ਖਿਮਾ ਦਾ ਦਾਨ

Parv

Prime VIP
ਖਿਮਾ ਮੰਗਣ ਵਾਂਗ ਹੀ ਜ਼ਰੂਰੀ ਆਦਤ ਹੈ— ਦੂਜਿਆਂ ਨੂੰ ਮੁਆਫ ਕਰ ਦੇਣਾ। ਅਸੀਂ ਦੂਜਿਆਂ ਦੀ ਭੁੱਲ ਨੂੰ ਜੇ ਪੱਥਰ ਦੀ ਲਕੀਰ ਵਾਂਗ ਆਪਣੇ ਮਨ ਵਿਚ ਵਸਾ ਲੈਂਦੇ ਹਾਂ ਅਤੇ ਉਸ ਨੂੰ ਮਿਟਾਉਣ ਭਾਵ ਭੁੱਲਣ ਦਾ ਨਾਂ ਨਹੀਂ ਲੈਂਦੇ ਤਾਂ ਆਪਣੇ ਹੀ ਮਨ 'ਤੇ ਬੋਝ ਪਾ ਲੈਂਦੇ ਹਾਂ। ਭੁੱਲਾਂ ਨੂੰ ਮਨ ਵਿਚ ਇਕੱਠੀਆਂ ਕਰ ਲੈਣਾ, ਇਹ ਕਿਹੋ ਜਿਹਾ ਸ਼ੌਕ ਹੈ। ਸੁਲਗਦੀ ਹੋਈ ਸਵਾਹ ਜਾਂ ਸੜਦੇ ਹੋਏ ਕੂੜੇ ਨੂੰ ਮਨ ਵਿਚ ਭਰ ਲੈਣਾ ਤਾਂ ਬੇਵਕੂਫੀ ਹੈ। ਦੂਜੇ ਦੀ ਭੁੱਲ ਨੂੰ ਮਨ ਵਿਚ ਵਸਾ ਲੈਣਾ ਤਾਂ ਆਪਣੇ ਲਈ ਖੁਦ ਸੂਲੀ ਜਾਂ ਕੰਡਿਆਂ ਦੀ ਸੇਜ ਤਿਆਰ ਕਰਨਾ ਹੈ। ਫਿਰ ਜੇ ਅਸੀਂ ਦੂਜਿਆਂ ਦੀਆਂ ਭੁੱਲਾਂ ਲਈ ਉਨ੍ਹਾਂ ਨੂੰ ਮੁਆਫ ਨਹੀਂ ਕਰਦੇ ਤਾਂ ਰੱਬ ਤੋਂ ਆਪਣੇ ਪਾਪਾਂ ਤੇ ਅਪਰਾਧਾਂ ਦੀ ਥੋੜ੍ਹੀ ਜਿਹੀ ਮੁਆਫੀ ਦੀ ਆਸ ਰੱਖਣ ਦੇ ਵੀ ਯੋਗ ਕਿਵੇਂ ਬਣ ਸਕਦੇ ਹਾਂ?
ਇਸ ਲਈ ਸਾਨੂੰ ਆਪਣੇ ਮਨ ਨੂੰ ਵਿਸ਼ਾਲ ਬਣਾਉਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ। ਇਹ ਕਲਯੁੱਗ ਦਾ ਆਖਰੀ ਪੜਾਅ ਹੈ। ਭੁੱਲ ਤਾਂ ਅਕਸਰ ਸਾਰੇ ਕਰਦੇ ਹਨ। ਮਾੜੀਆਂ ਆਦਤਾਂ ਵੀ ਥੋੜ੍ਹੀਆਂ-ਬਹੁਤ ਸਾਰਿਆਂ ਵਿਚ ਹਨ, ਇਸ ਲਈ ਮੁਆਫ ਕਰੋ। ਹੁਣ ਆਪਣੇ ਜੀਵਨ ਵਿਚ ਮੁਆਫੀ ਦਾ ਅਧਿਆਏ ਖੋਲ੍ਹੋ ਅਤੇ ਕੁਝ ਦਾਨ ਨਹੀਂ ਕਰਦੇ ਤਾਂ ਖਿਮਾ-ਦਾਨ ਹੀ ਕਰ ਦਿਓ।
ਮੁਆਫ ਨਾ ਕਰਨ ਨਾਲ ਵਿਅਕਤੀ ਖੁਦ ਹੀ 'ਕੂੜੇਦਾਨ' ਜਾਂ ਬੇਸਮਝ ਬਣ ਜਾਂਦਾ ਹੈ। ਦਿਆਲੂ ਰੱਬ ਦੇ ਦਿਆਲੂ ਬੱਚੇ ਬਣੋ। 'ਮੁਆਫੀ' ਤੋਂ ਭਾਵ ਇਹ ਨਹੀਂ ਕਿ ਧੋਖੇਬਾਜ਼, ਮੱਕਾਰ, ਅੱਤਿਆਚਾਰੀ ਤੇ ਜ਼ਾਲਿਮ ਵਿਅਕਤੀ ਨੂੰ ਅਜਿਹੀ ਮੁਆਫੀ ਦਿਓ ਕਿ ਉਹ ਤੁਹਾਨੂੰ ਹੀ ਨਿਗਲ ਜਾਵੇ। ਜ਼ਾਲਿਮ ਨੂੰ ਵਾਰ-ਵਾਰ ਜ਼ੁਲਮ ਕਰਨ ਦੀ ਖੁੱਲ੍ਹੀ ਛੋਟ ਨਾ ਦਿਓ। ਮੁਆਫ ਕਰਨ ਤੋਂ ਇਹ ਵੀ ਭਾਵ ਨਹੀਂ ਕਿ ਤੁਸੀਂ ਤਲਵਾਰ ਚੁੱਕ ਕੇ ਉਸ ਨੂੰ ਇਥੋਂ ਸਿੱਧੇ ਧਰਮਰਾਜ ਕੋਲ ਭੇਜ ਦਿਓ।
 
Top