ਚੌਦਾਂ ਖੋਜ ਪੱਤਰਾਂ ਦਾ ਖਰਾ ਖਜ਼ਾਨਾ

ਨਾਨਕ ਸਾਇਰ ਇਵ ਕਹਿਆ

ਪੰਨੇ: 214, ਮੁੱਲ: 225 ਰੁਪਏ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ।

ਇਸ ਪੁਸਤਕ ਦੇ ਲੇਖਕ ਸਰਦਾਰ ਰਣਜੀਤ ਸਿੰਘ ਖੜਗ (1915-1971) ਇਸ ਫ਼ਾਨੀ ਸੰਸਾਰ ਤੋਂ ਜਾ ਚੁੱਕੇ ਹਨ ਪਰ ਜਾਣ ਤੋਂ ਪਹਿਲਾਂ ਗੁਰਮਤਿ ਗਿਆਨ ਦਾ ਐਸਾ ਅਨਮੋਲ/ਖ਼ਰਾ ਖਜ਼ਾਨਾ ਪਾਠਕਾਂ ਸਪੁਰਦ ਕਰ ਗਏ ਹਨ ਜਿਸ ਦੀ ਤਹਿ ਦਿਲੋਂ ਸਿਫ਼ਤ ਕਰਨੀ ਬਣਦੀ ਹੈ। ਵੱਖ-ਵੱਖ ਰਸਾਲਿਆਂ/ਮੈਗਜ਼ੀਨਾਂ ਵਿਚ ਸਮੇਂ ਸਮੇਂ ਛਪੇ ਇਨ੍ਹਾਂ ਖੋਜ ਪੱਤਰਾਂ ਨੂੰ ਬਾਅਦ ਵਿਚ ਉਨ੍ਹਾਂ ਦੇ ਸਪੁੱਤਰ ਇੰਜੀਨੀਅਰ ਕਰਮਜੀਤ ਸਿੰਘ ਨੇ ਆਪਣੀ ਸੰਪਾਦਨਾ ਤਹਿਤ ਛਪਵਾਇਆ ਹੈ ਤੇ ਹੁਣ ਇਹ ਖੋਜ ਪੱਤਰ ਇਸ ਪੁਸਤਕ ਦੇ ਰੂਪ ’ਚ ਪਾਠਕਾਂ ਦੇ ਹੱਥਾਂ ’ਚ ਹਨ।
ਇਨ੍ਹਾਂ ਖੋਜ ਪੱਤਰਾਂ ਦਾ ਅਧਿਐਨ ਦੱਸਦਾ ਹੈ ਕਿ ਇਹ ਖੋਜ ਪੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫਿਲਾਸਫ਼ੀ ਨਾਲ ਸਬੰਧਿਤ ਹਨ। ਗੁਰਮਤਿ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਅਧਿਆਤਮਕ ਅੰਬਰਾਂ ਦੇ ਐਸੇ ਰਹੱਸ ਖੋਲ੍ਹੇ ਹਨ ਜਿਹੜੇ ਕੋਈ ਸ਼ਾਇਦ ਕਦੇ ਵੀ ਨਾ ਖੋਲ੍ਹ ਸਕੇ। ਉਂਜ ਵੀ ਗੁਰੂ ਸਾਹਿਬ ਨੇ ਕੋਈ ਐਸਾ ਸਵਾਲ ਨਹੀਂ ਛੱਡਿਆ, ਜਿਸ ਦਾ ਉੱਤਰ ਉਨ੍ਹਾਂ ਦੀ ਰਚਨਾ ਵਿਚ ਉਪਲਬਧ ਨਾ ਹੋਵੇ। ਬਹੁਤ ਹੀ ਸਰਲ, ਸਪਸ਼ਟ ਤੇ ਮੁਹਾਵਰੇਦਾਰ ਭਾਸ਼ਾ, ਸੰਜਮੀ ਸ਼ੈਲੀ ਤੇ ਰਵਾਨਗੀ ਵਾਲੀ ਲੈਅ ਵਿਚ ਰਣਜੀਤ ਸਿੰਘ ਖੜਗ ਨੇ ਉਨ੍ਹਾਂ ਖੋਜ ਪੱਤਰਾਂ/ਲੇਖਾਂ ਵਿਚ ਬਹੁਤ ਸਾਰੇ ਨਵੇਂ ਨੁਕਾਤੀ ਨਿਗ੍ਹਾ ਵਾਲੀਆਂ ਗੱਲਾਂ ਕੀਤੀਆਂ ਹਨ। ਦਰਅਸਲ ਕੋਈ ਵੀ ਦਾਨਿਸ਼ਵਾਰ, ਦਾਰਸ਼ਨਿਕ, ਚਿੰਤਕ, ਖੋਜੀ, ਕਵੀ ਜਾਂ ਇਤਿਹਾਸਕਾਰ ਜਿਹੜਾ ਆਪਣੀ ਕਲਮ ਤੇ ਸੋਚ ਨੂੰ ਸੱਚੀਂ-ਮੁੱਚੀਂ ਸਮਰਪਿਤ ਹੋਵੇ, ਉਸ ਦੀ ਲਿਖਤ ਵਿਚ ਦਮ ਆ ਹੀ ਜਾਂਦਾ ਹੈ, ਉਸ ਦਾ ਲਿਖਿਆ ਉਸ ਦੇ ਪਾਠਕਾਂ ਨੂੰ ਭਾਅ ਹੀ ਜਾਂਦਾ ਹੈ। ਤਕਰੀਬਨ 450 ਲੇਖਾਂ ਤੋਂ ਵੱਧ ਲੇਖਾਂ ਦਾ ਤੇ 400 ਤੋਂ ਵੱਧ ਕਵਿਤਾਵਾਂ ਦੇ ਇਸ ਲਿਖਾਰੀ ਦੀ ਇਕ ਹੋਰ ਪੁਸਤਕ ਸੰਤ ਨਾਮਦੇਵ ਦਰਸ਼ਨ ਪਾਠਕ ਪਹਿਲਾਂ ਹੀ ਪੜ੍ਹ ਚੁੱਕੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਜ ਲਗਪਗ ਚਾਰੇ ਦਹਾਕੇ ਪਹਿਲਾਂ ਲਿਖੇ ਇਹ ਖੋਜ ਪੱਤਰ ਅੱਜ ਵੀ ਓਨੇ ਹੀ ਖ਼ਰੇ ਹਨ ਜਿੰਨੇ ਅੱਜ ਤੋਂ 40 ਕੁ ਸਾਲ ਪਹਿਲਾਂ ਸਨ।
ਜਿਨ੍ਹਾਂ 14 ਥੀਮਾਂ ਦਾ ਪੂਰਨ ਵਿਸ਼ਲੇਸ਼ਣ, ਹਵਾਲਿਆਂ ਤੇ ਦਲੀਲਾਂ ਦੇ ਕੁਝ ਨਚੋੜ ਨਾਲ ਲਿਖਿਆ ਗਿਆ ਹੈ ਉਹ ਇਹ ਹਨ:- ‘ਗੁਰੂ ਨਾਨਕ ਦੀ ਜਨਮ ਤਿਥੀ’, ‘ਬਾਬਾ ਜੀ ਬਗਦਾਦ ਗਏ’, ‘ਮੂਲ ਮੰਤਰ-ਗੁਰੂ ਨਾਨਕ ਦੇ ਚੌਦਾਂ ਰਤਨ’, ‘ਗੁਰੂ ਨਾਨਕ ਦਾ ਵਿਦਿਆ ਬਾਰੇ ਸੰਕਲਪ’, ‘ਨਾਨਕ ਸ਼ਾਇਰ ਇਵ ਕਹਿਆ’, ‘ਆਸਾ ਦੀ ਵਾਰ-ਇਕ ਅਧਿਐਨ’, ‘ਨਾਨਕ ਛਾਪ ਵਾਲੀ ਸੱਚੀ ਤੇ ਕੱਚੀ ਬਾਣੀ’, ‘ਮਾਝ ਦੀ ਵਾਰ’, ‘ਗੁਰੂ ਨਾਨਕ ਦਾ ਆਰਥਿਕ ਅਨੁਭਵ’, ‘ਗੁਰੂ ਨਾਨਕ ਅਤੇ ਸਮਾਜ’, ‘ਗੁਰੂ ਨਾਨਕ ਦਾ ਸਮਾਜਵਾਦ’, ‘ਵਿਗਿਆਨ ਵੇਤਾ-ਗੁਰੂ ਨਾਨਕ’, ‘ਗੁਰੂ ਨਾਨਕ ਤੇ ਮੁਸਲਮਾਨ ਮੁਵੱਰਖ਼’, ‘ਭੱਟ ਅਤੇ ਗੁਰੂ ਨਾਨਕ ਸਾਹਿਬ’, ‘ਇਨਕਲਾਬੀ ਪੈਗੰਬਰ’ ਤੇ ‘ਜਗਤ ਗੁਰੂ ਦਾ ਵਿਸ਼ਵ ਪ੍ਰੇਮ’।
ਇੱਥੇ ਇਕ ਸੋਧਣਯੋਗ ਗੱਲ ਇਹ ਹੈ ਕਿ ਪੁਸਤਕ ਦਾ ਜੋ ਨਾਂ ਰੱਖਿਆ ਗਿਆ ਹੈ ਉਹ ਸ੍ਰੀ ਗੁਰੂ ਨਾਨਕ ਸਾਹਿਬ ਦੀ ਦਰੁਸਤ ਸਤਰ ਨਹੀਂ ਹੈ। ਧਨਾਸਰੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨ (ਅੰਕ ਨੰ: 660 ਉਪਰ) ਇਉਂ ਹਨ:-
ਸਾਸ ਮਾਸ ਸਭ ਜੀਉ ਤੁਮਾਰਾ
ਤੂ ਮੈ ਖਰਾ ਪਿਆਰਾ।।
ਨਾਨਕੁ ਸਾਇਰ ਦੇਵ ਕਹਤੁ
ਹੈ ਸਚੇ ਪਰਵਦਗਾਰਾ।।
‘ਨਾਨਕ ਸ਼ਾਇਰ ਇਵ ਕਹਿਆ’ ਦੀ ਬਜਾਏ ‘ਨਾਨਕੁ ਸਾਇਰ ਦੇਵ ਕਹਤੁ ਹੈ’ ਸੋ ਪੁਸਤਕ ਦਾ ਨਾਂ ਚਾਹੀਦਾ ਸੀ।
ਇਨ੍ਹਾਂ ਚੌਦਾਂ ਖੋਜ ਪੱਤਰਾਂ ਅੰਦਰਲੇ ਵਿਸ਼ਾ ਪ੍ਰਵਾਹ ਅੰਦਰਲੀ ਵੰਨਗੀ ਜਾਨਣ ਹਿੱਤ ਕੁਝ ਅੰਸ਼ ਇੱਥੇ ਲਿਖੇ ਜਾਦੇ ਹਨ:
-‘ਗੁਰ ਪ੍ਰਸਾਦਿ ਤੋਂ ਤਵ ਪ੍ਰਸਾਦਿ ਤਕ ਪੁਜਣਾ ਸਿੱਖੀ ਦੇ ਵਿਕਾਸ ਦੀ ਅੰਤਿਮ ਕੜੀ ਹੈ। ਇਹ ਗੁਰੂ ਦੀ ਰਹਿਬਰੀ ਥਲੇ ‘ਖਨਿਅਹੁ ਤਿਖੀ ਵਾਲਹੁ ਨਿਕੀ’ ਰਾਹ ’ਤੇ ਤੁਰ ਕੇ ਆਤਮਾ ਦਾ ਪਰਮ-ਆਤਮਾ ਵਿਚ ਲੀਨ ਹੋਣ ਦਾ ਦੈਵੀ ਕਾਰਜ ਹੈ ਤੇ ਹੁਕਮ ਰਜ਼ਾਈ ਚਲ ਕੇ, ਕੂੜ ਦੀ ਮਾਲ ਤੋੜ ਕੇ, ਇਸ ਨੂਰ ਦੇ ਕਿਣਕੇ ਦਾ ਪਰਮ ਜੋਤ ਵਿਚ ਮਿਥ ਜਾਵਣ ਦਾ ਅਮਲ ਹੈ। – (ਪੰਨਾ-58)
-‘ਗੁਰੂ ਨਾਨਕ ਵਿਦਿਆ ਦੀ ਅਸਲੀਅਤ, ਵਿਦਿਆ ਦੇ ਸਦ ਉਪਯੋਗ ਵਿੱਦਿਆ ਅਧਿਆਪਨ, ਵਿੱਦਿਆ ਪ੍ਰਾਪਤੀ ਅਤੇ ਅਧਿਆਤਮਕ ਵਿਦਿਆਰਥੀ ਦੇ ਸਬੰਧਾਂ ਨੂੰ ਵੀ ਨਵੀਂ ਦਿਸ਼ਾ ਦਿੰਦੇ ਹਨ। ਉਨ੍ਹਾਂ ਦੀ ਬਾਣੀ, ਉਨ੍ਹਾਂ ਨੂੰ ਇਕ ਆਦਰਸ਼ਕ ਅਧਿਆਪਕ ਦੇ ਰੂਪ ਵਿਚ ਪੇਸ਼ ਕਰਦੀ ਹੈ। ਉਹ ਸਹਿਜ ਸੁਭਾਅ ਕੁਦਰਤੀ ਸਚਾਈਆਂ ਉਤੋਂ ਪਰਦੇ ਲਾਹੁੰਦੇ ਹਨ ਅਤੇ ਲੋਕਾਂ ਦੇ ਵਹਿਮਾਂ-ਭਰਮਾਂ ਦੀ ਧੁੰਦ ਦੂਰ ਕਰ ਕੇ ਗਿਆਨ ਦੀਆਂ ਕਿਰਨਾਂ ਪਸਾਰਦੇ ਹਨ। ਧੌਲ ਕੋਈ ਬਲਦ ਨਹੀਂ ਸਗੋਂ ਧਰਮ ਯਾ ਸਦਾਚਾਰ ਹੈ। ਦਯਾ ਹੈ, ਸੰਤੋਖ ਹੈ ਜੋ ਦੁਨੀਆਂ ਵਿਚ ਅਮਨ-ਸ਼ਾਂਤੀ ਕਾਇਮ ਰੱਖ ਕੇ ਧਰਤੀ ਦਾ ਸੰਤੁਲਨ ਸਥਿਰ ਰੱਖਦਾ ਹੈ। ਭੁਚਾਲਾਂ ਵਰਗੀ ਬਦਅਮਨ, ਪਰਾਏ ਹੱਕ ਮਾਰਨ ਵਿਚੋਂ ਉਪਜਦੀ ਹੈ। -(ਪੰਨਾ-73)
-‘ਆਸਾ ਦੀ ਵਾਰ ਦੇ ਅਣਖ ਜਗਾਊ ਭਾਵ ਨੇ ‘ਅੰਤਰ ਪੂਜਾ ਪੜਹਿ ਕਤੇਬਾ ਸੰਜਰਾ ਤੁਰਕਾ ਭਾਈ’ ਅਤੇ ‘ਅਭਾਖਿਆ ਕਾ ਕੁਠਾ ਬਕਰਾ ਖਾਣਾ, ਚਉਕੇ ਉਪਰ ਕਿਸੇ ਨਾ ਜਾਣਾ’ ਦੀ ‘ਨੀਮੇ ਦਰੂੰ ਨੀਮੇ ਬਰੂੰ’ ਦੇ ਅਨਿਆਈ ਰਾਜ ਲਈ ਵੰਡੀ ਹੋਈ ਵਫ਼ਾਦਾਰੀ ਨੂੰ ਖਤਮ ਕਰ ਦਿੱਤਾ।’ -(ਪੰਨਾ-114)
ਸੋ ਸਾਰ ਰੂਪ ਵਿਚ ਆਖਿਆ ਜਾ ਸਕਦਾ ਹੈ ਕਿ ਇਸ ਪੁਸਤਕ ਵਿਚ ਲਿਖਾਰੀ ਨੇ ਗੁਰਮਤਿ ਵਿਚਾਰਧਾਰਾ ਵਿਚ ਅਨੰਤ ਸ਼ਰਧਾ ਰੱਖਦਿਆਂ ਤੇ ਆਪਣਾ ਨੁਕਤਾ-ਨਿਗਾਹ ਵਿਗਿਆਨਕ ਰੱਖਦਿਆਂ ਬੜੇ ਵਿਸ਼ਲੇਸ਼ਣੀ ਢੰਗ ਨਾਲ ਗੁਰੂ ਨਾਨਕ ਸਾਹਿਬ ਦੇ ਜੀਵਨ ਤੇ ਉਨ੍ਹਾਂ ਦੀ ਫਿਲਾਸਫ਼ੀ ਨੂੰ ਚੌਦਾਂ ਖੋਜ ਪੱਤਰਾਂ ਦੇ ਰੂਪ ਵਿਚ ਪਾਠਕਾਂ ਸਨਮੁੱਖ ਰੱਖਿਆ ਹੈ। ਸਮੂਹ ਗੁਰਮੁਖ ਪਿਆਰਿਆਂ ਨੂੰ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ।
 
Top