਂ ਮੁਆਫੀ ਮੰਗਣੀ ਚਾਹੁੰਦਾ ਹਾਂ।''
ਕਿਸਾਨ ਨੇ ਪੁੱਛਿਆ,''ਤੂੰ ਕਿਸ ਗੱਲ ਤੋਂ ਸ਼ਰਮਿੰਦਾ ਏਂ?''
ਤਰੇੜ ਵਾਲਾ ਘੜਾ ਦੁਖੀ ਹੋ ਕੇ ਬੋਲਿਆ,''ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਮੇਰੇ ਵਿਚ ਇਕ ਜਗ੍ਹਾ ਤਰੇੜ ਆਈ ਹੋਈ ਹੈ ਅਤੇ ਪਿਛਲੇ 2 ਸਾਲਾਂ ਤੋਂ ਮੈਨੂੰ ਜਿੰਨਾ ਪਾਣੀ ਤੁਹਾਡੇ ਘਰ ਪਹੁੰਚਾਉਣਾ ਚਾਹੀਦਾ ਸੀ, ਬਸ ਉਸ ਦਾ ਅੱਧਾ ਹੀ ਪਹੁੰਚਦਾ ਹੈ। ਮੇਰੇ ਅੰਦਰ ਇਹ ਬਹੁਤ ਵੱਡੀ ਕਮੀ ਹੈ ਅਤੇ ਇਸ ਕਾਰਨ ਤੁਹਾਡੀ ਮਿਹਨਤ ਬਰਬਾਦ ਹੁੰਦੀ ਰਹੀ ਹੈ।''
ਕਿਸਾਨ ਨੂੰ ਘੜੇ ਦੀ ਗੱਲ ਸੁਣ ਕੇ ਥੋੜ੍ਹਾ ਦੁੱਖ ਹੋਇਆ ਅਤੇ ਉਹ ਬੋਲਿਆ,''ਕੋਈ ਗੱਲ ਨਹੀਂ, ਮੈਂ ਚਾਹੁੰਦਾ ਹਾਂ ਕਿ ਅੱਜ ਮੁੜਨ ਵੇਲੇ ਤੂੰ ਰਸਤੇ ਵਿਚ ਨਜ਼ਰ ਆਉਂਦੇ ਸੁੰਦਰ ਫੁੱਲਾਂ ਨੂੰ ਦੇਖੀਂ।''
ਘੜੇ ਨੇ ਉਸੇ ਤਰ੍ਹਾਂ ਕੀਤਾ। ਉਹ ਪੂਰੇ ਰਸਤੇ ਸੁੰਦਰ ਫੁੱਲਾਂ ਨੂੰ ਦੇਖਦਾ ਆਇਆ। ਇੰਝ ਕਰਨ ਨਾਲ ਉਸ ਦੀ ਉਦਾਸੀ ਕੁਝ ਦੂਰ ਹੋਈ ਪਰ ਘਰ ਪਹੁੰਚਦੇ-ਪਹੁੰਚਦੇ ਫਿਰ ਉਸ ਦੇ ਅੰਦਰੋਂ ਅੱਧਾ ਪਾਣੀ ਵਗ ਚੁੱਕਾ ਸੀ। ਉਹ ਨਿਰਾਸ਼ ਹੋ ਗਿਆ ਅਤੇ ਕਿਸਾਨ ਤੋਂ ਮੁਆਫੀ ਮੰਗਣ ਲੱਗਾ।
ਕਿਸਾਨ ਬੋਲਿਆ,''ਸ਼ਾਇਦ ਤੂੰ ਧਿਆਨ ਨਹੀਂ ਦਿੱਤਾ, ਪੂਰੇ ਰਸਤੇ ਵਿਚ ਜਿੰਨੇ ਵੀ ਫੁੱਲ ਸਨ, ਉਹ ਬਸ ਤੇਰੇ ਵੱਲ ਹੀ ਸਨ। ਸਹੀ ਘੜੇ ਵੱਲ ਇਕ ਵੀ ਫੁੱਲ ਨਹੀਂ ਸੀ। ਅਜਿਹਾ ਇਸ ਲਈ ਸੀ ਕਿਉਂਕਿ ਮੈਂ ਹਮੇਸ਼ਾ ਤੋਂ ਤੇਰੇ ਅੰਦਰ ਦੀ ਕਮੀ ਬਾਰੇ ਜਾਣਦਾ ਸੀ ਅਤੇ ਮੈਂ ਉਸ ਦਾ ਫਾਇਦਾ ਲਿਆ। ਮੈਂ ਤੇਰੇ ਵੱਲ ਦੇ ਰਸਤੇ 'ਤੇ ਰੰਗ-ਬਿਰੰਗੇ ਫੁੱਲਾਂ ਦੇ ਬੀਜ ਲਗਾ ਦਿੱਤੇ ਸਨ। ਤੂੰ ਰੋਜ਼ ਥੋੜ੍ਹਾ-ਥੋੜ੍ਹਾ ਉਨ੍ਹਾਂ ਨੂੰ ਸਿੰਜਦਾ ਰਿਹਾ ਅਤੇ ਪੂਰੇ ਰਸਤੇ ਨੂੰ ਇੰਨਾ ਖੂਬਸੂਰਤ ਬਣਾ ਦਿੱਤਾ। ਅੱਜ ਤੇਰੇ ਕਾਰਨ ਹੀ ਮੈਂ ਇਨ੍ਹਾਂ ਫੁੱਲਾਂ ਨੂੰ ਰੱਬ ਨੂੰ ਅਰਪਿਤ ਕਰਦਾ ਹਾਂ ਅਤੇ ਆਪਣਾ ਘਰ ਸੁੰਦਰ ਬਣਾਉਂਦਾ ਹਾਂ। ਤੂੰ ਹੀ ਸੋਚ ਜੇ ਤੂੰ ਜਿਸ ਤਰ੍ਹਾਂ ਦਾ ਏਂ, ਉਸ ਤਰ੍ਹਾਂ ਦਾ ਨਾ ਹੁੰਦਾ ਤਾਂ ਭਲਾ ਕੀ ਮੈਂ ਇਹ ਸਭ ਕੁਝ ਕਰ ਸਕਦਾ?''
ਦੋਸਤੋ, ਸਾਡੇ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਕਮੀ ਹੁੰਦੀ ਹੈ ਪਰ ਇਹ ਕਮੀਆਂ ਸਾਨੂੰ ਅਨੋਖਾ ਬਣਾਉਂਦੀਆਂ ਹਨ। ਉਸ ਕਿਸਾਨ ਵਾਂਗ ਸਾਨੂੰ ਵੀ ਹਰ ਕਿਸੇ ਨੂੰ ਉਸ ਦੇ ਉਸੇ ਰੂਪ ਵਿਚ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਚੰਗਿਆਈ ਵੱਲ ਧਿਆਨ ਦੇਣਾ ਚਾਹੀਦਾ ਹੈ।
 
Top