ਚਲਾਕ ਉਹ ਜੋ ਚਲਾਕੀ ਤਾੜ ਲਵੇ

Mandeep Kaur Guraya

MAIN JATTI PUNJAB DI ..
ਇਕ ਵਾਰ ਇਕ ਸ਼ੇਰ ਦੀ ਨਜ਼ਰ ਸਾਨ੍ਹ ’ਤੇ ਪਈ। ਬੱਸ, ਉਹਦੇ ਮੂੰਹ ਵਿਚ ਪਾਣੀ ਭਰ ਆਇਆ। ਉਹ ਸੋਚਣ ਲੱਗਿਆ, ‘‘ਕਿਵੇਂ ਨਾ ਕਿਵੇਂ ਇਸ ਸਾਨ੍ਹ ਨੂੰ ਮਾਰ ਕੇ ਖਾਣਾ ਚਾਹੀਦਾ ਹੈ। ਪਰ ਇਹ ਬੜਾ ਮੋਟਾ ਅਤੇ ਤਕੜਾ ਹੈ। ਇਹਨੂੰ ਮਾਰਨਾ ਏਨਾ ਸੌਖਾ ਨਹੀਂ ਹੈ। ਜੇ ਮੈਂ ਇਸ ’ਤੇ ਹਮਲਾ ਕੀਤਾ ਅਤੇ ਇਹ ਮੇਰੇ ਨਾਲ ਸੰਘਰਸ਼ ਕਰਨ ਲੱਗ ਪਿਆ, ਮੇਰੇ ਉੱਤੇ ਆਪਣੇ ਲੰਮੇ ਅਤੇ ਤਿੱਖੇ ਸਿੰਗ ਖੁਭੋ ਦਿੱਤੇ ਤਾਂ ਕਿਤੇ ਮੈਨੂੰ ਹੀ ਲੈਣੇ ਦੇ ਦੇਣੇ ਨਾ ਪੈ ਜਾਣ। ਤਾਂ ਫਿਰ ਕੀ ਕਰਨਾ ਚਾਹੀਦਾ ਹੈ?’’
ਆਖਰ ਸੋਚ ਵਿਚਾਰ ਕੇ ਸ਼ੇਰ ਨੂੰ ਇਕ ਸਕੀਮ ਸੁੱਝੀ। ਉਹ ਸਾਨ੍ਹ ਕੋਲ ਗਿਆ ਅਤੇ ਮੁਸਕਰਾ ਕੇ ਬੋਲਿਆ, ‘‘ਸਾਨ੍ਹ ਭਰਾਵਾ, ਅੱਜ ਮੈਂ ਜੰਗਲ ਦੇ ਕੁਝ ਜਾਨਵਰਾਂ ਨੂੰ ਸੱਦਾ ਦਿੱਤਾ ਹੈ। ਤੂੰ ਵੀ ਪਹੁੰਚਣ ਦੀ ਕ੍ਰਿਪਾਲਤਾ ਕਰੀਂ ਇਹੋ ਕੋਈ ਦੋ ਕੁਝ ਘੰਟੇ ਪਿੱਛੋਂ। ਮੈਂ ਕਈ ਤਰ੍ਹਾਂ ਦੇ ਭੋਜਨ ਤਿਆਰ ਕਰਵਾਏ ਹਨ। ਉਨ੍ਹਾਂ ਵਿਚ ਕੁਝ ਪਕਵਾਨ ਤਾਂ ਅਜਿਹੇ ਵੀ ਹਨ ਜਿਹੜੇ ਤੂੰ ਕਦੇ ਨਹੀਂ ਖਾਧੇ ਹੋਣਗੇ। ਇਸ ਲਈ ਤੂੰ ਜ਼ਰੂਰ ਪਹੁੰਚੀਂ, ਵੇਖੀਂ, ਭੁੱਲ ਨਾ ਜਾਈਂ।’’
ਸ਼ੇਰ ਦੀ ਦਾਅਵਤ ਦਾ ਸੱਦਾ ਸੁਣ ਕੇ ਸਾਨ੍ਹ ਸਮੇਂ ਸਿਰ ਸ਼ੇਰ ਦੇ ਨਿਵਾਸ ’ਤੇ ਪਹੁੰਚਿਆ ਤਾਂ ਉੱਥੇ ਉਹਨੇ ਦੇਖਿਆ ਕਿ ਸਾਹਮਣੇ ਬਹੁਤ ਸਾਰੇ ਥਾਲ ਪਏ ਹਨ, ਜਿਨ੍ਹਾਂ ’ਚੋਂ ਕੁਝ ਖਾਲੀ ਹਨ ਅਤੇ ਕੁਝ ਵਿਚ ਘਾਹ, ਪੱਤੇ, ਦਾਣੇ ਆਦਿ ਪਾਏ ਹੋਏ ਹਨ। ਸਾਨ੍ਹ ਉੱਤੇ ਨਜ਼ਰ ਪੈਂਦਿਆਂ ਹੀ ਸ਼ੇਰ ਮਨ ਹੀ ਮਨ ਬਹੁਤ ਖੁਸ਼ ਹੋਇਆ ਕਿ ਸ਼ਿਕਾਰ ਆਪਣੇ ਆਪ ਮੇਰੇ ਕੋਲ ਆ ਗਿਆ ਹੈ। ਉਹਨੇ ਬਨਾਵਟੀ ਮੁਸਕਰਾਹਟ ਨਾਲ ਸਾਨ੍ਹ ਨੂੰ ਕਿਹਾ, ‘‘ਆਓ, ਆਓ, ਬੈਠੋ! ਸਾਨ੍ਹ ਜੀ! ਭੋਜਨ ਤਿਆਰ ਹੈ। ਤੁਸੀਂ ਖਾਣਾ ਸ਼ੁਰੂ ਕਰੋ। ਮੈਂ ਹੁਣੇ ਇਨ੍ਹਾਂ ਖਾਲੀ ਥਾਲਾਂ ਵਿਚ ਨਵੇਂ-ਨਵੇਂ ਪਕਵਾਨ ਪਰੋਸਦਾ ਹਾਂ। ਦੂਜੇ ਮਹਿਮਾਨਾਂ ਦੀ ਫਿਕਰ ਨਾ ਕਰੋ, ਉਹ ਆਉਂਦੇ ਰਹਿਣਗੇ। ਤੁਸੀਂ ਖੜ੍ਹੇ-ਖੜ੍ਹੇ ਕੀ ਸੋਚ ਰਹੇ ਹੋ? ਬੈਠੋ ਨਾ ਅਤੇ ਖਾਣਾ ਸ਼ੁਰੂ ਕਰੋ।’’
ਸ਼ੇਰ ਸੋਚ ਰਿਹਾ ਸੀ ਕਿ ਸਾਨ੍ਹ ਜਿਉਂ ਹੀ ਭੋਜਨ ਖਾਣ ਲਈ ਸਿਰ ਝੁਕਾਵੇਗਾ ਤਾਂ ਉਹ ਉਹਦੀ ਧੌਣ ’ਤੇ ਝੁਪੱਟਾ ਮਾਰੇਗਾ। ਪਰ ਸਾਨ੍ਹ ਭੋਜਨ ਦੇ ਥਾਲ ਵੇਖਦਿਆਂ ਹੀ ਪਿਛਲੇ ਪੈਰੀਂ ਮੁੜ ਚੱਲਿਆ। ਸ਼ੇਰ ਘਬਰਾ ਕੇ ਬੋਲਿਆ, ‘‘ਓ ਬਈ, ਇਹ ਤੁਸੀਂ ਕਿਉਂ ਮੁੜ ਚੱਲੇ? ਮੈਂ ਤੁਹਾਡੇ ਲਈ ਹੀ ਤਾਂ ਏਨੀ ਤਿਆਰੀ ਕੀਤੀ ਹੈ ਅਤੇ ਤੁਸੀਂ ਦੌੜ ਰਹੇ ਹੋ? ਕਿਰਪਾ ਕਰਕੇ ਬੈਠੋ ਤਾਂ ਸਹੀ, ਮੈਂ ਹੁਣੇ ਥੋੜ੍ਹੀ ਦੇਰ ਨੂੰ ਇਨ੍ਹਾਂ ਖਾਲੀ ਥਾਲਾਂ ਵਿਚ ਨਵੇਂ-ਨਵੇਂ ਪਦਾਰਥ ਪਰੋਸ ਦਿੰਦਾ ਹਾਂ।’’
ਸਾਨ੍ਹ ਨੇ ਜਾਂਦਿਆਂ-ਜਾਂਦਿਆਂ ਉੱਤਰ ਦਿੱਤਾ, ‘‘ਖਿਮਾ ਕਰਨਾ ਮੈਂ ਸਮਝ ਗਿਆ ਕਿ ਤੁਸੀਂ ਇਹ ਤਿਆਰੀ ਕਿਸ ਲਈ ਕੀਤੀ ਹੈ, ਮੈਂ ਇਹ ਵੀ ਜਾਣ ਗਿਆ ਕਿ ਤੁਸੀਂ ਇਨ੍ਹਾਂ ਖਾਲੀ ਥਾਲਾਂ ਵਿਚ ਕੀ ਕੁਝ ਪਰੋਸਣ ਵਾਲੇ ਹੋ। ਤੁਸੀਂ ਮੇਰੇ ਸਰੀਰ ਦੇ ਟੁਕੜੇ ਕਰਕੇ ਇਨ੍ਹਾਂ ਥਾਲਾਂ ਵਿਚ ਪਰੋਸੋਗੇ, ਆਪਣੇ ਖਾਣ ਲਈ! ਕਿਉਂ ਹੈ ਨਾ ਇਹੋ ਗੱਲ! ਤਾਂ ਤੇ ਇਥੋਂ ਭੱਜਣ ਵਿਚ ਹੀ ਮੇਰੀ ਭਲਾਈ ਹੈ। ਚਲਾਕ ਦੀ ਚਲਾਕੀ ਤਾੜ ਲਵਾਂ- ਅਜੇ ਇੰਨੀ ਕੁ ਅਕਲ ਮੇਰੇ ਵਿਚ ਬਚੀ ਹੈ।’’

-ਨਵਸੰਗੀਤ ਸਿੰਘ
 
Top