ਡੱਬੂ ਸ਼ਾਸਤਰ

ਵਿਅੰਗਕਾਰ: ਸਮਰਜੀਤ ਸਿੰਘ ਸ਼ਮੀ
ਪੰਨੇ: 95; ਮੁੱਲ: 130 ਰੁਪਏ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।

ਆਪਣੀ ਪਲੇਠੀ ਪੁਸਤਕ ‘ਡੱਬੂ ਸ਼ਾਸਤਰ’ ਰਾਹੀਂ ਸਮਰਜੀਤ ਸਿੰਘ ਸ਼ਮੀ ਹਾਸ-ਵਿਅੰਗ ਲੇਖਕਾਂ ਦੀ ਢਾਣੀ ਵਿਚ ਸ਼ਾਮਲ ਹੋਇਆ ਹੈ। ਇਸ ਵਿਚ ਉਸ ਨੇ ਕੁੱਲ ਚੌਵੀ ਲੇਖ ਸ਼ਾਮਲ ਕੀਤੇ ਹਨ।
ਸਮਰਜੀਤ ਸਿੰਘ ਸ਼ਮੀ ਅੱਜ ਦੇ ਮਨੁੱਖ ਦੀ ਉਸ ਤ੍ਰਾਸਦੀ ਨੂੰ ਸ਼ਬਦ ਦਿੰਦਾ ਹੈ ਜਿਸ ਮਾਹੌਲ ਵਿਚ ਮਨੁੱਖ ਇਕੱਲਾ ਪੈਂਦਾ ਜਾ ਰਿਹਾ ਹੈ। ਵਹਿਮਾਂ-ਭਰਮਾਂ ਦਾ ਮਾਰਿਆ ਇਹ ਮਨੁੱਖ ਦਿਨੋ-ਦਿਨ ਗੁਆਚਦਾ ਜਾ ਰਿਹਾ ਹੈ। ਮਨੁੱਖ, ਮਨੁੱਖ ਨਾ ਰਹਿ ਕੇ ਪਸ਼ੂ ਬਣਦਾ ਜਾ ਰਿਹਾ ਹੈ। ਉਸ ਦੀਆਂ ਕਦਰਾਂ-ਕੀਮਤਾਂ ਢਹਿ-ਢੇਰੀ ਹੋ ਰਹੀਆਂ ਹਨ।
‘ਦੋ ਗੱਲਾਂ ਕਰੀਏ’ ਰਾਹੀਂ ਉਹ ਸਮਾਜ ਦੇ ਅਨੇਕਾਂ ਵਰਗਾਂ ਦੇ ਭ੍ਰਿਸ਼ਟ ਰਵੱਈਏ ਦੇ ਪਾਜ ਖੋਲ੍ਹਦਾ ਹੈ। ‘ਚਾਹ ਪਾਣੀ’ ਅੱਜ ਦਫਤਰੀ ਜੀਵਨ ਦਾ ਅਜਿਹਾ ਪਰਦਾ ਹੈ ਜਿਸ ਓਹਲੇ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਦਾ ਨੰਗਾ ਨਾਚ ਹੋ ਰਿਹਾ ਹੈ। ‘ਮੁਲਾਜ਼ਮ ਤਾਂ ਸਾਧ ਹੁੰਦੇ ਨੇ’ ਲੇਖ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਦੁਰਾਚਾਰ ਦੀ ਗੱਲ ਕਰਦਾ ਹੈ। ‘ਬੁਰੀ ਨਜ਼ਰ ਵਾਲੇ’ ਲੇਖ ਸਾਡੇ ਵਹਿਮਾਂ-ਭਰਮਾਂ ਦਾ ਇਜ਼ਹਾਰ ਕਰਦਾ ਹੈ। ‘ਫੂਕ ਦਿਆਂਗੇ ਪੁਤਲਾ ਬਣਾ ਕੇ’ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਮੁਜ਼ਾਹਰਿਆਂ ’ਤੇ ਕਟਾਖ਼ਸ਼ ਹੈ ਜਿਸ ਕਾਰਨ ਜਨਤਾ ਤਾਂ ਖੱਜਲ-ਖੁਆਰ ਹੁੰਦੀ ਹੈ ਪਰ ਸਮੱਸਿਆ ਜਿਉਂ ਦੀ ਤਿਉਂ ਦੀ ਖਲੋਤੀ ਰਹਿੰਦੀ ਹੈ। ‘ਚਰਚਾ’ ਜੇ ਨਾ ਹੋਵੇ ਤਾਂ ਬੰਦਾ ਔਖਾ ਔਖਾ ਮਹਿਸੂਸ ਕਰਦਾ ਰਹਿੰਦਾ ਹੈ। ‘ਕੀ ਹਾਲ ਹੈ ਭਾਅ ਜੀ’ ਲੇਖ ਦੱਸਦਾ ਹੈ ਕਿ ਅੱਜ ਹਰ ਇਨਸਾਨ ਆਪਣੇ ਅੰਦਰਲੀ ਗੱਲ ਕਿਸੇ ਨਾਲ ਸਾਂਝੀ ਕਰਕੇ ਆਪਣੇ ਮਨ ’ਤੇ ਪਏ ਭਾਰ ਦਾ ਵਿਰੇਚਨ ਕਰਦਾ ਹੈ। ‘ਜਦੋਂ ਮੈਂ ਲਾਟਰੀ ਪਾਈ’ ਲੇਖ ਮਸਨੂਈ ਸੁਪਨਿਆਂ ਦਾ ਅੰਤ ਕਰਦਾ ਹੈ। ਪੱਤਰਕਾਰੀ ਵੀ ਇਕ ਕੀੜੇ ਸਮਾਨ ਹੁੰਦੀ ਹੈ ਜੋ ਹਰੇਕ ਦੇ ਮਨ ’ਚ ਕੁਰਬਲ ਕੁਰਬਲ ਕਰਦਾ ਰਹਿੰਦਾ ਹੈ। ‘ਨਹੀਂ ਰੀਸਾਂ ਡੀ.ਜੇ. ਦੀਆਂ’ ਵਿਚ ਸੰਗੀਤ ਦੇ ਬਾਜ਼ਾਰੀਕਰਨ ਤੇ ਸੰਗੀਤ ਦੀ ਥਾਂ ਵਧ ਰਹੇ ਰੌਲੇ-ਰੱਪੇ ’ਤੇ ਵਿਅੰਗ ਕੱਸਦਾ ਹੈ। ‘ਮਸ਼ੀਨੀ ਗਾਇਕ’ ਵੀ ਕੁਝ ਇਸੇ ਤਰ੍ਹਾਂ ਅਲੋਪ ਹੋ ਰਹੇ ਵਧੀਆ ਸੰਗੀਤ ਤੇ ਘਟ ਰਹੇ ਕਲਾਸੀਕਲ ਗਾਇਕਾਂ ਕਾਰਨ ਸੰਗੀਤ ਕਲਾ ਵਿਚ ਆ ਰਹੇ ਨਿਘਾਰ ਦੀ ਗੱਲ ਕਰਦਾ ਹੈ। ‘ਕਿੱਸਾ ਡੱਬੂ ਦੀ ਪੂੰਛ ਦਾ’ ਵਹਿਮਾਂ-ਭਰਮਾਂ ਤੇ ਪਾਖੰਡਾਂ ’ਤੇ ਕਟਾਖ਼ਸ਼ ਹੈ। ‘ਅਮਲੀਜਾਮਾ’ ਪੰਜਾਬ ’ਚ ਵਧ ਰਹੇ ਨਸ਼ਿਆਂ ਦੀ ਲਾਹਨਤ ’ਤੇ ਦੁੱਖ ਪ੍ਰਗਟ ਕਰਦਾ ਹੈ। ‘ਛੁਣਕਣੇ ਵਾਲੀ ਚਾਬੀ’ ਤੇਜ਼ ਸਪੀਡ ’ਤੇ ਵਾਹਨ ਚਲਾਉਣ ਵਾਲੇ ਲੋਕਾਂ ਦੀ ਗੱਲ ਕਰਦਾ ਹੈ, ਜੋ ਖੁਦ ਵੀ ਮਰਦੇ ਹਨ ਤੇ ਦੂਸਰਿਆਂ ਲਈ ਵੀ ਮੌਤ ਦਾ ਰਾਹ ਤਿਆਰ ਕਰਦੇ ਹਨ। ‘ਵਿਆਹ ਦਾ ਕਾਰਡ’ ਲੋਕਾਂ ਵੱਲੋਂ ਵਿਆਹਾਂ ’ਚ ਕੀਤੇ ਜਾਣ ਵਾਲੇ ਦਿਖਾਵੇ ਤੇ ਹੋਛੇਪਨ ਦੀ ਬਾਤ ਪਾਉਂਦਾ ਹੈ।
ਇੰਜ ਸ਼ਮੀ ਡਿੱਗ ਰਹੀਆਂ ਕਦਰਾਂ-ਕੀਮਤਾਂ ਤੇ ਭ੍ਰਿਸ਼ਟ ਹੋ ਰਹੇ ਆਚਰਣ ’ਤੇ ਲਗਾਤਾਰ ਕਟਾਖ਼ਸ਼ ਕਰਦਾ ਹੋਇਆ ਸਮਾਜ ਨੂੰ ਸਿਹਤਮੰਦ ਤੇ ਤੰਦਰੁਸਤ ਬਣਾਉਣ ਲਈ ਯਤਨਸ਼ੀਲ ਹੈ। ਲੇਖਾਂ ਵਿਚ ਦਿੱਤੀਆਂ ਕਹਾਣੀਆਂ ਤੇ ਟੋਟਕੇ ਇਨ੍ਹਾਂ ਨੂੰ ਵਧੇਰੇ ਰਸਦਾਰ ਤੇ ਪੜ੍ਹਣਯੋਗ ਬਣਾਉਂਦੇ ਹਨ।
 
Top