ਠੱਗ ਬਾਬੇ

ਠੱਗ ਬਾਬੇ


ਉਹ, ਕਿਸੀ ਹੋਰ ਗ੍ਰਹਿ ਤੋਂ
ਆਏ ਹੋਏ, ਯੂਐਫਓ ਨਹੀਂ-

ਏਸੇ ਧਰਤੀ ਦੇ ਮਾਹੌਲ
ਦੀ ਹੀ ਉਪਜ ਹਨ

ਉਹ, ਸਾਡੇ, ਤੁਹਾਡੇ, ਗੁਆਂਢੀਆਂ ਦੇ
ਜਾਂ ਪਿੰਡ ‘ਚੋਂ ਕਿਸੇ ਦੇ
ਧੀਆਂ, ਪੁੱਤਰ ਹੋਣਗੇ

ਉਨ੍ਹਾਂ ਨੂੰ ਬੇਸਮਝ, ਮੂਰਖ, ਅਗਿਆਨੀ
ਸਮਝਣ ਦੀ, ਕਦੀ ਵੀ
ਭੁੱਲ ਨਾ ਕਰਨਾ-
ਵਸਤ ਮੰਡੀ ਦੇ
ਚੁਸਤ ਵਿਉਪਾਰੀਆਂ ਵਾਂਗ
ਉਨ੍ਹਾਂ ਨੇ ਵੀ ਸਿੱਖ ਲਈਆਂ ਹਨ
ਮਛਲੀਆਂ ਨੂੰ ਜਾਲ ਵਿੱਚ
ਫਸਾਉਣ ਦੀਆਂ, ਪਰਾ-ਆਧੁਨਿਕ ਤਕਨੀਕਾਂ

ਉਹ, ਖੂਬ ਜਾਣਦੇ ਹਨ
ਮੰਡੀ ‘ਚ ਕੀ ਵਿਕਦਾ ਹੈ-
ਉਹ, ਜਾਣਦੇ ਹਨ ਵੇਚਣਾ
ਟੀਵੀ ਸਕਰੀਨਾਂ ਉੱਤੇ
ਅੱਖਾਂ ਨੂੰ ਚੁੰਧਿਆ ਦੇਣ ਵਾਲੀਆਂ
ਰੌਸ਼ਨੀਆਂ ਦਾ ਜਲੌ ਕਰਕੇ
ਆਪਣਾ ਪਾਖੰਡ - ਸੁਆਹ ਦੀਆਂ ਪੁੜੀਆਂ
ਸੁਨਹਿਰੀ ਵਰਕਾਂ ‘ਚ ਲਪੇਟ
ਹਰ ਮਰਜ਼ ਦੀ ਦੁਆ ਕਹਿਕੇ

ਉਹ, ਜਾਣਦੇ ਹਨ :
ਸਾਡੀਆਂ ਲਾਲਸਾਵਾਂ-
ਸਾਡੀਆਂ ਕਮਜ਼ੋਰੀਆਂ-
ਸਾਡੀਆਂ ਇਛਾਵਾਂ-
ਸਾਡੀਆਂ ਆਸ਼ਾਵਾਂ-
ਸਾਡੀਆਂ ਨਿਰਾਸ਼ਾਵਾਂ-

ਉਹ, ਇਹ ਵੀ ਜਾਣਦੇ ਹਨ
ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਜੋਂ
ਉੱਚੇ ਗੁੰਬਦਾਂ ਅਤੇ ਮਮਟੀਆਂ ਵਾਲੀਆਂ
ਆਲੀਸ਼ਾਨ ਇਮਾਰਤਾਂ ਵਿੱਚ, ਰੱਬ ਦੇ ਨਾਮ ਉੱਤੇ
ਖੁੱਲ੍ਹੀਆਂ ਬਹੁ-ਰੰਗੀਆਂ ਦੁਕਾਨਾਂ
ਮੰਦਿਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ਵਿੱਚ
ਕੀ, ਕੀ ਕੌਤਕ ਰਚੇ ਜਾ ਰਹੇ ਹਨ :
ਖੜਤਾਲਾਂ ਵਜਦੀਆਂ ਹਨ
ਛੈਣੇ ਖੜਕਦੇ ਹਨ
ਸੰਖ ਪੂਰੇ ਜਾ ਰਹੇ ਹਨ
ਨਾਹਰੇ ਗੂੰਜਦੇ ਹਨ

ਉਹ, ਇਹ ਵੀ ਜਾਣਦੇ ਹਨ
ਕਿ ਹਉਮੈਂ, ਲਾਲਚ ਅਤੇ ਘੁਮੰਡ ਦੇ ਗ੍ਰਸੇ ਹੋਏ
ਅਸੀਂ, ਆਪਣੇ ਹੀ ਸੰਗੀ-ਸਾਥੀਆਂ
ਮਿੱਤਰਾਂ, ਗੁਆਂਢੀਆਂ, ਹਮਜੋਲੀਆਂ ਨੂੰ
ਮਹਿਜ਼, ਜੀਣ ਦੇ ਹੱਕ ਦੇਣ ਤੋਂ ਵੀ ਇਨਕਾਰੀ ਹੋ
ਜ਼ਾਤ-ਪਾਤ, ਊਚ-ਨੀਚ ਦੇ ਲੇਬਲ ਲਗਾ
ਸਦੀਆਂ ਆਪਣੇ ਪੈਰਾਂ ਹੇਠ
ਲਿਤਾੜਿਆ ਹੈ, ਘਾਹ ਦੇ ਤਿਨਕਿਆਂ ਵਾਂਗੂੰ

ਉਹ, ਇਹ ਵੀ ਜਾਣਦੇ ਹਨ
ਖਪਤ ਸਭਿਆਚਾਰ ਦੇ ਰੰਗਾਂ ‘ਚ ਰੰਗਿਆ ਆਦਮੀ
ਵਸਤਾਂ ਪ੍ਰਾਪਤ ਕਰਨ ਦੀ ਦੌੜ ਵਿੱਚ ਖੁੱਭਾ
ਅੰਨ੍ਹੇ ਘੋੜੇ ਵਾਂਗ ਸਰਪਟ ਦੌੜਦਾ
ਅੰਦਰੋਂ ਥੱਕ ਚੁੱਕਾ ਹੈ, ਅੰਦਰੋਂ ਟੁੱਟ ਚੁੱਕਾ ਹੈ
ਅੰਦਰੋਂ ਇਕੱਲਤਾ ਵਿੱਚ ਘਿਰ ਗਿਆ ਹੈ
ਉਹ, ਪਲ ਪਲ ਆਪਣੇ ਆਪ ਨੂੰ ਹੀ
ਪੁੱਛ ਰਿਹਾ ਹੈ, ਇੱਕ ਹੀ ਸੁਆਲ :
‘ਮੇਰੇ ਮਨ ਦਾ ਸੁੱਖ ਚੈਨ
ਕਿੱਥੇ ਗੁੰਮ ਚੁੱਕਾ ਹੈ?’

ਤੇ ਠੱਗ ਬਾਬਿਆਂ ਨੇ
ਇਹ ਸਭ ਕੁਝ ਜਾਣਕੇ
ਸਮੁੰਦਰ ਦੇ ਖਾਰੇ ਪਾਣੀਆਂ ਵਿੱਚ
ਤੈਰ ਰਹੀਆਂ, ਇਨ੍ਹਾਂ ਸਭ ਮਛਲੀਆਂ ਨੂੰ
ਆਪਣੇ ਜਾਲਾਂ ਵਿੱਚ ਫਸਾਉਣ ਲਈ
ਤਰ੍ਹਾਂ ਤਰ੍ਹਾਂ ਦੇ, ਦਿਲ ਲੁਭਾਉਣੇ ਕਾਂਟੇ
ਪਾਣੀਆਂ ਵਿੱਚ ਸੁੱਟ ਦਿੱਤੇ ਹਨ

ਲੇਖਕ
ਤਨਵੀਰ ਗਗਨ ਸਿੰਘ ਵਿਰਦੀ(ਗੈਰੀ)
 
Top