ਚਾਹ ਦੀ ਪਿਆਲੀ

Mandeep Kaur Guraya

MAIN JATTI PUNJAB DI ..
ਤੜਕਸਾਰ ਹੀ ਉਸ ਨੇ ਇਕ ਕੋਠੀ ਦਾ ਦਰ ਖੜਕਾਇਆ | ਕੋਠੀ ਅੰਦਰ ਖੁਸਰ ਮੁਸਰ ਹੋਈ | ਥੋੜੀ ਜਿਹੀ ਹਿਲ੍ਝੁਲ ਵੀ ਹੋਈ ਪਰ ਫਿਰ ਚੁੱਪ ਪਸਰ ਗਈ |
ਉਸਨੇ ਚਾਹ ਦੀ ਪਿਆਲੀ ਦੀ ਮੰਗ ਕਰਦਿਆਂ ਇਕ ਵਾਰ ਫੇਰ ਬੂਹੇ ਤੇ ਦਸਤਕ ਦਿੱਤੀ ਪਰ ਬੂਹਾ ਫੇਰ ਵੀ ਖਾਮੋਸ਼ ਰਿਹਾ | ਕਾਫੀ ਦੇਰ ਦੀ ਉਡੀਕ ਮਗਰੋਂ ਓਹ ਸਡ਼ਕ ਦੇ ਦੂਜੇ ਪਾਸੇ ਵਾਲੀ ਕੋਠੀ ਦੇ ਸਾਹਮਣੇ ਜਾ ਖੜਾ ਹੋਇਆ | ਚਾਹ ਦੀ ਪਿਆਲੀ ਲਈ ਸਵਾਲੀ ਬਣੇ ਉਸਨੇ ਆਪਣੇ ਪੁੱਤਰ ਨੂ ਆਵਾਜ਼ ਮਾਰੀ | ਕੋਈ ਜਵਾਬ ਨਾ ਮਿਲਿਆ | ਨੂੰਹ , ਪੋਤਰੇ ਦਾ ਨਾਂ ਲੈਕੇ ਤਰਲੇ ਕੱਦੇ ਪਰ ਕੋਠੀ ਅੰਦਰਲੇ ਬੋਲ ਗੂੰਗੇ ਹੋ ਗਏ |
ਖੜੇ ਖੜੇ ਉਸਨੁ ਚੱਕਰ ਜਿਹਾ ਆ ਗਿਆ ਅਤੇ ਡਿਗਦਾ ਡਿਗਦਾ ਮਸਾਂ ਸੰਭਲਿਆ | ਸਿਰ ਫੜ ਕੇ ਉਹ ਦੋਹਾਂ ਕੋਠੀਆਂ ਦੇ ਵਿਚਕਾਰ ਬੈਠ ਗਿਆ |
ਇਹ ਦੋਵੇਂ ਕੋਠੀਆਂ ਉਸਨੇ ਬੜੀ ਰੀਝ ਨਾਲ ਬਣਾਈਆਂ ਸਨ | ਹੁਣ ਇਹਨਾ ਵਿਚ ਉਸਦੇ ਪੁੱਤਰ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਸਨ | ਉਸਨੇ ਇਕ ਵਾਰ ਕੋਠੀਆਂ ਦੀ ਉਚੀ ਸ਼ਾਨ ਵੱਲ ਤਕਿਆ | ਛੇ ਮਹੀਨੇ ਪਹਿਲਾਂ ਸਦੀਵੀ ਵਿਛੋੜਾ ਦੇਣ ਵਾਲੀ ਪਤਨੀ ਨੂੰ ਯਾਦ ਕੀਤਾ | ਮਨ ਹੀ ਮਨ ਸੋਚਾਂ ਲਗਿਆ , " ਮੈਂ ਕੀ ਕੀ ਪਾਪੜ ਵੇਲੇ ਇਨਾ ਕੋਠੀਆਂ ਲਈ | ਠੱਗੀਆਂ ਮਾਰਨ ਤੋਂ ਵੀ ਗੁਰੇਜ ਨਹੀ ਕੀਤਾ | ਕੁਫ਼ਰ ਵੀ ਤੋਲਿਆ , ਆਪਣੀ ਜ਼ਮੀਰ ਵੀ ਥਾਂ ਥਾਂ ਗਹਿਣੇ ਰਖੀ | ਕੀਹਦੇ ਲਈ ? ਇਨਾ ਪੁੱਤਰਾਂ ਲਈ ਜਿਹੜੇ .....|" ਉਸਨੇ ਲੰਮਾ ਹੌਕਾ ਭਰਿਆ ਅਤੇ ਗੋਢਿਆਂ ਵਿਚ ਸਿਰ ਦੇ ਕੇ ਡੁਸਕਣ ਲੱਗਿਆ |
ਏਨੇ ਨੂੰ ਇੱਕ ਮੰਗਤਾ ਉਸ ਕੋਲ ਆਇਆ | ਮੰਗਤੇ ਨੇ ਕਈ ਘਰਾਂ ਤੋਂ ਮੰਗ ਕੇ ਇਕਠੀ ਕੀਤੀ ਚਾਹ ਦੀ ਗੜਵੀ ਚੋਂ ਇੱਕ ਪਿਆਲੀ ਭਰ ਕੇ ਉਸਦੇ ਹਥ ਵਿਚ ਫੜਾ ਦਿੱਤੀ ਅਤੇ ਆਪ ਵੀ ਉਸਦੇ ਕੋਲ ਬੈਠਕੇ ਚਾਹ ਦੀਆਂ ਚੁਸਕੀਆਂ ਲੈਣ ਲੱਗ ਪਿਆ |
 
Top