ਇਕ ਸੁਫ਼ਨੇ ਦੀ ਮੌਤ

#Jatt On Hunt

47
Staff member
''ਇਹੋ ਜਿਹੀਆਂ ਨਾਲ ਇੰਝ
ਹੀ ਹੋਣਾ ਚਾਹੀਦਾ ਹੈ'', ਆਮਿਰ ਜ਼ੋਰ-ਜ਼ੋਰ
ਦੀ ਬੋਲ ਰਿਹਾ ਸੀ। ਉਸਦੀਆਂ ਗੱਲਾਂ, ਉਸਦੇ
ਕੰਨਾਂ 'ਚ ਪਿਘਲੇ ਸੀਸੇ ਵਾਂਗ ਪਈਆਂ। ਕੋਈ ਕਿਸੇ
ਦੀ ਮੌਤ ਦੀ ਗੱਲ, ਉਹ ਵੀ ਇਸ
ਤਰ੍ਹਾਂ ਦੀ ਵਹਿਸ਼ੀਆਨਾ ਮੌਤ ਦੀ ਗੱਲ, ਇੰਝ
ਵੀ ਕਰ ਸਕਦਾ ਹੈ। ਉਸਨੂੰ ਹੈਰਾਨੀ ਵੀ ਹੋਈ ਅਤੇ
ਗੁੱਸਾ ਵੀ ਆਇਆ। ਉਸਤੋਂ ਬਰਦਾਸ਼ਤ ਨਾ ਹੋਇਆ ਤੇ
ਉਹ ਛੇਤੀ ਨਾਲ, ਉਸ ਘਰ 'ਚੋਂ ਬਾਹਰ ਨਿਕਲ ਆਈ।
ਸਾਰੇ ਰਾਹ, ਉਸਦੇ ਕੰਨਾਂ 'ਚ ਭੂਆ ਦੇ ਪੁੱਤ-
ਭਰਾ ਦੀਆਂ ਗੱਲਾਂ ਗੂੰਜ ਰਹੀਆਂ ਸਨ। ਕੀ ਗੁਨਾਹ
ਸੀ ਹਿਨਾ ਦਾ - ਕੁੜੀ ਹੋਣਾ ਜਾਂ ਗ਼ਰੀਬ ਹੋਣਾ?
ਕੀ ਜੁਰਮ ਕੀਤਾ ਸੀ ਉਸਨੇ, ਜੋ ਉਸਦਾ ਇਹ ਹਸ਼ਰ
ਹੋਇਆ? ਉਸਨੇ ਆਪਣੀ ਮਰਜ਼ੀ ਨਾਲ ਕਿਸੇ ਦਾ ਹੱਥ
ਫੜਿਆ ਸੀ - ਇਹ ਉਸਦਾ ਗੁਨਾਹ
ਸੀ ਜਾਂ ਉਹਨਾਂ ਲੋਕਾਂ ਦਾ ਗੁਨਾਹ, ਜੋ ਸਮੇਂ ਸਿਰ
ਉਸਦਾ ਸਾਥੀ ਨਾ ਲੱਭ ਸਕੇ।
ਉਸਦੀਆਂ ਅੱਖਾਂ ਅੱਗੇ ਗੋਲ-ਮਟੋਲ ਚਿਹਰਾ,
ਭਰਵਾਂ ਗਦਰਾਇਆ ਜਿਸਮ, ਹੱਸਦੀਆਂ ਅੱਖਾਂ ਨੱਚ
ਰਹੀਆਂ ਸਨ, ਜੋ ਜ਼ਿੰਦਗ਼ੀ ਦੇ ਹਰ ਘੱਟ ਨੂੰ
ਮਾਣਨਾ ਚਾਹੁੰਦੀਆਂ ਸਨ, ਜਵਾਨੀ ਦੀ ਹਰ ਸੱਧਰ
ਨੂੰ ਪੂਰਾ ਕਰਨਾ ਚਾਹੁੰਦੀਆਂ ਸਨ। ਉਹ, ਦੁਨੀਆ
ਦੀ ਅੱਧੀ ਅਬਾਦੀ 'ਚੋਂ 99 ਫ਼ੀਸਦੀ ਵਾਲਾ ਉਹ
ਹਿੱਸਾ ਸੀ, ਜਿਸ ਦੀਆਂ ਅੱਖਾਂ 'ਚ ਬਚਪਨ ਤੋਂ
ਹੀ ਵੰਡੇ ਹੋਣ ਅਤੇ ਵਿਆਹ ਕਰਕੇ ਆਪਣਾ ਘਰ
ਵਸਾਉਣ ਦੇ ਸੁਫ਼ਨੇ ਨੱਚਦੇ ਹਨ। ਉਸਨੂੰ ਬਹੁਤ
ਕਾਹਲੀ ਵੀ ਸੀ, ਇਹਨਾਂ ਸੁਫ਼ਨਿਆਂ ਨੂੰ
ਪੂਰਾ ਕਰਨ ਦੀ। ਪਰ
ਉਸਦੀ ਤ੍ਰਾਸਦੀ ਸੀ ਕਿ ਆਪੋ-
ਆਪਣੀ ਜ਼ਿੰਦਗ਼ੀ ਦੀ ਲੜਾਈ ਵਿਚ ਅਭਿਮੰਨਿਊ
ਬਣੇ, ਕਿਸੇ ਨੂੰ ਵੀ, ਉਹਨਾਂ ਚਾਵਾਂ ਦਾ, ਉਸਦੀਆਂ
ਸੱਧਰਾਂ ਦੇ ਇੰਨਾ ਵੱਡਾ ਹੋਣ ਦਾ ਚਿੱਤ-
ਚੇਤਾ ਹੀ ਨਹੀਂ ਸੀ।
ਗ਼ਰੀਬੀ ਦੀ ਜੂਨ ਭੋਗ ਰਹੇ ਆਪਣੇ ਮਾਂ-ਪਿਓ ਦੇ
ਘਰ ਵਿਚ ਤੀਜੀ ਕੁੜੀ। ਉਸਦੇ ਵੱਡੇ ਹੋਣ ਤੋਂ
ਪਹਿਲਾਂ ਹੀ ਪਿਉ ਦੀ ਤਪਦਿਕ
ਦੀ ਬਿਮਾਰੀ ਇੰਨੀ ਵੱਡੀ ਹੋ ਗਈ ਕਿ ਉਹ
ਮਾਂ ਅਤੇ ਧੀਆਂ ਨੂੰ ਕੱਚੀ ਜਿਹੀ ਕੋਠੜੀ ਵਿਚ ਛੱਡ,
ਦਿਸਹੱਦੇ ਤੋਂ ਪਾਰ ਨਿਕਲ ਗਿਆ। ਗ਼ਰੀਬ ਭੈਣ ਦੇ
ਦੁੱਖ਼ ਦਾ ਖ਼ਿਆਲ ਕਰ ਵੱਡੇ ਭਰਾ ਨੇ ਦੋ ਵੱਡੀਆਂ
ਕੁੜੀਆਂ ਦੀ ਜ਼ਿੰਮੇਵਾਰੀ ਲੈ ਲਈ। ਹੁਣ ਪਿਛੇ
ਰਹਿ ਗਈਆਂ - ਮਾਂ ਤੇ ਹਿਨਾ।
ਦੋਵੇਂ ਇਕ-ਦੂਜੇ ਲਈ ਜੀਣ ਲੱਗੀਆਂ। ਮਾਂ ਕੋਲ ਹੋਰ ਕੁਝ
ਵੀ ਨਹੀਂ ਸੀ ਬਚਿਆ। ਉਸ, ਹਿਨਾ ਨੂੰ ਰੱਜ-ਰੱਂ
ਪਿਆਰ ਦਿਤਾ ਅਤੇ ਜਿਥੋਂ ਤਕ ਹੋ ਸਕਿਆ,
ਰੁੱਖੀ ਮਿਸੀ ਰੋਟੀ ਵੀ ਦਿਤੀ।
ਇਹਨਾਂ ਹਾਲਤਾਂ 'ਚ ਭਲਾ, ਵਿਆਹ ਦਾ ਸੁਫ਼ਨਾ,
ਪਰੀ ਲੋਕ 'ਚ ਜੀਣ ਵਰਗਾ ਕਿਉਂ ਨਾ ਲਗਦਾ।
ਹੁਣ ਭਾਵੇਂ ਸੋਚ ਬਦਲ ਗਈ ਹੋਵੇ, ਪਰ ਗ਼ਰੀਬ ਅਤੇ
ਹੇਠਲੇ ਅਤੇ ਵਿਚਲੇ ਮੱਧ ਵਰਗ ਵਿਚ ਸਦੀਆਂ ਤੋਂ ਹਰ
ਚੰਗੀ ਚੀ॥, ਗਹਿਣੇ-ਕਪੜੇ ਘੁੰਮਣ-ਫਿਰਣ, ਖੇਡਣ-
ਖਾਣ ਦੇ ਹੱਕ ਲਈ, ਕੁੜੀ ਦੇ ਹੱਥਾਂ ਵਿਚ
ਮਹਿੰਦੀ ਦਾ ਜੰਗਲ ਲਾਜ਼ਮੀ ਹੈ। ਅਖੇ: ਆਪਣੇ ਘਰ
ਜਾ ਕੇ, ਜੋ ਮਰਜ਼ੀ ਕਰੀਂ, ਵਿਆਹ 'ਤੇ ਤੈਨੂੰ ਇਹੋ
ਜਿਹੇ ਵਧੀਆ ਕਪੜੇ ਲੈ ਦਵਾਂਗੇ ਵਗੈਰਾ-ਵਗੈਰਾ।
ਹਿਨਾ ਵੀ ਇਸੇ ਸੁਫ਼ਨੇ ਦੀ ਆਸ ਵਿਚ
ਹੀ ਵੱਡੀ ਹੁੰਦੀ ਗਈ। ਵਿਆਹ ਦੀ ਸ਼ਹਿਨਾਈ,
ਉਸਨੂੰ ਛੇਤੀ ਹੀ ਆਪਣੇ ਵੱਲ ਬੁਲਾਉਣ ਲਗ ਪਈ।
ਘਰ ਦੇ ਲਾਗੇ ਹੀ ਇਕ ਰੋਮੀਓ ਵੀ ਮਿਲ ਗਿਆ।
ਇਸ਼ਕ ਦਾ ਤਾਣਾ-
ਪੇਚਾ ਹਾਲੀਂ ਲੱਗਾ ਵੀ ਨਹੀਂ ਸੀ ਕਿ ਮਾਂ ਦੀ ਅੱਖ
ਖੁੱਲ੍ਹ ਗਈ ਤੇ ਨਾਲ ਹੀ ਖਿਲਰ ਗਈ ਇਸ਼ਕ
ਕਹਾਣੀ। ਹਿਨਾ ਦੀ ਕੱਚੀ ਉਮਰ ਅਤੇ
ਉਸਦੀ ਆਪਣੀ ਗ਼ਰੀਬੀ ਨੇ ਉਸਨੂੰ ਡਰਾ ਦਿਤਾ।
ਉਹ ਦਿੱਲੀ ਵਰਗੇ ਵੱਡੇ ਸ਼ਹਿਰ 'ਚ ਆਪਣੇ
ਰਿਸ਼ਤਿਆਂ ਦੀ ਨਿੱਘ 'ਚ ਲੁਕਣ ਆ ਗਈ।
ਮਾਂ ਦੀ ਕੱਲੀ-ਕਾਰੀ ਧੀ ਰਹਿਣ ਕਰਕੇ, ਉਹ
ਮੂੰਹ-ਜ਼ੋਰ ਵੀ ਸੀ ਅਤੇ ਮਾਂ ਦੇ ਸਾਰੇ ਦੁੱਖਾਂ-
ਸੁੱਖਾਂ ਦਾ ਕੇਂਦਰ ਵੀ। ਕਿਸੇ ਦੇ ਘਰ 'ਚ ਮਹਿਮਾਨ
ਬਣਕੇ ਜਾਂ ਆਪਣਿਆਂ ਵਾਂਗ ਰਹਿ ਕੇ, ਸਭ ਕਾਸੇ ਨੂੰ
ਵੰਡਣਾ - ਉਹ ਲੜਦੀ, ਗੁੱਸਾ ਵੀ ਕਰਦੀ, ਹਰ ਗੱਲ
'ਤੇ ਆਪਣੇ ਹੱਕ ਦੀ ਅਵਾਜ਼ ਬੁਲੰਦ ਕਰਦੀ, ਪਰ
ਜਲਦੀ ਹੀ ਪੜ੍ਹਨਾ ਵੀ ਸ਼ੁਰੂ ਹੋ ਗਈ ਅਤੇ
ਕਾਫ਼ੀ ਹੱਦ ਤਕ ਰਚ-ਮਿਚ ਵੀ ਗਈ। ਕੱਚੀ ਉਮਰ
ਦਾ ਪਿਆਰ, ਕਦੋਂ ਮਨੋ ਨਿਕਲ ਗਿਆ,
ਪਤਾ ਹੀ ਨਾ ਲੱਗਾ।
ਵੱਡੇ ਮਾਮੇ ਨੇ ਆਪਣੀ ਜ਼ਿੰਮੇਵਾਰੀ ਹੇਠ ਲਈਆਂ ਦੋ
ਕੁੜੀਆਂ ਵਿਆਹ ਦਿਤੀਆਂ ਸਨ। ਇਕ ਦਿੱਲੀ 'ਚ
ਅਤੇ ਦੂਜੀ ਸਾਰਿਆਂ ਤੋਂ ਦੂਰ, ਮੱਧ-ਪ੍ਰਦੇਸ਼ ਦੇ ਇਕ
ਛੋਟੇ ਸ਼ਹਿਰ 'ਚ। ਉਸਨੇ ਚਾਅ ਨਾਲ
ਕਦੀ ਦਿੱਲੀ ਵਾਲੀ ਭੈਣ ਕੋਲ ਜਾਣਾ ਅਤੇ
ਕਦੀ ਇੰਦੌਰ 'ਚ ਆਪਣੀ ਦੂਜੀ ਭੈਣ ਵਲ। ਆਪਣੇ
ਭਣੇਵੇਂ-ਭਣੇਵੀਆਂ ਨਾਲ ਖੇਡਦੀ, ਉਸਦੀ ਉਮਰ ਕਦੋਂ
ਉਸਤੋਂ ਪਾਸਾ ਮਾਰ ਕੇ ਨਿਕਲਣ ਲਗੀ, ਉਹ
ਵੀ ਸਮਝ ਨਾ ਸਕੀ।
ਮਾਂ, ਭਰਾ ਦੇ ਉਧੜਦੇ ਗ਼ਰੀਬੀ ਦਾਵੇ ਵਾਲੇ ਘਰ ਨੂੰ
ਛੱਡ, ਧੀ-ਜਵਾਈ ਦੇ ਘਰ ਵਿਚ ਤੇ ਫਿਰ ਉਹਨਾਂ ਦੇ
ਘਰ ਤੋਂ ਥੋੜਾ ਕੁ ਦੂਰ, ਇਕ ਕਮਰਾ ਕਿਰਾਏ 'ਤੇ ਲੈ
ਕੇ ਰਹਿਣ ਲਗੀ। ਉਸਨੇ ਸਾਰਾ ਦਿਨ ਕੰਮ 'ਤੇ
ਚਲੀ ਜਾਣਾ ਅਤੇ ਹਿਨਾ, ਇੱਕਲੀ, ਇਕ ਘਰ ਦੇ
ਇਕ-ਇਕ ਕਮਰੇ 'ਚ ਰਹਿੰਦੇ ਪਰਿਵਾਰਾਂ ਨੂੰ ਵੇਖਦੀ,
ਆਪਣਾ ਆਪ ਸਾਂਭਦੀ, ਕਦੀ-ਕਦੀ ਭੈਣ ਦੇ ਘਰ
ਭਣੇਵਿਆਂ ਨਾਲ ਖੇਡਦੀ, ਉਸ
ਸੰਘਣੀ ਅਬਾਦੀ ਦੀ ਚੁਹਲ-ਮੁਹਲ ਅਤੇ ਔਰਤ-
ਮਰਦ ਰਿਸ਼ਤਿਆਂ ਨੂੰ ਸ਼ਰੇਆਮ ਖੁਲਦਿਆਂ-ਬਣਦਿਆਂ-
ਟੁੱਟਦਿਆਂ ਵੇਖਦੀ ਅਤੇ ਸਮਝਣ ਦੀ ਕੋਸ਼ਿਸ਼
ਕਰਦੀ। ਉਸਦਾ ਜਿਸਮ ਜਾਗਦਾ, ਪਰ ਕਿਸੇ ਨੂੰ
ਨਜ਼ਰ ਨਾ ਆਉਂਦਾ। ਜੇ ਮਾਂ ਉਸਦਾ ਸਾਥ ਲੱਭਣ
ਦੀ ਕੋਸ਼ਿਸ਼ ਕਰਦੀ, ਤਾਂ ਗ਼ਰੀਬੀ ਦੀ ਚੱਦਰ ਹੇਠ,
ਪਿਓ-ਭਰਾ ਦੀ ਅਣਹੋਂਦ, ਕੋਈ
ਚੰਗਾ ਰਿਸ਼ਤਾ ਨਾ ਬਣਨ ਦਿੰਦੀ। ਉਸਦੀਆਂ
ਹੱਡੀਆਂ ਪਕਣ ਲਗੀਆਂ ਅਤੇ ਉਹ ਉਮਰ ਦੀ ਉਸ
ਦਹਿਲੀਜ ਤਕ ਪਹੁੰਚ ਗਈ, ਜਿਥੇ ਕੁੜੀਆਂ ਲਈ
ਸਿਰਫ਼ ਅਧੇੜ ਉਮਰ ਹੀ ਲੱਭਦੀ ਹੈ।
ਤੇ ਫਿਰ ਇਕ ਦਿਨ ਖ਼ਬਰ ਮਿਲੀ ਕਿ ਹਿਨਾ ਨੇ
ਵਿਆਹ ਕਰ ਲਿਆ ਹੈ ਤੇ ਉਹ ਪਤਾ ਨਹੀਂ ਕਿਥੇ
ਰਹਿ ਰਹੀ ਹੈ। ਸਾਰਿਆਂ ਨੇ ਉਸਨੂੰ
ਲਾਹਨਤਾਂ ਪਾਉਣੀਆਂ, ਉਸਦੀਆਂ ਗੱਲਾਂ ਕਰਨੀਆਂ,
''ਆਖ਼ਰ! ਕਿਹੜੀ ਆਖ਼ਰ ਆ ਗਈ ਸੀ।'' ਮਾਂ ਨੇ
ਚੁੱਪ-ਚਪੀਤੀ ਰੋਣਾ, ਕਿਸੇ ਨਾਲ ਦੁੱਖ
ਸਾਂਝਾ ਨਾ ਕਰ ਸਕਣਾ।
ਹਿਨਾ ਨੇ ਜਦੋਂ ਉਸਨੂੰ ਫ਼ੋਨ ਕੀਤਾ,
ਆਪਣੀ ਖ਼ੁਸ਼ੀ ਸਾਂਝੀ ਕੀਤੀ, ਤਾਂ ਉਹ ਉਸਨੂੰ
ਮਿਲਣ ਗਈ। ਉਸਦੇ ਹੱਥਾਂ ਦਾ ਚੂੜਾ, ਉਸਦੇ ਸਿਰ
ਵਿਚਲਾ ਸੰਧੂਰ, ਉਸਦੀ ਖ਼ੁਸ਼ੀ ਦੀ ਗਵਾਹੀ ਦੇ
ਰਹੇ ਸਨ। ਹੱਸਦੀਆਂ ਅੱਖਾਂ ਦੀ ਚਮਕ ਹੋਰ ਵੱਧ ਗਈ
ਸੀ। ਇਕ ਸਾਫ਼-ਸੁਥਰੇ, ਸੋਹਣੇ ਜਿਹੇ ਘਰ 'ਚ, ਉਹ
ਮਾਣ-ਮੱਤੀ ਮਾਲਕਣ ਲੱਗ ਰਹੀ ਸੀ।
ਗੱਲਾਂ ਕਰਦਿਆਂ ਉਸ ਦਸਿਆ ਕਿ ਉਹ,
ਆਪਣੀ ਨਣਾਨ ਦੇ ਘਰ ਰਹਿ ਰਹੀ ਹੈ,
ਕਿਉਂਕਿ ਉਸਦੇ ਘਰਵਾਲੇ 'ਤੇ ਪਹਿਲਾਂ ਹੋਏ ਵਿਆਹ
ਦੇ ਤਲਾਕ ਦਾ ਕੇਸ ਚਲ ਰਿਹਾ ਹੈ। ਉਸਨੂੰ ਕੋਈ ਦੁੱਖ
ਨਹੀਂ ਹੈ, ਉਸਦਾ ਪਤੀ ਹੀ ਨਹੀ, ਘਰ ਦੇ ਸਾਰੇ
ਲੋਕ, ਉਸਨੂੰ ਬਹੁਤ ਪਿਆਰ ਕਰਦੇ ਹਨ। ਹੁਣ,
ਉਸਦਾ ਬੱਚਾ ਹੋਣ ਵਾਲਾ ਹੈ। ਉਹ, ਹਿਨਾ ਦੇ ਘਰੋਂ
ਇਸ ਗੱਲ ਦੀ ਤਸੱਲੀ ਨਾਲ ਵਾਪਸ ਆਈ, 'ਚਲੋ, ਕੁਝ
ਤਾਂ ਉਸਦੀ ਜ਼ਿੰਦਗੀ ਵਿਚ ਚੰਗਾ ਹੋਇਆ।'
ਸਾਲ ਕੁ ਜਾਂ ਸ਼ਾਇਦ ਡੇਢ-ਕੁ ਸਾਲ ਮਗਰੋਂ ਖ਼ਬਰ
ਮਿਲੀ, ਹਿਨਾ ਨਹੀਂ ਰਹੀ। ਉਸਦੇ ਪਤੀ ਅਤੇ ਘਰ
ਦੇ ਲੋਕਾਂ ਨੇ ਰਜਾਈ 'ਚ ਬੰਨ ਕੇ, ਉਸਨੂੰ ਜ਼ਿੰਦਾ ਸਾੜ
ਦਿਤਾ ਸੀ। ਮਾਂ ਨੂੰ ਪਤਾ ਲੱਗਾ, ਉਹ ਭੱਜੀ-
ਭੱਜੀ ਹਸਪਤਾਲ ਗਈ। ਉਸਦੇ ਦੁੱਖ 'ਚ ਕੁਝ ਹੋਰ ਲੋਕ
ਵੀ ਹਸਪਤਾਲ ਗਏ। ਉਹ ਦੱਸ ਰਹੇ ਸਨ, ''ਉਹ
ਤੜਫ਼ ਰਹੀ ਸੀ', 'ਵਾਰ-ਵਾਰ ਮਾਫ਼ੀਆਂ ਮੰਗ
ਰਹੀ ਸੀ', 'ਮਾਂ ਅੱਗੇ ਲਿਲਕੜੀਆਂ ਕੱਢ
ਰਹੀ ਸੀ','ਕਹਿ ਰਹੀ ਸੀ - ਮੇਰੇ ਪੁੱਤਰ ਨੂੰ
ਉਹਨਾਂ ਕੋਲ ਨਾ ਰਹਿਣ ਦੇਣਾ।' ਮਾਂ, ਪੱਥਰ
ਬਣੀ ਬੈਠੀ ਰਹੀ, ਉਸਨੇ ਆਪਣੇ ਹੱਥਾਂ 'ਚ
ਕਿਰਦੀ ਧੀ ਦੀ ਕਿਸੇ ਗੱਲ
ਦਾ ਹੁੰਗਾਰਾ ਨਾ ਭਰਿਆ, ਸ਼ਾਇਦ ਆਪਣੇ ਆਪ ਨੂੰ
ਵੀ ਕੋਈ ਤਸੱਲੀ ਨਹੀਂ ਦੇ ਸਕਦੀ ਸੀ। ਉਹ, ਹੁਣ
ਆਪਣੇ ਵੱਡੇ ਧੀ-ਜਵਾਈ ਅਤੇ ਦੋਹਤਰਿਆਂ ਨਾਲ
ਰਹਿੰਦੀ ਸੀ, ਕਿਸ ਬੂਤੇ 'ਤੇ ਹਾਮੀ ਭਰਦੀ...।
ਹਿਨਾ ਜਿਵੇਂ ਇਹੀ ਕਹਿਣ ਲਈ ॥ਿੰਦਾ ਸੀ,
ਅਗਲੇ ਦਿਨ ਉਸਦੀਆਂ ਸਾਰੀਆਂ ਰਸਮਾਂ ਹੋ ਗਈਆਂ।
ਉਸ ਦਿਨ, ਉਹ ਰੱਜ ਕੇ ਰੋਈ। ਭੈਣਾਂ ਦੇ ਬੱਚੇ ਜੰਮਣ 'ਤੇ
ਉਹਨਾਂ ਦੀ ਦੇਖਭਾਲ ਲਈ ਜਾਂਦੀ ਹਿਨਾ ਨੂੰ,
ਉਸਦੇ ਬੱਚਾ ਹੋਣ 'ਤੇ ਕਿਸੇ ਦੇਖਭਾਲ ਦੀ ਲੋੜ
ਹੀ ਨਾ ਰਹਿਣ ਦਿਤੀ ਗਈ। ਉਸਦਾ ਆਪਣਾ ਘਰ
ਵੀ ਕਦੀ ਨਾ ਬਣਿਆ, ਭਾਵੇਂ ਆਪਣੇ ਸੁਫ਼ਨੇ ਨੂੰ ਜੀਣ
ਦੀ ਉਸ ਹਰ ਵਾਹ ਲਾਈ। ਸਾਰੀ ਉਮਰ, ਜਿਸ
ਸੁਫ਼ਨੇ ਨੂੰ, ਉਸ ਅੱਖਾਂ ਵਿਚ ਸਾਂਭ-ਸਾਂਭ ਰਖਿਆ,
ਜਿਸ ਸੁਫ਼ਨੇ ਲਈ ਉਹ ਜੀ ਰਹੀ ਸੀ,
ਉਹੀ ਉਸਦੀਆਂ ਅੱਖਾਂ 'ਚ ਜ਼ਹਿਰ ਬਣ ਕੇ ਫੈਲਿਆ
ਅਤੇ ਉਸਦੀ ਹੋਂਦ ਨੂੰ ਹੀ ਨਿਗਲ ਗਿਆ।
ਉਸਨੂੰ ਗੁੱਸਾ ਵੀ ਆਇਆ - ਜੀ ਕੀਤਾ, ਉਸਦੇ
ਸਹੁਰਿਆ 'ਤੇ ਕੇਸ ਕਰੇ। ਮਾਂ ਦਾ ਠੰਡਾ ਜੁਆਬ ਸੀ,
''ਕੀ ਲੈਣਾ ਕੁਝ ਕਰਕੇ, ਸਾਡਾ ਉਹਨਾਂ ਨਾਲ
ਕੀ ਰਿਸ਼ਤਾ, ਕਿਸੇ ਨੇ ਨਹੀਂ ਸੁਣਨਾ।'' - ਤੇ
ਓਹਦਾ ਬੱਚਾ..., ''ਮੁੰਡਾ ਤਾਂ ਉਹ ਪਾਲ
ਹੀ ਲੈਣਗੇ।''
ਭਰਾ ਦੀ ਅਵਾਜ਼, ਅੱਜ ਵੀ ਉਸਦੇ ਕੰਨਾਂ 'ਚ
ਪਿਘਲੇ ਪਾਰੇ ਵਾਂਗ ਖ਼ੁਰਦੀ ਹੈ,
ਉਸਦਾ ਪਿੱਛਾ ਕਰਦੀ ਹੈ, ''ਇਹੋ ਜਿਹੀਆਂ ਨਾਲ
ਇੰਜ ਹੀ ਹੋਣਾ ਚਾਹੀਦਾ ਹੈ।''
 
Top