ਚਾਂਦੀ ਦੀ ਡੱਬੀ

Mandeep Kaur Guraya

MAIN JATTI PUNJAB DI ..
ਸ਼ਾਹੂਕਾਰ ਨੇ ਰਾਜੇ ਨੂੰ ਆਪਣੇ ਕਰਜ਼ੇ ਦੀ ਸਾਰੀ ਗੱਲ ਦੱਸ ਦਿੱਤੀ। ਰਾਜੇ ਨੇ ਮੰਤਰੀ ਨੂੰ ਕੋਲ ਬੁਲਾ ਕੇ ਹੌਲੀ ਜਿਹੇ ਉਸ ਦੇ ਕੰਨ 'ਚ ਕੁਝ ਕਿਹਾ। ਮੰਤਰੀ ਉਥੋਂ ਚਲਾ ਗਿਆ। ਕੁਝ ਦੇਰ ਬਾਅਦ ਉਹ ਵਾਪਸ ਆਇਆ ਤਾਂ ਉਸ ਦੇ ਹੱਥਾਂ 'ਚ ਵੀ ਬਿਲਕੁਲ ਉਹੋ ਜਿਹੀ ਡੱਬੀ ਸੀ। ਮੰਤਰੀ ਵਲੋਂ ਲਿਆਂਦੀ ਗਈ ਡੱਬੀ ਖੋਲ੍ਹੀ ਗਈ। ਉਸ ਵਿਚ ਵੀ ਇਕ ਕਾਗਜ਼ ਰੱਖਿਆ ਸੀ। ਉਸ 'ਤੇ ਕੁਝ ਲਿਖਿਆ ਸੀ, ਰਾਜੇ ਨੇ ਪੜ੍ਹ ਕੇ ਸੁਣਾਇਆ, ''ਮੈਂ ਆਪਣੇ ਕੁਝ ਵਫਾਦਾਰ ਸੇਵਕਾਂ ਨੂੰ ਅਜਿਹੀਆਂ ਹੀ ਡੱਬੀਆਂ ਭੇਟ ਕੀਤੀਆਂ ਹਨ। ਉਨ੍ਹਾਂ 'ਤੇ ਕਦੇ ਮੁਸੀਬਤ ਆਏ ਤਾਂ ਰਾਜ ਉਨ੍ਹਾਂ ਦੀ ਮਦਦ ਕਰੇਗਾ।''
ਸੁਖ ਰਾਮ ਕਹਿਣ ਨੂੰ ਕਿਸਾਨ ਸੀ ਪਰ ਕੰਮ ਦੂਜਿਆਂ ਦੇ ਖੇਤਾਂ 'ਚ ਕਰਦਾ ਸੀ। ਮੁਸ਼ਕਲ ਨਾਲ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਇਕ ਦਿਨ ਸੁਖ ਰਾਮ ਨੂੰ ਕੁਝ ਸਾਮਾਨ ਲੈਣ ਬਾਜ਼ਾਰ ਜਾਣਾ ਪਿਆ। ਉਹ ਸ਼ਾਹੂਕਾਰ ਦੀਨਦਿਆਲ ਦੀ ਦੁਕਾਨ 'ਤੇ ਪਹੁੰਚਿਆ। ਸ਼ਾਹੂਕਾਰ ਨੇ ਉਸ ਨੂੰ ਪਛਾਣ ਕੇ ਕਿਹਾ, ''ਸਾਲਾਂ ਪਹਿਲਾਂ ਤੇਰੇ ਪਿਤਾ ਨੇ ਮੇਰੇ ਕੋਲੋਂ 50 ਰੁਪਏ ਉਧਾਰ ਲਏ ਸਨ। ਉਹ ਰੁਪਏ ਨਾ ਉਨ੍ਹਾਂ ਨੇ ਵਾਪਸ ਕੀਤੇ ਨਾ ਹੀ ਤੂੰ। ਮੇਰੇ ਪੈਸੇ ਛੇਤੀ ਮੈਨੂੰ ਮੋੜ ਦਿਓ।''
ਸੁਖ ਰਾਮ ਭੋਲਾ-ਭਾਲਾ ਵਿਅਕਤੀ ਸੀ। ਉਸ ਦੇ ਕੋਲ 10 ਰੁਪਏ ਹੀ ਸਨ। ਕੁਝ ਦਿਨਾਂ ਦੀ ਮੋਹਲਤ ਲੈ ਕੇ ਉਹ ਉਦਾਸ ਮਨ ਨਾਲ ਘਰ ਪਰਤਿਆ। ਪਤਨੀ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਸ਼ਾਹੂਕਾਰ ਦੀ ਗੱਲ ਦੱਸੀ। ਫਿਰ ਸੋਚਣ ਲੱਗਾ ਕਿ ਕਰਜ਼ਾ ਕਿਵੇਂ ਚੁਕਾਇਆ ਜਾਏ। ਉਦੋਂ ਹੀ ਉਸ ਨੂੰ ਯਾਦ ਆਇਆ ਕਿ ਮਰਨ ਵੇਲੇ ਉਸ ਦੇ ਪਿਤਾ ਨੇ ਉਸ ਨੂੰ ਇਕ ਚਾਂਦੀ ਦੀ ਡੱਬੀ ਦਿੱਤੀ ਸੀ। ਡੱਬੀ ਦੇਣ ਵੇਲੇ ਉਹ ਕਹਿਣਾ ਚਾਹੁੰਦੇ ਸਨ ਪਰ ਸਿਰਫ ਦੋ ਹੀ ਸ਼ਬਦ ਬੋਲ ਸਕੇ, ''ਰਾਜੇ ਨੇ....।''
ਉਹ ਹੌਲੀ ਜਿਹੇ ਉਠਿਆ। ਕੋਠੜੀ 'ਚ ਪਹੁੰਚਿਆ। ਲੱਭਣ 'ਤੇ ਉਸ ਨੂੰ ਉਹ ਛੇਤੀ ਹੀ ਡੱਬੀ ਮਿਲ ਗਈ। ਉਹ ਮਨ ਹੀ ਮਨ ਬੁੜਬੁੜਾਇਆ, ''ਸ਼ੁਕਰ ਹੈ ਕਿ ਇਹ ਸਮੇਂ ਸਿਰ ਮਿਲ ਗਈ। ਇਸ ਨਾਲ ਸ਼ਾਹੂਕਾਰ ਦੇ ਕਰਜ਼ੇ ਤੋਂ ਛੁਟਕਾਰਾ ਮਿਲੇਗਾ।''
ਉਦੋਂ ਹੀ ਉਸ ਦੀ ਪਤਨੀ ਉਥੇ ਆਈ। ਸੁਖ ਰਾਮ ਦੇ ਹੱਥਾਂ ਵਿਚ ਡੱਬੀ ਦੇਖ ਕੇ ਕਹਿਣ ਲੱਗੀ, ਦੋ-ਚਾਰ ਦਿਨ ਸਬਰ ਕਰ ਲਓ। ਲੈ-ਦੇ ਕੇ ਬਜ਼ੁਰਗਾਂ ਦੀ ਇਹੀ ਨਿਸ਼ਾਨੀ ਬਚੀ ਹੈ। ਇਸ ਨੂੰ ਨਾ ਗਵਾਓ। ਕੁਝ ਕੰਮ ਮੈਂ ਕਰਾਂਗੀ ਅਤੇ ਕੁਝ ਤੁਸੀਂ। ਇਸ ਤਰ੍ਹਾਂ ਕਰਜ਼ਾ ਉਤਰ ਜਾਵੇਗਾ। ਸੁਖ ਰਾਮ ਨੇ ਉਸ ਦੀ ਗੱਲ ਮੰਨ ਲਈ।
ਕੁਝ ਦਿਨ ਪਿਛੋਂ ਸ਼ਾਹੂਕਾਰ ਸੁਖ ਰਾਮ ਦੇ ਘਰ ਪਹੁੰਚਿਆ ਅਤੇ ਕਹਿਣ ਲੱਗਾ, ''ਮੇਰੇ ਰੁਪਏ ਹੁਣੇ ਵਾਪਸ ਕਰ ਦੇ, ਨਹੀਂ ਤਾਂ ਮੁਕੱਦਮਾ ਕਰ ਦਿਆਂਗਾ।''
ਸ਼ਾਹੂਕਾਰ ਦੇ ਤੇਵਰ ਦੇਖ ਕੇ ਸੁਖ ਰਾਮ ਅੰਦਰ ਗਿਆ। ਚਾਂਦੀ ਦੀ ਡੱਬੀ ਲੈ ਕੇ ਬਾਹਰ ਜਾਣ ਲੱਗਾ ਤਾਂ ਪਤਨੀ ਨੇ ਪੁੱਛਿਆ, ''ਡੱਬੀ ਨੂੰ ਕਿਥੇ ਲੈ ਕੇ ਜਾ ਰਹੇ ਹੋ?''
''ਸ਼ਾਹੂਕਾਰ ਮੁਕੱਦਮਾ ਕਰਨ ਦੀ ਧਮਕੀ ਦੇ ਰਿਹਾ ਹੈ। ਸੋਚਦਾ ਹਾਂ ਕਿ ਡੱਬੀ ਦੇ ਕੇ ਕਰਜ਼ੇ ਤੋਂ ਮੁਕਤ ਹੋ ਜਾਵਾਂ। ਰੋਜ਼-ਰੋਜ਼ ਦਾ ਉਲਾਂਭਾ ਸਹਿਆ ਨਹੀਂ ਜਾਂਦਾ।'' ਸੁਖ ਰਾਮ ਨੇ ਜਵਾਬ ਦਿੱਤਾ। ਦੋਵੇਂ ਸ਼ਾਹੂਕਾਰ ਕੋਲ ਪਹੁੰਚੇ। ਸੁਖ ਰਾਮ ਜਦੋਂ ਸ਼ਾਹੂਕਾਰ ਨੂੰ ਡੱਬੀ ਦੇਣ ਲੱਗਾ ਤਾਂ ਉਸ ਦੀ ਪਤਨੀ ਨੇ ਟੋਕ ਦਿੱਤਾ, ''ਇਸ ਨੂੰ ਖੋਲ੍ਹ ਕੇ ਤਾਂ ਦੇਖ ਲਵੋ ਸ਼ਾਇਦ ਇਸ 'ਚ ਕੁਝ ਹੋਵੇ।''
ਸੁਖ ਰਾਮ ਨੇ ਡੱਬੀ ਖੋਲ੍ਹੀ। ਉਸ 'ਚ ਇਕ ਕਾਗਜ਼ ਰੱਖਿਆ ਸੀ। ਸੁਖ ਰਾਮ ਅਨਪੜ੍ਹ ਸੀ। ਕਾਗਜ਼ ਸ਼ਾਹੂਕਾਰ ਨੂੰ ਦੇ ਕੇ ਪੁੱਛਣ ਲੱਗਾ ਕਿ ਇਸ 'ਚ ਲਿਖਿਆ ਕੀ ਹੈ?
ਸ਼ਾਹੂਕਾਰ ਕਾਗਜ਼ ਪੜ੍ਹਦਿਆਂ ਹੀ ਹੈਰਾਨ ਹੋ ਗਿਆ ਫਿਰ ਸੰਭਲ ਕੇ ਕਹਿਣ ਲੱਗਾ, ''ਰੱਦੀ ਕਾਗਜ਼ ਹੈ। ਉਂਝ ਹੀ ਕਿਸੇ ਨੇ ਰੱਖ ਦਿੱਤਾ ਹੋਵੇਗਾ।''
ਫਿਰ ਇਕ ਪਲ ਗੁਆਏ ਬਿਨਾਂ ਉਸ ਨੇ ਸੁਖ ਰਾਮ ਦੇ ਹੱਥੋਂ ਡੱਬੀ ਲੈ ਲਈ। ਇਹ ਡੱਬੀ ਵੀ ਪੁਰਾਣੀ ਹੈ। ਫਿਰ ਵੀ ਕਰਜ਼ੇ ਦੇ ਬਦਲੇ ਇਸ ਨੂੰ ਲੈ ਲੈਂਦਾ ਹਾਂ।
ਸੁਖ ਰਾਮ ਅਤੇ ਉਸ ਦੀ ਪਤਨੀ ਦੇ ਜਾਣ ਤੋਂ ਤੁਰੰਤ ਬਾਅਦ ਸ਼ਾਹੂਕਾਰ ਡੱਬੀ ਲੈ ਕੇ ਘਰੋਂ ਤੁਰ ਪਿਆ। ਉਹ ਕਾਗਜ਼ ਵੀ ਉਸ ਨੇ ਡੱਬੀ ਵਿਚ ਰੱਖ ਲਿਆ ਅਤੇ ਸਿੱਧਾ ਜਾ ਪਹੁੰਚਿਆ ਰਾਜ ਦਰਬਾਰ 'ਚ। ਰਾਜੇ ਨੂੰ ਨਮਸਕਾਰ ਕਰਦਿਆਂ ਉਸ ਨੇ ਉਹ ਡੱਬੀ ਉਸ ਦੇ ਸਾਹਮਣੇ ਰੱਖ ਦਿੱਤੀ। ਰਾਜੇ ਨੇ ਹੈਰਾਨ ਹੋ ਕੇ ਉਸ ਨੂੰ ਦੇਖਿਆ ਅਤੇ ਖੋਲ੍ਹਿਆ। ਕਾਗਜ਼ ਪੜ੍ਹਿਆ ਫਿਰ ਸ਼ਾਹੂਕਾਰ ਨੂੰ ਪੁੱਛਿਆ, ''ਤੁਸੀਂ ਮੇਰੇ ਪਿਤਾ ਕੋਲ ਕੀ ਕੰਮ ਕਰਦੇ ਸੀ?''
ਸ਼ਾਹੂਕਾਰ ਪ੍ਰੇਸ਼ਾਨ ਹੋ ਗਿਆ। ਇਸ ਕਾਗਜ਼ ਨਾਲ ਰਾਜੇ ਦੇ ਪ੍ਰਸ਼ਨ ਦਾ ਕੀ ਸੰਬੰਧ? ਰਾਜੇ ਨੇ ਦੁਬਾਰਾ ਪੁੱਛਿਆ ਤਾਂ ਸ਼ਾਹੂਕਾਰ ਦੇ ਮੱਥੇ 'ਤੇ ਪਸੀਨਾ ਆ ਗਿਆ। ਉਸ ਤੋਂ ਕੋਈ ਉੱਤਰ ਨਾ ਦੇ ਹੋਇਆ। ਰਾਜਾ ਉਸ ਨੂੰ ਦੇਖ ਕੇ ਮੁਸਕਰਾਇਆ ਅਤੇ ਫਿਰ ਕਿਹਾ, ਭਲਕੇ ਆਈਂ।
ਅਗਲੇ ਦਿਨ ਜਦੋਂ ਉਹ ਦਰਬਾਰ 'ਚ ਪਹੁੰਚਿਆ ਤਾਂ ਸੁਖ ਰਾਮ ਵੀ ਉਥੇ ਹੀ ਸੀ। ਸ਼ਾਹੂਕਾਰ ਮਨ ਹੀ ਮਨ ਘਬਰਾਇਆ। ਉਸ ਨੇ ਸੋਚਿਆ ਕਿ ਸੁਖ ਰਾਮ ਨੇ ਜ਼ਰੂਰ ਕਹਿ ਦਿੱਤਾ ਹੋਵੇਗਾ ਕਿ ਇਹ ਡੱਬੀ ਉਸੇ ਦੀ ਹੈ। ਉਦੋਂ ਹੀ ਰਾਜੇ ਨੇ ਸ਼ਾਹੂਕਾਰ ਤੋਂ ਪੁੱਛਿਆ, ''ਕੀ ਇਹ ਡੱਬੀ ਤੈਨੂੰ ਸੁਖ ਰਾਮ ਨੇ ਦਿੱਤੀ ਸੀ?''
''ਹਾਂ, ਮਹਾਰਾਜ।'' ਕਹਿ ਕੇ ਸ਼ਾਹੂਕਾਰ ਨੇ ਰਾਜੇ ਨੂੰ ਆਪਣੇ ਕਰਜ਼ੇ ਦੀ ਸਾਰੀ ਗੱਲ ਦੱਸ ਦਿੱਤੀ। ਰਾਜੇ ਨੇ ਮੰਤਰੀ ਨੂੰ ਕੋਲ ਬੁਲਾ ਕੇ ਹੌਲੀ ਜਿਹੇ ਉਸ ਦੇ ਕੰਨ 'ਚ ਕੁਝ ਕਿਹਾ। ਮੰਤਰੀ ਉਥੋਂ ਚਲਾ ਗਿਆ। ਕੁਝ ਦੇਰ ਬਾਅਦ ਉਹ ਵਾਪਸ ਆਇਆ ਤਾਂ ਉਸ ਦੇ ਹੱਥਾਂ 'ਚ ਵੀ ਬਿਲਕੁਲ ਉਹੋ ਜਿਹੀ ਡੱਬੀ ਸੀ। ਮੰਤਰੀ ਵਲੋਂ ਲਿਆਂਦੀ ਗਈ ਡੱਬੀ ਖੋਲ੍ਹੀ ਗਈ। ਉਸ ਵਿਚ ਵੀ ਇਕ ਕਾਗਜ਼ ਰੱਖਿਆ ਸੀ। ਉਸ 'ਤੇ ਕੁਝ ਲਿਖਿਆ ਸੀ, ਰਾਜੇ ਨੇ ਪੜ੍ਹ ਕੇ ਸੁਣਾਇਆ, ''ਮੈਂ ਆਪਣੇ ਕੁਝ ਵਫਾਦਾਰ ਸੇਵਕਾਂ ਨੂੰ ਅਜਿਹੀਆਂ ਹੀ ਡੱਬੀਆਂ ਭੇਟ ਕੀਤੀਆਂ ਹਨ। ਉਨ੍ਹਾਂ 'ਤੇ ਕਦੇ ਮੁਸੀਬਤ ਆਏ ਤਾਂ ਰਾਜ ਉਨ੍ਹਾਂ ਦੀ ਮਦਦ ਕਰੇਗਾ।''
ਇਹ ਸੁਣਾਉਣ ਪਿਛੋਂ ਰਾਜੇ ਨੇ ਸ਼ਾਹੂਕਾਰ ਨੂੰ ਝਿੜਕਿਆ, ''ਸੁਖ ਰਾਮ ਕੋਲੋਂ ਤੂੰ ਇਹ ਡੱਬੀ ਲੈ ਕੇ ਉਸ ਦਾ ਅਧਿਕਾਰ ਖੋਹਣ ਦੀ ਕੋਸ਼ਿਸ਼ ਕੀਤੀ। ਯਕੀਨਨ ਤੇਰੀ ਨੀਅਤ ਖੋਟੀ ਸੀ। ਤੈਨੂੰ ਸਜ਼ਾ ਕਿਉਂ ਨਾ ਦਿੱਤੀ ਜਾਏ?''
''ਗਲਤੀ ਹੋ ਗਈ ਮਹਾਰਾਜ, ਮੇਰੇ ਮਨ 'ਚ ਲਾਲਚ ਆ ਗਿਆ ਸੀ। ਮੈਨੂੰ ਹੁਣ ਧਨ ਨਹੀਂ ਚਾਹੀਦਾ। ਸੁਖ ਰਾਮ ਦੀ ਈਮਾਨਦਾਰੀ ਅੱਗੇ ਮੈਂ ਬਹੁਤ ਹੀ ਸ਼ਰਮਿੰਦਾ ਹਾਂ।'' ਸ਼ਾਹੂਕਾਰ ਗਿੜਗਿੜਾਇਆ। ਰਾਜੇ ਨੇ ਉਸ ਨੂੰ ਛੱਡ ਦਿੱਤਾ। ਐਲਾਨ ਕਰਵਾਇਆ ਕਿ ਜਿਹੜੇ-ਜਿਹੜੇ ਸੇਵਕਾਂ ਕੋਲ ਇਹੀ ਜਿਹੀ ਚਾਂਦੀ ਦੀ ਡੱਬੀ ਹੋਵੇ ਉਹ ਉਨ੍ਹਾਂ ਨੂੰ ਲੈ ਕੇ ਦਰਬਾਰ 'ਚ ਹਾਜ਼ਰ ਹੋਣ। ਐਲਾਨ ਸੁਣ ਕੇ ਕੁਝ ਵਿਅਕਤੀ ਦਰਬਾਰ 'ਚ ਪਹੁੰਚੇ। ਉਨ੍ਹਾਂ 'ਚ ਕੁਝ ਗਰੀਬ ਸਨ ਅਤੇ ਕੁਝ ਅਮੀਰ। ਸਭ ਨੇ ਰਾਜੇ ਦੇ ਅੱਗੇ ਆਪੋ-ਆਪਣੀ ਡੱਬੀ ਰੱਖ ਦਿੱਤੀ। ਹਰੇਕ 'ਚੋਂ ਕਾਗਜ਼ ਨਿਕਲੇ। ਉਨ੍ਹਾਂ ਸਭ 'ਤੇ ਇਹ ਲਿਖਿਆ ਸੀ, ''ਕੋਈ ਮੁਸੀਬਤ ਆਏ ਤਾਂ ਦਰਬਾਰ 'ਚ ਆ ਜਾਇਓ।''
ਰਾਜੇ ਨੇ ਕਿਹਾ, ''ਇਹ ਖ਼ਤ ਮੇਰੇ ਪਿਤਾ ਦਾ ਹੈ। ਇਕ ਵਾਰ ਉਨ੍ਹਾਂ 'ਤੇ ਮੁਸੀਬਤ ਆ ਗਈ। ਉਨ੍ਹਾਂ ਦੇ ਕੁਝ ਸੇਵਕਾਂ ਨੇ ਜਾਨ ਦੀ ਬਾਜ਼ੀ ਲਗਾ ਕੇ ਉਨ੍ਹਾਂ ਦੀ ਰੱਖਿਆ ਕੀਤੀ। ਅਜਿਹੀਆਂ ਡੱਬੀਆਂ ਉਨ੍ਹਾਂ ਹੀ ਸਵਾਮੀ ਭਗਤ ਸੇਵਕਾਂ ਨੂੰ ਦਿੱਤੀਆਂ ਗਈਆਂ ਸਨ। ਮੈਂ ਪਤਾ ਨਹੀਂ ਕਦੋਂ ਤਕ ਇਹੋ ਜਿਹੇ ਲੋਕਾਂ ਦੀ ਭਾਲ 'ਚ ਸੀ। ਕਲ ਸ਼ਾਹੂਕਾਰ ਨੇ ਡੱਬੀ ਮੇਰੇ ਸਾਹਮਣੇ ਰੱਖੀ ਤਾਂ ਇਸ ਡੱਬੀ ਦੇ ਅਸਲੀ ਮਾਲਕ ਸੁਖ ਰਾਮ ਦਾ ਪਤਾ ਲੱਗਾ। ਅੱਜ ਤੋਂ ਸੁਖ ਰਾਮ ਸਮੇਤ ਤੁਸੀਂ ਸਾਰੇ ਇਸ ਰਾਜ ਦੇ ਵਿਸ਼ੇਸ਼ ਨਾਗਰਿਕ ਹੋ। ਤੁਹਾਨੂੰ ਰਾਜ ਵਲੋਂ ਹਰ ਮਹੀਨੇ ਸੋਨੇ ਦੀਆਂ ਪੰਜ ਮੋਹਰਾਂ ਦਿੱਤੀਆਂ ਜਾਣਗੀਆਂ।''
ਦਰਬਾਰੀਆਂ ਨੇ ਰਾਜੇ ਦੇ ਇਸ ਐਲਾਨ ਦਾ ਸਵਾਗਤ ਕੀਤਾ। ਉਸ ਤੋਂ ਵੀ ਵਧੇਰੇ ਸਵਾਗਤ ਡੱਬੀ ਲਿਆਉਣ ਵਾਲੇ ਅਮੀਰ ਵਿਅਕਤੀਆਂ ਦਾ ਹੋਇਆ। ਉਨ੍ਹਾਂ ਸਭ ਨੇ ਆਪੋ-ਆਪਣੀ ਰਾਸ਼ੀ ਰਾਜ ਦੀਆਂ ਪਾਠਸ਼ਾਲਾਵਾਂ ਨੂੰ ਦਾਨ ਦੇਣ ਦਾ ਐਲਾਨ ਜੋ ਕੀਤਾ ਸੀ।
 
Top