ਕੌਮਾਂਤਰੀ ਬੋਲੀ ਦਿਵਸ 'ਤੇ ਵਿਸ਼ੇਸ਼

Yaar Punjabi

Prime VIP
ਆਓ ਦੋ ਕਦਮ ਤੁਰੀਏ, ਤਾਂ ਜੋ ਪੰਜਾਬੀ ਜ਼ਿੰਦਾ ਰਹੇ
ਜਦੋਂ ਤੋਂ ਸੰਯੁਕਤ ਰਾਸ਼ਟਰ ਸੰਘ ਦੀ ਏਜੰਸੀ ਯੂਨੈਸਕੋ ਨੇ ਖ਼ਤਰੇ ਦੀ ਇਹ ਘੰਟੀ ਖੜਕਾਈ ਹੈ ਕਿ ਹੁਣ ਤੱਕ ਬਚ ਰਹੀਆਂ ਛੇ ਹਜ਼ਾਰ ਭਾਸ਼ਾਵਾਂ ਵਿਚੋਂ ਬਹੁਤ ਸਾਰੀਆਂ ਇਸ ਸਦੀ ਦੇ ਅਖੀਰ ਤੱਕ ਅਲੋਪ ਹੋ ਜਾਣਗੀਆਂ, ਦੁਨੀਆ ਭਰ ਵਿਚ ਆਪੋ-ਆਪਣੀਆਂ ਮਾਂ-ਬੋਲੀਆਂ ਨੂੰ ਬਚਾਉਣ ਲਈ ਵੱਖ-ਵੱਖ ਖਿੱਤਿਆਂ ਦੇ ਲੋਕਾਂ ਨੇ ਕੁਝ ਯਤਨ ਆਰੰਭ ਦਿੱਤੇ ਹਨ ਪਰ ਬਹੁਤ ਸਾਰੀਆਂ ਪਛੜੀਆਂ ਅਤੇ ਗ਼ਰੀਬ ਕੌਮਾਂ ਅਜੇ ਵੀ ਇਸ ਖ਼ਤਰੇ ਤੋਂ ਅਨਜਾਣ ਘੂਕ ਸੁੱਤੀਆਂ ਪਈਆਂ ਹਨ। ਇਹ ਚੰਗੀ ਗੱਲ ਹੈ ਕਿ ਯੂਨੈਸਕੋ ਨੇ ਖ਼ੁਦ ਦੁਨੀਆ ਦੀ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਬਚਾਉਣ ਲਈ ਕਾਫੀ ਕੰਮ ਕੀਤਾ ਹੈ। ਦੁਨੀਆ ਵਿਚ ਅਲੋਪ ਹੋ ਰਹੀਆਂ ਜਾਂ ਅਲੋਪ ਹੋਣ ਦੇ ਅਮਲ ਵਿਚੋਂ ਗੁਜ਼ਰ ਰਹੀਆਂ ਭਾਸ਼ਾਵਾਂ ਦਾ ਨਕਸ਼ਾ ਤਿਆਰ ਕਰਕੇ ਆਪਣੀ ਵੈੱਬਸਾਈਟ 'ਤੇ ਪਾਇਆ ਹੈ ਅਤੇ ਇਸ ਦੇ ਨਾਲ ਹੀ ਯੂਨੈਸਕੋ ਨੇ ਦੁਨੀਆ ਭਰ ਦੇ ਭਾਸ਼ਾਈ ਵਿਦਵਾਨਾਂ ਦੀ ਪੈਰਿਸ ਵਿਚ 2003 'ਚ 10 ਤੋਂ 12 ਮਾਰਚ ਤੱਕ ਕਾਨਫ਼ਰੰਸ ਕਰਵਾ ਕੇ ਭਾਸ਼ਾਵਾਂ ਦੇ ਅਲੋਪ ਹੋ ਜਾਣ ਦੇ ਲੱਛਣ ਤੈਅ ਕਰਕੇ ਉਨ੍ਹਾਂ ਨੂੰ ਅਲੋਪ ਹੋਣ ਤੋਂ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਇਕ ਵਿਸਥਾਰਪੂਰਵਕ ਦਸਤਾਵੇਜ਼ 'ਲੈਂਗੂਏਜ਼ ਵਾਇਟੇਲਿਟੀ ਐਂਡ ਇੰਡਜਰਡਮੈਂਟ' ਦੇ ਸਿਰਲੇਖ ਹੇਠ ਤਿਆਰ ਕਰਕੇ ਆਪਣੀ ਵੈੱਬਸਾਈਟ 'ਤੇ ਪਾਇਆ ਹੈ। ਇਸ ਦਸਤਾਵੇਜ਼ ਵਿਚ ਕਿਸੇ ਭਾਸ਼ਾ ਦੇ ਅਲੋਪ ਹੋ ਜਾਣ ਦੇ ਲੱਛਣਾਂ ਦੀ ਚਰਚਾ ਕਰਦਿਆਂ ਇਹ ਕਿਹਾ ਗਿਆ ਹੈ ਕਿ ਜੇਕਰ ਕਿਸੇ ਖਿੱਤੇ ਦੇ ਲੋਕਾਂ ਦੀ ਅਗਲੀ ਪੀੜ੍ਹੀ ਉਸੇ ਤਰ੍ਹਾਂ ਆਪਣੀ ਜ਼ਬਾਨ ਨੂੰ ਨਹੀਂ ਅਪਣਾਉਂਦੀ, ਜਿਸ ਤਰ੍ਹਾਂ ਕਿ ਪਹਿਲੀ ਪੀੜ੍ਹੀ ਨੇ ਅਪਣਾਈ ਹੁੰਦੀ ਹੈ, ਤਾਂ ਅਜਿਹੀ ਜ਼ਬਾਨ ਦੇ ਅਲੋਪ ਹੋ ਜਾਣ ਦਾ ਅਮਲ ਸ਼ੁਰੂ ਹੋ ਜਾਂਦਾ ਹੈ। ਭਾਵ ਜਿਸ ਤਰ੍ਹਾਂ ਅੱਜ ਬਹੁਤੇ ਪੰਜਾਬੀ ਆਪਣੀ ਜ਼ਬਾਨ ਲਿਖਦੇ, ਪੜ੍ਹਦੇ ਅਤੇ ਬੋਲਦੇ ਹਨ ਪਰ ਉਨ੍ਹਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਾਲੇ ਨਿੱਜੀ ਸਕੂਲ ਜੇਕਰ ਪੰਜਾਬੀ ਨਹੀਂ ਪੜ੍ਹਾਉਂਦੇ ਜਾਂ ਪੰਜਾਬੀ ਬੋਲਣ 'ਤੇ ਪਾਬੰਦੀ ਲਾ ਕੇ ਉਨ੍ਹਾਂ ਨੂੰ ਇਹ ਜ਼ਬਾਨ ਬੋਲਣ ਤੋਂ ਨਿਰਉਤਸ਼ਾਹਿਤ ਕਰਦੇ ਹਨ ਤਾਂ ਇਨ੍ਹਾਂ ਸਕੂਲਾਂ ਵਿਚ ਪੰਜਾਬੀਆਂ ਦੀ ਪੜ੍ਹ ਰਹੀ ਅਗਲੀ ਪੀੜ੍ਹੀ ਪੰਜਾਬੀ ਜ਼ਬਾਨ ਤੋਂ ਕੋਰੀ ਹੋ ਜਾਏਗੀ। ਇਸ ਦਸਤਾਵੇਜ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਖਿੱਤੇ ਦੀ ਸਰਕਾਰ ਆਪਣਾ ਪ੍ਰਸ਼ਾਸਨਿਕ ਕੰਮਕਾਜ ਵੱਡੀ ਪੱਧਰ 'ਤੇ ਲੋਕਾਂ ਦੀ ਜ਼ਬਾਨ ਵਿਚ ਨਹੀਂ ਕਰਦੀ ਤਾਂ ਵੀ ਉਹ ਜ਼ਬਾਨ ਅਲੋਪ ਹੋ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਕਿਸੇ ਖਿੱਤੇ ਵਿਚ ਮੀਡੀਆ ਦੇ ਵੱਖ-ਵੱਖ ਰੂਪਾਂ ਵੱਲੋਂ ਲੋਕਾਂ ਦੀ ਜ਼ਬਾਨ ਨੂੰ ਸੂਚਨਾ ਦੇਣ ਅਤੇ ਸੂਚਨਾ ਲੈਣ ਲਈ ਨਹੀਂ ਵਰਤਿਆ ਜਾਂਦਾ ਤਾਂ ਵੀ ਉਹ ਜ਼ਬਾਨ ਅਲੋਪ ਹੋਣ ਲੱਗ ਪੈਂਦੀ ਹੈ। ਸਮੁੱਚੇ ਤੌਰ 'ਤੇ ਇਹ ਦਸਤਾਵੇਜ਼ ਇਹ ਨਿਚੋੜ ਕੱਢਦਾ ਹੈ ਕਿ ਕਿਸੇ ਖਿੱਤੇ ਦੀ ਜ਼ਬਾਨ ਨੂੰ ਅਲੋਪ ਹੋਣ ਤੋਂ ਰੋਕਣ ਲਈ ਲੋਕ-ਜੀਵਨ ਦੇ ਵੱਧ ਤੋਂ ਵੱਧ ਖੇਤਰਾਂ ਵਿਚ ਉਸ ਦੀ ਵਰਤੋਂ ਹੋਣੀ ਚਾਹੀਦੀ ਹੈ। ਭਾਵ ਜੇਕਰ ਕਿਸੇ ਜ਼ਬਾਨ ਨੂੰ ਸਿੱਖਿਆ ਦੀ, ਸਰਕਾਰ ਦੀ, ਪਰਿਵਾਰ ਦੀ ਅਤੇ ਕਾਰੋਬਾਰ ਦੀ ਜ਼ਬਾਨ ਬਣਾ ਕੇ ਰੱਖਿਆ ਜਾਵੇ ਤਾਂ ਜ਼ਬਾਨ ਨੂੰ ਅਲੋਪ ਹੋਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਉਸ ਦਾ ਅੱਗੇ ਨਵੇਂ-ਨਵੇਂ ਖੇਤਰਾਂ ਵਿਚ ਪ੍ਰਚਾਰ-ਪ੍ਰਸਾਰ ਅਤੇ ਵਿਕਾਸ ਵੀ ਸੰਭਵ ਬਣਾਇਆ ਜਾ ਸਕਦਾ ਹੈ। ਯੂਨੈਸਕੋ ਦੇ ਉਪਰੋਕਤ ਦਸਤਾਵੇਜ਼ ਦੀ ਰੌਸ਼ਨੀ ਵਿਚ ਅਸੀਂ ਜਦੋਂ ਆਪਣੀ ਮਾਂ-ਬੋਲੀ ਪੰਜਾਬੀ ਦੇ ਭਵਿੱਖ ਬਾਰੇ ਸੋਚਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਭਾਵੇਂ ਯੂਨੈਸਕੋ ਨੇ ਪੰਜਾਬੀ ਨੂੰ ਅਲੋਪ ਹੋ ਰਹੀਆਂ ਜਾਂ ਅਲੋਪ ਹੋਣ ਦੇ ਅਮਲ ਵਿਚੋਂ ਗੁਜ਼ਰ ਰਹੀਆਂ ਭਾਸ਼ਾਵਾਂ ਦੀ ਸ਼੍ਰੇਣੀ ਵਿਚ ਅਜੇ ਸ਼ਾਮਿਲ ਨਹੀਂ ਕੀਤਾ, ਪਰ ਕਿਸੇ ਜ਼ਬਾਨ ਦੇ ਅਲੋਪ ਹੋਣ ਦੇ ਅਮਲ ਸਬੰਧੀ ਉਸ ਨੇ ਜੋ ਮਾਪਦੰਡ ਤੈਅ ਕੀਤੇ ਹਨ, ਉਨ੍ਹਾਂ ਨੂੰ ਆਪਣੀ ਜ਼ਬਾਨ 'ਤੇ ਲਾਗੂ ਕਰਕੇ ਜਦੋਂ ਅਸੀਂ ਵੇਖਦੇ ਹਾਂ, ਤਾਂ ਇਹ ਗੱਲ ਸਪੱਸ਼ਟ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਸਾਡੀ ਜ਼ਬਾਨ ਵੀ ਅਲੋਪ ਹੋਣ ਦੇ ਅਮਲ ਵਿਚੋਂ ਗੁਜ਼ਰ ਰਹੀ ਹੈ। ਪੰਜਾਬੀਆਂ ਦੀ ਨਵੀਂ ਪੀੜ੍ਹੀ ਜਿਹੜੀ ਕਿ ਵਧੇਰੇ ਕਰਕੇ ਸ਼ਹਿਰਾਂ ਦੇ ਵੱਡੇ-ਵੱਡੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਪੜ੍ਹ ਰਹੀ ਹੈ, ਉਹ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਕਿਉਂਕਿ ਪੰਜਾਬ ਦੇ ਬਹੁਤ ਸਾਰੇ ਅੰਗਰੇਜ਼ੀ ਮਾਧਿਅਮ ਵਾਲੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੇ ਸਕੂਲਾਂ ਅੰਦਰ ਪੰਜਾਬੀ ਬੋਲਣ 'ਤੇ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਹਨ ਅਤੇ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਸਰੀਰਕ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਜੁਰਮਾਨੇ ਵੀ ਕੀਤੇ ਜਾਂਦੇ ਹਨ। ਸਕੂਲਾਂ ਵੱਲੋਂ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਇਹ ਸਿੱਧ ਕੀਤਾ ਜਾਵੇ ਕਿ ਉਨ੍ਹਾਂ ਦਾ ਸਕੂਲ ਅੰਗਰੇਜ਼ੀ ਵਿਚ ਸਿੱਖਿਆ ਦੇਣ ਵਾਲਾ ਬਹੁਤ ਹੀ ਉੱਚ ਪੱਧਰੀ ਸਕੂਲ ਹੈ ਅਤੇ ਇਸ ਸਕੂਲ ਦੇ ਅੰਦਰ ਕੋਈ ਵੀ ਪੰਜਾਬੀ ਵਿਚ ਗੱਲ ਨਹੀਂ ਕਰ ਸਕਦਾ। ਵੱਡੇ ਨਿੱਜੀ ਸਕੂਲਾਂ ਦੇ ਪ੍ਰਬੰਧਕ ਸਮਝਦੇ ਹਨ ਕਿ ਇਸ ਤਰ੍ਹਾਂ ਉਹ ਅਮੀਰਾਂ ਤੋਂ ਵੱਧ ਤੋਂ ਵੱਧ ਫੀਸਾਂ ਵਸੂਲ ਕੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਸਕੂਲਾਂ 'ਚ ਦਾਖ਼ਲ ਕਰ ਸਕਦੇ ਹਨ। ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਦੇ ਸਕੂਲ ਵਿਚ ਪੰਜਾਬੀ ਬੋਲਣ 'ਤੇ ਪਾਬੰਦੀ ਲਾਉਣ ਦਾ ਇਕ ਹੋਰ ਵੱਡਾ ਕਾਰਨ ਇਹ ਵੀ ਗਿਣਾਇਆ ਜਾਂਦਾ ਹੈ ਕਿ ਇਸ ਤਰ੍ਹਾਂ ਬੱਚੇ ਅੰਗਰੇਜ਼ੀ ਬੋਲਣ ਵਿਚ ਮੁਹਾਰਤ ਹਾਸਲ ਕਰ ਸਕਦੇ ਹਨ। ਉਂਝ ਕੁਝ ਸਕੂਲਾਂ ਦੇ ਪ੍ਰਬੰਧਕਾਂ ਨੇ ਇਹ ਵਤੀਰਾ ਵੀ ਅਖ਼ਤਿਆਰ ਕੀਤਾ ਹੋਇਆ ਹੈ ਕਿ ਜੇਕਰ ਬੱਚੇ ਅੰਗਰੇਜ਼ੀ ਨਹੀਂ ਬੋਲ ਸਕਦੇ ਤਾਂ ਉਹ ਹਿੰਦੀ ਵਿਚ ਗੱਲ ਕਰ ਲੈਣ ਪਰ ਪੰਜਾਬੀ ਬਿਲਕੁਲ ਨਾ ਬੋਲਣ। ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਮਾਸੂਮ ਬੱਚਿਆਂ ਦੇ ਮਨਾਂ ਵਿਚ ਅਜਿਹੀਆਂ ਪਾਬੰਦੀਆਂ ਕਾਰਨ ਆਪਣੀ ਮਾਂ-ਬੋਲੀ ਪੰਜਾਬੀ ਬਾਰੇ ਅਨੇਕਾਂ ਪ੍ਰਕਾਰ ਦੀਆਂ ਗ਼ਲਤ ਧਾਰਨਾਵਾਂ ਪੈਦਾ ਹੋ ਰਹੀਆਂ ਹਨ। ਇਸ ਤਰ੍ਹਾਂ ਪੈਦਾ ਹੋਈ ਹੀਣ ਭਾਵਨਾ ਅਧੀਨ ਉਹ ਮੰਨਣ ਲੱਗ ਪੈਂਦੇ ਹਨ ਕਿ ਪੰਜਾਬੀ ਬਹੁਤ ਹੀ ਘਟੀਆ ਜ਼ਬਾਨ ਹੈ, ਜਿਸ ਨੂੰ ਬੋਲਣ ਵਾਲੇ ਲੋਕ ਆਧੁਨਿਕ ਜਾਂ ਸੱਭਿਅਕ ਨਹੀਂ ਅਖਵਾ ਸਕਦੇ ਅਤੇ ਨਾ ਹੀ ਜ਼ਿੰਦਗੀ ਵਿਚ ਵਿਕਾਸ ਕਰ ਸਕਦੇ ਹਨ। ਇਸ ਤਰ੍ਹਾਂ ਪਿੰਡਾਂ ਅਤੇ ਸ਼ਹਿਰਾਂ ਵਿਚ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਪੜ੍ਹ ਰਹੇ ਇਨ੍ਹਾਂ ਬਹੁਤ ਸਾਰੇ ਬੱਚਿਆਂ ਦੇ ਮਨਾਂ ਵਿਚ ਆਪਣੀ ਮਾਂ-ਬੋਲੀ ਸਬੰਧੀ ਤ੍ਰਿਸਕਾਰ ਦੀ ਭਾਵਨਾ ਪੈਦਾ ਹੁੰਦੀ ਜਾ ਰਹੀ ਹੈ। ਅਜਿਹੇ ਬੱਚੇ ਘਰ ਆ ਕੇ ਵੀ ਹਿੰਦੀ ਜਾਂ ਅੰਗਰੇਜ਼ੀ ਵਿਚ ਹੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਸਕੂਲਾਂ ਵੱਲੋਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਵੀ ਕਿਹਾ ਜਾਂਦਾ ਹੈ। ਇਸ ਸਭ ਕੁਝ ਦੇ ਸਿੱਟੇ ਵਜੋਂ ਪੰਜਾਬੀਆਂ ਦੀ ਨਵੀਂ ਪੀੜ੍ਹੀ ਦਾ ਇਕ ਵੱਡਾ ਹਿੱਸਾ, ਖਾਸ ਕਰਕੇ ਪੰਜਾਬੀਆਂ ਦੇ ਮੱਧ ਵਰਗ ਤੇ ਅਮੀਰ ਪਰਿਵਾਰਾਂ ਦੇ ਬੱਚੇ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ। ਭਾਵੇਂ ਪੰਜਾਬ ਸਰਕਾਰ ਵੱਲੋਂ 2008 ਵਿਚ ਬਣਾਏ ਗਏ ਇਕ ਕਾਨੂੰਨ ਅਧੀਨ ਬਹੁਤ ਸਾਰੇ ਅੰਗਰੇਜ਼ੀ ਮਾਧਿਅਮ ਸਕੂਲਾਂ ਨੇ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਪੜ੍ਹਾਉਣ ਲਈ ਕੁਝ ਕਦਮ ਚੁੱਕੇ ਹਨ ਪਰ ਸਮੁੱਚੇ ਤੌਰ 'ਤੇ ਉਨ੍ਹਾਂ ਦਾ ਪੰਜਾਬੀ ਵਿਰੋਧੀ ਵਤੀਰਾ ਅਜੇ ਵੀ ਬਣਿਆ ਹੋਇਆ ਹੈ। ਜਿਥੋਂ ਤੱਕ ਪੰਜਾਬ ਦੇ ਪ੍ਰਸ਼ਾਸਨ ਦਾ ਸਬੰਧ ਹੈ, ਭਾਵੇਂ ਬਲਾਕ, ਤਹਿਸੀਲ ਅਤੇ ਜ਼ਿਲ੍ਹਾ ਪੱਧਰ 'ਤੇ ਕੁਝ ਸਰਕਾਰੀ ਵਿਭਾਗਾਂ ਨੇ ਕੰਮਕਾਜ ਪੰਜਾਬੀ ਵਿਚ ਸ਼ੁਰੂ ਕਰ ਦਿੱਤਾ ਹੈ ਪਰ ਅਜੇ ਵੀ ਬਹੁਤ ਸਾਰੇ ਸਰਕਾਰੀ ਵਿਭਾਗਾਂ 'ਚ ਉਪਰਲੇ ਪੱਧਰ 'ਤੇ ਅੰਗਰੇਜ਼ੀ ਵਿਚ ਹੀ ਕੰਮਕਾਜ ਕੀਤਾ ਜਾ ਰਿਹਾ ਹੈ। ਨਿਆਂਪਾਲਿਕਾ ਦਾ ਸਾਰਾ ਕੰਮਕਾਜ ਅਜੇ ਵੀ ਅੰਗਰੇਜ਼ੀ ਵਿਚ ਹੀ ਚੱਲ ਰਿਹਾ ਹੈ। ਮੁਢਲੀਆਂ ਸੇਵਾਵਾਂ ਅਤੇ ਆਰਥਿਕਤਾ ਦੇ ਵੱਖ-ਵੱਖ ਖੇਤਰਾਂ ਦਾ ਵਧੇਰੇ ਨਿੱਜੀਕਰਨ ਹੋਣ ਨਾਲ ਇਨ੍ਹਾਂ ਖੇਤਰਾਂ ਵਿਚ ਵੀ ਅੰਗਰੇਜ਼ੀ ਦੀ ਧੜੱਲੇ ਨਾਲ ਵਰਤੋਂ ਹੋ ਰਹੀ ਹੈ। ਦੇਸ਼ ਦੀ ਪ੍ਰਸ਼ਾਸਨਿਕ ਮਸ਼ੀਨਰੀ ਦੀ, ਆਈ. ਏ. ਐਸ. ਅਤੇ ਆਈ. ਪੀ. ਐਸ. ਅਧਿਕਾਰੀ ਇਕ ਅਹਿਮ ਕੜੀ ਹਨ। ਭਾਵੇਂ ਕਿ ਨਿਯਮਾਂ ਮੁਤਾਬਿਕ, ਇਨ੍ਹਾਂ ਨੇ ਜਿਸ ਵੀ ਸੂਬੇ ਵਿਚ ਆਪਣੀਆਂ ਸੇਵਾਵਾਂ ਦੇਣੀਆਂ ਹੁੰਦੀਆਂ ਹਨ, ਉਥੋਂ ਦੇ ਲੋਕਾਂ ਦੀ ਜ਼ਬਾਨ ਲਿਖਣੀ, ਪੜ੍ਹਨੀ ਅਤੇ ਬੋਲਣੀ ਸਿੱਖਣਾ ਇਨ੍ਹਾਂ ਲਈ ਜ਼ਰੂਰੀ ਕਰਾਰ ਦਿੱਤਾ ਗਿਆ ਹੈ, ਪਰ ਘੱਟ ਹੀ ਉੱਚ ਅਧਿਕਾਰੀ ਅਜਿਹਾ ਕਰਦੇ ਹਨ। ਸਗੋਂ ਉਹ ਖ਼ੁਦ ਲੋਕਾਂ ਦੀ ਜ਼ਬਾਨ ਵਿਚ ਕੰਮਕਾਜ ਕਰਨ ਦੀ ਥਾਂ ਆਪਣੇ ਹੇਠਲੇ ਅਧਿਕਾਰੀਆਂ 'ਤੇ ਵੀ ਅੰਗਰੇਜ਼ੀ ਵਿਚ ਕੰਮਕਾਰ ਕਰਨ ਲਈ ਦਬਾਅ ਪਾਉਂਦੇ ਰਹਿੰਦੇ ਹਨ। ਇਸ ਕਾਰਨ ਵੀ ਦੇਸ਼ ਵਿਚ ਖੇਤਰੀ ਭਾਸ਼ਾਵਾਂ ਨੂੰ ਪ੍ਰਸ਼ਾਸਨ ਵਿਚ ਵਧੇਰੇ ਮਹੱਤਵ ਨਹੀਂ ਦਿੱਤਾ ਜਾ ਸਕਿਆ। ਨਿਆਂਪਾਲਿਕਾ ਵਿਚ ਭਾਵੇਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਆਦਿ ਰਾਜਾਂ ਨੇ ਕੇਂਦਰ ਤੋਂ ਆਪਣੀਆਂ ਹਾਈ ਕੋਰਟਾਂ ਹਿੰਦੀ ਵਿਚ ਚਲਾਉਣ ਦੀ ਇਜਾਜ਼ਤ ਲੈ ਲਈ ਹੈ। ਪਰ ਕੇਂਦਰ ਸਰਕਾਰ ਹੋਰ ਗ਼ੈਰ-ਹਿੰਦੀ ਭਾਸ਼ਾਈ ਰਾਜਾਂ ਨੂੰ ਅਜਿਹੀ ਇਜਾਜ਼ਤ ਦੇਣ ਤੋਂ ਸੰਕੋਚ ਕਰ ਰਹੀ ਹੈ। ਇਸ ਕਰਕੇ ਦੇਸ਼ ਵਿਚ ਨਿਆਂਪਾਲਿਕਾ ਦਾ ਬਹੁਤਾ ਕੰਮਕਾਜ ਅਜੇ ਵੀ ਅੰਗਰੇਜ਼ੀ ਵਿਚ ਹੀ ਹੋ ਰਿਹਾ ਹੈ। ਇਸ ਕਾਰਨ ਵੀ ਖੇਤਰੀ ਭਾਸ਼ਾਵਾਂ ਦਾ ਵਿਕਾਸ ਰੁਕਿਆ ਹੋਇਆ ਹੈ। ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਪੰਜਾਬੀਆਂ ਅਤੇ ਦੇਸ਼ ਦੇ ਹੋਰ ਵੱਖ-ਵੱਖ ਭਾਸ਼ਾਈ ਰਾਜਾਂ ਦੇ ਲੋਕਾਂ ਦੇ ਇਕ ਵੱਡੇ ਹਿੱਸੇ ਵਿਚ ਵੀ ਇਹ ਸੋਚ ਵੱਧ-ਫੁਲ ਰਹੀ ਹੈ ਕਿ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾ ਕੇ ਹੀ ਉਨ੍ਹਾਂ ਦੇ ਵਿਕਾਸ ਦਾ ਰਸਤਾ ਖੋਲ੍ਹਿਆ ਜਾ ਸਕਦਾ ਹੈ। ਹੋਰ ਕੋਈ ਜ਼ਬਾਨ ਸਿਖਾਉਣ ਦੀ ਉਨ੍ਹਾਂ ਨੂੰ ਕੋਈ ਲੋੜ ਨਹੀਂ। ਵੱਖ-ਵੱਖ ਭਾਸ਼ਾਈ ਰਾਜਾਂ ਦੇ ਮੱਧ ਵਰਗ ਅਤੇ ਉਪਰਲੇ ਵਰਗ ਵਿਚ ਪੈਦਾ ਹੋ ਰਹੀ ਇਹ ਸੋਚ ਵੀ ਖੇਤਰੀ ਭਾਸ਼ਾਵਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ। ਕੁਝ ਲੋਕਾਂ ਦਾ ਇਹ ਦ੍ਰਿੜ੍ਹ ਵਿਚਾਰ ਹੈ ਕਿ ਜੇਕਰ ਕੋਈ ਜ਼ਬਾਨ ਮਰ ਵੀ ਜਾਏਗੀ ਤਾਂ ਇਸ ਨਾਲ ਕੋਈ ਵੱਡੀ ਆਫ਼ਤ ਨਹੀਂ ਆਉਣ ਵਾਲੀ। ਲੋਕ ਗੱਲਾਂਬਾਤਾਂ ਕਰਨ ਲਈ ਜਾਂ ਲਿਖਣ, ਪੜ੍ਹਨ ਲਈ ਕਿਸੇ ਹੋਰ ਜ਼ਬਾਨ ਦੀ ਚੋਣ ਕਰ ਲੈਣਗੇ। ਇਸ 'ਤੇ ਬਹੁਤਾ ਹੋ-ਹੱਲਾ ਮਚਾਉਣ ਜਾਂ ਮਰ ਰਹੀ ਜ਼ਬਾਨ ਨੂੰ ਬਚਾਉਣ ਲਈ ਓਹੜ-ਪੋਹੜ ਕਰਨ ਦੀ ਕੋਈ ਲੋੜ ਨਹੀਂ? ਪਰ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਕੋਈ ਜ਼ਬਾਨ ਮਰਦੀ ਹੈ ਤਾਂ ਉਸ ਜ਼ਬਾਨ ਵਿਚ ਲਿਖਿਆ ਹੋਇਆ ਇਤਿਹਾਸ ਵੀ ਮਰਦਾ ਹੈ, ਸੱਭਿਆਚਾਰ ਵੀ ਮਰਦਾ ਹੈ, ਸਾਹਿਤ ਵੀ ਮਰਦਾ ਹੈ, ਪੱਤਰਕਾਰੀ ਵੀ ਮਰਦੀ ਹੈ ਅਤੇ ਗੀਤ-ਸੰਗੀਤ ਵੀ ਮਰਦਾ ਹੈ। ਸਦੀਆਂ ਤੋਂ ਇਸ ਧਰਤੀ 'ਤੇ ਜਿਊਂਦਿਆਂ ਉਸ ਜ਼ਬਾਨ ਦੀਆਂ ਪਿਛਲੀਆਂ ਪੀੜ੍ਹੀਆਂ ਵੱਲੋਂ ਚੰਗਾ ਤੇ ਸੰਤੁਲਿਤ ਜੀਵਨ ਜਿਉਣ ਲਈ ਆਪਣੇ ਤਜਰਬਿਆਂ ਦੇ ਆਧਾਰ 'ਤੇ ਜੋ ਗਿਆਨ ਜਾਂ ਜੀਵਨ-ਦਰਸ਼ਨ ਪੁਸਤਕਾਂ ਜਾਂ ਧਾਰਮਿਕ ਗ੍ਰੰਥਾਂ ਦੇ ਰੂਪ ਵਿਚ ਸੰਭਾਲਿਆ ਗਿਆ ਹੁੰਦਾ ਹੈ, ਉਹ ਵੀ ਗ਼ੈਰ-ਪ੍ਰਸੰਗਿਕ ਹੋ ਕੇ ਅਲੋਪ ਹੋ ਜਾਂਦਾ ਹੈ। ਸਮੁੱਚੇ ਤੌਰ 'ਤੇ ਇਹ ਆਖਿਆ ਜਾ ਸਕਦਾ ਹੈ ਕਿ ਜਦੋਂ ਕਿਸੇ ਖਿੱਤੇ ਦੇ ਲੋਕਾਂ ਦੀ ਜ਼ਬਾਨ ਮਰਦੀ ਹੈ ਤਾਂ ਉਹ ਜ਼ਬਾਨ ਲਿਖਣ, ਪੜ੍ਹਨ ਅਤੇ ਬੋਲਣ ਵਾਲੀ ਸਮੁੱਚੀ ਕੌਮ ਦਾ ਹੀ ਖ਼ਾਤਮਾ ਹੋ ਜਾਂਦਾ ਹੈ। ਇਸ ਸੰਦਰਭ ਵਿਚ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਪੰਜਾਬੀ ਇਸੇ ਤਰ੍ਹਾਂ ਆਪਣੀ ਜ਼ਬਾਨ ਤੋਂ ਦੂਰ ਹੁੰਦੇ ਗਏ ਤਾਂ ਸਦੀਆਂ ਦੇ ਬੀਤਣ ਨਾਲ ਇਕ ਦਿਨ ਉਹ ਵੀ ਆਏਗਾ ਕਿ ਪੰਜਾਬ ਸਿਰਫ ਨਾਂਅ ਦਾ ਹੀ ਪੰਜਾਬ ਰਹਿ ਜਾਏਗਾ। ਇਥੇ ਰਹਿਣ ਵਾਲੇ ਲੋਕ ਪੰਜਾਬੀ ਨਹੀਂ ਹੋਣਗੇ। ਉਨ੍ਹਾਂ ਦੀ ਕੌਮੀ ਪਛਾਣ ਬਦਲ ਚੁੱਕੀ ਹੋਵੇਗੀ।ਇਸ ਸੰਦਰਭ ਵਿਚ ਸਾਡਾ ਇਹ ਦ੍ਰਿੜ੍ਹ ਵਿਚਾਰ ਹੈ ਕਿ ਜੇਕਰ ਪੰਜਾਬੀ ਆਪਣੇ ਇਤਿਹਾਸ, ਆਪਣੇ ਵਿਰਸੇ, ਆਪਣੇ ਸਾਹਿਤ ਅਤੇ ਆਪਣੇ ਧਾਰਮਿਕ ਗ੍ਰੰਥਾਂ ਨੂੰ ਪ੍ਰਸੰਗਿਕ ਰੱਖਣਾ ਚਾਹੁੰਦੇ ਹਨ, ਇਨ੍ਹਾਂ ਤੋਂ ਨਿਰੰਤਰ ਰੌਸ਼ਨੀ ਲੈਣਾ ਚਾਹੁੰਦੇ ਹਨ ਅਤੇ ਇਹ ਰੌਸ਼ਨੀ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਚਾਹੁੰਦੇ ਹਨ, ਆਪਣੇ ਬੱਚਿਆਂ ਵਿਚ ਨੈਤਿਕ ਕਦਰਾਂ ਕੀਮਤਾਂ ਨੂੰ ਮਜ਼ਬੂਤ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਿੰਦੀ, ਅੰਗਰੇਜ਼ੀ ਅਤੇ ਦੁਨੀਆ ਦੀਆਂ ਹੋਰ ਭਾਸ਼ਾਵਾਂ ਆਪਣੇ ਬੱਚਿਆਂ ਨੂੰ ਸਿਖਾਉਣ ਦੇ ਨਾਲ-ਨਾਲ ਪੰਜਾਬੀ ਲਿਖਣੀ, ਪੜ੍ਹਨੀ ਅਤੇ ਬੋਲਣੀ ਵੀ ਜ਼ਰੂਰ ਸਿਖਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਵਿਚ ਇਸ ਬਾਰੇ ਸਵੈਮਾਣ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਸਰਕਾਰਾਂ ਅਤੇ ਵਿਦਿਅਕ ਅਦਾਰਿਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਢੁਕਵੇਂ ਪ੍ਰਬੰਧ ਕਰਨ। ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਵੀ ਉਚੇਰੀ ਤੇ ਕਿਤਾਬਮੁਖੀ ਸਿੱਖਿਆ ਦੇਣ ਦੀ ਵਿਵਸਥਾ ਕੀਤੀ ਜਾਏ। ਇਸ ਲੋੜ ਨੂੰ ਮੁੱਖ ਰੱਖਦਿਆਂ ਹੀ ਪੰਜਾਬ ਵਿਚ ਬਹੁਤ ਸਾਰੀਆਂ ਲੇਖਕ ਅਤੇ ਸੱਭਿਆਚਾਰਕ ਸਭਾਵਾਂ ਪੰਜਾਬੀ ਜ਼ਬਾਨ ਦਾ ਲੋਕਾਂ ਵਿਚ ਪ੍ਰਚਾਰ-ਪ੍ਰਸਾਰ ਕਰਨ ਲਈ ਯਤਨਸ਼ੀਲ ਹਨ। ਇਸ ਸੰਦਰਭ ਵਿਚ ਹੀ ਪੰਜਾਬ ਜਾਗ੍ਰਿਤੀ ਮੰਚ ਵੱਲੋਂ ਜਲੰਧਰ ਵਿਚ ਇਕ ਬਹੁਤ ਵੱਡਾ 'ਪੰਜਾਬੀ ਜਾਗ੍ਰਿਤੀ ਮਾਰਚ' ਲਾਇਲਪੁਰ ਖਾਲਸਾ ਸਕੂਲ (ਨਕੋਦਰ ਚੌਕ) ਤੋਂ ਦੇਸ਼ ਭਗਤ ਯਾਦਗਾਰ ਹਾਲ ਤੱਕ ਕੱਢਿਆ ਜਾ ਰਿਹਾ ਹੈ, ਜਿਸ ਵਿਚ ਹਜ਼ਾਰਾਂ ਵਿਦਿਆਰਥੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਸੰਬੰਧਿਤ ਲੋਕਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਅਸੀਂ ਸਮਝਦੇ ਹਾਂ ਕਿ ਪੰਜਾਬੀਆਂ ਵਿਚ ਆਪਣੀ ਮਾਂ-ਬੋਲੀ ਸਬੰਧੀ ਜਾਗ੍ਰਿਤੀ ਪੈਦਾ ਕਰਨ ਵਾਲੇ ਅਜਿਹੇ ਯਤਨਾਂ ਵਿਚ ਸਮੂਹ ਪੰਜਾਬੀਆਂ ਨੂੰ ਵੱਧ-ਚੜ੍ਹ ਕੇ ਸ਼ਿਰਕਤ ਕਰਨੀ ਚਾਹੀਦੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਿਹਤਰ ਜ਼ਿੰਦਗੀ ਜਿਉਣ ਦੇ ਨਾਲ-ਨਾਲ ਦੁਨੀਆ ਵਿਚ ਪੰਜਾਬੀਆਂ ਵਜੋਂ ਆਪਣੀ ਵੱਖਰੀ ਪਛਾਣ ਸੁਰਜੀਤ ਰੱਖਣ ਦੇ ਵੀ ਸਮਰੱਥ ਹੋ ਸਕਣ।
ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਵਿਸ਼ੇਸ਼
ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਪੱਧਰ 'ਤੇ
ਸਮੂਹਿਕ ਯਤਨਾਂ ਦੀ ਲੋੜ
ਜਲੰਧਰ, ਜਸਪਾਲ ਸਿੰਘ
20 ਫਰਵਰੀ-ਭਾਸ਼ਾ ਦੇ ਆਧਾਰ 'ਤੇ ਸੂਬਿਆਂ ਦੀ ਵੰਡ ਮਗਰੋਂ ਵੀ ਪੰਜਾਬੀਆਂ ਦੀ ਇਹ ਤਰਾਸਦੀ ਹੈ ਕਿ ਚਾਰ ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਇਥੋਂ ਦੇ ਲੋਕਾਂ ਨੂੰ ਨਾ ਤਾਂ ਉਨ੍ਹਾਂ ਦੀ ਆਪਣੀ ਜ਼ੁਬਾਨ 'ਚ ਪ੍ਰਸ਼ਾਸਨ ਹੀ ਮਿਲ ਸਕਿਆ ਹੈ ਤੇ ਨਾ ਹੀ ਨਿਆਂ। ਕਈ ਨਿੱਜੀ ਵਿੱਦਿਅਕ ਸੰਸਥਾਵਾਂ 'ਚ ਤਾਂ ਪੰਜਾਬੀ ਬੋਲਣ 'ਤੇ ਲਾਈ ਪਾਬੰਦੀ ਮਾਂ-ਬੋਲੀ ਨਾਲ ਪਿਆਰ ਕਰਨ ਵਾਲਿਆਂ ਨੂੰ ਆਪਣੇ ਹੀ ਘਰ 'ਚ ਬੇਗਾਨਿਆਂ ਦਾ ਅਹਿਸਾਸ ਕਰਵਾ ਰਹੀ ਹੈ। ਪੰਜਾਬ ਦੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਹੋਰਨਾਂ ਜਨਤਕ ਥਾਵਾਂ ਤੋਂ ਇਲਾਵਾ ਬਾਜ਼ਾਰਾਂ 'ਚ ਦੁਕਾਨਾਂ ਦੇ ਬਾਹਰ ਅੰਗਰੇਜ਼ੀ 'ਚ ਲੱਗੇ ਬੋਰਡ ਵੀ ਪੰਜਾਬੀ ਪ੍ਰੇਮੀਆਂ ਦੇ ਜ਼ਖ਼ਮਾਂ 'ਤੇ ਨਮਕ ਛਿੜਕਣ ਦਾ ਕੰਮ ਕਰਦੇ ਹਨ। ਹੱਦ ਤਾਂ ਉਸ ਸਮੇਂ ਹੋ ਜਾਂਦੀ ਹੈ ਜਦ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਪੰਜਾਬੀ ਦੀ ਪੂਰੀ ਤਰ੍ਹਾਂ ਅਣਦੇਖੀ ਥਾਂ-ਥਾਂ ਲੱਗੇ ਸਾਈਨ ਬੋਰਡਾਂ ਤੋਂ ਹੀ ਨਜ਼ਰ ਆ ਜਾਂਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਉੱਘੇ ਲੇਖਕਾਂ ਤੇ ਚਿੰਤਕਾਂ ਵੱਲੋਂ 'ਅਜੀਤ' ਦੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ ਹੈ। 21 ਫਰਵਰੀ ਨੂੰ ਕੌਮਾਂਤਰੀ ਮਾਂ-ਬੋਲੀ ਦਿਵਸ ਦੇ ਸੰਦਰਭ ਵਿਚ ਅਦਾਰਾ 'ਅਜੀਤ' ਵੱਲੋਂ ਇਸ ਸਬੰਧੀ ਉਨ੍ਹਾਂ ਦੇ ਸੁਝਾਅ ਜਾਨਣ ਦਾ ਯਤਨ ਕੀਤਾ ਗਿਆ ਹੈ।
ਪੰਜਾਬੀ ਭਾਸ਼ਾ ਕਿਸੇ ਖਾਸ ਧਰਮ ਜਾਂ ਵਰਗ ਦੀ ਨਹੀਂ-ਟਿਵਾਣਾ
ਪ੍ਰਸਿੱਧ ਲੇਖਿਕਾ ਦਲੀਪ ਕੌਰ ਟਿਵਾਣਾ ਨੇ ਕਿਹਾ ਹੈ ਕਿ ਪੰਜਾਬੀ ਨੂੰ ਹਰਮਨ ਪਿਆਰੀ ਬਣਾਉਣ ਲਈ ਜਿੱਥੇ ਦੁਨੀਆਂ ਭਰ ਦੇ ਚੰਗੇ ਸਾਹਿਤਕਾਰਾਂ ਤੇ ਲੇਖਕਾਂ ਦੀਆਂ ਰਚਨਾਵਾਂ ਦਾ ਪੰਜਾਬੀ 'ਚ ਤਰਜ਼ਮਾ ਕਰਵਾਉਣਾ ਚਾਹੀਦਾ ਹੈ ਉਥੇ ਪੰਜਾਬੀ ਦੇ ਚੰਗੇ ਸਾਹਿਤ ਤੇ ਹੋਰ ਰਚਨਾਵਾਂ ਨੂੰ ਪੰਜਾਬੀ ਦੇ ਮਸ਼ਹੂਰ ਗਾਇਕਾਂ ਕੋਲੋਂ ਗਵਾਇਆ ਵੀ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰੂਸ 'ਚ ਉਥੋਂ ਦੀ ਸਰਕਾਰ ਨੇ ਮਾਤ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਪੁਸਤਕਾਂ ਨੂੰ ਤਸਵੀਰਾਂ ਸਮੇਤ ਬਿਨਾਂ ਕਿਸੇ ਮੁਨਾਫੇ ਦੇ ਲੋਕਾਂ 'ਚ ਵੰਡਿਆ ਸੀ ਉਸੇ ਤਰ੍ਹਾਂ ਪੰਜਾਬ 'ਚ ਵੀ ਵਧੀਆ ਸਾਹਿਤ ਨੂੰ ਤਸਵੀਰਾਂ ਸਮੇਤ ਆਮ ਲੋਕਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਕਿਸੇ ਖਾਸ ਵਰਗ ਤੇ ਖਾਸ ਧਰਮ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਸਗੋਂ ਇਸ ਦਾ ਘੇਰਾ ਵਿਸ਼ਾਲ ਕਰਨ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਪੰਜਾਬੀ ਭਾਸ਼ਾ ਐਕਟ ਨਹੀਂ ਹੋਇਆ ਲਾਗੂ-ਪ੍ਰੋ: ਗੁਰਦਿਆਲ ਸਿੰਘ
ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਭਾਸ਼ਾ ਦਾ ਵਿਕਾਸ ਤਦ ਤੱਕ ਸੰਭਵ ਨਹੀਂ ਜਦ ਤੱਕ ਉਸ ਭਾਸ਼ਾ ਨੂੰ ਉਥੋਂ ਦੇ ਲੋਕਾਂ ਦੀ ਆਮ ਬੋਲ-ਚਾਲ, ਕਾਰੋਬਾਰ, ਸਿੱਖਿਆ ਤੇ ਸਰਕਾਰੀ ਕੰਮ-ਕਾਜ਼ ਦੀ ਭਾਸ਼ਾ ਨਹੀਂ ਬਣਾਇਆ ਜਾਂਦਾ। ਪੰਜਾਬੀ ਭਾਸ਼ਾ ਸਬੰਧੀ ਬਣੇ ਕਾਨੂੰਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ 2008 'ਚ ਇਸ ਵਿਚ ਸੋਧਾਂ ਕਰਕੇ ਇਸ ਨੂੰ ਲਾਗੂ ਤਾਂ ਕਰ ਦਿੱਤਾ ਗਿਆ ਪਰ ਇਸ ਵਿਚਲੀਆਂ ਖਾਮੀਆਂ ਕਾਰਨ ਇਹ ਕਾਨੂੰਨ ਅੱਜ ਤੱਕ ਲਾਗੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਣਾਈ ਗਈ ਕਮੇਟੀ ਦੇ ਉਹ ਖੁਦ ਵੀ ਮੈਂਬਰ ਹਨ ਪਰ ਫਰੀਦਕੋਟ ਜ਼ਿਲ੍ਹੇ 'ਚ ਇਸ ਕਮੇਟੀ ਦੀ ਅਜੇ ਤੱਕ ਇਕ ਵੀ ਮੀਟਿੰਗ ਨਹੀਂ ਬੁਲਾਈ ਗਈ ਤੇ ਨਾ ਹੀ ਕਮੇਟੀ ਮੈਂਬਰਾਂ ਨੂੰ ਕੋਈ ਪਛਾਣ ਪੱਤਰ ਹੀ ਜਾਰੀ ਕੀਤਾ ਗਿਆ ਹੈ ਕਿ ਉਹ ਆਪਣੇ ਪੱਧਰ 'ਤੇ ਸਰਕਾਰੀ ਦਫਤਰਾਂ 'ਚ ਪੰਜਾਬੀ ਦੀ ਸਥਿਤੀ ਦਾ ਜਾਇਜ਼ਾ ਲੈ ਸਕਣ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਤੱਕ ਦੀ ਸਿੱਖਿਆ ਬੱਚਿਆਂ ਨੂੰ ਕੇਵਲ ਉਨ੍ਹਾਂ ਦੀ ਮਾਤ ਭਾਸ਼ਾ 'ਚ ਹੀ ਦਿੱਤੀ ਜਾਣੀ ਚਾਹੀਦੀ ਹੈ ਜਦੋਂ ਕਿ ਤੀਸਰੀ ਜਮਾਤ ਤੋਂ ਹੀ ਬੱਚਿਆਂ ਨੂੰ ਤਿੰਨ ਭਾਸ਼ਾਵਾਂ ਦੀ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਜਾਂਦੀ ਹੈ। (ਬਾਕੀ ਸਫਾ 15 'ਤੇ)
ਚਾਰ ਧਿਰਾਂ ਪੰਜਾਬੀ ਭਾਸ਼ਾ ਲਈ ਬਣਨ ਜ਼ਿੰਮੇਵਾਰ-ਸੁਰਜੀਤ ਪਾਤਰ
ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਨੇ ਕਿਹਾ ਹੈ ਕਿ ਸਰਕਾਰ, ਲੇਖਕ, ਪ੍ਰਕਾਸ਼ਕ ਤੇ ਲੋਕ ਇਹ ਚਾਰ ਧਿਰਾਂ ਅਜਿਹੀਆਂ ਹਨ, ਜੋ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ 'ਚ ਆਪਣਾ ਨਿੱਗਰ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਕਰ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਪਹਿਲੀ ਜਮਾਤ ਤੋਂ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਵੇ ਤਾਂ ਜ਼ਮੀਨ-ਅਸਮਾਨ ਦਾ ਫਰਕ ਪੈ ਸਕਦਾ ਹੈ। ਹਾਕਮ ਜਮਾਤ ਤੇ ਆਮ ਲੋਕਾਂ ਦੀ ਬੋਲੀ ਇਕ ਹੋਣ ਦੀ ਵਕਾਲਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਆਂ ਉਨ੍ਹਾਂ ਦੀ ਜ਼ੁਬਾਨ 'ਚ ਮਿਲਣਾ ਚਾਹੀਦਾ ਹੈ।
ਸਰਕਾਰਾਂ ਤੇ ਲੋਕ ਜ਼ਿੰਮੇਵਾਰ-ਡਾ: ਪਵਾਰ
ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਅਤੇ ਪੰਜਾਬੀ ਭਾਸ਼ਾ ਅਕਾਦਮੀ ਦੇ ਪ੍ਰਧਾਨ ਡਾ. ਜੋਗਿੰਦਰ ਸਿੰਘ ਪਵਾਰ ਨੇ ਕਿਹਾ ਹੈ ਕਿ ਪੰਜਾਬੀ ਭਾਸ਼ਾ ਦੀ ਸਥਿਤੀ ਅੱਜ ਵੀ ਉਹੀ ਹੈ, ਜੋ ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਸੀ। ਵਿੱਦਿਅਕ ਪੱਧਰ 'ਤੇ ਘਾਟਾਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ਪਾਸੇ ਸਰਕਾਰਾਂ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ ਗਈ। ਸਕੂਲਾਂ-ਕਾਲਜਾਂ 'ਚ ਪੰਜਾਬੀ ਅਧਿਆਪਕ ਹੀ ਨਹੀਂ ਹਨ। ਇਥੋਂ ਤੱਕ ਕਿ ਲੋਕ ਵੀ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ 'ਚ ਦਾਖਲ ਕਰਵਾਉਣ ਨੂੰ ਤਰਜ਼ੀਹ ਦੇ ਰਹੇ ਹਨ।
ਵਿੱਦਿਅਕ ਢਾਂਚੇ ਨੂੰ ਮੁੜ ਲੀਹ 'ਤੇ ਲਿਆਉਣ ਦੀ ਲੋੜ-ਪ੍ਰੋ: ਵਰਿਆਮ ਸਿੰਘ ਸੰਧੂ
ਉੱਘੇ ਕਹਾਣੀਕਾਰ ਪ੍ਰੋ. ਵਰਿਆਮ ਸਿੰਘ ਸੰਧੂ ਨੇ ਕਿਹਾ ਹੈ ਕਿ ਪੰਜਾਬ 'ਚ ਵਿੱਦਿਅਕ ਢਾਂਚਾ ਬੁਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਚੁੱਕਾ ਹੈ ਤੇ ਨਾ ਤਾਂ ਬੱਚਿਆਂ ਨੂੰ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਹੈ ਤੇ ਨਾ ਹੀ ਅੰਗਰੇਜ਼ੀ। ਇਸ ਦਾ ਸਾਰਾ ਤਾਣਾ-ਬਾਣਾ ਰਾਜਸੀ ਪ੍ਰਬੰਧ ਨਾਲ ਜੁੜਿਆ ਹੋਇਆ ਹੈ ਤੇ ਰਾਜਸੀ ਆਗੂਆਂ ਦੇ ਹਿੱਤ ਅੰਗਰੇਜ਼ੀ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਮਾਂ-ਬੋਲੀ ਨੂੰ ਉਸ ਦਾ ਬਣਦਾ ਰੁਤਬਾ ਦਿਵਾਉਣ ਲਈ ਇਕ ਲੋਕ ਲਹਿਰ ਉਸਾਰੀ ਜਾਣੀ ਚਾਹੀਦੀ ਹੈ ਤੇ ਇਸ ਲਹਿਰ ਦਾ ਵਹਾਅ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ।
ਸੱਭਿਆਚਾਰ ਪ੍ਰਤੀ ਚਿੰਤਾ ਦਾ ਵਿਸ਼ਾ-ਪ੍ਰਿੰਸੀਪਲ ਤਿਵਾੜੀ
ਪ੍ਰੋ. ਵੀ. ਕੇ. ਤਿਵਾੜੀ ਨੇ ਕਿਹਾ ਹੈ ਕਿ ਪੰਜਾਬੀ ਦਾ ਵਿਕਾਸ ਸਮੁੱਚੇ ਤੌਰ 'ਤੇ ਪੰਜਾਬ ਦੀ ਤਰੱਕੀ ਨਾਲ ਹੀ ਜੁੜਿਆ ਹੋਇਆ ਹੈ ਤੇ ਜੇ ਕਰ ਪੰਜਾਬ ਤਰੱਕੀ ਕਰੇਗਾ ਤਾਂ ਪੰਜਾਬੀ ਦਾ ਵਿਕਾਸ ਵੀ ਆਪਣੇ ਆਪ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ 'ਚ ਆਈ ਖੜੋਤ ਪੰਜਾਬੀ ਬੋਲੀ ਤੇ ਸੱਭਿਆਚਾਰ ਲਈ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਪ੍ਰੋ. ਤਿਵਾੜੀ ਨੇ ਕਿਹਾ ਕਿ ਸਰਕਾਰਾਂ ਦੀ ਪੰਜਾਬੀ ਪ੍ਰਤੀ ਸੁਹਿਰਦਤਾ ਤਾਂ ਹੀ ਸਮਝੀ ਜਾਵੇਗੀ, ਜੇਕਰ ਉਹ ਕਾਲਜਾਂ 'ਚ ਖਾਲੀ ਅਸਾਮੀਆਂ ਭਰਨ 'ਤੇ ਰੋਕ ਪੰਜਾਬੀ ਭਾਸ਼ਾ ਦੀਆਂ ਅਸਾਮੀਆਂ ਭਰਨ ਨੂੰ ਮਨਜ਼ੂਰੀ ਦੇ ਦੇਵੇ।
---ਮਾਂ-ਬੋਲੀ ਦਿਵਸ 'ਤੇ ਵਿਸ਼ੇਸ਼---
ਮਾਂ ਬੋਲੀ ਪੰਜਾਬੀ ਨੂੰ ਕਦੋਂ ਮਾਣ-ਸਤਿਕਾਰ ਤੇ ਪਿਆਰ ਮਿਲੇਗਾ?
ਲੁਧਿਆਣਾ, 20 ਫਰਵਰੀ (ਗੁਰਿੰਦਰ ਸਿੰਘ)-ਵਿਸ਼ਵ ਭਰ 'ਚ 21 ਫਰਵਰੀ ਨੂੰ ਮਾਂ-ਬੋਲੀ ਦਿਵਸ ਮਨਾਇਆ ਜਾਂਦਾ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਮਾਂ-ਬੋਲੀ ਨੂੰ ਜੋ ਮਾਣ, ਸਤਿਕਾਰ ਤੇ ਪਿਆਰ ਮਿਲ ਰਿਹਾ ਹੈ ਉਹ ਪੰਜਾਬ ਵਿਚ ਨਹੀਂ ਮਿਲ ਰਿਹਾ ਅਤੇ ਪੰਜਾਬੀ ਮਾਂ-ਬੋਲੀ ਆਪਣੇ ਘਰ ਵਿਚ ਹੀ ਬੇਗਾਨੀ ਬੋਲੀ ਹੋ ਕੇ ਰਹਿ ਗਈ ਹੈ ਕਿਉਂਕਿ ਨੌਜਵਾਨ ਪੀੜ੍ਹੀ ਇਸ ਤੋਂ ਦੂਰ ਹੁੰਦੀ ਜਾ ਰਹੀ ਹੈ। ਅਸੀਂ ਘਰ ਵਿਚ ਪੰਜਾਬੀ ਦਾ ਥਾਂ ਅੰਗਰੇਜ਼ੀ ਜਾਂ ਹਿੰਦੀ ਬੋਲੀ ਬੋਲ ਰਹੇ ਹਾਂ। ਦਫ਼ਤਰਾਂ, ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ ਵਿਚ ਮਾਂ ਬੋਲੀ ਵਿਚ ਗੱਲ ਕਰਨਾ ਹੱਤਕ ਸਮਝੀ ਜਾ ਰਹੀ ਹੈ ਅਤੇ ਸਕੂਲਾਂ ਵਿਚ ਮਾਂ ਬੋਲੀ ਨੂੰ ਯੋਗ ਥਾਂ ਨਹੀਂ ਮਿਲ ਰਹੀ। ਪਤਾ ਨਹੀਂ ਕਦੋਂ ਪੰਜਾਬ ਵਿਚ ਮਾਂ ਬੋਲੀ ਪੰਜਾਬ ਨੂੰ ਮਾਣ-ਸਤਿਕਾਰ ਅਤੇ ਪਿਆਰ ਦੇ ਨਾਲ-ਨਾਲ ਯੋਗ ਸਥਾਨ ਮਿਲੇਗਾ? ਇਸ ਸਬੰਧੀ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕੀਤੀ ਗਈ ਹੈ ਜਿਸਦੇ ਕੁੱਝ ਅੰਸ਼ ਹੇਠਾਂ ਦਿੱਤੇ ਜਾ ਰਹੇ ਹਨ:-
ਮਾਂ-ਬੋਲੀ ਪਿਆਰ ਦੀ ਭਾਸ਼ਾ-ਪ੍ਰੋ: ਗਿੱਲ
ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਹੈ ਕਿ ਮਾਂ ਬੋਲੀ ਪਿਆਰ ਦੀ ਭਾਸ਼ਾ ਹੈ, ਜਦਕਿ ਅੰਗਰੇਜ਼ੀ ਭਾਸ਼ਾ ਵਪਾਰ ਤੇ ਰੁਜ਼ਗਾਰ ਦੀ ਭਾਸ਼ਾ ਹੈ। ਸਾਡੀ ਨੌਜਵਾਨ ਪੀੜ੍ਹੀ ਮਹਿੰਗੀ ਵਿਰਾਸਤ ਨੂੰ ਤਿਆਗ ਕੇ ਵਿਦੇਸ਼ੀ ਭਾਸ਼ਾ ਦੀ ਗ਼ੁਲਾਮ ਬਣ ਗਈ ਹੈ। ਪੰਜਾਬ ਦੀ ਧਰਤੀ 'ਤੇ ਜੋ ਵੀ ਲਿਆਕਤ ਵਿਕਸਤ ਹੋਈ ਹੈ ਉਸ ਦੀ ਪਾਲਣਹਾਰੀ ਪੰਜਾਬੀ ਮਾਂ ਬੋਲੀ ਹੈ। ਸਾਡੇ ਗੁਰੂਆਂ, ਪੀਰਾਂ ਅਤੇ ਫ਼ਕੀਰਾਂ ਨੇ ਵੀ ਮਾਂ ਬੋਲੀ ਵਿਚ ਹੀ ਮਨੁੱਖ ਨੂੰ ਜ਼ਿੰਦਗੀ ਜਿਊਣ ਦਾ ਰਾਹ ਦੱਸਿਆ ਹੈ ਤੇ ਬਾਣੀ ਰਚੀ ਹੈ। ਸਮੇਂ ਦਾ ਹਾਣੀ ਬਣਨ ਲਈ ਮਾਂ ਬੋਲੀ ਨੂੰ ਵਿਸਾਰਨਾ ਸਭ ਤੋਂ ਵੱਡੀ ਕੋਤਾਹੀ ਹੈ। ਇਸ ਬੋਲੀ ਨੂੰ ਸਿਰਫ਼ ਸਿੱਖਾਂ ਦੀ ਹੀ ਬੋਲੀ ਕਹਿਣਾ ਵੀ ਠੀਕ ਨਹੀਂ ਕਿਉਂਕਿ ਵਿਸ਼ਵ ਭਰ ਵਿਚ ਪੰਜਾਬੀ ਬੋਲਣ ਹਾਰਿਆਂ ਦੀ ਗਿਣਤੀ 13 ਕਰੋੜ ਦੇ ਕਰੀਬ ਹੈ ਜੋ ਕਿ ਕਿਸੇ ਲਿਪੀ ਦੇ ਗ਼ੁਲਾਮ ਨਹੀਂ ਹਨ।
ਜੇਕਰ ਮਾਂ ਬੋਲੀ ਨੂੰ ਭੁੱਲ ਗਏ ਤਾਂ ਮਾਂ ਦਾ ਕੀ ਬਣੇਗਾ?
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ ਲੁਧਿਆਣਾ ਦੀ ਪ੍ਰਿੰਸੀਪਲ ਡਾ: ਪ੍ਰਵੀਨ ਚਾਵਲਾ ਨੇ ਕਿਹਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਅਤਾ ਦੇ ਪਿੱਛੇ ਲੱਗ ਕੇ ਜਿੱਥੇ ਆਪਣੀ ਸਭਿਅਤਾ ਭੁੱਲ ਰਹੀ ਹੈ ਉਥੇ ਮਾਂ ਬੋਲੀ ਤੋਂ ਵੀ ਮੁਨਕਰ ਹੋ ਰਹੀ ਹੈ ਪਰ ਇਨ੍ਹਾਂ ਨੌਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਮਾਂ ਬੋਲੀ ਨੂੰ ਭੁੱਲ ਗਏ ਤਾਂ ਸਮਝੋ ਆਪਣੀ ਮਾਂ ਨੂੰ ਵੀ ਭੁੱਲ ਗਏ। ਮਾਂ ਬੋਲੀ ਹੀ ਮਨੁੱਖ ਨੂੰ ਸਭ ਤੋਂ ਪਹਿਲਾਂ ਬੋਲਣ ਲਾਇਕ ਬਣਾਉਂਦੀ ਹੈ। ਠੀਕ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਅੰਗਰੇਜ਼ੀ ਦਾ ਵੀ ਗਿਆਨ ਜ਼ਰੂਰੀ ਹੈ, ਪਰ ਆਪਣੀ ਬੋਲੀ ਨੂੰ ਭੁੱਲ ਕੇ ਦੂਜੀ ਭਾਸ਼ਾ ਨੂੰ ਪਿਆਰ ਕਰਨਾ ਬਿਲਕੁਲ ਉਵੇਂ ਹੈ ਜਿਵੇਂ ਅਸੀਂ ਮਾਂ ਦੀ ਤਾਂ ਇਜ਼ਤ ਨਾ ਕਰੀਏ ਪਰ ਮੂੰਹ ਬੋਲੀ ਮਾਸੀ ਨੂੰ ਪੂਰਾ ਇਜ਼ਤ ਮਾਣ ਦੇਈਏ।
ਮਾਂ-ਬੋਲੀ ਤੋਂ ਮੁਨਕਰ ਹੋਣ ਵਾਲਿਆਂ ਨੂੰ ਸਜ਼ਾ ਮਿਲੇ-ਐਡਵੋਕੇਟ ਘੁੰਮਣ
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਪੀ. ਐਸ. ਘੁੰਮਣ ਨੇ ਕਿਹਾ ਹੈ ਕਿ ਪੰਜਾਬ ਵਿਚ ਬੇਸ਼ੱਕ ਪਿਛਲੀ ਸਰਕਾਰ ਨੇ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਰਾਜ ਭਾਸ਼ਾ ਕਾਨੂੰਨ ਬਣਾਇਆ ਹੈ ਪਰ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਕੋਈ ਸਖ਼ਤੀ ਨਹੀਂ ਵਰਤੀ ਗਈ। ਪੰਜਾਬ ਵਿਚ ਅਗਲੀ ਬਣਨ ਵਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿਥੇ ਪੰਜਾਬੀ ਮਾਤ ਭਾਸ਼ਾ ਸਬੰਧੀ ਬਣਾਏ ਗਏ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰੇ ਉਥੇ ਮਾਂ ਬੋਲੀ ਤੋਂ ਮੁਨਕਰ ਹੋਣ ਵਾਲਿਆਂ ਲਈ ਵੀ ਸਖ਼ਤ ਕਾਨੂੰਨ ਬਣਾ ਕੇ ਸਜ਼ਾ ਦੇਵੇ ਤਾਂ ਜੋ ਮਾਂ ਬੋਲੀ ਨੂੰ ਪੂਰਾ ਮਾਣ ਸਤਿਕਾਰ ਮਿਲ ਸਕੇ। ਮਾਂ ਬੋਲੀ ਨੂੰ ਅਦਾਲਤੀ ਭਾਸ਼ਾ ਵੀ ਬਣਾਇਆ ਜਾਵੇ ਕਿਉਂਕਿ ਦੇਸ਼ ਦੇ ਕਈ ਸੂਬਿਆਂ ਵਿਚ ਅਦਾਲਤੀ ਕੰਮ ਕਾਜ ਮਾਂ ਬੋਲੀ ਵਿਚ ਹੀ ਹੁੰਦਾ ਹੈ।
ਮਾਂ ਬੋਲੀ ਦੇ ਵੱਕਾਰ ਨੂੰ ਢਾਹ ਲਗਾਉਣ ਵਾਲੇ ਮਨੁੱਖਤਾ ਦੇ ਦੁਸ਼ਮਣ-ਡਾ: ਸੋਬਤੀ
ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ: ਮਨੋਜ ਕੁਮਾਰ ਸੋਬਤੀ ਦਾ ਕਹਿਣਾ ਹੈ ਕਿ ਮਾਂ ਬੋਲੀ ਦੇ ਵੱਕਾਰ ਨੂੰ ਢਾਹ ਲਗਾਉਣ ਵਾਲੇ ਲੋਕ ਮਨੁੱਖਤਾ ਦੇ ਦੁਸ਼ਮਣ ਹਨ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਮਾਂ ਬੋਲੀ ਵਿਚ ਹੀ ਸਰਬਤ ਦੇ ਭਲੇ ਦੀ ਗੱਲ ਕੀਤੀ ਹੈ ਪਰ ਮਾਂ ਬੋਲੀ ਦੀ ਵਿਰੋਧਤਾ ਕਰਕੇ ਗੁਰੂਆਂ, ਫ਼ਕੀਰਾਂ ਦਾ ਵਿਰੋਧ ਕਰਨ ਵਾਲੇ ਮਨੁੱਖਤਾ ਦੇ ਵੀ ਵੈਰੀ ਬਣ ਗਏ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਅੱਜ ਦੇ ਦਿਨ ਮਾਂ ਬੋਲੀ ਨੂੰ ਮਾਂ ਵਰਗਾ ਪਿਆਰ ਦੇਣ ਬਾਰੇ ਸੋਚੀਏ ਤਾਂ ਜੋ ਇਸ ਬੋਲੀ ਨੂੰ ਖਤਮ ਹੋਣ ਤੋਂ ਰੋਕਿਆ ਜਾ ਸਕੇ।

ਮਾਤ ਭਾਸ਼ਾ ਦਿਵਸ 'ਤੇ ਵਿਸ਼ੇਸ਼
ਪਟਿਆਲਾ- ਅੱਜ ਮਾਤ ਭਾਸ਼ਾ ਦਿਵਸ ਤੇ ਆਪੋ ਆਪਣੀਆਂ ਮਾਤ ਭਾਸ਼ਾਵਾਂ ਲਈ ਸ਼ਹੀਦ ਹੋਏ ਸਾਰੇ ਸ਼ਹੀਦਾਂ ਨੂੰ ਯਾਦ ਕਰਦਿਆਂ ਇਹ ਦ੍ਰਿੜ੍ਹ ਕਰਵਾਉਣ ਦੀ ਲੋੜ ਹੈ ਕਿ ਮਾਤ ਭਾਸ਼ਾ ਲਈ ਪਿਆਰ ਕੇਵਲ ਆਪਣੀ ਭਾਸ਼ਾ ਲਈ ਭਾਵੁਕ ਮੋਹ ਮਾਤਰ ਨਹੀਂ ਹੈ ਸਗੋਂ ਇਹ ਮਾਨਵੀ ਹੋਂਦ ਦਾ ਮਸਲਾ ਹੈ। ਅੱਜ ਜੇ ਅਸੀਂ ਸਾਧਨਹੀਣ ਲੋਕਾਂ ਨੂੰ ਸਾਧਨਵੰਤ ਬਣਾਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸਿੱਖਿਅਤ ਕੀਤਾ ਜਾਵੇ। ਸਿੱਖਿਅਤ ਕਰਨ ਲਈ ਜ਼ਰੂਰੀ ਹੈ ਕਿ ਸਿਖਿਆ ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਵਿਚ ਦਿੱਤੀ ਜਾਵੇ। ਪੰਜਾਬੀ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਨਿਰੰਤਰ ਇਸੇ ਦਿਸ਼ਾ ਵਿਚ ਕੰਮ ਕਰ ਰਹੀ ਹੈ। ਸਾਡਾ ਨਿਸ਼ਾਨਾ ਮੈਡੀਕਲ, ਇੰਜੀਅਨਰਿੰਗ, ਕਾਨੂੰਨ ਦੀ ਉੱਚ ਸਿੱਖਿਆ ਵੀ ਪੰਜਾਬੀ ਵਿਚ ਕਰਨ ਦਾ ਹੈ।
ਡਾ. ਰਜਿੰਦਰਪਾਲ ਸਿੰਘ ਬਰਾੜ
ਪ੍ਰੋ. ਤੇ ਮੁਖੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਯੂਨੈਸਕੋ ਵੱਲੋ 21 ਫਰਵਰੀ ਦਾ ਦਿਨ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਦੇ ਤੌਰ ਤੇ ਐਲਾਨ ਕਰਨਾ, ਮਾਤ-ਭਾਸ਼ਾ ਦੇ ਸੰਕਲਪ ਅਤੇ ਇਸ ਦੀ ਸਾਰਥਿਕਤਾ ਨੂੰ ਉਜਾਗਰ ਕਰਦਾ ਹੈ। ਕਿਸੇ ਵੀ ਮਨੁੱਖ ਦੀ ਆਪਣੀ ਮਾਤ ਭਾਸ਼ਾ ਤੋਂ ਟੁੱਟ ਕੇ ਕੋਈ ਹੋਂਦ ਨਹੀਂ ਹੁੰਦੀ। ਮਨੁੱਖ ਦੀ ਸਮੁੱਚੀ ਸ਼ਖ਼ਸੀਅਤ ਦੀ ਉਸਾਰੀ ਵਿਚ ਮਾਤ ਭਾਸ਼ਾ ਬਹੁਤ ਵੱਡੀ ਭੂਮਿਕਾ ਅਦਾ ਕਰਦੀ ਹੈ। ਕਿਸੇ ਸਮਾਜ ਵਿਚ ਵਿਚਰਦਿਆਂ ਕੋਈ ਵਿਅਕਤੀ ਆਪਣੀ ਭਾਸ਼ਾ ਰਾਹੀ ਆਪਣੀ ਸਭਿਆਚਾਰਕ ਵੱਖਰਤਾ ਅਤੇ ਵਿਰਾਸਤ ਤੋਂ ਹੀ ਜਾਣੂ ਨਹੀਂ ਹੁੰਦਾ ਬਲਕਿ ਆਪਣੀ ਵੱਖਰੀ ਸਭਿਆਚਾਰਕ ਪਹਿਚਾਣ ਦਾ ਅਟੁੱਟ ਅੰਗ ਬਣਦਾ ਹੈ।
ਡਾ. ਅਮਰਜੀਤ ਕੌਰ
ਮੁਖੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਾਤ-ਭਾਸ਼ਾ ਦਾ ਮਹੱਤਵ ਮਨੁੱਖ ਨੂੰ ਇਕ ਸਮਾਜਿਕ ਪ੍ਰਾਣੀ ਬਣਾਉਣ ਵਿਚ ਬੁਨਿਆਦੀ ਅਤੇ ਵੱਡਾ ਹੈ। ਮਾਤ ਭਾਸ਼ਾ ਤੋਂ ਬਗੈਰ ਮਨੁੱਖ ਦੀ ਸ਼ਖ਼ਸੀਅਤ ਦਾ ਕੋਈ ਅਰਥ ਹੀ ਬਾਕੀ ਨਹੀਂ ਰਹਿੰਦਾ ਭਾਸ਼ਾ ਕਿਸੇ ਇਲਾਕੇ ਦੇ ਲੋਕਾਂ ਦਾ ਸਾਂਝਾ ਇਤਿਹਾਸਕ ਅਤੇ ਵਿਰਾਸਤੀ ਸਰਮਾਇਆ ਹੁੰਦੀ ਹੈ। ਇਹ ਸਰਮਾਇਆ ਖ਼ਰਚ ਕਰਨ ਨਾਲ, ਵੰਡਣ ਨਾਲ ਅਤੇ ਵਿਚਾਰ ਵਟਾਂਦਰੇ ਨਾਲ ਅਮੀਰ ਹੁੰਦਾ ਹੈ। ਹਰ ਧਰਮ ਦਾ ਆਰੰਭ ਕਿਸੇ ਨਾ ਕਿਸੇ ਭਾਸ਼ਾ ਅਤੇ ਗ੍ਰੰਥ ਰਾਹੀਂ ਹੁੰਦਾ ਹੈ ਪਰੰਤੂ ਭਾਸ਼ਾ ਦਾ ਕੋਈ ਧਰਮ ਨਹੀਂ ਹੁੰਦਾ। ਜਿੰਨੀ ਦੇਰ ਤੱਕ ਮੇਰੇ ਜਿਸਮ ਵਿਚ ਖ਼ੂਨ ਦਾ ਇਕ ਵੀ ਕਤਰਾ ਦੌਰਾ ਕਰਦਾ ਰਹੇਗਾ ਇਹ ਬੋਲੀ ਉਸ ਹਰਕਤ ਵਿਚ ਸ਼ਾਮਿਲ ਰਹੇਗੀ। ਇਹ ਮੇਰੀ ਮਾਂ ਦੀ ਪਹਿਲੀ ਅਸੀਸ ਅਤੇ ਬਖਸ਼ਿਸ ਹੈ।
ਡਾ. ਸੁਰਜੀਤ ਸਿੰਘ ਭੱਟੀ
ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਘਨੌਰ
ਪੇਸ਼ਕਸ਼ : ਕੁਲਵੀਰ ਸਿੰਘ ਧਾਲੀਵਾਲ
ਕੌਮਾਂਤਰੀ ਬੋਲੀ ਦਿਵਸ 'ਤੇ ਵਿਸ਼ੇਸ਼ ਮੈਨੂੰ ਇਓਂ ਨਾ ਮਨੋ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ

ਸਰਬੰਸ ਸਿੰਘ ਮਾਣਕੀ, ਡਾ: ਪਰਮਿੰਦਰ ਸਿੰਘ ਬੈਨੀਪਾਲ, ਮਾ: ਤਰਲੋਚਨ,
ਮਹਿੰਦਰ ਸਿੰਘ ਮਾਨੂੰਪੁਰੀ ਤੇ ਰਾਜਵਿੰਦਰ ਸਮਰਾਲਾ।
ਸਮਰਾਲਾ-ਵਿਸ਼ਵ ਪੱਧਰ 'ਤੇ ਕੌਮਾਂਤਰੀ ਬੋਲੀ ਦਿਵਸ ਮੌਕੇ ਵੱਖ-ਵੱਖ ਵਰਗਾਂ ਦੀ ਬੋਲੀ, ਇਤਿਹਾਸ ਤੇ ਸਿਧਾਂਤਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਮੌਕੇ ਇਸ ਦਿਹਾੜੇ 'ਤੇ ਪੰਜਾਬੀ ਬੋਲੀ ਦੇ ਮੋਹਵੰਤੇ ਸਨੇਹੀਆਂ ਦੇ ਪੇਸ਼ ਹਨ ਕੁਝ ਵਿਚਾਰ :
ਸਰਬੰਸ ਸਿੰਘ ਮਾਣਕੀ-ਪੰਜਾਬੀ ਬੋਲੀ ਦੀ ਲਿੱਪੀ ਦਾ ਨਾਂ ਗੁਰਮੁਖੀ ਹੈ। ਫ਼ਾਰਸੀ ਲਿੱਪੀ ਦੇ ਬੋਲ-ਬਾਲੇ ਤੋਂ ਬਾਅਦ ਮੁਸਲਮਾਨੀ ਰਾਜ ਸਮੇਂ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਅਪਣੇ ਪ੍ਰਚਾਰ ਲਈ ਗੁਰਮੁਖੀ ਲਿੱਪੀ ਦੀ ਵਰਤੋਂ ਕਰਕੇ ਇਸ ਦੇ ਵਿਕਾਸ ਵਿਚ ਯੋਗਦਾਨ ਪਾਇਆ। ਖਡੂਰ ਸਾਹਿਬ 'ਚ ਬਾਲ ਬੋਧ ਬਣਾਇਆ ਤੇ ਮਨੁੱਖਤਾ ਦੀ ਆਜ਼ਾਦੀ ਲਈ ਅਪਣੀ ਬੋਲੀ ਪੰਜਾਬੀ ਦਾ ਰੁਤਬਾ ਉੱਚਾ ਕੀਤਾ। ਮਾਣਕੀ ਦਾ ਆਖਣਾ ਹੈ ਕਿ ਪੰਜਾਬੀ ਤੋਂ ਦੂਰ ਜਾਣਾ ਗੁਰੂ ਤੋਂ ਦੂਰ ਜਾਣਾ ਹੈ।
ਡਾ: ਪਰਮਿੰਦਰ ਸਿੰਘ ਬੈਨੀਪਾਲ-ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰਧਾਨ ਡਾ. ਪਰਮਿੰਦਰ ਸਿੰਘ ਬੈਨੀਪਾਲ ਅਨੁਸਾਰ ਬੋਲੀ ਜਾਂ ਭਾਸ਼ਾ ਤੋਂ ਭਾਵ ਉਨ੍ਹਾਂ ਬੋਲਾਂ ਜਾਂ ਸ਼ਬਦਾਂ ਤੋਂ ਹੈ, ਜਿਨ੍ਹਾਂ ਦੁਆਰਾ ਮਨ ਦੇ ਵਿਚਾਰਾਂ ਨੂੰ ਪ੍ਰਗਟਾਇਆ ਜਾਂਦਾ ਹੈ। ਕੋਈ ਕੌਮ ਜਾਂ ਦੇਸ਼ ਕਿੰਨਾ ਕੁ ਉੱਨਤ ਹੈ, ਦਾ ਅਨੁਮਾਨ ਉੱਥੋਂ ਦੀ ਬੋਲੀ ਤੋਂ ਪ੍ਰਗਟ ਹੁੰਦਾ ਹੈ, ਕੌਮਾਂਤਰੀ ਬੋਲੀ ਦਿਵਸ ਹਰੇਕ ਮਨੁੱਖ ਨੂੰ ਅਪਣੀ ਮਾਂ ਬੋਲੀ ਪ੍ਰਤੀ ਸਮਰਪਣ ਭਾਵਨਾਂ ਲਈ ਪ੍ਰੇਰਿਤ ਕਰਦਾ ਹੈ ਤੇ ਅਜਿਹੇ ਮੌਕੇ ਸਾਨੂੰ ਮਾਂ ਬੋਲੀ ਪੰਜਾਬੀ ਪ੍ਰਤੀ ਸਮਰਪਿਤ ਹੋ ਜਾਣਾ ਚਾਹੀਦਾ ਹੈ।
ਮਾਸਟਰ ਤਰਲੋਚਨ-ਪ੍ਰਸਿੱਧ ਕਹਾਣੀਕਾਰ ਤੇ ਲੇਖ਼ਕ ਮਾਸਟਰ ਤਰਲੋਚਨ ਅਨੁਸਾਰ ਸ਼ੁਰੂ ਵਿਚ ਸਪਤ ਸਿੰਧੂ (ਭਾਵ ਸੱਤ ਦਰਿਆ), ਫ਼ਿਰ ਪੰਚ ਨਾਦ, ਪੰਜ ਆਬ ਤੇ ਫ਼ਿਰ ਪੰਜਾਬ ਦੇ ਵਾਸੀਆਂ ਦੀ ਬੋਲੀ ਨੂੰ ਪੰਜਾਬੀ ਦਾ ਮਾਣ ਮਿਲਿਆ। ਸਾਹਿਤ 'ਚ ਪੰਜਾਬੀ ਦਾ ਵਰਨਣ 1656 ਤੋਂ 1686 ਦੌਰਾਨ ਕਵੀ ਸੁੰਦਰ ਦਾਸ ਦੁਆਰਾ ਪੰਜਾਬੀ ਛੰਦਾਂ ਦਾ ਨਾਂ ਪੰਜਾਬੀ ਅਸ਼ਟਕ ਰੱਖ ਕੇ ਕੀਤਾ। ਇਸ ਤੋਂ ਪਹਿਲਾਂ ਹਿੰਦਵੀ, ਹਿਟਕੋ, ਮੁਲਤਾਨੀ ਜਾਂ ਲਹੌਰੀ ਆਦਿ ਨਾਂਅ ਸਨ। ਪੰਜਾਬੀ ਅਧੁਨਿਕ ਭਾਰਤੀ ਭਾਸ਼ਾਵਾਂ 'ਚੋਂ ਪੁਰਾਣੀ ਬੋਲੀ ਹੈ।
ਮਹਿੰਦਰ ਸਿੰਘ ਮਾਨੂੰਪੁਰੀ-ਪੰਜਾਬੀ ਸਹਿਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਮਹਿੰਦਰ ਸਿੰਘ ਮਾਨੂੰਪੁਰੀ ਦਾ ਕਹਿਣਾ ਹੈ ਕਿ ਅੱਠਵੀਂ ਸਦੀ 'ਚ ਪੰਜਾਬੀ ਬੋਲੀ, ਸ਼ੌਰਸ਼ੌਨੀ ਤੇ ਪਿਸ਼ਾਚੀ ਅਪ੍ਰਭੰਸ਼ਾਂ 'ਚੋਂ ਨਿਕਲੀ, ਕਿਉਂਕਿ ਅੱਠਵੀਂ, ਨੌਵੀਂ ਤੇ ਦਸਵੀਂ ਸਦੀ 'ਚ ਰਚੀ ਗਈ ਜੋਗੀਆਂ ਦੀ ਰਚਨਾ 'ਚ ਪੰਜਾਬੀ ਰੰਗਣ ਮਿਲਦਾ ਹੈ। ਬਾਬਾ ਫ਼ਰੀਦ ਜੀ ਦੇ ਸਲੋਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਬਾਰ੍ਹਵੀਂ ਸਦੀ 'ਚ ਉੱਨਤੀ ਦੀਆਂ ਬਹੁਤ ਮੰਜ਼ਿਲਾਂ ਸਰ ਕਰ ਚੁੱਕੀ ਸੀ। ਐਨੀ ਪੁਰਾਣੀ ਬੋਲੀ ਦਾ ਸਤਿਕਾਰ ਪੰਜਾਬੀਆਂ ਲਈ ਰੂਹ ਤੋਂ ਹੋਣਾ ਲਾਜ਼ਮੀ ਹੈ।
ਰਾਜਵਿੰਦਰ ਸਮਰਾਲਾ-ਪ੍ਰਸਿੱਧ ਨਾਟਕਕਾਰ ਰਾਜਵਿੰਦਰ ਸਮਰਾਲਾ ਦਾ ਕਹਿਣਾ ਹੈ ਕਿ ਸੰਤਾਂ, ਭਗਤਾਂ, ਮਹਾਤਮਾਂ ਰੂਪ ਪੁਰਸ਼ਾਂ ਤੇ ਗੁਰੂ ਸਹਿਬਾਨ ਤੋਂ ਇਲਾਵਾ ਵਾਰਿਸ਼ ਸ਼ਾਹ, ਬੁੱਲੇ ਸ਼ਾਹ ਜਿਹੇ ਫ਼ਕੀਰਾਂ ਦੀ ਬੋਲੀ ਅਪਣੀ ਹੀ ਜਨਮ ਭੂਮੀ 'ਤੇ ਅਪਾਹਜ਼ ਮਾਂ ਵਰਗੀ ਹੋ ਚੁੱਕੀ ਹੈ, ਜਿਸਦੀ ਧੀ-ਪੁੱਤ ਸਾਰ ਨਹੀਂ ਲੈਂਦੇ।
 

JUGGY D

BACK TO BASIC
ਜਦੋਂ ਕਿਸੇ ਖਿੱਤੇ ਦੇ ਲੋਕਾਂ ਦੀ ਜ਼ਬਾਨ ਮਰਦੀ ਹੈ ਤਾਂ ਉਹ ਜ਼ਬਾਨ ਲਿਖਣ, ਪੜ੍ਹਨ ਅਤੇ ਬੋਲਣ ਵਾਲੀ ਸਮੁੱਚੀ ਕੌਮ ਦਾ ਹੀ ਖ਼ਾਤਮਾ ਹੋ ਜਾਂਦਾ ਹੈ। ਇਸ ਸੰਦਰਭ ਵਿਚ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਪੰਜਾਬੀ ਇਸੇ ਤਰ੍ਹਾਂ ਆਪਣੀ ਜ਼ਬਾਨ ਤੋਂ ਦੂਰ ਹੁੰਦੇ ਗਏ ਤਾਂ ਸਦੀਆਂ ਦੇ ਬੀਤਣ ਨਾਲ ਇਕ ਦਿਨ ਉਹ ਵੀ ਆਏਗਾ ਕਿ ਪੰਜਾਬ ਸਿਰਫ ਨਾਂਅ ਦਾ ਹੀ ਪੰਜਾਬ ਰਹਿ ਜਾਏਗਾ।


ਧੰਨਵਾਦ ਵੀਰੇ ..!! ਚੱਲੋ ਸੁਕਰ ਆ ਕਿਸੇ ਨੂੰ ਤਾਂ ਯਾਦ ਆ !!
ਅੱਜ ਇਥੇ ਜਲੰਧਰ ਬਹੁਤ ਵਧੀਆ ਤੇ ਵਿਸ਼ਾਲ ਰੇਲੀ ਕੀਤੀ ਗਈ, ਚੰਗੀ ਜਨਤਾ ਕਠੀ ਹੋਈ ਸੀ, ਕੁਝ ਸਿੰਗਰਾ ਕਰਕੇ ਪਰ ਜਿਆਦਾ "ਪੰਜਾਬੀ" ਕਰਕੇ !!
 
Top