ਖੁਸ਼ਹਾਲ

ਅਮੀਰ ਹੋਣਾ ਜਾਂ ਖੁਸ਼ਹਾਲ ਹੋਣਾ ਭਾਵੇਂ ਕੇ ਸ਼ਬਦਾਵਲੀ ਪੱਖੋਂ ਇਕੋ ਜਿਹੇ ਲਗਦੇ ਨੇ, ਜਾਂ ਕਹਿ ਲਵੋ ਕਿ ਇਹਨਾਂ ਦੋਵਾਂ ਸ਼ਬਦਾਂ ਦਾ ਅਹਿਸਾਸ ਇਕੋ ਜਿਹਾ ਸੁਖਾਵਾਂ ਲਗਦੈ ਪਰ ਖੁਸ਼ਹਾਲ ਹੋਣਾ ਇੱਕ ਵੱਖਰੀ ਗੱਲ ਹੈ ਤੇ ਅਮੀਰ ਹੋਣਾ ਇੱਕ ਅਲੱਗ ਪਹਿਲੂ। ਖੁਸ਼ਹਾਲੀ ਖੁਸ਼ੀ, ਖੇੜੇ, ਹਾਸੇ, ਅਤੇ ਸਿਹਤਯਾਬੀ ਦਾ ਮਿਸ਼ਰਣ ਹੈ । ਸਿਰਫ ਓਹੀ ਲੋਕ ਖੁਸ਼ਹਾਲ ਹੁੰਦੇ ਨੇ ਜਿਨ੍ਹਾਂ ਕੋਲ ਮਿਹਨਤ ਨਾਲ ਕਮਾਏ ਧਨ ਅਤੇ ਨਿਰੋਈ ਸਿਹਤ ਦੇ ਨਾਲ ਨਾਲ ਨਿਰੋਈ ਸੋਚ ਦੀ ਘਾਟ ਨਹੀਂ ਹੁੰਦੀ। ਖੁਸ਼ਹਾਲ ਮਨੁੱਖ ਉਹ ਹੁੰਦੈ ਜਿਸ ਕੋਲ ਹਾਸਿਆਂ ਦਾ ਭੰਡਾਰ ਹੋਵੇ। ਰੂਹ ਦਾ ਕੰਗਾਲ ਹੋਣਾ ਸਭ ਤੋਂ ਵੱਡੀ ਗਰੀਬੀ ਹੈ । ਖੁਸ਼ਹਾਲੀ ਲਈ ਜਿੰਦਗੀ ਵਿੱਚ ਉਦੇਸ਼ ਅਤੇ ਆਦਰਸ਼ ਸਿਰਜਨੇ ਪੈਂਦੇ ਨੇ ਜਦ ਕੇ ਉਦੇਸ਼ਾਂ,ਨਿਯਮਾਂ ਅਤੇ ਆਦਰਸ਼ਾਂ ਨੂੰ ਤਿਲਾਂਜਲੀ ਦਿੱਤੇ ਬਿਨ੍ਹਾਂ ਬੰਦਾ ਅਮੀਰ ਨਹੀਂ ਹੋ ਸਕਦਾ। ਪੈਸੇ ਦੀ ਭੁੱਖ ਬੰਦੇ ਨੂੰ ਇਨਸਾਨ ਤੋਂ ਸ਼ੈਤਾਨ ਬਣਾ ਦਿੰਦੀ ਹੈ। ਖੁਸ਼ਹਾਲ ਵਿਅਕਤੀ ਹਮੇਸ਼ਾਂ ਆਪਣੇ ਆਸ ਪਾਸ ਦੇ ਵਿਰਾਨੇ ਨੂੰ ਆਬਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਹਯਾਤ ਦੀਆਂ ਮੁਸ਼ਕਲ ਤੋਂ ਮੁਸ਼ਕਲ ਪਰਿਸਥਿਤੀਆਂ ਵਿੱਚ ਵੀ ਆਤਮ ਵਿਸ਼ਵਾਸ਼, ਸਵੈ ਕਾਬੂ ਅਤੇ ਆਪਣੇ ਆਪ ਨੂੰ ਹਲਾਤਾਂ ਦੇ ਅਨੁਕੂਲ ਬਣਾ ਕੇ ਉਹਨਾਂ ਤੇ ਕਾਬੂ ਪਾਉਂਣਾ ਸਾਹਸੀ ਅਤੇ ਖੁਸ਼ਹਾਲ ਵਿਅਕਤੀ ਦਾ ਹੀ ਕਾਰਜ ਹੈ। ਜਿਹੜੀ ਸ਼ੈਅ ਸਾਨੂੰ ਬਿਨ੍ਹਾਂ ਮੁਸ਼ੱਕਤ ਕੀਤਿਆਂ ਸੌਖੇ ਹੀ ਪ੍ਰਾਪਤ ਹੋ ਜਾਂਦੀ ਹੈ, ਉਸ ਉਤੇ ਕਦੀ ਮਾਣ ਨਹੀ ਕੀਤਾ ਜਾ ਸਕਦਾ। ਮਾਣ ਹਮੇਸ਼ਾਂ ਉਹਨਾਂ ਜਿੱਤਾਂ ਤੇ ਹੁੰਦੈ ਜਿਹੜੀਆਂ ਕੁਰਬਾਨੀਆਂ ਦੇ ਕੇ ਜਿੱਤੀਆਂ ਜਾਂਦੀਆਂ ਨੇ। ਨਵੀਆਂ ਸੋਚਾਂ, ਨਵੀਆਂ ਖੋਜਾਂ ਦੇ ਅਧਿਆਏ ਸਾਡੇ ਸਾਹਮਣੇ ਰੱਖਦੀਆਂ ਨੇ। ਨਿਰੰਤਰ ਕਾਰਜਸ਼ੀਲਤਾ, ਮਿਹਨਤ, ਇਮਾਨਦਾਰੀ, ਸ਼ੁਕਰਾਨਾ ਤੇ ਦਸਵੰਦ ਖੁਸ਼ਹਾਲ ਜੀਵਨ ਦੀ ਅਧਾਰਸ਼ਿਲਾ ਹਨ। ਇਸਦੇ ਉਲਟ ਅਮੀਰੀ ਸਿਰਫ ਧਨ ਇਕੱਠਾ ਕਰਨ ਅਤੇ ਉਸਦੇ ਬਲਬੂਤੇ ਤੇ ਅਵਾਰਾ ਜਿਹੀ ਐਸ਼ ਕਰਨ ਦਾ ਨਾਮ ਹੈ। ਅਮੀਰੀ ਵਿੱਚ ਅਡੰਬਰ ਅਤੇ ਘੁਮੰਡ ਦੇ ਲੱਛਣਾਂ ਦਾ ਹੋਣਾ ਲਾਜਮੀ ਹੁੰਦੈ, ਜਦਕੇ ਸਾਦਗੀ ਦਾ ਅੰਸ਼ ਮਨਫੀ ਦਿਸਦੈ। ਅਮੀਰ ਲੋਕ ਕੰਜੂਸ ਤੇ ਕੰਮਦਿਲ ਹੁੰਦੇ ਨੇ ਜਦ ਕੇ ਖੁਸ਼ਹਾਲ ਵਿਅਕਤੀ ਖੁਲਦਿਲਾ ਅਤੇ ਖੁੱਲਾ ਖਰਚਾ ਕਰਨ ਵਿੱਚ ਵਿਸ਼ਵਾਸ ਰੱਖਦੈ। ਅਮੀਰ ਲੋਕਾਂ ਕੋਲ ਪੈਸੇ ਤੋਂ ਸਿਵਾ ਹੋਰ ਕੁਝ ਨਹੀਂ ਹੁੰਦਾ। ਹੱਧ ਤੋਂ ਜਿਆਦਾ ਦੌਲਤ ਵੀ ਚਿੰਤਾ ਦਾ ਕਾਰਨ ਹੋ ਨਿਬੜਦੀ ਹੈ। ਅਮੀਰ ਲੋਕਾਂ ਨੂੰ ਆਪਣੇ ਧੰਨ ਦੇ ਘਟ ਜਾਣ ਜਾਂ ਚੋਰੀ ਹੋਣ ਦਾ ਡਰ ਸਤਾੳਂਦਾ ਰਹਿੰਦੈ। ਵਿਹਾਰਿਕ ਗਿਆਨ ਅਤੇ ਨਿਯਮਾ ਦੀ ਘਾਟ ਕਾਰਨ ਅਮੀਰੀ ਵਿੱਚ ਵੀ ਮੰਨ ਅਸ਼ਾਤ ਅਤੇ ਬੇਚੈਨ ਹੋਇਆ ਭਟਕਦਾ ਫਿਰਦੈ। ਅਚਾਨਕ ਮਿਲਿਆ ਪੈਸਾ ਬੰਦੇ ਦਾ ਵਿਵਹਾਰ ਵਿਗਾੜਨ ਵਿੱਚ ਬਹੁਤ ਵੱਡਾ ਹਿੱਸਾ ਪਾਉਦੈ। ਅਮੀਰ ਹੋਣ ਵਾਸਤੇ ਲੋਕ ਕਈਂ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਨੇ। ਲਾਟਰੀ, ਜੂਆ, ਸੱਟਾ, ਆਦਿ ਅਮੀਰ ਬਣਨ ਦੇ ਗਲਤ ਜਿਹੇ ਰਸਤੇ ਹਨ । ਅਮੀਰ ਬਣਨ ਲਈ ਬਹੁਤੇ ਲੋਕ ਮਿਹਨਤ, ਕਿਰਤ ਅਤੇ ਸਤਿਕਾਰਯੋਗ ਕੰਮ ਕਰਨ ਦੀ ਬਜਾਏ ਅਸਾਨ ਰਸਤੇ ਭਾਲਦੇ ਫਿਰਦੇ ਹਨ। ਜਿਨ੍ਹਾਂ ਲੋਕਾਂ ਨੂੰ ਆਪਣਾ ਨਾਮ ਲਿਸਟ ਵਿੱਚ ਸਭ ਤੋਂ ਉਪਰ ਲਿਖਵਾਉਂਣ ਦੀ ਲਾਲਸਾ ਹੁੰਦੀ ਹੈ। ਉਹ ਹਮੇਸ਼ਾਂ ਘਟੀਆਂ ਸੋਚ ਆਪਣੇ ਦਿਮਾਗ ਵਿੱਚ ਪਾਲ ਲੈਂਦੇ ਹਨ ਅਤੇ ਜਿਸ ਵਿਅਕਤੀ ਦਾ ਨਾਮ ਸਹੀ ਅਰਥਾਂ ਵਿੱਚ ਸਭ ਤੋਂ ਉਪਰ ਹੋਣਾ ਚਾਹੀਦਾ ਹੁੰਦੈ ਉਸ ਨੂੰ ਬਈਮਾਨੀ ਨਾਲ ਹਰਾ ਦਿੰਦੇ ਹਨ। ਦਰਅਸਲ ਅਮੀਰੀ ਵਿੱਚ ਅਸੀਂ ਜੋ ਮੁਕਾਮ ਇੱਕ ਵਾਰ ਹਾਂਸਿਲ ਕਰ ਲੈਂਦੇ ਹਾਂ ਉਸ ਨੂੰ ਬਰਕਰਾਰ ਰੱਖਣ ਲਈ ਸਾਨੂੰ ਮੁਆਸ਼ਰੇ ਵਿੱਚ ਵਿੱਚਰਨ ਲਈ ਕਈਂ ਤਰ੍ਹਾਂ ਦੇ ਝੂਠੇ ਮਖੌਟੇ ਚਿਹਰੇ 'ਤੇ ਪਾਉਣੇ ਪੈਂਦੇ ਹਨ। ਅਮੀਰੀ ਵਿੱਚ ਅਸੀਂ ਆਪਣੇ ਆਪ ਤੱਕ ਸੀਮਤ ਹੋ ਕੇ ਰਹਿ ਜਾਂਦੇ ਹਨ ਅਤੇ ਦੁਨੀਆਂ ਤੋਂ ਦੂਰ ਹੋ ਜਾਂਦੇ ਹਾਂ। ਅਮੀਰ ਆਦਮੀ ਇਹੀ ਚਾਹੁੰਦਾ ਹੈ ਕਿ ਕੋਈ ਉਸਦੇ ਮੇਚ ਦਾ ਨਾ ਹੋ ਜਾਵੇ। ਤੁਸੀ ਬਹੁਤੇ ਵਾਰ ਦੇਖਿਆ ਹੋਵੇਗਾ ਕੇ ਇੱਕ ਆਮ ਆਦਮੀ ਜਦ ਕਿਸੇ ਸਮਾਗਮ ਵਿੱਚ ਜਾਵੇਗਾ ਤਾਂ ਬੇਲਾਗ ਅਤੇ ਨਿਡਰ ਹੋ ਕੇ ਘੁਮੇ ਫਿਰੇਗਾ ਅਤੇ ਖਾਵੇ ਪੀਵੇਗਾ, ਪਰ ਅਮੀਰ ਜਾਂ ਸਿਰਫ ਪੈਸੇ ਵਾਲਾ ਆਦਮੀ ਆਪਣੀ ਹੀ ਅਮੀਰ ਦੇ ਬੋਝ ਥੱਲੇ ਦੱਬਿਆ ਨਜਰ ਆਵੇਗਾ। ਉਹ ਨਾ ਤਾਂ ਚੱਜ ਨਾਲ ਖਾਣਾ ਖਾ ਸਕੇਗਾ ਨਾ ਹੀ ਕਿਸੇ ਨੂੰ ਚੰਗੀ ਤਰ੍ਹਾਂ ਮਿਲ ਸਕੇਗਾ। ਈਰਖਾ, ਹਾਉਮੈ, ਤੇ ਘ੍ਰਿਣਾ ਤੇ ਵਿਖਾਵਾ, ਅਮੀਰੀ ਦੇ ਲੱਛਣਾਂ ਵਿੱਚ ਆਪਣੇ ਆਪ ਸ਼ਾਮਿਲ ਹੋ ਜਾਂਦੇ ਹਨ। ਅਮੀਰੀ ਵਿੱਚ ਸਿਰਫ ਆਰਥਿਕ ਅਜਾਦੀ ਹੀ ਹੁੰਦੀ ਹੈ। ਸਦਾਚਾਰ ਅਤੇ ਰਵਾਇਤੀ ਕਦਰਾਂ ਕੀਮਤਾਂ ਦੀ ਜਗ੍ਹਾ ਬਹੁਤ ਹੀ ਮਾਮਲੀ ਹੁੰਦੀ ਹੈ ਜਾਂ ਫਿਰ ਹੁੰਦੀ ਹੀ ਨਹੀਂ। ਅਮੀਰੀ ਵਿੱਚ ਝੂਠੇ ਰੰਗਾਂ ਦਾ ਸਹਾਰਾ ਲੈਣਾ ਪੈਦਾ ਜਦਕੇ ਸਾਦਾ ਅਤੇ ਸਭਿਅਕ ਹੋਣਾ ਹੀ ਸੱਚੀ ਅਮੀਰੀ ਹੈ। ਖੁਸ਼ਹਾਲੀ ਖੁਸ਼ੀ ਦਾ ਪ੍ਰਤੀਕ ਹੈ। ਖੁਸ਼ਹਾਲ ਵਿਅਕਤੀ ਵਿੱਚ ਸਾੜਾ ਅਤੇ ਈਰਖਾ ਨਾਮ ਦੀ ਕੋਈ ਸ਼ੈਅ ਨਹੀਂ ਹੁੰਦੀ। ਉਹ ਹਮੇਸ਼ਾਂ ਸਾਂਝੇ ਵਿਕਾਸ ਅਤੇ ਰਵਾਇਤੀ ਕਦਰਾਂ ਕੀਮਤਾਂ ਦੀ ਹਾਮੀ ਭਰਦਾ ਹੈ। ਮੌਕੇ ਅਤੇ ਸਮੇ ਦੇ ਆਉਂਣ ਤੇ ਖੁਸ਼ਹਾਲ ਲੋਕ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਯਾਦਗਾਰਾਂ ਹਮੇਸ਼ਾਂ ਮਿਹਨਤਕਸ਼ ਅਤੇ ਸਿਰੜੀ ਲੋਕਾਂ ਦੀਆਂ ਬਣਦੀਆਂ ਹਨ ਅਤੇ ਮੇਲੇ ਵੀ ਹਮੇਸ਼ਾਂ ਕੁਝ ਚੰਗਾ ਕਰਕੇ ਗਏ ਲੋਕਾਂ ਦੀਆਂ ਕਬਰਾਂ 'ਤੇ ਲਗਦੇ ਨੇ। ਖੁਸ਼ਹਾਲ ਜਿੰਦਗੀ ਲਈ ਅਮੀਰ ਹੋਣਾ ਲਾਜਮੀ ਨਹੀਂ ਸਗੋਂ ਅਮੀਰ ਹੋਣ ਲਈ ਖੁਸ਼ਹਾਲ ਹੋਣਾ ਲਾਜਮੀ ਹੈ। ਖੁਸ਼ਹਾਲੀ ਮੰਨ ਦੀ ਸ਼ਾਂਤੀ ਹੈ, ਰੂਹ ਦਾ ਖੇੜਾ ਹੈ, ਮੰਨ ਦੀ ਰੋਸ਼ਨੀ ਹੈ। ਹਨੇਰਾ ਜਿਨਾਂ ਮਰਜੀ ਹੋਵੇ ਰੋਸ਼ਨੀ ਦੀ ਇੱਕ ਕਿਰਨ ਹੀ ਕਾਫੀ ਹੁੰਦੀ ਹੈ ਚਾਨਣ ਲਈ। ਆਓ ਮਨਾ ਦੇ ਹਨੇਰੇ ਦੂਰ ਕਰੀਏ ਤੇ ਖੁਸ਼ੀ ਖੁਸ਼ੀ ਨਾਲ ਖੁਸ਼ਹਾਲ ਜੀਵਨ ਦੀ ਸ਼ੁਰੂਆਤ ਦਾ ਮੁੱਢ ਬੰਨੀਏ ।
 
Top