ਗਮਲਿਆਂ ਵਾਲਾ ਘਰ

Mandeep Kaur Guraya

MAIN JATTI PUNJAB DI ..
ਗੁਰਮੇਲ ਨੂੰ ਇਹ ਨਹੀਂ ਪਤਾ ਸੀ ਕਿ ਇਸ ਘਰ ਵਿਚ ਉਸ ਅੱਧਖੜ੍ਹ ਉਮਰ ਵਾਲੇ ਆਦਮੀ ਤੋਂ ਬਿਨਾਂ ਹੋਰ ਕੌਣ-ਕੌਣ ਰਹਿੰਦਾ ਹੈ, ਜਿਹੜਾ ਕਿ ਲੱਗਭਗ ਹਰ ਰੋਜ਼ ਗਮਲਿਆਂ ਵਿਚ ਉਗਾਏ ਗਏ ਬੂਟਿਆਂ ਦੀ ਦੇਖਭਾਲ ਕਰਦਾ ਹੈ। ਉਸ ਆਦਮੀ ਨੇ ਆਪਣੇ ਸਿਰ ਦੇ ਵਾਲ ਤੇਲ ਲਾ ਕੇ ਸਿੱਧੇ ਵਾਹੇ ਹੁੰਦੇ ਸਨ। ਵਾਲਾਂ ਵਿਚ ਕੋਈ ਚੀਰ ਨਹੀਂ ਕੱਢਿਆ ਹੁੰਦਾ ਸੀ। ਅੱਖਾਂ ਉਪਰ ਨਜ਼ਰ ਵਾਲੀਆਂ ਕਾਲੀਆਂ ਐਨਕਾਂ ਲਾਈਆਂ ਹੁੰਦੀਆਂ ਸਨ। ਇਹੋ ਜਿਹੀਆਂ ਐਨਕਾਂ ਗੁਰਮੇਲ ਦੇ ਪਿਤਾ ਜੀ ਵੀ ਲਾਇਆ ਕਰਦੇ ਸਨ।
ਕਾਲੀਆਂ ਐਨਕਾਂ ਵਾਲੇ ਉਸ ਆਦਮੀ ਦੇ ਹੱਥ ਵਿਚ ਕਦੇ ਇਕ ਰੰਬੀ ਫੜੀ ਹੁੰਦੀ, ਜਿਸ ਨਾਲ ਉਹ ਗਮਲਿਆਂ ਵਿਚ ਉਗਾਏ ਹੋਏ ਬੂਟਿਆਂ ਦੀ ਗੋਡੀ ਕਰ ਰਿਹਾ ਹੁੰਦਾ। ਕਦੇ-ਕਦੇ ਇਕ ਕੈਂਚੀ ਫੜੀ ਹੁੰਦੀ, ਜਿਸ ਨਾਲ ਬੂਟਿਆਂ ਦੀ ਕਟਾਈ-ਛੰਗਾਈ ਦਾ ਕੰਮ ਕਰ ਰਿਹਾ ਹੁੰਦਾ। ਇਕ ਬਾਲਟੀ ਵਿਚੋਂ ਮੱਗ ਨਾਲ ਬੂਟਿਆਂ ਨੂੰ ਪਾਣੀ ਪਾਉਂਦਿਆਂ ਤੇ ਉਨ੍ਹਾਂ ਦੇ ਪੱਤਿਆਂ ਨੂੰ ਪਾਣੀ ਦੇ ਛਿੱਟੇ ਮਾਰ-ਮਾਰ ਕੇ ਧੋਂਦਿਆਂ ਤਾਂ ਗੁਰਮੇਲ ਉਸ ਆਦਮੀ ਨੂੰ ਅਕਸਰ ਹੀ ਵੇਖਿਆ ਕਰਦਾ ਸੀ। ਮਨ ਹੀ ਮਨ ਵਿਚ ਉਹ ਉਸ ਦਾ ਆਪਣੇ ਪਿਤਾ ਜੀ ਦੇ ਸਮਾਨ ਬਹੁਤ ਸਤਿਕਾਰ ਕਰਨ ਲੱਗ ਪਿਆ ਸੀ। ਉਸ ਨੂੰ ਬੂਟਿਆਂ ਦੇ ਪੱਤੇ ਧੋਂਦਿਆਂ ਵੇਖ ਕੇ ਆਪ-ਮੁਹਾਰੇ ਹੀ ਹੱਸ ਪੈਂਦਾ। ਉਹ ਇਸ ਕਿਰਿਆ ਨੂੰ 'ਬੂਟਿਆਂ ਦਾ ਇਸ਼ਨਾਨ' ਕਿਹਾ ਕਰਦਾ। ਉਦੋਂ ਗੁਰਮੇਲ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ।
ਉਸ ਆਦਮੀ ਦੇ ਘਰ ਦੇ ਦੋ ਪਾਸਿਆਂ ਨਾਲ ਦੋ ਗਲੀਆਂ ਲੱਗਦੀਆਂ ਸਨ। ਇਕ ਗਲੀ ਵੱਡੀ ਸੀ ਤੇ ਦੂਜੀ ਛੋਟੀ। ਘਰ ਦੇ ਦੋਵੇਂ ਪਾਸੇ ਇਕ-ਇਕ ਬੂਹਾ ਬਾਹਰ ਵੱਲ ਨੂੰ ਖੁੱਲ੍ਹਦਾ ਸੀ। ਸਕੂਲੇ ਪੜ੍ਹਨ ਜਾਣ ਅਤੇ ਆਉਣ ਸਮੇਂ ਗੁਰਮੇਲ ਵੱਡੀ ਗਲੀ ਵਿਚੋਂ ਹੋ ਕੇ ਲੰਘਦਾ ਸੀ। ਉਹ ਪੈਦਲ ਹੀ ਸਕੂਲੇ ਜਾਇਆ ਕਰਦਾ ਸੀ। ਉਸ ਘਰ ਦੇ ਅੱਗੇ ਦੋਹੀਂ ਪਾਸਿਆਂ ਵੱਲ ਤਾਂ ਗਮਲੇ ਰੱਖੇ ਹੀ ਹੋਏ ਸਨ, ਸਗੋਂ ਘਰ ਦੇ ਚੌੜੇ ਬਨੇਰਿਆਂ ਉਪਰ ਵੀ ਗਮਲੇ ਸਜਾ ਕੇ ਰੱਖੇ ਹੋਏ ਸਨ। ਕੁਝ ਗਮਲੇ ਛੋਟੇ ਆਕਾਰ ਦੇ ਸਨ ਤੇ ਕੁਝ ਹੋਰ ਜ਼ਰਾ ਵੱਡੇ ਸਨ। ਵੱਖ-ਵੱਖ ਗਮਲਿਆਂ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਉਗਾਏ ਗਏ ਹੁੰਦੇ। ਕੁਝ ਸਜਾਵਟੀ ਬੂਟੇ ਜ਼ਿਆਦਾ ਚਿਰ ਤਕ ਹਰੇ-ਭਰੇ ਰਹਿਣ ਵਾਲੇ ਹੁੰਦੇ। ਕਈ ਬੂਟੇ ਮੌਸਮੀ ਹੁੰਦੇ, ਜਿਨ੍ਹਾਂ ਉਪਰ ਰੰਗ-ਬਿਰੰਗੇ ਮੌਸਮੀ ਫੁੱਲ ਖਿੜਿਆ ਕਰਦੇ ਸਨ। ਇਹ ਫੁੱਲ ਗੁਰਮੇਲ ਨੂੰ ਬੜੇ ਸੋਹਣੇ ਤੇ ਪਿਆਰੇ ਲੱਗਦੇ। ਉਸ ਨੇ ਕਦੇ ਵੀ ਕੋਈ ਫੁੱਲ ਨਹੀਂ ਤੋੜਿਆ ਸੀ। ਗੁਰਮੇਲ ਨੂੰ ਆਪਣੇ ਅਧਿਆਪਕਾਂ ਦੀ ਦਿੱਤੀ ਹੋਈ ਸਿੱਖਿਆ ਯਾਦ ਸੀ ਕਿ ਕਦੇ ਵੀ ਕੋਈ ਫੁੱਲ ਨਾ ਤੋੜੋ! ਫੁੱਲ ਖਿੜੇ ਹੋਏ ਅਤੇ ਮਹਿਕਦੇ ਹੀ ਚੰਗੇ ਲੱਗਦੇ ਹਨ। ਟਹਿਣੀਆਂ ਨਾਲੋਂ ਟੁੱਟੇ ਫੁੱਲ ਜਲਦੀ ਮੁਰਝਾ ਜਾਂਦੇ ਹਨ।
ਗੁਰਮੇਲ ਨੇ ਉਸ ਘਰ ਦਾ ਨਾਂ 'ਗਮਲਿਆਂ ਵਾਲਾ ਘਰ' ਅਤੇ ਉਸ ਆਦਮੀ ਦਾ ਨਾਂ 'ਗਮਲਿਆਂ ਵਾਲੇ ਅੰਕਲ ਜੀ' ਰੱਖਿਆ ਹੋਇਆ ਸੀ। ਉਨ੍ਹਾਂ ਗਮਲਿਆਂ ਵਿਚ ਰੰਗ-ਬਿਰੰਗੇ ਫੁੱਲਾਂ ਵਾਲੇ ਅਤੇ ਸਜਾਵਟੀ ਬੂਟੇ ਲੱਗੇ ਹੋਏ ਤਾਂ ਹੁੰਦੇ ਹੀ ਸਨ, ਸਗੋਂ ਲਾਲ, ਹਰੇ, ਪੀਲੇ, ਨੀਲੇ ਆਦਿ ਰੰਗਾਂ ਨਾਲ ਗਮਲਿਆਂ ਨੂੰ ਰੰਗਿਆ ਵੀ ਗਿਆ ਹੁੰਦਾ ਸੀ। ਉਨ੍ਹਾਂ 'ਤੇ ਵਾਹੀਆਂ ਰੰਗਦਾਰ ਧਾਰੀਆਂ ਸਤਰੰਗੀ ਪੀਂਘਾਂ ਵਾਂਗ ਸੋਹਣੀਆਂ ਲੱਗਦੀਆਂ ਸਨ। ਖਿੜੇ ਹੋਏ ਫੁੱਲ ਅਤੇ ਰੰਗਦਾਰ ਗਮਲੇ ਵੇਖ ਕੇ ਗੁਰਮੇਲ ਬਹੁਤ ਖੁਸ਼ ਹੁੰਦਾ। ਉਹ ਸੋਚਦਾ ਕਿ ਕਾਸ਼! ਸਾਡਾ ਵੀ ਵੱਡਾ ਸਾਰਾ ਘਰ ਹੁੰਦਾ ਤੇ ਸਾਡੇ ਕੋਲ ਵੀ ਬਹੁਤ ਸਾਰੇ ਪੈਸੇ ਹੁੰਦੇ ਤਾਂ ੱਅਸੀਂ ਵੀ ਇਸ ਤਰ੍ਹਾਂ ਹੀ ਰੰਗਦਾਰ ਗਮਲਿਆਂ ਨਾਲ ਆਪਣੇ ਘਰ ਨੂੰ ਸਜਾਉਂਦੇ।
ਗੁਰਮੇਲ ਨੂੰ ਆਪਣੇ ਗਮਲਿਆਂ ਤੇ ਉਨ੍ਹਾਂ ਵਿਚਲੇ ਬੂਟਿਆਂ ਵੱਲ ਤੱਕਦਿਆਂ ਵੇਖ ਕੇ ਉਸ 'ਗਮਲਿਆਂ ਵਾਲੇ ਅੰਕਲ' ਨੇ ਇਕ ਦਿਨ ਗੁਰਮੇਲ ਨੂੰ ਕਿਹਾ,
''ਮੈਂ ਨੋਟ ਕੀਤਾ ਹੈ ਕਿ ਤੂੰ ਬੜੇ ਧਿਆਨ ਨਾਲ ਬੂਟਿਆਂ ਨੂੰ ਵੇਖਦਾ ਹੈਂ। ਕੀ ਤੈਨੂੰ ਇਹ ਚੰਗੇ ਲੱਗਦੇ ਹਨ?''
''ਹਾਂ, ਅੰਕਲ ਜੀ। ਸਾਡੇ ਅਧਿਆਪਕ ਦੱਸਦੇ ਹਨ ਕਿ ਸਾਨੂੰ ਵੱਧ ਤੋਂ ਵੱਧ ਰੁੱਖ-ਬੂਟੇ ਲਾਉਣੇ ਚਾਹੀਦੇ ਹਨ ਤਾਂ ਕਿ ਸਾਡਾ ਵਾਤਾਵਰਣ ਸੁਰੱਖਿਅਤ ਰਹਿ ਸਕੇ। ਧਰਤੀ ਨੂੰ ਬਚਾਉਣ ਲਈ ਓਜ਼ੋਨ ਪਰਤ ਪਤਲੀ ਨਾ ਪੈ ਜਾਵੇ।''
''ਤੈਨੂੰ ਪਤੈ, ਓਜ਼ੋਨ ਪਰਤ ਕੀ ਕੰਮ ਕਰਦੀ ਏ?'
''ਹਾਂ, ਜੀ! ਇਹ ਪਰਤ ਸੂਰਜ ਦੀਆਂ ਮਾਰੂ ਪਰਾਬੈਂਗਣੀ ਕਿਰਨਾਂ ਨੂੰ ਧਰਤੀ ਉਪਰ ਆਉਣ ਤੋਂ ਰੋਕਦੀ ਹੈ। ਪਰਾਵੈਂਗਣੀ ਕਿਰਨਾਂ ਖਤਰਨਾਕ ਹੁੰਦੀਆਂ ਹਨ।''
''ਰੁੱਖਾਂ ਤੇ ਬੂਟਿਆਂ ਨਾਲ ਹੀ ਇਸ ਧਰਤੀ ਦੀ ਹੋਂਦ ਕਾਇਮ ਰਹਿ ਸਕਦੀ ਹੈ।'' ਉਸ ਅੰਕਲ ਜੀ ਨੇ ਆਖਿਆ।
''ਹਾਂ, ਅੰਕਲ ਜੀ, ਤੁਸੀਂ ਠੀਕ ਕਹਿੰਦੇ ਹੋ! ਰੁੱਖ-ਬੂਟੇ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਕਾਰਬਨਡਾਈਆਕਸਾਈਡ ਨੂੰ ਘੱਟ ਕਰਦੇ ਹਨ। ਇਹ ਵਾਤਾਵਰਣ ਨੂੰ ਸੁਖਾਵਾਂ ਤੇ ਠੰਡਾ ਰੱਖਦੇ ਹਨ।''
'ਸ਼ਾਬਾਸ਼! ਬੇਟਾ। ਤੂੰ ਤਾਂ ਬੜਾ ਸਿਆਣਾ ਮੁੰਡਾ ਏਂ। ਕੀ ਤੂੰ ਵੀ ਜਾਂ ਤੇਰੇ ਪਿਤਾ ਜੀ ਵੀ ਬੂਟੇ ਪਾਲਣ ਦਾ ਸ਼ੌਕ ਰੱਖਦੇ ਹਨ?''
ਗੁਰਮੇਲ ਨੇ ਉਦਾਸ ਹੋ ਕੇ ਜਵਾਬ ਦਿੱਤਾ, ''ਅੰਕਲ ਜੀ, ਅਸੀਂ ਗਰੀਬ ਹਾਂ। ਸਾਡੇ ਕੋਲ ਇੰਨੇ ਪੈਸੇ ਨਹੀਂ ਹੁੰਦੇ।''
''ਬੇਟਾ, ਕਦੇ ਵੀ ਆਪਣੇ ਆਪ ਨੂੰ ਗਰੀਬ ਨਾ ਸਮਝੋ। ਤੂੰ ਥੋੜ੍ਹੀ-ਥੋੜ੍ਹੀ ਬੱਚਤ ਕਰਕੇ ਇਕ-ਇਕ ਬੂਟਾ, ਗਮਲਾ ਖਰੀਦ ਸਕਦਾ ਏਂ। ਖੂਬ ਮਿਹਨਤ ਨਾਲ ਪੜ੍ਹ। ਵੱਡਾ ਅਫਸਰ ਬਣ। ਫਿਰ ਤੇਰੇ ਕੋਲ ਬਹੁਤ ਸਾਰੇ ਪੈਸੇ ਹੋਣਗੇ ਤੇ ਫਿਰ ਤੂੰੰ ਬਹੁਤ ਸਾਰੇ ਬੂਟੇ ਅਤੇ ਗਮਲੇ ਵੀ ਖਰੀਦ ਸਕੇਂਗਾ। ਜ਼ਮੀਨ ਖਰੀਦ ਕੇ ਉਸ ਵਿਚ ਵੀ ਤੂੰ ਰੁੱਖ ਪਾਲ ਸਕੇਂਗਾ।''
ਇਸ ਤਰ੍ਹਾਂ ਗੁਰਮੇਲ ਅਤੇ ਗਮਲਿਆਂ ਵਾਲੇ ਅੰਕਲ ਵਿਚਕਾਰ ਕਦੇ-ਕਦੇ ਗੱਲਬਾਤ ਹੁੰਦੀ ਰਹਿੰਦੀ। ਗੁਰਮੇਲ ਨੂੰ ਉਸ ਅੰਕਲ ਜੀ ਕੋਲੋਂ ਖੂਬ ਉਤਸ਼ਾਹ ਮਿਲਦਾ ਰਹਿੰਦਾ।
ਗੁਰਮੇਲ ਜਦੋਂ ਇਹ ਸੋਚਦਾ ਕਿ ਕਾਸ਼! ਉਹ ਗਰੀਬ ਨਾ ਹੁੰਦੇ ਤੇ ਉਨ੍ਹਾਂ ਦਾ ਇਕ ਵੱਡਾ ਸਾਰਾ ਸੋਹਣਾ ਘਰ ਹੁੰਦਾ, ਤਾਂ ਉਸ ਸਮੇਂ ਉਹ ਸੋਚਣ ਇਹ ਵੀ ਲੱਗਾ ਕਿ ਉਹਦਾ ਇਹ ਸੁਪਨਾ ਕਿਵੇਂ ਪੂਰਾ ਹੋ ਸਕਦਾ ਹੈ? ਇਹੀ ਕੁਝ ਸੋਚਦਿਆਂ ਉਹ ਘਰ ਤੋਂ ਸਕੂਲ ਨੂੰ ਜਾਂਦਾ ਅਤੇ ਸਕੂਲ ਤੋਂ ਘਰ ਨੂੰ ਆਉਂਦਾ। ਕਦੇ-ਕਦੇ ਤਾਂ ਗੁਰਮੇਲ ਸਕੂਲ ਵਿਚ ਪੜ੍ਹਨ ਸਮੇਂ ਵੀ ਵੱਡੇ ਘਰ ਦੇ ਸੁਪਨੇ ਵਿਚ ਗੁਆਚ ਜਾਂਦਾ। ਉਸ ਘਰ ਦੇ ਸੁਪਨੇ ਵਿਚ, ਜਿਸ ਨੂੰ ਖੂਬਸੂਰਤ ਗਮਲਿਆਂ ਨਾਲ ਸਜਾਇਆ ਗਿਆ ਹੋਵੇ। ਵਿਚਾਰਾਂ ਵਿਚ ਮਗਨ ਉਹ ਭੁੱਲ ਜਾਂਦਾ ਕਿ ਉਹ ਆਪਣੀ ਜਮਾਤ ਵਿਚ ਬੈਠਾ ਏ ਤੇ ਉਹਦਾ ਧਿਆਨ ਪੜ੍ਹਾਈ ਵੱਲ ਨਹੀਂ ਹੈ। ਇਕ ਦਿਨ ਹਿਸਾਬ ਦੇ ਅਧਿਆਪਕ ਸ਼੍ਰੀ ਕੁਲਦੀਪ ਰਾਏ ਜੀ ਨੇ ਉਸ ਨੂੰ ਝਿੜਕਦਿਆਂ ਕਿਹਾ, ''ਗੁਰਮੇਲ, ਅੱਜਕਲ ਤੈਨੂੰ ਕੀ ਹੋ ਗਿਆ ਹੈ? ਤੂੰ ਹੁਣ ਆਪਣੀ ਪੜ੍ਹਾਈ ਮਨ ਲਾ ਕੇ ਨਹੀਂ ਕਰ ਰਿਹਾ ਏਂ ਤੇ ਸਵਾਲ ਵੀ ਸਹੀ ਢੰਗ ਨਾਲ ਹੱਲ ਨਹੀਂ ਕਰ ਰਿਹਾ ਏਂ। ਕਿਥੇ ਗੁਆਚਾ ਰਹਿੰਦਾ ਏਂ?'' ''ਸਰ, ਉਹ ਮੈਂ... ਨਾ...। ਸਰ...।'' ਗੁਰਮੇਲ ਘਬਰਾ ਗਿਆ। ਉਹ ਫਟਾਫਟ ਕੋਈ ਉੱਤਰ ਨਾ ਦੇ ਸਕਿਆ।
''ਸੁਣੋ, ਧਿਆਨ ਨਾਲ ਸੁਣੋ ਬੇਟਾ'' ਸ਼੍ਰੀ ਕੁਲਦੀਪ ਰਾਏ ਜੀ ਜਦੋਂ ਉਸ ਨੂੰ ਕੁਝ ਕਹਿਣ ਲੱਗੇ, ਉਦੋਂ ਪੂਰੀ ਜਮਾਤ ਉਨ੍ਹਾਂ ਵੱਲ ਵੇਖਣ ਲੱਗੀ। ਉਨ੍ਹਾਂ ਨੇ ਅੱਗੇ ਕਿਹਾ, ''ਗੁਰਮੇਲ, ਤੂੰ ਇਕ ਲਾਇਕ ਵਿਦਿਆਰਥੀ ਏਂ। ਧਿਆਨ ਲਾ ਕੇ, ਪੂਰਾ ਮਨ ਲਾ ਕੇ ਪੜ੍ਹੇਂਗਾ ਤਾਂ ਇਕ ਦਿਨ ਨੂੰ ਬਹੁਤ ਵੱਡਾ ਅਫਸਰ ਬਣ ਸਕੇਂਗਾ। ਫਿਰ ਤੂੰ ਆਪਣਾ ਹਰ ਇਕ ਸੁਪਨਾ ਪੂਰਾ ਕਰ ਸਕੇਂਗਾ।'' ਫਿਰ ਉਨ੍ਹਾਂ ਨੇ ਪੂਰੀ ਜਮਾਤ ਨੂੰ ਆਖਿਆ, ''ਇਹੀ ਗੱਲ ਮੈਂ ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ ਵੀ ਕਹਿੰਦਾ ਹਾਂ। ਖੂਬ ਪੜ੍ਹ-ਲਿਖ ਕੇ ਅਸੀਂ ਆਪਣਾ, ਆਪਣੇ ਪਰਿਵਾਰ ਦਾ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਾਂ। ਬਹੁਤ ਸਾਰਾ ਧਨ ਵੀ ਕਮਾ ਸਕਦੇ ਹਾਂ। ਅੱਜਕਲ ਭਾਰਤੀ ਲੋਕਾਂ ਨੇ ਵਿਦੇਸ਼ਾਂ ਵਿਚ ਵੀ ਉਚੇਰੀ ਪੜ੍ਹਾਈ ਅਤੇ ਗਿਆਨ-ਵਿਗਿਆਨ ਦੇ ਖੇਤਰ ਵਿਚ ਭਾਰਤ ਦਾ ਲੋਹਾ ਮੰਨਿਆ ਹੈ।''
ਗੁਰਮੇਲ ਅਤੇ ਬਾਕੀ ਸਾਰੇ ਵਿਦਿਆਰਥੀ ਆਪਣੇ ਅਧਿਆਪਕ ਜੀ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੇ ਸਨ।
ਅਜਿਹੀਆਂ ਗੱਲਾਂ, ਜੀਵਨ ਵਿਚ ਤਰੱਕੀ ਕਰਨ ਦੀਆਂ ਗੱਲਾਂ ਉਨ੍ਹਾਂ ਨੂੰ ਵਿਗਿਆਨ ਦਾ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕ ਸ਼੍ਰੀ ਜੀਵਨ ਪ੍ਰਕਾਸ਼ ਜੀ ਵੀ ਦੱਸਿਆ ਕਰਦੇ ਸਨ। ਗੁਰਮੇਲ ਨੂੰ ਤਾਂ 'ਗਮਲਿਆਂ ਵਾਲੇ ਅੰਕਲ ਜੀ' ਦੀਆਂ ਦੱਸੀਆਂ ਗੱਲਾਂ ਵੀ ਬਹੁਤ ਚੰਗੀਆਂ ਲੱਗਦੀਆਂ ਸਨ। ਉਸ ਨੂੰ ਯਾਦ ਸੀ ਕਿ ਉਨ੍ਹਾਂ ਨੇ ਇਕ ਦਿਨ ਇਹ ਵੀ ਕਿਹਾ ਸੀ, ''ਬੇਟਾ, ਕਦੇ ਵੀ ਖੁਦ ਨੂੰ ਗਰੀਬ ਨਾ ਸਮਝੋ। ਖੂਬ ਮਿਹਨਤ ਤੇ ਲਗਨ ਨਾਲ ਪੜ੍ਹੋ। ਵੱਡੇ ਅਫਸਰ ਬਣੋ। ਫਿਰ ਤੁਹਾਡੇ ਕੋਲ ਬਹੁਤ ਸਾਰਾ ਧਨ ਹੋਵੇਗਾ ਤੇ ਤੁਸੀਂ ਬਹੁਤ ਸਾਰੇ ਬੂਟੇ ਅਤੇ ਗਮਲੇ ਖਰੀਦ ਸਕੋਗੇ। ਜ਼ਮੀਨ ਖਰੀਦ ਕੇ ਉਸ ਵਿਚ ਰੁੱਖ ਵੀ ਉਗਾ ਸਕੋਗੇ।''
ਉਸ ਨੂੰ ਮਨ ਲਾ ਕੇ ਪੜ੍ਹਦਿਆਂ-ਲਿਖਦਿਆਂ ਵੇਖ ਕੇ ਗੁਰਮੇਲ ਦੇ ਮੰਮੀ-ਡੈਡੀ ਬਹੁਤ ਖੁਸ਼ ਹੁੰਦੇ। ਉਹ ਪਹਿਲਾਂ ਹੀ ਉਸ ਦੀ ਹਰੇਕ ਜ਼ਰੂਰਤ ਦਾ ਖਿਆਲ ਰੱਖਦੇ ਸਨ। ਹੁਣ ਉਸ ਦੀ ਖੁਰਾਕ ਵੱਲ ਵੀ ਖਾਸ ਧਿਆਨ ਦੇਣ ਲੱਗ ਪਏ। ਹੁਣ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਮੇਲ ਨੂੰ ਪੀਣ ਲਈ ਇਕ ਦੁੱਧ ਦਾ ਗਲਾਸ ਮਿਲਣ ੱਲੱਗਾ। ਨਾਲ ਖਾਣ ਨੂੰ ਕੁਝ ਬਦਾਮ ਵੀ। ਬੇਸ਼ੱਕ ਉਸ ਦੇ ਮੰਮੀ-ਡੈਡੀ ਗਰੀਬ ਸਨ ਪਰ ਉਹ ਢਿੱਡ ਘੁੱਟ ਕੇ ਉਸ ਨੂੰ ਪੜ੍ਹਾ ਰਹੇ ਸਨ।
ਸਕੂਲ ਨੂੰ ਜਾਣ ਸਮੇਂ ਅਤੇ ਉਥੋਂ ਵਾਪਸ ਪਰਤਦੇ ਸਮੇਂ ਗੁਰਮੇਲ 'ਗਮਲਿਆਂ ਵਾਲੇ ਘਰ' ਕੋਲ ਕੁਝ ਚਿਰ ਜ਼ਰੂਰ ਰੁਕ ਜਾਂਦਾ ਸੀ। ਉਹ ਘਰ ਉਸ ਨੂੰ ਬਹੁਤ ਪਿਆਰਾ ਘਰ ਲੱਗਦਾ ਸੀ। 'ਗਮਲਿਆਂ ਵਾਲੇ ਅੰਕਲ ਜੀ' ਨਾਲ ਮੁਲਾਕਾਤ ਹੋਣ 'ਤੇ ਉਨ੍ਹਾਂ ਨਾਲ ਗੱਲਬਾਤ ਵੀ ਕਰਦਾ। ਬਾਲਪੁਣੇ ਵਾਲੀ ਝਿਜਕ ਹੁਣ ਉਸ ਵਿਚ ਪਹਿਲਾਂ ਜਿੰਨੀ ਨਹੀਂ ਰਹੀ ਸੀ। ਉਹ ਬਿਨਾਂ ਝਿਜਕ ਤੋਂ ਹੁਣ ਉਸ ਅੰਕਲ ਜੀ ਨਾਲ ਗੱਲਾਂ ਕਰ ਲਿਆ ਕਰਦਾ ਸੀ। ਉਸ ਅੰਕਲ ਜੀ ਤੋਂ ਉਸ ਨੂੰ ਆਪਣੇ ਅਧਿਆਪਕਾਂ, ੰੰਮੰਮੀ-ਡੈਡੀ ਵਰਗਾ ਹੀ ਮੋਹ, ਪਿਆਰ ਤੇ ਉਤਸ਼ਾਹ ਮਿਲਣ ਲੱਗਿਆ ਸੀ। ਇੰਝ ਲੱਗਦਾ ਸੀ, ਜਿਵੇਂ ਉਸ ਨੇ 'ਗਮਲਿਆਂ ਵਾਲੇ ਘਰ' ਨੂੰ ਅਤੇ 'ਗਮਲਿਆਂ ਵਾਲੇ ਅੰਕਲ ਜੀ' ਨੂੰ ਆਪਣਾ ਜੀਵਨ ਆਦਰਸ਼ ਬਣਾ ਲਿਆ ਹੋਵੇ।
ਉਸ ਆਦਮੀ ਵਲੋਂ ਮਿਲੇ ਉਤਸ਼ਾਹ ਕਾਰਨ ਗੁਰਮੇਲ ਖੂਬ ਮਿਹਨਤ ਨਾਲ ਅਤੇ ਮਨ-ਚਿੱਤ ਲਾ ਕੇ ਪੜ੍ਹਾਈ ਕਰਨ ਲੱਗਿਆ। ਸਕੂਲ ਦੀ ਪੜ੍ਹਾਈ ਮੁਕੰਮਲ ਕਰਕੇ ਫਿਰ ਇਕ ਕਾਲਜ ਵਿਚ ਦਾਖਲ ਹੋ ਗਿਆ। ਉਚੇਰੀ ਵਿੱਦਿਆ ਪ੍ਰਾਪਤ ਕਰਕੇ ਉਹ ਇਕ ਵੱਡਾ ਅਫਸਰ ਬਣ ਗਿਆ। ਫਿਰ ਉਸ ਨੇ ਇਕ ਵੱਡੀ ਸਾਰੀ ਕੋਠੀ ਛੱਤ ਲਈ ਤੇ ਇਕ ਆਪਣੀ ਨਿੱਜੀ ਕਾਰ ਵੀ ਖਰੀਦ ਲਈ। ਇਕ ਕਾਰ ਤੇ ਡਰਾਈਵਰ ਦੀਆਂ ਸੇਵਾਵਾਂ ਉਸ ਨੂੰ ਸਰਕਾਰ ਵਲੋਂ ਮਿਲ ਗਈਆਂ ਸਨ।
ਹੁਣ ਉਸ ਦੀ ਕੋਠੀ ਵਿਚ ਛੋਟੇ-ਵੱਡੇ ਆਕਾਰ ਦੇ ਰੰਗ-ਬਿਰੰਗੇ ਅਨੇਕ ਗਮਲੇ ਹਨ। ਇਨ੍ਹਾਂ ਗਮਲਿਆਂ ਵਿਚ ਤਰ੍ਹਾਂ-ਤਰ੍ਹਾਂ ਦੇ ਖੂਬਸੂਰਤ ਬੂਟੇ ਲੱਗੇ ਹੋਏ ਹਨ। ਕੋਠੀ ਦੇ ਲਾਅਨ ਵਿਚ ਹਰਾ-ਹਰਾ ਮਖਮਲੀ ਘਾਹ ਵੀ ਹੈ। ਖਾਲੀ ਜਗ੍ਹਾ ਵਿਚ ਰੁੱਖ ਵੀ ਲੱਗੇ ਹੋਏ ਹਨ। ਉਂਝ ਤਾਂ ਗੁਰਮੇਲ ਨੇ ਇਕ ਮਾਲੀ ਵੀ ਰੱਖਿਆ ਹੋਇਆ ਹੈ, ਜੋ ਕਿ ਹਰ ਰੋਜ਼ ਸਵੇਰੇ ਆ ਕੇ ਰੁੱਖਾਂ ਤੇ ਬੂਟਿਆਂ ਦੀ ਦੇਖਭਾਲ ਕਰਦਾ ਹੈ। ਐਪਰ ਜਦੋਂ ਉਹ ਖੁਦ ਰੁੱਖਾਂ ਅਤੇ ਬੂਟਿਆਂ ਨੂੰ ਪਾਣੀ, ਖਾਦ ਵਗੈਰਾ ਪਾਉਂਦਾ ਹੈ ਤਾਂ ਉਸ ਨੂੰ 'ਗਮਲਿਆਂ ਵਾਲੇ ਘਰ' ਦੇ ਉਸ ਅੰਕਲ ਜੀ ਦੀ ਬਹੁਤ ਯਾਦ ਆਉਂਦੀ ਹੈ। ਉਹ ਉਸ ਆਦਮੀ ਨੂੰ ਕਦੇ ਵੀ ਭੁੱਲ ਨਹੀਂ ਸਕਦਾ।
 
Top