ਕੂੰਡਾ ਘੋਟਣਾ

- ਕੋਈ ਸਮਾਂ ਸੀ ਜਦੋਂ ਪੰਜਾਬੀ ਰਸੋਈ ਘਰ ਵਿੱਚ ਕੂੰਡੇ-ਘੋਟਣੇ ਦੀ ਸਰਦਾਰੀ ਹੁੰਦੀ ਸੀ। ਅੱਜ ਮਸ਼ੀਨੀਕਰਨ ਅਤੇ ਤੇਜ਼-ਤਰਾਰ ਜ਼ਿੰਦਗੀ ਦੇ ਰੁਖ਼ ਨੇ ਕੂੰਡੇ-ਘੋਟਣੇ ਦੀ ਵਰਤੋਂ ਕੁਝ ਘਟਾ ਦਿੱਤੀ ਹੈ। ਸ਼ਹਿਰੀ ਖੇਤਰ ਵਿੱਚ ਇਸ ਦੀ ਜਗ੍ਹਾ ਮਿਕਸੀ /ਗਰੈਂਡਰ ਨੇ ਲੈ ਲਈ ਹੈ ਪਰ ਪੇਂਡੂ ਖੇਤਰ ਵਿੱਚ ਦਾਲ/ਸਬਜ਼ੀ ਬਣਾਉਣ ਸਮੇਂ ਮਿਰਚ ਮਸਾਲਾ ਰਗੜਨ ਅਤੇ ਚਟਣੀ ਆਦਿ ਬਣਾਉਣ ਲਈ ਕੂੰਡੇ ਦੀ ਵਰਤੋਂ ਅੱਜ ਵੀ ਕੀਤੀ ਜਾਂਦੀ ਹੈ। ਕੂੰਡਾ ਅਕਸਰ ਹੀ ਪੱਥਰ ਜਾਂ ਚੀਕਣੀ ਮਿੱਟੀ ਦਾ ਬਣਿਆ ਹੁੰਦਾ ਹੈ। ਪਾਕਿਸਤਾਨੀ ਕੂੰਡਾ ਮਸ਼ਹੂਰ ਹੈ ਜਿਸ ਦੀ ਬਣਤਰ ਖ਼ਾਸ ਡਿਜ਼ਾਈਨ ਵਾਲੀ ਹੁੰਦੀ ਹੈ। ਕੂੰਡੇ ਦਾ ਸਾਥੀ ਘੋਟਣਾ ਨਿੰਮ ਦੀ ਸਖ਼ਤ ਲੱਕੜ ਦਾ ਬਣਿਆ ਹੁੰਦਾ ਹੈ।
ਮੁੱਢ-ਕਦੀਮ ਤੋਂ ਰਸੋਈ ਘਰ ਦੇ ਬਹੁਤੇ ਭੋਜਨ ਪਦਾਰਥ ਸਾਬਤ ਰੂਪ ਵਿੱਚ ਕੁਦਰਤੀ ਤੌਰ ‘ਤੇ ਖੇਤਾਂ ਵਿੱਚ ਉਗਾ ਕੇ ਪਾਰ੍ਪਤ ਕੀਤੇ ਜਾਂਦੇ ਸਨ, ਜਿੰਨਾਂ ਨੂੰ ਧੁੱਪ ਵਿੱਚ ਸੁਕਾ ਕੇ ਹੱਥੀਂ ਕੂੰਡੇ ਘੋਟਣੇ ਨਾਲ ਪੀਸ ਕੇ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ। ਅੱਜ ਵਾਂਗ ਬਾਜ਼ਾਰ ਵਿੱਚ ਪੈਕਟਾਂ ਵਿੱਚ ਬੰਦ ਪੀਸੇ ਹੋਏ ਭੋਜਨ ਪਦਾਰਥ ਘੱਟ ਮਿਲਦੇ ਸਨ। ਅੱਜ ਰਸੋਈ ਘਰ ਦੀ ਲੂਣਦਾਨੀ ਵੀ ਸੁੰਗੜ ਕੇ ਤਿੰਨ ਖਾਨਿਆਂ ਵਾਲੀ ਰਹਿ ਗਈ ਹੈ ਜਿਸ ਵਿੱਚ ਲੂਣ, ਮਿਰਚ, ਮਸਾਲਾ, ਹਲਦੀ ਪੀਸਿਆ ਹੋਇਆ ਬਾਜ਼ਾਰ ਵਿੱਚੋਂ ਖ਼ਰੀਦ ਕੇ ਭਰ ਲਿਆ ਜਾਂਦਾ ਹੈ ਪਰ ਪਹਿਲਾਂ ਲੂਣਦਾਨੀ ਹਰਬਲ ਵਸਤੂਆਂ ਦੀ ਦੁਕਾਨ ਵਾਂਗ ਹੁੰਦੀ ਸੀ ਜਿਸ ਵਿੱਚ ਮਿਰਚ, ਲੂਣ, ਹਲਦੀ, ਜੈਫਲ, ਵੱਡੀ ਇਲਾਇਚੀ, ਛੋਟੀ ਇਲਾਇਚੀ, ਜਵੈਤਰੀ, ਕਾਲੀ ਮਿਰਚ, ਮਲੱਠੀ, ਸੁੰਢ, ਹਿੰਗ ਆਦਿ ਵਸਤੂਆਂ ਸਾਬਤ ਰੂਪ ਵਿੱਚ ਹੁੰਦੀਆਂ ਸਨ ਅਤੇ ਲੋੜ ਮੁਤਾਬਕ ਕੂੰਡੇ ਘੋਟਣੇ ਨਾਲ ਰਗੜ ਕੇ ਵਰਤੀਆਂ ਜਾਂਦੀਆਂ ਸਨ।
ਕੂੰਡੇ ਅਤੇ ਘੋਟਣੇ ਦੀ ਰਗੜਨ ਪ੍ਰਕਿਰਿਆ ਨਾਲ ਸਰੀਰਕ ਕਸਰਤ ਵੀ ਹੋ ਜਾਂਦੀ ਹੈ ਅਤੇ ਹੱਥਾਂ ਦੀ ਪਕੜ ਵੀ ਮਜ਼ਬੂਤ ਹੁੰਦੀ ਹੈ। ਪਹਿਲੇ ਸਮੇਂ ਵਿੱਚ ਠੰਢਿਆਈ, ਸੱਤੂ, ਭੁਗਾ ਆਦਿ ਕੂੰਡੇ-ਘੋਟਣੇ ਵਿੱਚ ਰਗੜ ਕੇ ਤਿਆਰ ਕੀਤੇ ਜਾਂਦੇ ਸਨ।
 
Top