ਜ਼ਿੰਦਗੀ ਦੀ ਖੁਸ਼ੀ

Mandeep Kaur Guraya

MAIN JATTI PUNJAB DI ..
ਸਾਰੇ ਉਸ ਨੂੰ ਡਾਕਟਰ ਬਾਬੂ ਆਖਦੇ ਸਨ। ਉਸ ਦੀ ਪਤਨੀ ਕਮਲਾ ਆਪ ਇਕ ਪ੍ਰੋਫੈਸਰ ਸੀ। ਇਕੋ ਕਾਲਜ ਵਿਚ ਪੜ੍ਹਦਿਆਂ ਉਹ ਇਕ-ਦੂਜੇ ਵੱਲ ਖਿੱਚੇ ਗਏ ਸਨ। ਹੌਲੀ-ਹੌਲੀ ਇਸ ਨੇੜਤਾ ਨੇ ਦੋਵਾਂ ਨੂੰ ਪਿਆਰ ਦੇ ਕਲਾਵੇ ਵਿਚ ਲੈ ਲਿਆ। ਗੋਰੇ ਰੰਗ ਦੀ ਪਤਲੀ ਤੇ ਚੰਚਲ ਕਮਲਾ ਨੇ ਪਤਾ ਨਹੀਂ ਉਸ ਨੂੰ ਕਿਵੇਂ ਪਸੰਦ ਕਰ ਲਿਆ। ਭਾਵੇਂ ਘਰ ਵਾਲਿਆਂ ਦੀ ਮਰਜ਼ੀ ਬਿਲਕੁਲ ਨਹੀਂ ਸੀ ਪਰ ਕੋਈ ਇੰਨਾ ਲਾਇਕ ਮੁੰਡਾ ਵੀ ਤਾਂ ਨਹੀਂ ਸੀ ਨਾ ਮਿਲਦਾ। ਆਖਰ ਕੁਝ ਨਾ ਕੁਝ ਘਾਟ-ਵਾਧ ਰਹਿ ਹੀ ਜਾਂਦੀ ਹੈ। ਅੱਜ ਤੱਕ ਸਾਰੀਆਂ ਮੰਗਾਂ ਕਿਸ ਦੀਆਂ ਪੂਰੀਆਂ ਹੋਈਆਂ ਨੇ? ਕਾਰਨ ਕੋਈ ਵੀ ਹੋ ਸਕਦਾ ਹੈ। ਕਿਸੇ ਦਾ ਕੱਦ ਛੋਟਾ ਰਹਿ ਗਿਆ ਜਾਂ ਸਰੂ ਦੇ ਬੂਟੇ ਵਾਂਗ ਲੰਮ-ਸਲੰਮਾ। ਕੋਈ ਸਰੀਰਕ ਤੌਰ 'ਤੇ ਮਾੜਾ ਲਗਦਾ ਹੈ ਜਾਂ
ਵੇਖਣ ਨੂੰ ਜ਼ਿਆਦਾ ਮੋਟਾ। ਕਿਸੇ ਦੀ ਤਨਖਾਹ ਘੱਟ ਜਾਂ ਪਰਿਵਾਰ ਬਹੁਤ ਵੱਡਾ ਹੋਵੇ ਆਦਿ ਪਰ ਡਾਕਟਰ ਬਾਬੂ ਵਿਚ ਤਾਂ ਅਜਿਹੀ ਕੋਈ ਗੱਲ ਨਹੀਂ ਸੀ, ਸਿਰਫ਼ ਉਸ ਦਾ ਰੰਗ ਹੀ ਕਣਕ ਵੰਨਾ ਸੀ। ਕਮਲਾ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦਿਆਂ ਆਖਦੀ ਹੁੰਦੀ ਸੀ, ਰੰਗ ਵਿਚ ਕੀ ਪਿਆ ਹੈ। ਮਰਦ ਤਾਂ ਜ਼ਰਾ ਸਾਂਵਲੇ ਹੀ ਚੰਗੇ ਲਗਦੇ ਨੇ। ਬਸ ਇਕ ਔਰਤ ਦਾ ਰੰਗ ਸਾਫ਼ ਚਿੱਟਾ ਹੋਣਾ ਚਾਹੀਦਾ ਹੈ। ਬਾਕੀ ਬੰਦੇ ਵਿਚ ਗੁਣ ਹੋਣੇ ਚਾਹੀਦੇ ਹਨ। ਇਹ ਕਹਿਣਾ ਉਸ ਦਾ ਕਿਸੇ ਹੱਦ ਤੱਕ ਠੀਕ ਵੀ ਸੀ। ਬਾਹਰਲੀਆਂ ਔਰਤਾਂ ਵੀ ਹੁਣ ਜ਼ਿਆਦਾ ਕਾਲੇ ਰੰਗ ਨੂੰ ਪਸੰਦ ਕਰਨ ਲੱਗ ਪਈਆਂ ਹਨ। ਸ਼ਾਇਦ ਉਹ ਗੋਰੇ ਰੰਗ ਤੋਂ ਉਕਤਾਅ ਗਈਆਂ ਹਨ। ਉਸ ਦੀ ਜ਼ਿਦ ਉਤੇ ਉਸ ਦੇ ਮਾਪਿਆਂ ਨੂੰ ਵੀ ਝੁਕਣਾ ਪਿਆ ਸੀ। ਆਖਰ ਧੀ ਆਪ ਬੋਲ ਪਈ ਸੀ ਤੇ ਘਰ ਵਾਲਿਆਂ ਨੇ ਉਸ ਦਾ ਵਿਆਹ ਡਾਕਟਰ ਬਾਬੂ ਨਾਲ ਕਰ ਦਿੱਤਾ। ਡਾਕਟਰ ਬਾਬੂ ਦੀ ਇਕ ਵੱਡੀ ਕੋਠੀ ਸੀ। ਹਰ ਤਰ੍ਹਾਂ ਦਾ ਫਰਨੀਚਰ, ਫਰਿੱਜ ਤੋਂ ਲੈ ਕੇ ਕਾਰ ਤੱਕ ਉਸ ਦੇ ਕੋਲ ਸੀ। ਨੇੜੇ-ਤੇੜੇ ਜਾਣ ਲਈ ਇਕ-ਦੋ ਸਕੂਟਰ ਵੀ ਤਿਆਰ ਰਹਿੰਦੇ ਪਰ ਉਹ ਮਰੀਜ਼ਾਂ ਨੂੰ ਵੇਖਣ ਲਈ ਆਪ ਆਪਣੀ ਕਾਰ ਵਿਚ ਹੀ ਜਾਇਆ ਕਰਦਾ। ਟੈਲੀਫ਼ੋਨ ਵੱਖ ਲੱਗਿਆ ਹੋਇਆ ਸੀ। ਘਰ ਦੀਆਂ ਚੀਜ਼ਾਂ-ਵਸਤਾਂ ਢੋਣ ਲਈ ਉਨ੍ਹਾਂ ਇਕ ਨੌਕਰ ਰੱਖਿਆ ਹੋਇਆ ਸੀ। ਇਹ ਛੋਟੀ ਉਮਰ ਦਾ ਪਹਾੜੀਆ ਰਾਮੂ ਉਨ੍ਹਾਂ ਕੋਲ ਕਿੰਨੇ ਚਿਰ ਤੋਂ ਹੀ ਕੰਮ ਕਰਦਾ ਸੀ। ਉਹ ਪੂਰੇ ਵਿਸ਼ਵਾਸ ਵਾਲਾ ਤੇ ਚੰਗਾ ਸਾਊ ਮੁੰਡਾ ਸੀ। ਜੇ ਸਿਰਫ਼ ਇਕ ਘਾਟ ਸੀ ਤਾਂ ਇਕ ਕੁੱਤਾ ਉਨ੍ਹਾਂ ਨਹੀਂ ਸੀ ਪਾਲਿਆ। ਭਾਵੇਂ ਡਾਕਟਰ ਬਾਬੂ ਕਮਲਾ ਨੂੰ ਕਈ ਵਾਰ ਇਹ ਕਹਿ ਚੁੱਕਿਆ ਸੀ ਕਿ ਤੂੰ ਘਰ ਵਿਚ ਕਦੀ-ਕਦੀ ਇਕੱਲੀ ਰਹਿੰਦੀ ਏਂ। ਇਸ ਲਈ ਮੈਂ ਇਕ ਚੰਗੀ ਨਸਲ ਦਾ ਕੁੱਤਾ ਲੈ ਆਉਂਦਾ ਹਾਂ। ਕਮ-ਜ਼-ਕਮ ਉਹ ਰਾਖੀ ਤਾਂ ਕਰੇਗਾ ਪਰ ਉਹ ਹਰੇਕ ਵਾਰ ਆਪਣੇ ਪਤੀ ਦਾ ਕਹਿਣਾ ਟਾਲ ਦਿੰਦੀ। 'ਆਪਣੇ ਕੋਲ ਨੌਕਰ ਜੋ ਹੈ, ਅਸਾਂ ਕੁੱਤਾ ਕੀ ਕਰਨਾ ਹੈ?' ਕਮਲਾ ਨੂੰ ਹਮੇਸ਼ਾ ਕੁੱਤਿਆਂ ਤੋਂ ਨਫ਼ਰਤ ਰਹੀ ਸੀ। ਇਕ ਰਾਤ ਉਹੋ ਹੀ ਗੱਲ ਹੋਈ। ਡਾਕਟਰ ਬਾਬੂ ਸਾਰੇ ਦਿਨ ਦਾ ਥੱਕਿਆ-ਟੁੱਟਿਆ ਹੋਇਆ ਆਰਾਮ ਕਰ ਰਿਹਾ ਸੀ। ਅਜੇ ਉਸ ਦੀ ਅੱਖ ਲੱਗੀ ਹੀ ਸੀ ਕਿ ਰਾਤ ਦੇ ਦੋ ਵਜੇ ਚੋਰ ਆ ਗਏ। ਉਨ੍ਹਾਂ ਨੇ ਉਸ ਦੇ ਕਮਰੇ ਦੀਆਂ ਤਿੰਨ-ਚਾਰ ਸੀਖਾਂ ਵੀ ਮਰੋੜ ਸੁੱਟੀਆਂ। ਕੁਝ ਖੜਕਾ ਸੁਣ ਕੇ ਡਾਕਟਰ ਬਾਬੂ ਬੋਲਿਆ, 'ਭਦਰ ਪੁਰਸ਼ੋ ਅੰਦਰ ਆ ਜਾਓ। ਦਰਵਾਜ਼ਾ ਖੁੱਲ੍ਹਾ ਹੀ ਪਿਆ ਹੈ।' ਉਸ ਨੇ ਸਮਝਿਆ ਸ਼ਾਇਦ ਕੋਈ ਉਸ ਨੂੰ ਮਿਲਣ ਲਈ ਆਇਆ ਹੋਵੇ। ਜਾਗੋ ਮੀਟੀ 'ਚ ਡਾਕਟਰ ਬਾਬੂ ਦੇ ਇਹ ਬੋਲ ਸੁਣ ਕੇ ਚੋਰ ਨਸ ਗਏ। ਅਗਲੀ ਭਲਕ ਕਮਲਾ ਦੀ ਵਿਰੋਧਤਾ ਕਰਨ ਉਤੇ ਵੀ ਡਾਕਟਰ ਬਾਬੂ ਨੇ ਬਲਟੇਰ ਨਸਲ ਦਾ ਇਕ ਕੁੱਤਾ ਲੈ ਹੀ ਆਂਦਾ। ਉਹ ਉਚੇ ਕੱਦ ਦਾ ਖੂੰਖਾਰ ਲੜਾਕਾ ਕੁੱਤਾ ਸੀ। ਉਹ ਕਿਸੇ ਗੈਰ ਬੰਦੇ ਨੂੰ ਵੇਖ ਕੇ ਜ਼ੋਰ ਨਾਲ ਭੌਂਕਦਾ। ਕੋਈ ਕੋਠੀ ਦੇ ਅੱਗਿਉਂ ਲੰਘ ਤੇ ਜਾਵੇ। ਰਾਮੂ ਸਾਰਾ ਦਿਨ ਉਸ ਦੀ ਸਾਂਭ-ਸੰਭਾਲ ਉਤੇ ਲੱਗਾ ਰਹਿੰਦਾ। ਕਦੀ ਉਹ ਸਾਬਣ ਨਾਲ ਉਸ ਨੂੰ ਮਲ-ਮਲ ਕੇ ਨਹਾਉਂਦਾ। ਕਦੀ ਉਸ ਨੂੰ ਬਿਸਕੁਟ ਖੁਆਉਂਦਾ ਤੇ ਦੁੱਧ ਪਿਲਾਉਂਦਾ। ਕੁੱਤਾ ਵੀ ਆਪਣੀ ਪੂਛ ਹਿਲਾ ਕੇ ਉਸ ਨਾਲ ਲਾਡ ਪਿਆਰ ਕਰਦਾ ਤੇ ਇਸ ਦੇ ਬਦਲੇ ਉਸ ਨੂੰ ਖਾਣ ਲਈ ਗੋਸ਼ਤ ਮਿਲਦਾ। ਇਕ ਵਾਰ ਕਿਸੇ ਦੀ ਘਰ ਦਾਅਵਤ ਸੀ। ਮਹਿਮਾਨ ਆਉਣ ਵਾਲੇ ਹੀ ਸਨ। ਕਮਲਾ ਨੇ ਮੱਛੀ ਤਲ ਕੇ ਪਲੇਟ ਵਿਚ ਰੱਖੀ ਸੀ ਤੇ ਕੁੱਤਾ ਮੂੰਹ ਵਿਚ ਇਕ ਦੋ ਪੀਸ ਪਾ ਕੇ ਬਾਹਰ ਦੌੜ ਗਿਆ।
ਜਦੋਂ ਕਮਲਾ ਨੇ ਉਸ ਨੂੰ ਡਾਂਟਿਆ ਤਾਂ ਉਹ ਨੀਵਾਂ ਜਿਹਾ ਹੋ ਕੇ ਉਸ ਦੇ ਪੈਰਾਂ 'ਚ ਪੈ ਗਿਆ ਜਿਵੇਂ ਉਹ ਆਪਣੀ ਗ਼ਲਤੀ ਮਹਿਸੂਸ ਕਰ ਰਿਹਾ ਹੋਵੇ। 'ਹੂੰ! ਵੇਖਿਆ ਜੇ ਆਪਣੇ ਕੁੱਤੇ ਦੀਆਂ ਕਰਤੂਤਾਂ। ਮੈਂ ਬਥੇਰਾ ਕਿਹਾ ਸੀ ਕਿ ਇਹ ਬਿਮਾਰੀ ਨਾ ਸਹੇੜੋ ਪਰ ਤੁਸੀਂ ਬਾਜ਼ ਨਹੀਂ ਆਏ। ਆਖਰ ਤਾਂ ਇਹ ਜਾਨਵਰ ਹੀ ਹੋਇਆ। ਪਰਸੋਂ ਨਾਲ ਦੀ ਕੋਠੀ ਵਾਲਿਆਂ ਦੀ ਕੁੜੀ ਨੂੰ ਇਸ ਨੇ ਕੱਟ ਲਿਆ ਸੀ। ਉਹ ਬੜੇ ਚੰਗੇ ਬੰਦੇ ਨੇ। ਜੇ ਹੋਰ ਕੋਈ ਹੁੰਦਾ ਤਾਂ ਝੱਟ ਉਲਾਂਭਾ ਦੇਣ ਆ ਜਾਂਦੇ। ਮੈਨੂੰ ਇਸ ਦੀ ਮੌਜੂਦਗੀ ਬਿਲਕੁਲ ਪਸੰਦ ਨਹੀਂ ਤੇ ਇਸ ਨੂੰ ਅੱਜ ਹੀ ਘਰੋਂ ਬਾਹਰ ਕੱਢ ਦਿਓ।' ਕਮਲਾ ਦਾ ਗੁੱਸਾ ਵੇਖ ਕੇ ਡਾਕਟਰ ਬਾਬੂ ਫਿਰ ਕੁੱਤੇ ਨੂੰ ਉਸ ਦੇ ਪਹਿਲੇ ਮਾਲਕ ਨੂੰ ਸੌਂਪ ਆਇਆ। ਉਸ ਦੀ ਆਪਣੀ ਪਤਨੀ ਅੱਗੇ ਕੋਈ ਵਾਹ ਜੋ ਨਹੀਂ ਸੀ ਚਲਦੀ। ਰਾਮੂ ਵਿਚਾਰੇ ਦੀ ਖਲਾਸੀ ਹੋਈ। ਉਸ ਦਾ ਸਾਰਾ ਦਿਨ ਕੁੱਤੇ ਨੂੰ ਤੋਰਨ-ਫੇਰਨ ਤੇ ਸੰਵਾਰਨ ਉਤੇ ਲੰਘ ਜਾਂਦਾ। ਕਮਲਾ ਉਸ ਨੂੰ ਵੱਖ ਤਾੜਦੀ। ਕਿ ਵਾਰ ਤਾਂ ਉਹ ਉਸ ਤੋਂ ਚਪੇੜ ਵੀ ਖਾ ਬੈਠਾ ਸੀ ਕਿਉਂਕਿ ਕਈ ਵਾਰ ਕਹਿਣ ਦੇ ਬਾਵਜੂਦ ਉਸ ਵੱਲੋਂ ਕੁੱਤੇ ਨੂੰ ਬੰਨ੍ਹਣ ਵਿਚ ਦੇਰ ਹੋ ਗਈ ਸੀ। ਰਾਮੂ ਕਿੰਨੇ ਹੀ ਦਿਨ ਆਪਣੀ ਮਾਲਕਣ ਨਾਲ ਨਾ ਬੋਲਿਆ। ਉਹ ਜੋ ਕਹਿੰਦੀ, ਸਿਰਫ਼ ਉਸ ਦਾ ਹੁਕਮ ਮੰਨਦਾ। ਉਹ ਭਲੀ-ਭਾਂਤ ਸਮਝਦਾ ਸੀ ਕਿ ਬੀਬੀ ਜੀ ਸਖ਼ਤ ਸੁਭਾਅ ਦੇ ਹਨ। ਉਸ ਦੇ ਅਜਿਹੇ ਵਤੀਰੇ ਤੋਂ ਡਾਕਟਰ ਬਾਬੂ ਵੀ ਨਹੀਂ ਸੀ ਬਚ ਸਕਿਆ। ਉਹ ਵਿਚਾਰਾ ਕਰਦਾ ਵੀ ਕੀ? ਉਹ ਉਸ ਦੀ ਹਰੇਕ ਗੱਲ ਨੂੰ ਹਸ ਕੇ ਆਈ-ਗਈ ਕਰ ਦਿੰਦਾ। ਭਾਵੇਂ ਗੁੱਸੇ ਦੀ ਇਕ ਲਹਿਰ ਉਠਦੀ ਤੇ ਉਸ ਦਾ ਸਾਰਾ ਤਨ, ਮਨ ਸੜ ਜਾਂਦਾ ਪਰ ਉਹ ਵਧੇਰੇ ਕਰਕੇ ਸ਼ਾਂਤ-ਚਿੱਤ ਹੀ ਰਹਿੰਦਾ। ਉਹ ਇੰਨਾ ਨਰਮ ਸਾਊ ਬੰਦਾ ਸੀ ਜਿਵੇਂ ਸੌ ਜਨਮਾਂ ਪਿਛੋਂ ਉਸ ਔਰਤ ਦਾ ਮੂੰਹ ਵੇਖਿਆ ਹੋਵੇ। ਜੇ ਕਮਲਾ ਨੇ ਉਸ ਨੂੰ ਕਿਹਾ ਕਿ ਅਜੇ ਅਸਾਂ ਬੱਚਾ ਨਹੀਂ ਲੈਣਾ ਤਾਂ ਉਸੇ ਤਰ੍ਹਾਂ ਹੋਇਆ। ਪੂਰੇ ਪੰਜ ਸਾਲ ਪਿਛੋਂ ਉਨ੍ਹਾਂ ਦੇ ਘਰ ਇਕ ਪਲੇਠੀ ਦੀ ਕੁੜੀ ਹੋਈ ਬਿਲਕੁਲ ਆਪਣੀ ਮਾਂ ਵਰਗੀ ਸੋਹਣੀ ਤੇ ਉਸ ਤੋਂ ਬਾਅਦ ਕੋਈ ਹੋਰ ਬੱਚਾ ਨਾ ਹੋਇਆ।
ਉਸ ਦਾ ਆਪਣਾ ਖਿਆਲ ਸੀ ਕਿ ਬਹੁਤੇ ਬੱਚੇ ਹੋਣ ਨਾਲ ਔਰਤ ਆਪਣਾ ਸੁਹੱਪਣ ਗੁਆ ਲੈਂਦੀ ਹੈ। ਨਾਲੇ ਬੱਚੇ ਪੈਦਾ ਕਰਨਾ ਹੀ ਉਸ ਦਾ ਉਦੇਸ਼ ਨਹੀਂ। ਜੇ ਰਿਸ਼ਤੇਦਾਰਾਂ ਵਿਚੋਂ ਕਿਸੇ ਨੇ ਆਖਿਆ ਕਿ ਜੇ ਇਕੋ ਹੀ ਬੱਚਾ ਹੋਣਾ ਸੀ ਤਾਂ ਮੁੰਡਾ ਹੁੰਦਾ। ਅੱਗੋਂ ਉਹ ਜਵਾਬ ਦਿੰਦੀ, 'ਮਾਂ ਲਈ ਮੁੰਡੇ ਨਾਲੋਂ ਇਕ ਕੁੜੀ ਚੰਗੀ ਹੁੰਦੀ ਹੈ। ਉਹ ਹਰੇਕ ਬਿਪਤਾ ਵਿਚ ਮਾਪਿਆਂ ਦੀ ਸਾਰ ਲੈਂਦੀ ਹੈ। ਮੁੰਡੇ ਤਾਂ ਉਂਜ ਹੀ ਨਹੀਂ ਪੁੱਛਦੇ। ਜੇ ਉਸ ਦਾ ਦਿਲ ਕਦੇ ਫਿਲਮ ਵੇਖਣ ਲਈ ਕਰਦਾ ਤਾਂ ਡਾਕਟਰ ਬਾਬੂ ਆਪਣਾ ਜ਼ਰੂਰੀ ਤੋਂ ਜ਼ਰੂਰੀ ਪ੍ਰੋਗਰਾਮ ਕੈਂਸਲ ਕਰਕੇ ਉਸ ਦੇ ਨਾਲ ਜਾਂਦਾ। ਉਸ ਦੀ ਨਰਾਜ਼ਗੀ ਉਸ ਤੋਂ ਝੱਲੀ ਨਹੀਂ ਸੀ ਜਾਂਦੀ। ਕਦੀ-ਕਦਾਈਂ ਆਪ ਨਾ ਜਾਣਾ ਹੋਵੇ ਤਾਂ ਨੌਕਰ ਨੂੰ ਨਾਲ ਭੇਜ ਦਿੰਦਾ ਤੋਂ ਪਿਛੋਂ ਉਨ੍ਹਾਂ ਲਈ ਆਪ ਖਾਣਾ ਬਣਾਉਂਦਾ। ਜੇ ਕਿਤੇ ਗਮੀ ਵਾਲੀ ਥਾਂ ਜਾਣਾ ਹੁੰਦਾ ਤਾਂ ਡਾਕਟਰ ਬਾਬੂ ਇਕੱਲਾ ਹੀ ਜਾਂਦਾ। ਉਥੇ ਕਮਲਾ ਆਪ ਕਦੀ ਨਾ ਜਾਂਦੀ। ਉਹ ਅਕਸਰ ਕਹਿੰਦੀ ਹੁੰਦੀ, 'ਕਿਸ ਕਿਸ ਦੇ ਦੁੱਖ ਨੂੰ ਬੰਦਾ ਰੋਵੇ। ਐਵੇਂ ਆਪਣੀ ਉਮਰ ਘਟਾ ਲਓ।'
ਜੇ ਕਿਤੇ ਵਿਆਹ, ਪਾਰਟੀ ਹੋਵੇ ਤਾਂ ਉਹ ਡਾਕਟਰ ਬਾਬੂ ਨਾਲੋਂ ਪਹਿਲਾਂ ਤਿਆਰ ਹੋ ਜਾਂਦੀ। ਕਈ-ਕਈ ਦਿਨ ਪਹਿਲਾਂ ਸ਼ਾਪਿੰਗ ਕਰਨਾ ਸ਼ੁਰੂ ਕਰ ਦਿੰਦੀ। ਵਿਆਹ ਵਾਲੇ ਘਰ ਉਹ ਕਈ ਤਰ੍ਹਾਂ ਦੀਆਂ ਸਾੜੀਆਂ ਤੇ ਕੱਪੜੇ ਬਦਲਦੀ। ਸਵੇਰੇ ਹੋਰ, ਦੁਪਹਿਰ ਹੋਰ ਤੇ ਬਰਾਤ ਦੀ ਰਵਾਨਗੀ ਵੇਲੇ ਹੋਰ। ਕਿੱਟੀ ਪਾਰਟੀ ਜਾਂ ਕਲੱਬਾਂ 'ਚ ਜਾਣਾ, ਉਸ ਨੂੰ ਬਹੁਤ ਚੰਗਾ ਲਗਦਾ, ਜਿਵੇਂ ਉਹ ਕਿਸੇ ਗਮੀ ਲਈ ਨਹੀਂ, ਜ਼ਿੰਦਗੀ ਦੀ ਹਰ ਖੁਸ਼ੀ ਲਈ ਪੈਦਾ ਹੋਈ ਹੋਵੇ। ਉਸ ਨੂੰ ਸੋਗੀ ਦੁਨੀਆ ਨਾਲ ਕੀ ਵਾਸਤਾ।
 
Top