ਚਾਰ ਆਨੇ ਦਾ ਹਿਸਾਬ

Parv

Prime VIP
ਚਾਰ ਆਨੇ ਦਾ ਹਿਸਾਬ

ਚੰਦਨਪੁਰ ਦਾ ਰਾਜਾ ਬੜਾ ਪ੍ਰਤਾਪੀ ਸੀ। ਦੂਰ-ਦੂਰ ਤਕ ਉਸ ਦੀ ਚਰਚਾ ਹੁੰਦੀ ਸੀ। ਉਸ ਦੇ ਮਹੱਲ ਵਿਚ ਹਰ ਸੁੱਖ-ਸਹੂਲਤ ਦੀ ਚੀਜ਼ ਮੁਹੱਈਆ ਸੀ ਪਰ ਫਿਰ ਵੀ ਅੰਦਰੋਂ ਉਸ ਦਾ ਮਨ ਅਸ਼ਾਂਤ ਰਹਿੰਦਾ ਸੀ।
ਇਕ ਦਿਨ ਰਾਜਾ ਭੇਸ ਬਦਲ ਕੇ ਆਪਣੇ ਰਾਜ ਦੀ ਸੈਰ 'ਤੇ ਨਿਕਲਿਆ। ਘੁੰਮਦਾ-ਘੁੰਮਦਾ ਉਹ ਇਕ ਖੇਤ ਲਾਗਿਓਂ ਲੰਘਿਆ। ਉਸੇ ਵੇਲੇ ਉਸ ਦੀ ਨਜ਼ਰ ਇਕ ਕਿਸਾਨ 'ਤੇ ਪਈ। ਕਿਸਾਨ ਨੇ ਫਟੇ-ਪੁਰਾਣੇ ਕੱਪੜੇ ਪਾਏ ਹੋਏ ਸਨ ਅਤੇ ਦਰੱਖਤ ਦੀ ਛਾਂ ਹੇਠ ਬੈਠ ਕੇ ਭੋਜਨ ਕਰ ਰਿਹਾ ਸੀ।
ਕਿਸਾਨ ਦੇ ਕੱਪੜੇ ਦੇਖ ਕੇ ਰਾਜੇ ਦੇ ਮਨ ਵਿਚ ਆਇਆ ਕਿ ਉਹ ਕਿਸਾਨ ਨੂੰ ਕੁਝ ਸੋਨੇ ਦੀਆਂ ਮੁਦਰਾਵਾਂ ਦੇ ਦੇਵੇ ਤਾਂ ਜੋ ਉਸ ਦੇ ਜੀਵਨ ਵਿਚ ਕੁਝ ਖੁਸ਼ੀ ਆ ਸਕੇ।
ਰਾਜਾ ਕਿਸਾਨ ਕੋਲ ਜਾ ਕੇ ਬੋਲਿਆ,''ਮੈਨੂੰ ਤੇਰੇ ਖੇਤ ਵਿਚੋਂ ਸੋਨੇ ਦੀਆਂ ਇਹ 4 ਮੁਦਰਾਵਾਂ ਮਿਲੀਆਂ ਹਨ। ਇਹ ਖੇਤ ਤੇਰਾ ਹੈ, ਇਸ ਲਈ ਇਹ ਮੁਦਰਾਵਾਂ ਤੂੰ ਹੀ ਰੱਖ ਲੈ।''
ਕਿਸਾਨ ਬੋਲਿਆ,''ਨਾ-ਨਾ, ਇਹ ਮੁਦਰਾਵਾਂ ਮੇਰੀਆਂ ਨਹੀਂ ਹਨ। ਇਨ੍ਹਾਂ ਨੂੰ ਤੁਸੀਂ ਹੀ ਰੱਖੋ ਜਾਂ ਕਿਸੇ ਹੋਰ ਨੂੰ ਦਾਨ ਕਰ ਦਿਓ, ਮੈਨੂੰ ਇਨ੍ਹਾਂ ਦੀ ਕੋਈ ਲੋੜ ਨਹੀਂ।''
ਕਿਸਾਨ ਦਾ ਇਹ ਪ੍ਰਤੀਕਰਮ ਰਾਜੇ ਨੂੰ ਬੜਾ ਅਜੀਬ ਲੱਗਾ। ਉਹ ਬੋਲਿਆ,''ਪੈਸਿਆਂ ਦੀ ਲੋੜ ਕਿਸ ਨੂੰ ਨਹੀਂ ਹੁੰਦੀ? ਭਲਾ ਤੂੰ ਲਛਮੀ ਨੂੰ ਨਾ ਕਿਵੇਂ ਕਹਿ ਸਕਦਾ ਏਂ। ''
ਕਿਸਾਨ ਬੋਲਿਆ,''ਮੈਂ ਰੋਜ਼ 4 ਆਨੇ ਕਮਾ ਲੈਂਦਾ ਹਾਂ ਅਤੇ ਓਨੇ ਵਿਚ ਹੀ ਖੁਸ਼ ਰਹਿੰਦਾ ਹਾਂ। ਇਨ੍ਹਾਂ 4 ਆਨਿਆਂ ਵਿਚੋਂ ਇਕ ਮੈਂ ਖੂਹ ਵਿਚ ਪਾ ਦਿੰਦਾ ਹਾਂ, ਦੂਜੇ ਨਾਲ ਕਰਜ਼ਾ ਚੁਕਾ ਦਿੰਦਾ ਹਾਂ, ਤੀਜਾ ਉਧਾਰ ਵਿਚ ਦੇ ਦਿੰਦਾ ਹਾਂ ਅਤੇ ਚੌਥਾ ਮਿੱਟੀ ਵਿਚ ਗੱਡ ਦਿੰਦਾ ਹਾਂ।''
ਰਾਜੇ ਨੇ ਅਗਲੇ ਦਿਨ ਸਭਾ ਬੁਲਾਈ ਅਤੇ ਪੂਰੇ ਦਰਬਾਰ ਵਿਚ ਕੱਲ ਦੀ ਘਟਨਾ ਸੁਣਾ ਦਿੱਤੀ। ਉਹ ਸਭ ਤੋਂ ਪਹਿਲਾਂ ਕਿਸਾਨ ਦੇ ਉਸ ਕਥਨ ਦਾ ਅਰਥ ਪੁੱਛਣ ਲੱਗਾ।
ਦਰਬਾਰੀਆਂ ਨੇ ਆਪਣੀਆਂ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਪਰ ਕੋਈ ਵੀ ਰਾਜੇ ਨੂੰ ਸੰਤੁਸ਼ਟ ਨਹੀਂ ਕਰ ਸਕਿਆ। ਅਖੀਰ ਵਿਚ ਕਿਸਾਨ ਨੂੰ ਹੀ ਦਰਬਾਰ ਵਿਚ ਸੱਦਣ ਦਾ ਫੈਸਲਾ ਕੀਤਾ ਗਿਆ। ਬਹੁਤ ਖੋਜ ਕਰਨ ਤੋਂ ਬਾਅਦ ਕਿਸਾਨ ਮਿਲਿਆ ਅਤੇ ਉਸ ਨੂੰ ਕੱਲ ਦੀ ਸਭਾ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ।
ਰਾਜੇ ਨੇ ਕਿਸਾਨ ਨੂੰ ਉਸ ਦਿਨ ਆਪਣੇ ਭੇਸ ਬਦਲ ਕੇ ਘੁੰਮਣ ਬਾਰੇ ਦੱਸਿਆ ਅਤੇ ਸਤਿਕਾਰ ਨਾਲ ਦਰਬਾਰ ਵਿਚ ਬਿਠਾਇਆ।
ਰਾਜਾ ਪੁੱਛਣ ਲੱਗਾ,''ਮੈਂ ਤੇਰੇ ਜਵਾਬ ਤੋਂ ਪ੍ਰਭਾਵਿਤ ਹਾਂ ਅਤੇ ਤੇਰੇ ਚਾਰ ਆਨੇ ਦਾ ਹਿਸਾਬ ਜਾਣਨਾ ਚਾਹੁੰਦਾ ਹਾਂ। ਦੱਸ ਤੂੰ ਆਪਣੇ ਕਮਾਏ ਚਾਰ ਆਨੇ ਕਿਸ ਤਰ੍ਹਾਂ ਖਰਚ ਕਰਦਾ ਏਂ ਜੋ ਇੰਨਾ ਖੁਸ਼ ਤੇ ਸੰਤੁਸ਼ਟ ਰਹਿੰਦਾ ਏਂ?''
ਕਿਸਾਨ ਬੋਲਿਆ,''ਹਜ਼ੂਰ, ਮੈਂ ਇਕ ਆਨਾ ਖੂਹ ਵਿਚ ਸੁੱਟ ਦਿੰਦਾ ਹਾਂ ਭਾਵ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਵਿਚ ਲਗਾ ਦਿੰਦਾ ਹਾਂ। ਦੂਜੇ ਨਾਲ ਮੈਂ ਕਰਜ਼ਾ ਚੁਕਾ ਦਿੰਦਾ ਹਾਂ ਭਾਵ ਇਸ ਨੂੰ ਮੈਂ ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਵਿਚ ਲਗਾ ਦਿੰਦਾ ਹਾਂ। ਤੀਜਾ ਮੈਂ ਉਧਾਰ ਦੇ ਦਿੰਦਾ ਹਾਂ ਭਾਵ ਆਪਣੇ ਬੱਚਿਆਂ ਦੀ ਪੜ੍ਹਾਈ 'ਚ ਲਗਾ ਦਿੰਦਾ ਹਾਂ ਅਤੇ ਚੌਥਾ ਮੈਂ ਮਿੱਟੀ ਵਿਚ ਗੱਡ ਦਿੰਦਾ ਹਾਂ ਭਾਵ ਇਕ ਆਨੇ ਦੀ ਬਚਤ ਕਰ ਲੈਂਦਾ ਹਾਂ ਤਾਂ ਜੋ ਸਮਾਂ ਆਉਣ 'ਤੇ ਮੈਨੂੰ ਕਿਸੇ ਕੋਲੋਂ ਮੰਗਣਾ ਨਾ ਪਵੇ ਅਤੇ ਮੈਂ ਇਸ ਨੂੰ ਧਾਰਮਿਕ, ਸਮਾਜਿਕ ਜਾਂ ਹੋਰ ਜ਼ਰੂਰੀ ਕੰਮਾਂ ਵਿਚ ਲਗਾ ਸਕਾਂ।''
ਰਾਜੇ ਨੂੰ ਹੁਣ ਕਿਸਾਨ ਦੀ ਗੱਲ ਸਮਝ ਆ ਚੁੱਕੀ ਸੀ। ਉਸ ਦੀ ਸਮੱਸਿਆ ਦਾ ਹੱਲ ਨਿਕਲ ਚੁੱਕਾ ਸੀ। ਉਹ ਜਾਣ ਗਿਆ ਸੀ ਕਿ ਜੇ ਉਸ ਨੇ ਖੁਸ਼ ਤੇ ਸੰਤੁਸ਼ਟ ਰਹਿਣਾ ਹੈ ਤਾਂ ਉਸ ਨੂੰ ਵੀ ਆਪਣੇ ਕਮਾਏ ਹੋਏ ਧਨ ਦੀ ਸਹੀ ਵਰਤੋਂ ਕਰਨੀ ਪਵੇਗੀ।
 
Top