ਘਰ ਦਾ ਭੇਤੀ ਲੰਕਾ ਢਾਹੇ

Mandeep Kaur Guraya

MAIN JATTI PUNJAB DI ..
ਹਿਟਲਰ ਨੇ ਸੰਨ 1930 ਵਿਚ ਜਰਮਨੀ ਦੀ ਅਗਵਾਈ ਕੀਤੀ ਸੀ। ਉਹ ਜਰਮਨੀ ਨੂੰ ਦੁਨੀਆਂ ਦੀ ਸਭ ਨਾਲੋਂ ਵੱਡੀ ਤਾਕਤ ਬਣਾਉਣਾ ਚਾਹੁੰਦਾ ਸੀ। ਦੂਸਰੇ ਦੇਸ਼ਾਂ ਨੇ ਹਿਟਲਰ ਦੇ ਇਸ ਵਿਚਾਰ ਦਾ ਸਖ਼ਤ ਵਿਰੋਧ ਕੀਤਾ, ਪ੍ਰੰਤੂ ਉਨ੍ਹਾਂ ਵਿਚ ਜਰਮਨੀ ਦੀ ਫੌਜ ਦਾ ਸਾਹਮਣਾ ਕਰਨ ਦਾ ਹੌਸਲਾ ਨਹੀਂ ਸੀ। ਕਈ ਯੂਰਪੀ ਦੇਸ਼ ਜਿਵੇਂ ਪੋਲੈਂਡ, ਚੈਕੋਸਲਵਾਕੀਆ, ਫਰਾਂਸ ਆਦਿ ਜਰਮਨੀ ਦੇ ਹੱਥੋਂ ਬੜੀ ਆਸਾਨੀ ਨਾਲ ਹਾਰ ਗਏ ਸਨ।
ਇਸ ਤਰ੍ਹਾਂ ਦੂਸਰੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋਈ ਅਤੇ ਕਈ ਰਾਸ਼ਟਰ ਯੁੱਧ ਦੇ ਕਲਾਵੇ ਵਿਚ ਆ ਗਏ। ਸਾਰੀ ਦੁਨੀਆਂ ਦੋ ਗੁੱਟਾਂ ਵਿਚ ਬਦਲ ਚੁੱਕੀ ਸੀ। ਇਕ ਗੁੱਟ ਦੀ ਅਗਵਾਈ ਹਿਟਲਰ ਅਤੇ ਸਾਥੀ ਦੇਸ਼ਾਂ ਦੇ ਹੱਥਾਂ ਵਿਚ ਸੀ। ਇਸ ਗੁੱਟ ਦੇ ਵਿਰੋਧ ਵਿਚ ਇਕ ਦੂਸਰੇ ਗੁੱਟ ਦੀ ਅਗਵਾਈ ਮਿੱਤਰ ਦੇਸ਼ਾਂ, ਅਮਰੀਕਾ ਅਤੇ ਬ੍ਰਿਟੇਨ ਦੇ ਹੱਥਾਂ ਵਿਚ ਸੀ।
ਨਾਰਵੇ ਨੂੰ ਜਰਮਨੀ ਵੱਲੋਂ ਧਮਕੀ ਮਿਲੀ ਸੀ। ਉਥੋਂ ਦੀ ਜਨਤਾ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਜਰਮਨੀ ਨੇ ਸੋਚਿਆ ਕਿ ਕਿਉਂ ਨਾ ਨਾਰਵੇ ’ਚੋਂ ਅੰਦਰੂਨੀ ਸਮਰਥਨ ਹਾਸਲ ਕੀਤਾ ਜਾਵੇ। ਜਰਮਨੀ ਦੇ ਪ੍ਰਤੀਨਿਧੀਆਂ ਨੇ ਇਸ ਵਿਸ਼ੇ ਵਿਚ ਬੜੀ ਗੂੜੀ ਪੁੱਛ-ਗਿੱਛ ਅਤੇ ਖੋਜਬੀਨ ਸ਼ੁਰੂ ਕੀਤੀ। ਆਖਰ ਉਨ੍ਹਾਂ ਨੂੰ ਉਹ ਆਦਮੀ ਮਿਲ ਹੀ ਗਿਆ, ਜਿਸ ਦੀ ਉਨ੍ਹਾਂ ਨੂੰ ਇਸ ਕੰਮ ਲਈ ਭਾਲ ਸੀ।
ਉਸ ਦਾ ਨਾਂ ਸੀ ਵਿਡਕਿਸ ਕਵੀਸਿਲੰਗ, ਜੋ ਨਾਰਵੇ ਦਾ ਇਕ ਸਿਰਕੱਢ ਨੇਤਾ ਸੀ। ਇਕ ਜਰਮਨ ਪ੍ਰਤੀਨਿਧੀ ਨੇ ਕਵੀਸਿਲੰਗ ਨਾਲ ਕਿਸੇ ਗੁਪਤ ਥਾਂ ’ਤੇ ਮੁਲਾਕਾਤ ਕੀਤੀ। ਦੋਹਾਂ ਨੇ ਯੁੱਧ ਦੀ ਰਣਨੀਤੀ ’ਤੇ ਗੱਲਬਾਤ ਕੀਤੀ। ਜਰਮਨ ਪ੍ਰਤੀਨਿਧੀ ਨੇ ਉਸ ਨੂੰ ਕਿਹਾ, ‘‘ ਜਰਮਨੀ ਦੇ ਸਾਹਮਣੇ ਦੁਨੀਆਂ ਦੀ ਕੋਈ ਵੀ ਤਾਕਤ ਖੜ੍ਹ ਨਹੀਂ ਸਕਦੀ। ਕੀ ਤੂੰ ਨਹੀਂ ਦੇਖਿਆ ਕਿ ਕਿਸ ਤਰ੍ਹਾਂ ਨਾਲ ਜਰਮਨੀ ਨੇ ਯੂਰਪ ਦੇ ਕਈਆਂ ਦੇਸ਼ਾਂ ’ਤੇ ਆਪਣਾ ਕਬਜ਼ਾ ਸਥਾਪਿਤ ਕਰ ਲਿਆ ਹੈ? ਨਾਰਵੇ ਨੇ ਵੀ ਜੇਕਰ ਸਾਡੇ ਵਿਰੁੱਧ ਜੰਗ ਛੇੜੀ ਤਾਂ ਇਸ ਦਾ ਵੀ ਉਹ ਹਸ਼ਰ ਹੋਵੇਗਾ ਜੋ ਦੂਸਰੇ ਦੇਸ਼ਾਂ ਦਾ ਹੋਇਆ ਹੈ। ਮੇਰੀ ਗੱਲ ਮੰਨੋ ਅਤੇ ਜਰਮਨੀ ਦਾ ਇਸ ਯੁੱਧ ਵਿਚ ਸਾਥ ਦਿਓ।
ਜਰਮਨ ਅਧਿਕਾਰੀ ਦੀ ਗੱਲ ਸੁਣ ਕੇ ਕਵੀਸਿਲੰਗ ਨੇ ਤੁਰੰਤ ਜਵਾਬ ਨਾ ਦਿੰਦੇ ਹੋਏ ਉਸ ’ਤੇ ਵਿਚਾਰ ਕਰਨਾ ਠੀਕ ਸਮਝਿਆ। ਫਿਰ ਉਸ ਨੇ ਜਰਮਨ ਅਧਿਕਾਰੀ ਨੂੰ ਸਵਾਲ ਕੀਤਾ ਕਿ ਇਸ ਨਾਲ ਉਸ ਨੂੰ ਕੀ ਲਾਭ ਹੋਵੇਗਾ। ਕਵੀਸਿਲੰਗ ਦੀ ਗੱਲ ਸੁਣ ਕੇ ਜਰਮਨ ਅਧਿਕਾਰੀ ਨੇ ਕਿਹਾ, ‘‘ਸੱਤਾ! ਮੇਰੇ ਦੋਸਤ, ਤੁਹਾਨੂੰ ਸੱਤਾ ਪ੍ਰਾਪਤ ਹੋਵੇਗੀ। ਤੁਸੀਂ ਹਿਟਲਰ ਦਾ ਵਿਸ਼ਵਾਸ ਜਿੱਤ ਸਕਦੇ ਹੋ। ਉਹ ਤੁਹਾਨੂੰ ਨਾਰਵੇ ਦਾ ਪ੍ਰਧਾਨ ਮੰਤਰੀ ਨਿਯੁਕਤ ਕਰ ਦੇਣਗੇ। ਕੀ ਤੁਹਾਡੇ ਲਈ ਇਹ ਕਿਸੇ ਵੱਡੇ ਇਨਾਮ ਤੋਂ ਘੱਟ ਹੈ।
ਕਵੀਸਿਲੰਗ ਨੇ ਧੜਕਦੇ ਦਿਲ ਨਾਲ ਉਸ ਤੋਂ ਪੁੱਛਿਆ, ‘‘ ਤੁਸੀਂ ਇਸ ਦਾ ਵਾਅਦਾ ਕਰਦੇ ਹੋ?
ਅਧਿਕਾਰੀ ਨੇ ਮੁਸਕਰਾਉਂਦੇ ਹੋਏ ਇਸ ਦਾ ਜਵਾਬ ਦਿੱਤਾ, ‘‘ਹਾਂ, ਹਾਂ ਬਿਲਕੁਲ ਅਤੇ ਕਵੀਸਿਲੰਗ ਹਿਟਲਰ ਦੇ ਹੱਥਾਂ ਦੀ ਕਠਪੁਤਲੀ ਬਣ ਗਿਆ।
ਉਹ ਸਮੇਂ-ਸਮੇਂ ’ਤੇ ਹਿਟਲਰ ਦੇ ਵਿਰੋਧੀਆਂ ਦੀ ਜਾਣਕਾਰੀ ਦਿੰਦਾ ਰਹਿੰਦਾ ਸੀ। ਇਸੇ ਵਜ੍ਹਾ ਨਾਲ ਨਾਰਵੇ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਛੇਤੀ ਹੀ ਨਾਰਵੇ ਦਾ ਪਤਨ ਹੋ ਗਿਆ ਅਤੇ ਜਰਮਨ ਸੈਨਾ ਨਾਰਵੇ ਅੰਦਰ ਵੜ ਗਈ।
ਕਵੀਸਿਲੰਗ ਨੇ ਆਪਣੇ ਆਪ ਨੂੰ ਅਤੇ ਆਪਣੇ ਦੇਸ਼ ਨੂੰ ਵੇਚ ਕੇ ਗੱਦਾਰੀ ਦਾ ਸਬੂਤ ਪੇਸ਼ ਕੀਤਾ ਸੀ। ਉਸ ਨੂੰ ਇਸ ਦੀ ਕੀਮਤ ਪ੍ਰਾਪਤ ਹੋ ਗਈ। ਉਹ ਨਾਰਵੇ ਦਾ ਪ੍ਰਧਾਨ ਮੰਤਰੀ ਤਾਂ ਜ਼ਰੂਰ ਬਣ ਗਿਆ, ਪ੍ਰੰਤੂ ਨਾਲ ਹੀ ਉਹ ਹਿਟਲਰ ਦੇ ਹੱਥਾਂ ਦੀ ਕਠਪੁਤਲੀ ਵੀ ਬਣ ਗਿਆ। ਚਾਹੇ ਕਵੀਸਿਲੰਗ ਨੇ ਦੁਸ਼ਮਣਾਂ ਦੀ ਸਹਾਇਤਾ ਕਰਕੇ ਆਪਣਾ ਮਕਸਦ ਪੂਰਾ ਕਰ ਲਿਆ ਹੋਵੇ, ਪ੍ਰੰਤੂ ਇਹ ਉਸ ਦੇ ਦੇਸ਼ ਦੇ ਲਈ ਬਦਕਿਸਮਤੀ ਦੀ ਗੱਲ ਸੀ ਕਿ ਉਸ ਨੂੰ ਇਕ ਇਹੋ ਜਿਹਾ ਗੱਦਾਰ ਨੇਤਾ ਮਿਲਿਆ।
ਉਸ ਨੂੰ ਜ਼ਿੱਲਤ ਭਰੀ ਮੌਤ ਨਸੀਬ ਹੋਈ। ਅੱਜ ਵੀ ਕਵੀਸਿਲੰਗ ਦਾ ਨਾਂ ‘ਵਿਸ਼ਵਾਸਘਾਤੀ’ ਵਜੋਂ ਜਾਣਿਆ ਜਾਂਦਾ ਹੈ।
 
Top