ਚਲਾਕ ਵਪਾਰੀ

JUGGY D

BACK TO BASIC
ਇਕ ਦਿਨ ਰਾਜਾ ਭਦਰਸੇਨ ਭੇਸ ਬਦਲ ਕੇ ਆਪਣੇ ਰਾਜ ਦੀ ਵਿਵਸਥਾ ਅਤੇ ਪਰਜਾ ਦੀ ਆਪਣੇ ਰਾਜਾ ਪ੍ਰਤੀ ਧਾਰਨਾ ਜਾਣਨ ਲਈ ਨਿਕਲਿਆ। ਸਾਰਾ ਦਿਨ ਘੁੰਮਣ ਤੋਂ ਬਾਅਦ ਉਹ ਰਾਜ ਦੇ ਮੁੱਖ ਬਾਜ਼ਾਰ 'ਤੇ ਪਹੁੰਚਿਆ।
ਸ਼ਾਮ ਹੋਣ ਕਾਰਨ ਬਾਜ਼ਾਰ 'ਚ ਰੌਣਕ ਕਾਫੀ ਸੀ, ਇਸ ਲਈ ਉਹ ਪੈਦਲ ਹੀ ਬਾਜ਼ਾਰ 'ਚ ਘੁੰਮਦਾ ਰਿਹਾ। ਸਾਰਾ ਦਿਨ ਘੁੰਮਣ ਕਾਰਨ ਰਾਜਾ ਕੁਝ ਥਕਾਵਟ ਜਿਹੀ ਵੀ ਮਹਿਸੂਸ ਕਰਨ ਲੱਗਾ ਸੀ, ਇਸ ਲਈ ਉਸ ਨੇ ਰੁੱਖ ਦੀ ਛਾਂ ਹੇਠ ਕੁਝ ਪਲ ਆਰਾਮ ਕਰਨ ਦੀ ਸੋਚੀ। ਰੁੱਖ ਹੇਠਾਂ ਪਹੁੰਚ ਕੇ ਉਹ ਕੁਝ ਰਾਹਤ ਮਹਿਸੂਸ ਕਰ ਰਿਹਾ ਸੀ। ਅਜੇ ਉਸ ਨੂੰ ਆਰਾਮ ਕਰਦਿਆਂ ਕੁਝ ਪਲ ਹੀ ਹੋਏ ਸਨ ਕਿ ਸਾਹਮਣਿਓਂ ਸੈਨਾਪਤੀ ਘੋੜੇ 'ਤੇ ਆਉਂਦਾ ਦਿਸਿਆ। ਆਉਂਦਿਆਂ ਹੀ ਉਸ ਨੇ ਇਕ ਦੁਕਾਨਦਾਰ ਨੂੰ ਰੋਅਬ ਭਰੀ ਆਵਾਜ਼ 'ਚ ਕਿਹਾ (ਜਿਹੜਾ ਆਪਣੀ ਤਿਜੌਰੀ ਖੋਲ੍ਹ ਕੇ ਸੋਨੇ ਦੀਆਂ ਮੋਹਰਾਂ ਗਿਣਨ 'ਚ ਮਗਨ ਸੀ), ''ਕਿਉਂ ਸ਼੍ਰੀਮਾਨ, ਇਸ ਤਰ੍ਹਾਂ ਖੁੱਲ੍ਹੇਆਮ ਤਿਜੌਰੀ ਖੋਲ੍ਹ ਕੇ ਸੋਨੇ ਦੀਆਂ ਮੋਹਰਾਂ ਗਿਣ ਰਹੇ ਹੋ। ਕੀ ਤੁਸੀਂ ਆਪਣੀ ਦੁਕਾਨ 'ਚ ਚੋਰੀ ਕਰਵਾਉਣੀ ਹੈ?''
ਹਾਲਾਂਕਿ ਸੈਨਾਪਤੀ ਵਲੋਂ ਮਾੜੇ ਢੰਗ ਨਾਲ ਕੀਤੀ ਗਈ ਦਖਲਅੰਦਾਜ਼ੀ ਤੋਂ ਵਪਾਰੀ ਨੂੰ ਗੁੱਸਾ ਤਾਂ ਜ਼ਰੂਰ ਆਇਆ, ਫਿਰ ਵੀ ਗੁੱਸੇ 'ਤੇ ਕਾਬੂ ਰੱਖਦੇ ਹੋਏ ਉਸ ਨੇ ਨਿਮਰਤਾ ਨਾਲ ਸੈਨਾਪਤੀ ਨੂੰ ਜਵਾਬ ਦਿੱਤਾ, ''ਸ਼੍ਰੀਮਾਨ, ਅਜਿਹੀ ਗੱਲ ਨਹੀਂ ਹੈ। ਮੇਰਾ ਘਰ ਇਸ ਮੁੱਖ ਬਾਜ਼ਾਰ ਤੋਂ ਕਾਫੀ ਦੂਰ ਹੈ, ਇਸ ਲਈ ਮੈਂ ਦਿਨ ਭਰ ਦੀ ਕਮਾਈ ਇਕੱਠੀ ਕਰਕੇ ਜਲਦੀ ਘਰ ਨਿਕਲ ਜਾਂਦਾ ਹਾਂ ਜਿਥੇ ਪਹੁੰਚਣ ਤਕ ਮੈਨੂੰ ਰਾਤ ਹੋ ਜਾਂਦੀ ਹੈ।''
ਇਸ 'ਤੇ ਸੈਨਾਪਤੀ ਨੇ ਦੁਬਾਰਾ ਕਿਹਾ, ''ਠੀਕ ਹੈ ਪਰ ਇਸ ਤਰ੍ਹਾਂ ਰਕਮ ਗਿਣਨਾ ਚੋਰ-ਡਾਕੂਆਂ ਨੂੰ ਤਾਂ ਸੱਦਾ ਦੇਣਾ ਹੀ ਹੈ।'' ਕਹਿ ਕੇ ਉਹ ਰਾਜੇ ਵੱਲ ਸ਼ੱਕ ਵਾਲੀ ਨਿਗਾਹ ਨਾਲ ਦੇਖਣ ਲੱਗਾ, ਜਿਹੜਾ ਕੋਲ ਹੀ ਭੇਸ ਬਦਲ ਕੇ ਰੁੱਖ ਹੇਠਾਂ ਆਰਾਮ ਕਰ ਰਿਹਾ ਸੀ। ਸੈਨਾਪਤੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਅੱਗੇ ਕਿਹਾ, ''ਸ਼੍ਰੀਮਾਨ, ਰਾਜ 'ਚ ਨਿੱਤ ਨਵੇਂ ਚਿਹਰਿਆਂ ਦਾ ਆਉਣਾ-ਜਾਣਾ ਜਾਰੀ ਰਹਿੰਦਾ ਹੈ। ਹੁਣ ਕਿਸੇ ਦੇ ਚਿਹਰੇ 'ਤੇ ਤਾਂ ਇਹ ਲਿਖਿਆ ਨਹੀਂ ਹੁੰਦਾ ਕਿ ਆਉਣ ਵਾਲਾ ਵਿਅਕਤੀ ਚੋਰ ਹੈ ਜਾਂ ਸਾਧੂ।''
ਰਾਜਾ ਭਦਰਸੇਨ ਨੂੰ ਵੀ ਸੈਨਾਪਤੀ ਦੇ ਸ਼ਬਦ ਸਹੀ ਨਹੀਂ ਲੱਗੇ। ਫਿਰ ਵੀ ਉਹ ਦੁਕਾਨ ਦੇ ਨੇੜੇ ਆ ਕੇ ਵਪਾਰੀ ਨੂੰ ਕਹਿਣ ਲੱਗਾ, ''ਸ਼੍ਰੀਮਾਨ, ਇਹ ਬਹਾਦਰ ਇਨਸਾਨ ਸੱਚ ਕਹਿ ਰਿਹਾ ਹੈ। ਅੱਜਕਲ ਕਿਸ ਦਾ ਭਰੋਸਾ, ਕਦੋਂ ਕਿਸਦੀ ਨੀਅਤ ਵਿਗੜ ਜਾਏ।''
ਵਪਾਰੀ ਤਾਂ ਪਹਿਲਾਂ ਤੋਂ ਹੀ ਸੈਨਾਪਤੀ ਤੋਂ ਪ੍ਰੇਸ਼ਾਨ ਸੀ। ਉਸ 'ਤੇ ਕਿਸੇ ਹੋਰ ਨਵੇਂ ਬੰਦੇ ਵਲੋਂ ਦਖਲਅੰਦਾਜ਼ੀ ਤੋਂ ਵਪਾਰੀ ਜ਼ਰਾ ਖਿਝ ਗਿਆ ਪਰ ਤੁਰੰਤ ਸੰਜਮ ਰੱਖਦਿਆਂ ਕਹਿਣ ਲੱਗਾ, ''ਜਨਾਬ, ਮੈਂ ਇਹ ਤਿਜੌਰੀ ਕਿਸੇ ਚੋਰ ਜਾਂ ਡਾਕੂਆਂ ਨੂੰ ਸੱਦਾ ਦੇਣ ਲਈ ਨਹੀਂ ਖੋਲ੍ਹੀ ਸੀ। ਮੇਰੇ ਸਵਰਗੀ ਪਿਤਾ ਕਹਿੰਦੇ ਸਨ ਕਿ ''ਬੇਟਾ ਮੋਹਰਾਂ ਨਾਲ ਹੀ ਮੋਹਰਾਂ ਨੂੰ ਖਿੱਚਿਆ ਜਾ ਸਕਦਾ ਹੈ।''
ਵਪਾਰੀ ਦਾ ਜਵਾਬ ਸੁਣ ਕੇ ਰਾਜਾ ਤੇ ਸੈਨਾਪਤੀ ਦੋਵੇਂ ਹੈਰਾਨ ਰਹਿ ਗਏ। ਸੈਨਾਪਤੀ ਕੁਝ ਉੱਚੀ ਆਵਾਜ਼ 'ਚ ਵਪਾਰੀ ਨੂੰ ਕਹਿਣ ਲੱਗਾ, ''ਕੀ ਬੇਵਕੂਫੀ ਵਾਲੀਆਂ ਗੱਲਾਂ ਕਰਦੇ ਹੋ। ਕਦੇ ਮੋਹਰਾਂ ਵੀ ਮੋਹਰਾਂ ਨੂੰ ਖਿੱਚਦੀਆਂ ਹਨ?''
ਸੈਨਾਪਤੀ ਵਲੋਂ ਉੱਚੀ ਆਵਾਜ਼ 'ਚ ਬੋਲਣ ਨਾਲ ਆਉਂਦੇ-ਜਾਂਦੇ ਰਾਹਗੀਰ ਖੜ੍ਹੇ ਹੋ ਗਏ, ਜਿਸ ਨਾਲ ਭੀੜ ਲੱਗ ਗਈ ਤੇ ਲੋਕ ਆਪਸ 'ਚ ਘੁਸਰ-ਮੁਸਰ ਕਰਨ ਲੱਗੇ।
''ਮੈਂ ਸੱਚ ਕਹਿ ਰਿਹਾ ਹਾਂ ਸ਼੍ਰੀਮਾਨ।'' ਵਪਾਰੀ ਪੂਰੇ ਆਤਮ-ਵਿਸ਼ਵਾਸ ਨਾਲ ਕਹਿਣ ਲੱਗਾ, ''ਜੇਕਰ ਤੁਸੀਂ ਚਾਹੋ ਤਾਂ ਮੈਂ ਸਾਬਤ ਕਰ ਸਕਦਾ ਹਾਂ ਕਿ ਮੋਹਰਾਂ ਹੀ ਮੋਹਰਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ।''
ਸੈਨਾਪਤੀ ਨੇ ਕਿਹਾ, ''ਕੀ ਤੁਸੀਂ ਇਸ ਨੂੰ ਸਾਬਤ ਕਰ ਸਕਦੇ ਹੋ?''
ਵਪਾਰੀ ਨੇ ਕਿਹਾ, ''ਹਾਂ, ਪਰ ਇਕ ਸ਼ਰਤ ਹੈ।'' ਵਪਾਰੀ ਨੇ ਕਿਹਾ, ''ਜੇਕਰ ਮੈਂ ਆਪਣਾ ਕਿਹਾ ਸੱਚ ਸਾਬਤ ਕਰ ਦੇਵਾਂ ਤਾਂ ਤੁਹਾਡੇ ਕੋਲ ਜਿੰਨਾ ਧਨ ਹੈ ਉਹ ਮੇਰਾ ਹੋ ਜਾਏਗਾ। ਜੇਕਰ ਮੈਂ ਆਪਣਾ ਕਿਹਾ ਸੱਚ ਕਰਨ 'ਚ ਅਸਮਰੱਥ ਰਿਹਾ ਤਾਂ ਮੇਰੀ ਸਾਰੀ ਰਕਮ ਤੁਹਾਡੀ ਹੋ ਜਾਏਗੀ।''
ਸੈਨਾਪਤੀ ਵੀ ਜੋਸ਼ 'ਚ ਆ ਗਿਆ। ਉਸ ਨੇ ਵਪਾਰੀ ਨੂੰ ਕਿਹਾ, ''ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ।'' ਇਹ ਕਹਿ ਕੇ ਉਸ ਨੇ ਆਪਣੇ ਲੱਕ ਨਾਲ ਲਟਕੀ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਕੱਢ ਲਈ ਤੇ ਘੋੜੇ ਤੋਂ ਉਤਰ ਕੇ ਉਹ ਦੁਕਾਨ ਸਾਹਮਣੇ ਖੜ੍ਹਾ ਹੋ ਗਿਆ। ਵਪਾਰੀ ਨੇ ਵੀ ਤਿਜੌਰੀ 'ਚੋਂ ਸਾਰੀਆਂ ਸੋਨੇ ਦੀਆਂ ਮੋਹਰਾਂ ਕੱਢ ਕੇ ਆਪਣੇ ਸਾਹਮਣੇ ਢੇਰ ਲਗਾ ਦਿੱਤਾ।
ਸੈਨਾਪਤੀ ਨੇ ਥੈਲੀ 'ਚੋਂ ਇਕ ਸੋਨੇ ਦੀ ਮੋਹਰ ਕੱਢ ਕੇ ਢੇਰ ਲੱਗੀਆਂ ਮੋਹਰਾਂ ਵੱਲ ਦਿਖਾਈ ਪਰ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਨਾ ਹੁੰਦੀ ਦੇਖ ਸੈਨਾਪਤੀ ਨੇ ਵਪਾਰੀ ਨੂੰ ਕਿਹਾ, ''ਤੁਸੀਂ ਤਾਂ ਕਹਿ ਰਹੇ ਸੀ ਕਿ ਮੋਹਰਾਂ ਹੀ ਮੋਹਰਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ ਪਰ ਇਥੇ ਤਾਂ ਕੁਝ ਵੀ ਪ੍ਰਤੀਕਿਰਿਆ ਨਹੀਂ ਹੋ ਰਹੀ ਹੈ।''
ਵਪਾਰੀ ਨਿਮਰਤਾ ਨਾਲ ਸੈਨਾਪਤੀ ਵੱਲ ਦੇਖ ਕੇ ਜ਼ਰਾ ਮੁਸਕਰਾਇਆ ਤੇ ਕਹਿਣ ਲੱਗਾ, ''ਤੁਸੀਂ ਦੁਬਾਰਾ ਕੋਸ਼ਿਸ਼ ਕਰੋ।''
ਇਸ 'ਤੇ ਸੈਨਾਪਤੀ ਖਿਝ ਗਿਆ ਤੇ ਆਪਣਾ ਸਿੱਕਾ ਮੁੜ ਢੇਰ ਲੱਗੀਆਂ ਮੋਹਰਾਂ ਦੀ ਦਿਸ਼ਾ ਵੱਲ ਕਰ ਦਿੱਤਾ ਪਰ ਫਿਰ ਵੀ ਮੋਹਰਾਂ 'ਚ ਪ੍ਰਤੀਕਿਰਿਆ ਨਹੀਂ ਹੋਈ। ਉਦੋਂ ਸੈਨਾਪਤੀ ਲੋਕਾਂ ਦੀ ਭੀੜ ਵੱਲ ਮੂੰਹ ਕਰਕੇ ਬੋਲਿਆ, ''ਦੇਖ ਲਿਆ ਤੁਸੀਂ ਸਾਰਿਆਂ ਨੇ ਵਪਾਰੀ ਦਾ ਕਿਹਾ ਸਿਰਫ ਕਲਪਨਾ ਹੀ ਹੈ, ਇਸ ਲਈ ਇਨ੍ਹਾਂ ਦੀ ਸਾਰੀ ਰਕਮ ਦਾ ਹੁਣ ਮੈਂ ਅਧਿਕਾਰੀ ਹਾਂ। ਕੀ ਤੁਸੀਂ ਸਾਰੇ ਮੇਰੀ ਗੱਲ ਨਾਲ ਸਹਿਮਤ ਹੋ।'' ਇਸ 'ਤੇ ਸਾਰਿਆਂ ਨੇ ਸਹਿਮਤੀ ਦੀ ਆਵਾਜ਼ 'ਚ ਸੈਨਾਪਤੀ ਦਾ ਸਾਥ ਦਿੱਤਾ।
ਇਸ 'ਤੇ ਵਪਾਰੀ ਨੇ ਹਾਜ਼ਰ ਲੋਕਾਂ ਦੀ ਭੀੜ ਨੂੰ ਕਿਹਾ, ''ਇਥੇ ਹਾਜ਼ਰ ਸੱਜਣੋ, ਸੈਨਾਪਤੀ ਜੀ ਵਲੋਂ ਇੰਨੀ ਦੂਰ ਖੜ੍ਹੇ ਰਹਿ ਕੇ ਸਿੱਕਾ ਦਿਖਾਉਣ ਨਾਲ ਕੀ ਕਦੇ ਖਿੱਚ ਪੈਦਾ ਹੋ ਸਕਦੀ ਹੈ?'' ਭੀੜ 'ਚੋਂ ਆਵਾਜ਼ ਆਈ, ''ਬਿਲਕੁਲ ਨਹੀਂ।''
''ਤਾਂ ਫਿਰ ਨਿਆਂ ਕਰੋ ਸੈਨਾਪਤੀ ਜੀ ਦੀ ਜਿੱਤ ਕਿਵੇਂ ਹੋਈ?''
ਵਪਾਰੀ ਵਲੋਂ ਆਪਣਾ ਪੱਖ ਰੱਖੇ ਜਾਣ 'ਤੇ ਸੈਨਾਪਤੀ ਆਪਣੇ ਆਪੇ ਤੋਂ ਬਾਹਰ ਹੋ ਗਿਆ ਤੇ ਆਪਣੀ ਮਿਆਨ ਤੋਂ ਤਲਵਾਰ ਕੱਢ ਕੇ ਉਹ ਵਪਾਰੀ ਵੱਲ ਵਧਿਆ। ਇਸ ਤੋਂ ਪਹਿਲਾਂ ਕਿ ਸੈਨਾਪਤੀ ਵਪਾਰੀ ਨੂੰ ਕੁਝ ਨੁਕਸਾਨ ਪਹੁੰਚਾਉਂਦਾ ਭੇਸ ਬਦਲੇ ਰਾਜੇ ਨੇ ਆ ਕੇ ਸੈਨਾਪਤੀ ਦਾ ਰਸਤਾ ਰੋਕ ਲਿਆ। ਸੈਨਾਪਤੀ ਗੁੱਸੇ 'ਚ ਹੀ ਅਜਨਬੀ ਵਿਅਕਤੀ ਨੂੰ ਕਹਿਣ ਲੱਗਾ, ''ਤੂੰ ਕੌਣ ਹੁੰਦਾ ਏਂ ਸਾਡੇ ਵਿਚ ਦਖਲਅੰਦਾਜ਼ੀ ਕਰਨ ਵਾਲਾ?'' ਉਦੋਂ ਭੇਸ ਬਦਲੇ ਰਾਜੇ ਨੇ ਆਪਣੀ ਅਸਲ ਪਛਾਣ ਦੱਸੀ।
''ਸੈਨਾਪਤੀ ਮੈਂ ਇਥੋਂ ਦਾ ਰਾਜਾ ਭਦਰਸੇਨ ਹਾਂ।'' ਰਾਜੇ ਨੂੰ ਆਪਣੇ ਸਾਹਮਣੇ ਦੇਖ ਕੇ ਇਕ ਵਾਰ ਤਾਂ ਸੈਨਾਪਤੀ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਪਰ ਤੁਰੰਤ ਸੰਜਮ ਰੱਖਦੇ ਹੋਏ ਆਪਣੀ ਤਲਵਾਰ ਵਾਪਸ ਮਿਆਨ 'ਚ ਰੱਖਦਿਆਂ ਸਾਰੀ ਘਟਨਾ ਬਾਰੇ ਰਾਜੇ ਨੂੰ ਦੱਸਿਆ। ਜਵਾਬ 'ਚ ਰਾਜੇ ਨੇ ਸੈਨਾਪਤੀ ਨੂੰ ਕਿਹਾ, ''ਮੈਨੂੰ ਸਾਰੀ ਘਟਨਾ ਪਤਾ ਹੈ ਅਤੇ ਵਪਾਰੀ ਦਾ ਕਿਹਾ ਵੀ ਸੱਚ ਹੈ ਕਿ ਇੰਨੀ ਦੂਰ ਖੜ੍ਹੇ ਰਹਿ ਕੇ ਕਿਸੇ ਵੀ ਚੀਜ਼ ਦੇ ਆਕਰਸ਼ਣ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਤੁਸੀਂ ਕੁਝ ਅਜਿਹਾ ਕਰੋ ਜਿਸ ਨਾਲ ਸਾਨੂੰ ਜਾਂ ਹੋਰ ਕਿਸੇ ਨੂੰ ਦਖਲਅੰਦਾਜ਼ੀ ਕਰਨ ਦੀ ਲੋੜ ਨਾ ਪਵੇ।''
''ਤਾਂ ਠੀਕ ਹੈ।'' ਸੈਨਾਪਤੀ ਕਹਿਣ ਲੱਗਾ, ''ਮੈਂ ਆਪਣੇ ਸਾਰੇ ਸਿੱਕੇ ਇਸ ਵਪਾਰੀ ਦੇ ਸਿੱਕਿਆਂ ਸਾਹਮਣੇ ਰੱਖਦਾ ਹਾਂ। ਇਸ 'ਤੇ ਵੀ ਜੇਕਰ ਸਿੱਕਿਆਂ 'ਚ ਆਕਰਸ਼ਣ ਪੈਦਾ ਨਾ ਹੋਇਆ ਤਾਂ ਵਪਾਰੀ ਦੀ ਸਾਰੀ ਰਕਮ ਦਾ ਹੱਕਦਾਰ ਮੈਂ ਹੋਵਾਂਗਾ ਅਤੇ ਨਾਲ ਹੀ ਵਪਾਰੀ ਨੂੰ ਇਸ ਦੀ ਸਜ਼ਾ ਵੀ ਮਿਲਣੀ ਚਾਹੀਦੀ ਹੈ।'' ਇਹ ਕਹਿ ਕੇ ਸੈਨਾਪਤੀ ਇਕ-ਇਕ ਕਰਕੇ ਸਾਰੀਆਂ ਸੋਨੇ ਦੀਆਂ ਮੋਹਰਾਂ ਵਪਾਰੀ ਦੀਆਂ ਸੋਨੇ ਦੀਆਂ ਮੋਹਰਾਂ ਦੇ ਢੇਰ 'ਚ ਸੁੱਟਦਾ ਗਿਆ। ਜਦੋਂ ਉਹ ਸਾਰੇ ਸਿੱਕੇ ਸੁੱਟ ਚੁੱਕਾ ਸੀ ਅਤੇ ਢੇਰ 'ਚ ਹੁਣ ਵੀ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਨਾ ਹੁੰਦਿਆਂ ਦੇਖ ਉਹ ਰਾਜੇ ਵੱਲ ਸਵਾਲੀਆ ਨਜ਼ਰ ਨਾਲ ਦੇਖਣ ਲੱਗਾ। ਰਾਜੇ ਨੇ ਵਪਾਰੀ ਵੱਲ ਦੇਖਦਿਆਂ ਕਿਹਾ, ''ਸ਼੍ਰੀਮਾਨ ਜੀ ਤੁਸੀਂ ਆਪਣਾ ਕਿਹਾ ਸੱਚ ਸਾਬਤ ਕਰੋ।''
ਉਦੋਂ ਵਪਾਰੀ ਨੇ ਹੱਥ ਜੋੜ ਕੇ ਨਿਮਰਤਾ ਨਾਲ ਰਾਜੇ ਨੂੰ ਕਿਹਾ, ''ਮਹਾਰਾਜ, ਹੁਣ ਸੱਚ ਸਾਬਤ ਕਰਨ 'ਚ ਕੀ ਬਚਿਆ ਹੈ। ਮੈਂ ਆਪਣਾ ਕਿਹਾ ਸੱਚ ਕਰ ਦਿਖਾਇਆ।''
ਇਸ 'ਤੇ ਰਾਜਾ ਭਦਰਸੇਨ ਨੇ ਕਿਹਾ, ''ਕਿਵੇਂ?''
ਵਪਾਰੀ ਨੇ ਕਿਹਾ, ''ਸੈਨਾਪਤੀ ਜੀ ਤੋਂ ਪੁੱਛੋ ਇਨ੍ਹਾਂ ਕੋਲ ਕਿੰਨੀਆਂ ਸੋਨੇ ਦੀਆਂ ਮੋਹਰਾਂ ਸਨ?''
ਸੈਨਾਪਤੀ ਨੇ ਝੱਟ ਕਿਹਾ, ''ਦੋ ਸੌ ਸੋਨੇ ਦੀਆਂ ਮੋਹਰਾਂ।''
ਅਤੇ ਹੁਣ ਦੇਖੋ ਮੇਰੇ ਕੋਲ ਪੰਜ ਹਜ਼ਾਰ ਸੋਨੇ ਦੀਆਂ ਮੋਹਰਾਂ ਦਾ ਢੇਰ ਹੈ। ਹੁਣ ਤੁਸੀਂ ਹੀ ਦੱਸੋ ਕਿ ਛੋਟੀ ਰਕਮ 'ਚ ਆਕਰਸ਼ਣ ਜ਼ਿਆਦਾ ਹੋਵੇਗਾ ਜਾਂ ਵੱਡੀ ਰਕਮ 'ਚ।''
ਰਾਜੇ ਨੇ ਕਿਹਾ, ''ਸੁਭਾਵਿਕ ਹੈ ਵੱਡੀ ਰਕਮ 'ਚ ਹੀ ਆਕਰਸ਼ਣ ਜ਼ਿਆਦਾ ਹੋਵੇਗਾ'' ਵਪਾਰੀ ਨੇ ਕਿਹਾ, ''ਤਾਂ ਇਸ ਹਿਸਾਬ ਨਾਲ ਮੇਰੀ ਰਕਮ ਵੱਡੀ ਹੈ। ਇਹੀ ਕਾਰਨ ਹੈ ਕਿ ਸੈਨਾਪਤੀ ਦੀ ਆਪਣੀ ਇਕ-ਇਕ ਸੋਨੇ ਦੀ ਮੋਹਰ ਮੇਰੀ ਉਸ ਵੱਡੀ ਰਕਮ 'ਚ ਆ ਮਿਲੀ ਹੈ। ਇਸ ਤਰ੍ਹਾਂ ਮੇਰੀ ਵੱਡੀ ਰਕਮ ਨੇ ਇਨ੍ਹਾਂ ਦੀ ਛੋਟੀ ਰਕਮ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ ਅਤੇ ਮੈਂ ਆਪਣਾ ਕਿਹਾ ਵੀ ਸੱਚ ਕਰ ਦਿਖਾਇਆ ਕਿ ਮੋਹਰਾਂ ਹੀ ਮੋਹਰਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ।'' ਰਾਜੇ ਨੇ ਵਪਾਰੀ ਦੀ ਚਲਾਕੀ ਤੋਂ ਖੁਸ਼ ਹੋ ਕੇ ਉਸ ਨੂੰ ਸ਼ਾਬਾਸ਼ੀ ਦਿੱਤੀ ਅਤੇ ਸੈਨਾਪਤੀ ਦੀ ਸਾਰੀ ਰਕਮ ਵਪਾਰੀ ਨੂੰ ਲਿਜਾਣ ਦੀ ਇਜਾਜ਼ਤ ਦੇ ਦਿੱਤੀ।
 
Top