UNP

ਆਜ਼ਾਦੀ ਸੰਗਰਾਮ ਵਿੱਚ ਅਕਤੂਬਰ ਦਾ ਮਹੀਨਾ

Go Back   UNP > Contributions > Punjabi Culture

UNP Register

 

 
Old 15-Oct-2010
'MANISH'
 
ਆਜ਼ਾਦੀ ਸੰਗਰਾਮ ਵਿੱਚ ਅਕਤੂਬਰ ਦਾ ਮਹੀਨਾ

ਡਾਇਰੀ ਕੌਮੀ ਲਹਿਰ
5 ਅਕਤੂਬਰ 1914: ਲਾਰਡ ਹਾਰਡਿੰਗ ਬੰਬ ਕੇਸ ਦਾ ਫ਼ੈਸਲਾ: ਰਾਜਧਾਨੀ ਕਲੱਕਤਾ ਤੋਂ ਦਿੱਲੀ ਲੈ ਆਉਣ ’ਤੇ ਜਸ਼ਨ ਵਜੋਂ ਵਾਇਸਰਾਏ ਲਾਰਡ ਹਾਰਡਿੰਗ ਸ਼ਾਹੀ ਠਾਠ-ਬਾਠ ਨਾਲ ਹਾਥੀ ਉਤੇ ਸਵਾਰ ਹੋ ਕੇ ਦਿੱਲੀ ਦੇ ਚਾਂਦਨੀ ਚੌਕ ਪਹੁੰਚੇ ਤਾਂ ਉਨ੍ਹਾਂ ਦਾ ਪਟਾਕਿਆਂ ਨਾਲ ਸਵਾਗਤ ਕੀਤਾ ਗਿਆ; ਉਹ ਆਪ ਤਾਂ ਬਚ ਗਏ ਪਰ ਉਨ੍ਹਾਂ ਦਾ ਇੱਕ ਰੱਖਿਅਕ ਮਾਰਿਆ ਗਿਆ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਬੰਗਾਲ ਤੋਂ ਪਲਾਇਨ ਤਾਂ ਉਥੋਂ ਦੇ ਕਰਾਂਤੀਕਾਰੀਆਂ ਤੋਂ ਜਾਨ ਛੁਡਾਉਣ ਲਈ ਹੀ ਕੀਤਾ ਗਿਆ ਸੀ, ਪਰ ‘‘ਮੂਸਾ ਡਰਿਆ ਮੌਤ ਤੋਂ ਅੱਗੇ ਮੌਤ ਖੜੀ’’ ਕਹਾਵਤ ਅਨੁਸਾਰ ‘‘ਉਹੀ ਕੁਝ ਹੋਇਆ।’’ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਪਰ ਕੋਈ ਥਹੁ-ਪਤਾ ਨਾ ਲੱਗੇ ਕਿ ਇਹ ਕਾਰਾ ਕਿਸ ਨੇ ਕੀਤਾ ਹੈ – ਤੀਰ ਤੁੱਕੇ ਮਾਰਦਿਆਂ ਲੰਮਾ ਸਮਾਂ ਬੀਤ ਜਾਣ ’ਤੇ ਹੀ ਕੁਝ ਸੂਹ ਮਿਲੀ ਤੇ 25 ਮਈ 1914 ਨੂੰ ਕੇਸ ਸੈਸ਼ਨ ਕੋਰਟ ਦੇ ਲੱਗ ਸਕਿਆ। 5 ਅਕਤੂਬਰ 1914 ਦੇ ਫ਼ੈਸਲੇ ਅਨੁਸਾਰ (1) ਅਬੱਦ ਬਿਹਾਰੀ, (2) ਅਮੀਰ ਚੰਦ ਤੇ (3) ਬਾਲ ਮੁਕੰਦ ਨੂੰ ਫਾਂਸੀ, ਅਤੇ ਬਸੰਤ ਕੁਮਾਰ, ਬਲਰਾਜ ਤੇ ਹਨੂਵੰਤ ਸਹਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
6 ਅਕਤੂਬਰ 1914: ਕਾਮਾਗਾਟਾ ਮਾਰੂ ਦੇ ਸ਼ਹੀਦ ‘ਸਿੱਖ ਨਹੀਂ ਹਨ’ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ: ਇਸ ਡਰ ਤੋਂ ਕਿ ਪੰਜਾਬ ਦੇ ਸਿੱਖ ਬੱਜ- ਬੱਜ ਦੇ ਵਾਕੇ ਤੋਂ ਭੜਕ ਨਾ ਉਠਣ, ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਸਰਬਰਾਹ ਅਰੂੜ ਸਿੰਘ ਪਾਸੋਂ ਸਿੱਖਾਂ ਦੇ ਸ਼੍ਰੋਮਣੀ ਗੁਰੂ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਹੁਕਮਨਾਮਾ ਜਾਰੀ ਕਰਵਾਇਆ ਕਿ ‘‘ਬੱਜ-ਬੱਜ ਘਾਟ ’ਤੇ ਮਾਰੇ ਗਏ ਪੰਜਾਬੀ ਸਿੱਖ ਨਹੀਂ ਹਨ’’ (ਨਰੈਣ ਸਿੰਘ, ਅਕਾਲੀ ਮੋਰਚੇ ਤੇ ਝੱਬਰ, ਪੰਨਾ 21)
ਇਸ ਹੁਕਮਨਾਮੇ ਦੀ ਥਾਂ ’ਤੇ 12 ਅਕਤੂਬਰ 1920 ਨੂੰ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਸੀ: ‘‘ਅਕਾਲ ਤਖ਼ਤ ਸਾਹਿਬ ਸਾਜਿਆ ਖਾਲਸਾ ਜੀ ਦਾ ਇਹ ਦੀਵਾਨ ਪਾਸ ਕਰਦਾ ਹੈ ਕਿ ਜਿਨ੍ਹਾਂ ਨੇ ਬੱਜ-ਬੱਜ ਘਾਟ ਦੇ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ ਸੀ, ਉਹ ਅਨਿਨ ਗੁਰੂ ਦੇ ਸਿੱਖ ਸਨ। ਬਲਕਿ ਉਹ ਗੁਰੂ ਦੇ ਸਿੱਖ ਨਹੀਂ ਹਨ, ਜਿਹੜੇ ਆਪਣੇ ਘਰ ਵਿੱਚ ਮਨਮਤ ਕਰਦੇ ਹਨ। ਸ. ਅਰੂੜ ਸਿੰਘ, ਜੋ ਘਰ ਵਿੱਚ ਗੁਰਮਤਿ ਪ੍ਰਚਾਰ ਨੂੰ ਬੰਦ ਕਰਕੇ ਘਰ ਵਿੱਚ ਪਾਪ ਲੀਲਾ ਕਰਦਾ ਹੈ, ਗੁਰੂ ਦਾ ਸਿੱਖ ਨਹੀਂ।’’
(ਹਵਾਲਾ: ਹੁਕਮਨਾਮੇ ਆਦੇਸ਼ ਸੰਦੇਸ਼… ਸ੍ਰੀ ਅਕਾਲ ਤਖ਼ਤ ਸਾਹਿਬ, ਰੂਪ ਸਿੰਘ: ਸਿੰਘ ਬ੍ਰਦਰਜ਼, ਅੰਮ੍ਰਿਤਸਰ, ਜੂਨ 2003, ਪੰਨਾ 64)
ਹੋ ਸਕਦਾ ਹੈ ਕਿ ਕੁਝ ਪਾਠਕਾਂ ਨੂੰ ਇਸ ਹੁਕਮਨਾਮੇ ਬਾਰੇ ਜਾਣ ਕੇ ਇੰਜ ਲੱਗੇ ਕਿ ਅਰੂੜ ਸਿੰਘ ਵੱਲੋਂ ਜਾਰੀ ਕਰਵਾਇਆ ਗਿਆ ਇਹ ਹੁਕਮਨਾਮਾ ਕੋਈ ਵਚਿੱਤਰ ਵਰਤਾਰਾ ਸੀ; ਇਸ ਧਾਰਨਾ ਦੇ ਐਨ ਉਲਟ ਕੁਝ ਹੋਰ ਪ੍ਰਮੁੱਖ ਸਿੱਖ ਸੰਸਥਾਵਾਂ, ਸਭਾਵਾਂ ਵੀ ਅਜਿਹੇ ਰਾਗ ਹੀ ਅਲਾਪ ਰਹੀਆਂ ਸਨ। ਇਨ੍ਹਾਂ ਵਿੱਚ ਚੀਫ਼ ਖਾਲਸਾ ਦੀਵਾਨ, ਖਾਲਸਾ ਟ੍ਰੈਕਟ ਸੁਸਾਇਟੀ, ਸਿੱਖ ਐਜੂਕੇਸ਼ਨਲ ਕਾਨਫਰੰਸ, ਕਈ ਸਿੰਘ ਸਭਾਵਾਂ ਆਦਿ ਵੀ ਇਸੇ ਦਿਸ਼ਾ ਵੱਲ ਹੀ ਸਰਗਰਮ ਸਨ।
ਇਨ੍ਹਾਂ ਦਾ ਪ੍ਰਚਾਰ ਸੀ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਤੋਂ ਕੁਝ ਦਿਨ ਪਹਿਲਾਂ ਭਵਿੱਖਬਾਣੀ ਕੀਤੀ ਸੀ: ‘‘ਮੈਂ ਆਪਣੇ ਬੰਦੀਖਾਨੇ ਦੀ ਸਿਖਰਲੀ ਮੰਜ਼ਲ ’ਤੇ ਕੇਵਲ ਯੂਰਪੀਅਨਾਂ ਦੀ ਦਿਸ਼ਾ ਵੱਲ ਵੇਖ ਰਿਹਾ ਸਾਂ ਜੋ ਸਮੁੰਦਰ ਪਾਰੋਂ ਆ ਕੇ, ਤੇਰੇ (ਔਰੰਗਜ਼ੇਬ ਦੇ) ਪਰਦੇਫ਼ਾਸ਼ ਕਰਨਗੇ ਤੇ ਤੇਰੀ ਸਲਤਨਤ ਨੂੰ ਤਹਿਸ-ਨਹਿਸ ਕਰਨਗੇ।’’
ਇਸੇ ਲੇਖ ਵਿੱਚ ਅੱਗੇ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਹਦੇ ਨਾਲੋਂ ਵੀ ਵਧੇਰੇ ਸਰਕਾਰ ਪੱਖੀ ਫ਼ਰਮਾਨ ਕੀਤੇ ਗਏ ਦਰਸਾਏ ਗਏ ਹਨ, ਬਲਕਿ ਇਸ ਸੰਪਾਦਕੀ ਦਾ ਸਿਰਲੇਖ ਹੀ ਹੈ: “Guru Gobind Singh’s prophesy about the British Rule” (ਗੁਰੂ ਗੋਬਿੰਦ ਦੀ ਅੰਗਰੇਜ਼ੀ ਰਾਜ ਬਾਰੇ ਭਵਿੱਖਬਾਣੀ) ਇਸੇ ਲੇਖ ਦੇ ਅਖੀਰ ਵਿੱਚ ਕਿਹਾ ਗਿਆ ਹੈ: ‘‘ਅਸੀਂ ਆਪਣੇ ਅਗਲੇਰੇ ਅੰਕਾਂ ਵਿੱਚ ਵਿਸਥਾਰ ਸਹਿਤ ਚਰਚਾ ਕਰਾਂਗੇ ਕਿ ਅਸੀਂ ਕਿਸ ਪ੍ਰਕਾਰ ਗੁਰੂ ਮਹਾਰਾਜ ਦੇ ਇਸ ਮਹਾਂਵਾਕ ਦੀ ਸਦਾ ਤੋਂ ਪਾਲਣਾ ਕਰਦੇ ਆ ਰਹੇ ਹਾਂ।’’ (ਬਾਕੀ ਨਵੰਬਰ ਮਹੀਨੇ ਦੀ ਡਾਇਰੀ ਵਿੱਚ) (ਸਰੋਤ: ਮੂਲ ਲਿਖਤ ਦੀ ਫ਼ੋਟੋ ਕਾਪੀ)?
6 ਅਕਤੂਬਰ 1915: ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ 24 ਗ਼ਦਰੀਆਂ ਦੀ ਫਾਂਸੀ ਮੁਲਤਵੀ: 13 ਸਤੰਬਰ 1915 ਨੂੰ ਸਪੈਸ਼ਲ ਟ੍ਰਿਬਿਊਨਲ ਨੇ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਪਰ ਮਾਮਲਾ ਵਾਇਸਰਾਏ ਲਾਰਡ ਹਾਰਡਿੰਗ ਦੇ ਵਿਚਾਰ ਅਧੀਨ ਹੋਣ ਕਰਕੇ ਅਖ਼ੀਰਲੇ ਪਲ ਫਾਂਸੀ ਮੁਲਤਵੀ ਕਰ ਦਿੱਤੀ ਗਈ ਸੀ। ਬਾਬਾ ਸੋਹਨ ਸਿੰਘ ਭਕਨਾ ਅਨੁਸਾਰ: ‘‘ਅਖੀਰ ਉਹ ਦਿਨ ਆ ਗਿਆ। ਸਵੇਰੇ ਫਾਂਸੀ ਲਟਕਣਾ ਸੀ। ਉਸ ਤੋਂ ਪਹਿਲੀ ਰਾਤ ਮੈਨੂੰ ਅਜੇ ਤੱਕ ਨਹੀਂ ਭੁੱਲੀ। ਸਾਡੀ ਬੈਰਕ ਵਿੱਚ 24 ਕੋਠੜੀਆਂ ਦੀ ਲੰਮੀ ਕਤਾਰ ਵਿਚ ਮੇਰੇ ਵਰਗਾ ਹੀ ਇੱਕ-ਇੱਕ ਕੈਦੀ ਸੀ। ਜਿਵੇਂ ਰਿਵਾਜ ਸੀ, ਸਾਡਾ ਵਜ਼ਨ ਕਰ ਲਿਆ ਗਿਆ। ਫੇਰ ਸਾਰੀ ਰਾਤ ਅਸੀਂ ਉੱਚੀ-ਉੱਚੀ ਹੱਸਦੇ, ਕੂਕਦੇ ਤੇ ਗਾਉਂਦੇ ਰਹੇ। ਉਨ੍ਹਾਂ ਗੀਤਾਂ ਦਾ ਆਸ਼ਾ ਸੀ ਕਿ ਅਸੀਂ ਆਪਣਾ ਫ਼ਰਜ਼ ਨਿਭਾ ਚੱਲੇ ਹਾਂ। ਫਾਂਸੀ ਵਾਲੇ ਦਿਨ ਡਿਪਟੀ ਜੇਲ੍ਹਰ ਨੇ ਦਰਵਾਜ਼ੇ ਖੁਲ੍ਹਵਾਏ ਪਰ ਰਿਵਾਜ ਮੁਤਾਬਕ ਸਾਡੇ ਆਖਰੀ ਇਸ਼ਨਾਨ ਲਈ ਪਾਣੀ ਨਾ ਆਇਆ। ਪੁੱਛਣ ’ਤੇ ਪਤਾ ਲੱਗਾ ਕਿ ਰਾਤ ਦੇ ਦਸ ਵਜੇ ਹੁਕਮ ਆਇਆ ਹੈ ਕਿ ਫਾਂਸੀ ਅਜੇ ਰੋਕ ਦਿੱਤੀ ਜਾਵੇ…।’’ (ਹਵਾਲਾ: ਜੀਵਨ ਸੰਗਰਾਮ, ਤਰਕ ਭਾਰਤੀ ਬਰਨਾਲਾ, ਪੰਨਾ 47)
7 ਅਕਤੂਬਰ 1930: ਫੈਸਲਾ ਲਾਹੌਰ ਸਾਜ਼ਿਸ਼ ਕੇਸ ਦਾ: ਇਸ ਵਿੱਚ ਤਿੰਨਾਂ, ਭਾਵ ਸੁਖਦੇਵ, ਰਾਜ ਗੁਰੂ ਤੇ ਭਗਤ ਸਿੰਘ ਨੂੰ ਫਾਂਸੀ (ਜੀਹਦੀ ਤਰੀਕ 27 ਅਕਤੂਬਰ ਤੈਅ ਕੀਤੀ ਗਈ ਸੀ, ਜੋ ਕਾਨੂੰਨੀ ਅੜਿਚਣਾਂ ਕਰਕੇ ਬਦਲਣੀ ਪੈ ਗਈ ਸੀ), ਕਿਸ਼ੋਰੀ ਲਾਲ ਸ਼ਿਵ ਵਰਮਾ, (ਡਾ.) ਗਯਾ ਪ੍ਰਸ਼ਾਦ, ਮਹਾਂਬੀਰ ਸਿੰਘ, ਬਿਜੋਏ ਕੁਮਾਰ ਸਿਨਹਾ, ਕਮਲ ਨਾਥ ਤਿਵਾੜੀ ਤੇ ਜੈਦੇਵ ਕਪੂਰ ਨੂੰ ਉਮਰ ਕੈਦ – ਕਾਲਾ ਪਾਣੀ, ਪ੍ਰੇਮ ਦੱਤ (ਪੰਜ ਸਾਲ) ਕੁੰਦਨ ਲਾਲ (ਸੱਤ ਸਾਲ), ਬਾਕੀ ਤਿੰਨਾਂ, ਭਾਵ ਦੇਸ਼ ਰਾਜ, ਅਜੋਏ ਘੋਸ਼ ਤੇ ਜਤੇਂਦਰ ਸਾਨਯਾਲ ਨੂੰ ਬਰੀ ਕੀਤਾ ਗਿਆ ਸੀ।
9 ਅਕਤੂਬਰ 1930 : ਬੰਬਈ: ਲੈਮਿੰਗਟਨ ਰੋਡ ਥਾਣੇ ’ਤੇ ਹਮਲਾ: ਉਪਰੋਕਤ ਫ਼ੈਸਲੇ ਵਿਰੁੱਧ ਰੋਹ ਵਜੋਂ ਦੁਰਗਾ ਭਾਬੀ, (ਬਾਬਾ) ਪ੍ਰਿਥਵੀ ਸਿੰਘ ਲਾਲੜੂ ਤੇ ਸੁਖਦੇਵ ਰਾਜ ਨੇ ਪਿਸਤੌਲਾਂ-ਰਿਵਾਲਵਰਾਂ ਨਾਲ ਲੈਸ ਹੋ ਕੇ, ਟੈਕਸੀ ਕਿਰਾਏ ’ਤੇ ਲਈ ਅਤੇ ਲੈਮਿੰਗਟਨ ਰੋਡ ਦੇ ਥਾਣੇ (ਜਿੱਥੇ ਸਾਰਾ ਅਮਲਾ ਗੋਰਿਆਂ ਦਾ ਸੀ) ’ਤੇ ਹੱਲਾ ਬੋਲ ਦਿੱਤਾ। ਹਫ਼ੜਾ-ਦਫ਼ੜੀ ਵਿੱਚ ਨਿਸ਼ਾਨੇ ਤਾਂ ਖੁੰਝ ਗਏ, ਪਰ ਉਹ ਉਥੋਂ ਬਚ ਨਿਕਲਣ ਵਿੱਚ ਕਾਮਯਾਬ ਹੋਏ। ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਪੁਲੀਸ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਕਰਵਾ ਸਕੀ (ਹਵਾਲਾ: Bhagwati Bhai, Durga Bhabi- 1 Biography, Malwinder Jit Singh Waraich, under publication by Publications Division, Govt. of India, New Delhi, Chapter XIII: Durga as ‘Dugra’)
15 ਅਕਤੂਬਰ 1929: ਅਹਿਮਦਗੜ੍ਹ ਰੇਲ ਡਾਕਾ : ਮਲੇਰਕੋਟਲਾ ਵਾਲੀ ਰੇਲਵੇ ਲਾਈਨ ’ਤੇ ਪੰਜਾਬ ਦੇ ਕਰਾਂਤੀਕਾਰੀਆਂ ਨੇ ਕਾਕੋਰੀ ਵਾਲੇ ਕਰਾਂਤੀਕਾਰੀਆਂ ਵਾਂਗ ਸਰਕਾਰੀ ਖਜ਼ਾਨਾ ਲੁੱਟਣ ਦੀ ਸਕੀਮ ਬਣਾਈ, ਜਿਸ ਦਾ ਮਕਸਦ ਭਗਤ ਸਿੰਘ ਤੇ ਦੱਤ ਨੂੰ ਜੇਲ੍ਹ ਤੋਂ ਛੁਡਾਉਣ ਲਈ ਧਨ ਜੁਟਾਉਣਾ ਸੀ। ਮੇਰੀ ਖੋਜ ਅਨੁਸਾਰ ਇਹਦੇ ਪਿੱਛੇ (ਸ਼ਹੀਦ) ਭਗਵਤੀ ਚਰਨ ਵੋਹਰਾ ਦੀ ਪ੍ਰੇਰਣਾ ਸੀ। ਇਸ ਸਾਕੇ ਵਿੱਚ ਸ਼ੇਰ ਜੰਗ (ਨਾਹਨ: ਹਿਮਾਚਲ ਤੋਂ ਜਿਨ੍ਹਾਂ ਦਾ ਪੋਤਰਾ ਸਰਮੇਸ਼ ਜੰਗ ਅੱਜ-ਕੱਲ੍ਹ ਨਿਸ਼ਾਨੇਬਾਜ਼ੀ ਵਿੱਚ ਨਾਮਣਾ ਖੱਟ ਰਿਹਾ ਹੈ) (ਕਾਮਰੇਡ) ਹਰਨਾਮ ਸਿੰਘ ਚਮਕ ਤੇ ਸਾਹਿਬ ਸਿੰਘ ਸਲਾਣਾ ਦੇ ਨਾਮ ਜ਼ਿਕਰਯੋਗ ਹਨ। (ਹਵਾਲਾ: ਉਪਰ ਦੱਸੀ ਕਿਤਾਬ ਦਾ ਸੱਤਵਾਂ ਅਧਿਆਏ: Another Kakori)
21 ਅਕਤੂਬਰ 1914: ਬਦਨਾਮ ਸੂਹੀਏ ਹੋਪਕਿਨਸਨ ਦੀ ਹੱਤਿਆ: 5 ਸਤੰਬਰ 1914 ਨੂੰ ਵੈਨਕੂਵਰ ਗੁਰਦੁਆਰੇ ’ਚ ਭਾਈ ਅਰਜਨ ਸਿੰਘ ਦਾ ਸੰਸਕਾਰ ਕਰਨ ਪਿੱਛੋਂ ਜੁੜੀ ਹੋਈ ਸੰਗਤ ’ਚ ਹੋਪਕਿਨਸਨ ਦੀ ਸ਼ਹਿ ’ਤੇ ਗ਼ਦਾਰ ਬੇਲਾ ਸਿੰਘ ਨੇ ਮਹਾਰਾਜ ਦੀ ਤਾਬਿਆ ਬੈਠੇ ਭਾਈ ਭਾਗ ਸਿੰਘ (ਭਿੱਖੀ ਵਿੰਡ: ਅੰਮ੍ਰਿਤਸਰ) ਨੂੰ ਉਦੋਂ ਸ਼ਹੀਦ ਕੀਤਾ ਜਦੋਂ ਉਹ ਵਾਕ ਲੈ ਰਹੇ ਸਨ ਤੇ ਪਿੱਛੋਂ ਭਾਈ ਬਤਨ ਸਿੰਘ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਤੋਂ ਇਲਾਵਾ ਭਾਈ ਦਲੀਪ ਸਿੰਘ ਫਾਹਲਾ, ਭਾਈ ਉੱਤਮ ਸਿੰਘ ਨੂਰਪੁਰੀ, ਜਵਾਲਾ ਸਿੰਘ ਸ਼ੇਖ਼ ਦੌਲਤ ਤੇ ਭਾਈ ਲਾਭ ਸਿੰਘ ਢੱਕੋਂ ਆਦਿ ਨੂੰ ਵੀ ਜ਼ਖਮੀ ਕਰ ਦਿੱਤਾ ਸੀ। ਇਸ ਘਿਨੌਣੀ ਕਾਰਸਤਾਨੀ ਦਾ ਮੁੱਲ ਚੁਕਾਉਣ ਲਈ (ਸ਼ਹੀਦ) ਮੇਵਾ ਸਿੰਘ ਨੇ ਹੋਪਕਿਨਸਨ ਤੇ ਉਦੋਂ ਪਿਸਤੌਲ ਨਾਲ ਵਾਰ ਕੀਤਾ ਜਦੋਂ ਉਹ ਗਦਾਰ ਬੇਲਾ ਸਿੰਘ ’ਤੇ ਚਲਾਏ ਗਏ ਰਸਮੀ ਜਿਹੇ ਮੁਕੱਦਮੇ ਦੀ ਪੈਰਵੀ ਲਈ ਕਚਹਿਰੀਆਂ ਵਿੱਚ ਜਾ ਰਿਹਾ ਸੀ। (ਹਵਾਲਾ: ਗ਼ਦਰ ਪਾਰਟੀ ਦਾ ਇਤਿਹਾਸ (1912-17), ਭਾਗ ਪਹਿਲਾ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, 1961, ਪੰਨੇ 77-78)
25 ਅਕਤੂਬਰ 1926: ਲਾਹੌਰ-ਦੁਸਹਿਰਾ ਬੰਬ ਵਿਸਫੋਟ: ਸ਼ਰਾਰਤੀ ਅਨਸਰਾਂ ਵੱਲੋਂ ਦੁਸਹਿਰਾ ਸਮਾਗਮ ਦੌਰਾਨ ਕੱਢੇ ਜਾ ਰਹੇ ਜਲੂਸ ਵਿੱਚ ਕੀਤੇ ਗਏ ਬੰਬ ਧਮਾਕੇ ਨਾਲ 9 ਵਿਅਕਤੀ ਹਲਾਕ ਤੇ 50 ਜ਼ਖਮੀ ਹੋਏ। ਭਗਤ ਸਿੰਘ ਦੀ ਪਹਿਲੀ ਗ੍ਰਿਫਤਾਰੀ (27.5.1927) ਇਸ ਕਾਂਡ ਦੀ ਤਫ਼ਰੀਸ਼ ਦੀ ਆੜ ਵਿੱਚ ਹੋਈ ਸੀ।
ਐਨ ਇਸੇ ਤਰ੍ਹਾਂ ਦਾ ਹੀ ਬੰਬ ਧਮਾਕਾ 2 ਸਾਲ ਪਿੱਛੋਂ 23 ਅਕਤੂਬਰ 1928 ਦੁਸਹਿਰੇ ਮੌਕੇ ਵੀ ਹੋਇਆ ਸੀ, ਜੀਹਦੀ ਤਫਤੀਸ਼ ਵਿੱਚ ਤਾਈਨਾਤ ਹੈੱਡ ਕਾਂਸਟੇਬਲ ਨੂਰ ਮੁਹੰਮਦ ਨੂੰ ਇੱਕ ਲੁਹਾਰ (ਢਲਾਈ) ਦੀ ਦੁਕਾਨ ਤੇ ਗੱਪਸ਼ਪ ਦੌਰਾਨ, ਕਰਾਂਤੀਕਾਰੀਆਂ ਦੇ ਬੰਬ-ਖੋਲ ਬਣਵਾਉਣ ਦੀ ਸੂਹ ਲੱਗ ਗਈ ਸੀ, ਜਿਸ ਦੇ ਅਧਾਰ ’ਤੇ 15 ਅਪ੍ਰੈਲ 1929 ਨੂੰ ਲਾਹੌਰ ਦੇ ਬੰਬ ਕਾਰਖਾਨੇ ’ਤੇ ਮਾਰੇ ਗਏ ਛਾਪੇ ਦੌਰਾਨ ਸੁਖਦੇਵ, ਕਿਸ਼ੋਰੀ ਲਾਲ ਤੇ ਜੈ ਗੋਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਭਗਵਤੀ ਚਰਨ ਵੋਹਰਾ ਦੇ ਉਸ ਕਮਰੇ ਦਾ ਕਿਰਾਏਦਾਰ ਹੋਣ ਕਰਕੇ, ਵਾਰੰਟ ਜਾਰੀ ਹੋਏ ਸਨ।
25-26 ਅਕਤੂਬਰ 1923: ਬੱਬਰ ਧੰਨਾ ਸਿੰਘ ਦੀ ਮੰਨਣਹਾਣੇ ਪਿੰਡ ਆਪਣੇ ਸਮੇਤ ਪੁਲੀਸ ਗਾਰਦ ਦਾ ਬੰਬ ਨਾਲ ਉਡਾ ਦੇਣਾ: ਧੋਖੇ ਨਾਲ ਕਾਬੂ ਕਰਕੇ ਕੜੀਆਂ-ਬੇੜੀਆਂ ਨਾਲ ਜਕੜੇ ਧੰਨਾ ਸਿੰਘ ਨੂੰ ਜਦੋਂ ਪੁਲੀਸ ਕਪਤਾਨ ਹੋਰਟਨ ਨੇ ਤਾਅਨਾ ਮਾਰਿਆ ਕਿ ‘‘ਟੁਮ ਤੋ ਕਹਿਟੇ ਥੇ, ਹਮ ਜੀਟੇ ਜੀ ਪਕੜਾ ਨਹੀਂ ਜਾਏਗਾ, ਅਬ ਬਟਾਓ’’ ਤਾਂ ਸ਼ੇਰ ਨੇ ਝਟਕਾ ਮਾਰ ਕੇ ਸੱਜੀ ਕੂਹਣੀ ਨਾਲ ਆਪਣੀ ਡੱਬ ’ਚ ਲੁਕੋਏ ਬੰਬ ਨੂੰ ਚਲਾ ਦਿੱਤਾ, ਜਿਸ ਨਾਲ ਉਹ ਖੁਦ ਸ਼ਹੀਦ ਹੋਇਆ ਤੇ ਪੁਲੀਸ ਟੋਲੀ ਵੀ ਫੁੰਡੀ ਗਈ। ਅਜੇ ਤੱਕ ਉਥੇ ਸ਼ਹੀਦ ਦੀ ਕੋਈ ਯਾਦਗਾਰ ਨਹੀਂ ਹੈ, ਪਰ ਹੋਰਟਨ ਦੀ ਯਾਦਗਾਰ ਮਾਹਲਪੁਰ ਥਾਣੇ ਵਿੱਚ ‘ਸੁਸ਼ੋਭਤ’ ਹੈ (ਹਵਾਲਾ: ਬੱਬਰ ਅਕਾਲੀ ਲਹਿਰ: ਸਮਕਾਲੀ ਦਸਤਾਵੇਜ਼, ਮਲਵਿੰਦਰ ਜੀਤ ਸਿੰਘ ਵੜੈਚ, ਚਰੰਜੀ ਲਾਲ ਕੰਗਣੀਵਾਲਾ, ਪੰਨਾ: 18)
30 ਅਕਤੂਬਰ 1922 ਪੰਜਾ ਸਾਹਿਬ ਦਾ ਸਾਕਾ: ਗੁਰੂ ਕੇ ਬਾਗ਼ ਮੋਰਚੇ ਦੌਰਾਨ 27 ਅਕਤੂਬਰ ਨੂੰ ਫ਼ੌਜੀ ਪੈਨਸ਼ਨਰਾਂ ਦੇ ਜਥੇ ਨੇ ਗ੍ਰਿਫਤਾਰੀ ਦਿੱਤੀ, ਜਿਨ੍ਹਾਂ ਨੇ ਜਾਨਾਂ ਜਲੂਨ ਕੇ ਕਮਾਈਆਂ ਪੈਨਸ਼ਨਾਂ ਨੂੰ ਵੀ ਲੱਤ ਮਾਰ ਦਿੱਤੀ ਸੀ। ਬਾਕੀ ਕੁਝ ਹੋਰ ਜਥਿਆਂ ਵਾਂਗ ਇਸ ਜਥੇ ਨੂੰ ਵੀ ਅਟੱਕ ਜੇਲ੍ਹ ‘ਸਪੈਸ਼ਲ’ ਰੇਲ ਗੱਡੀ ਰਾਹੀਂ ਭੇਜਿਆ ਜਾ ਰਿਹਾ ਸੀ, ਜਿਸ ਨੇ 30ਅਕਤੂਬਰ ਸਵੇਰ ਪੰਜਾ ਸਾਹਿਬ/ਹਸਨ ਅਬਦਾਲੋਂ ਲੰਘਣਾ ਸੀ, ਜਿਥੋਂ ਦੀਆਂ ਸੰਗਤਾਂ ਇਨ੍ਹਾਂ ਨੂੰ ਲੰਗਰ ਛਕਾਉਣਾ ਲੋਚ ਰਹੀਆਂ ਸਨ। ਸੋ ਉਨ੍ਹਾਂ ਨੇ ਰੇਲਵੇ ਅਧਿਕਾਰੀਆਂ ਨੂੰ ਸਨਿਮਰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਲੰਗਰ ਛਕਾਉਣ ਦੀ ਆਗਿਆ ਦਿੱਤੀ ਜਾਏ, ਪਰ ਉਨ੍ਹਾਂ ਦੋ ਟੁਕ ਜਵਾਬ ਦਿੱਤਾ ਕਿ ਰੇਲਵੇ ਨਿਯਮਾਂਵਲੀ ਅਧੀਨ ਉਹ ਅਜਿਹਾ ਨਹੀਂ ਕਰ ਸਕਦੇ। ਇਹ ਜਾਣਦਿਆਂ ਹੋਇਆਂ ਕਿ ਜੇ ਕੋਈ ਪ੍ਰਾਣੀ ਗੱਡੀ ਹੇਠਾਂ ਆ ਜਾਏ ਤਾਂ ਗੱਡੀ ਰੁਕਣੀ ਲਾਜ਼ਮੀ ਹੁੰਦੀ ਹੈ, ਪੰਜ ਸਿੰਘ ਅਰਦਾਸਾ ਸੋਧ ਕੇ ਪਹੁੰਚ ਰਹੀ ਗੱਡੀ ਅੱਗੇ ਰੇਲ ਪਟੜੀ ’ਤੇ ਲੇਟ ਗਏ, ਜਿਨ੍ਹਾਂ ਵਿੱਚੋਂ ਦੋ ਸੂਰਬੀਰ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਸ਼ਹੀਦ ਹੋ ਗਏ, ਪਰ ਸੰਗਤਾਂ ਨੇ ਮੁਸਾਫਰਾਂ ਨੂੰ ਲੰਗਰ ਛਕਾ ਕੇ ਹੀ ਦਮ ਲਿਆ।
30 ਅਕਤੂਬਰ 1928: ਲਾਹੌਰ ’ਚ ਸਾਈਮਨ ਕਮਿਸ਼ਨ ਦਾ ਆਗਮਨ: ਇਸ ਬਦਨਾਮ ਜੁੰਡਲੀ ਦਾ ਹਿੰਦ ਦੀ ਧਰਤੀ ’ਤੇ ਪੈਰ ਪਾਉਣ ਵੇਲੇ ਤੋਂ ਹੀ ਕਾਲੀਆਂ ਝੰਡੀਆਂ ਨਾਲ ‘ਸਵਾਗਤ’ ਹੁੰਦਾ ਆ ਰਿਹਾ ਸੀ, ਕਿਉਂਕਿ ਆਜ਼ਾਦੀ ਲਈ ਸਾਡੀ ਯੋਗਤਾ ਪਰਖਣ ਆਏ ਇਸ ਕਮਿਸ਼ਨ ਵਿੱਚ ਇੱਕ ਵੀ ਭਾਰਤੀ ਨਹੀਂ ਸੀ। ਲਾਹੌਰ ਰੇਲਵੇ ਸਟੇਸ਼ਨ ’ਤੇ ਇਹਦੇ ‘ਸਵਾਗਤ’ ਲਈ ਨੌਜਵਾਨ ਭਾਰਤ ਸਭਾ ਵੱਲੋਂ, ਕਾਂਗਰਸੀ ਸਮਰਥਨ ਨਾਲ ਆਯੋਜਿਤ ਇਸ ਮੁਜ਼ਾਹਰੇ ਦੀ ਅਗਵਾਈ, ਬਜ਼ੁਰਗ ਆਗੂ ਲਾਲਾ ਲਾਜਪਤ ਰਾਏ ਕਰ ਰਹੇ ਸਨ। ਜਦੋਂ ਪੁਲੀਸ ਪੂਰਾ ਜ਼ੋਰ ਲਾਉਣ ’ਤੇ ਵੀ ਕਮਿਸ਼ਨ ਮੈਂਬਰਾਂ ਦੇ ਸਟੇਸ਼ਨ ਤੋਂ ਬਾਹਰ ਨਿਕਲਣ ਲਈ ਰਸਤਾ ਨਾ ਬਣਾ ਸਕੀ, ਤਾਂ ਲਾਠੀਚਾਰਜ ਦਾ ਹੁਕਮ ਹੋਇਆ ਜਿਸ ਨਾਲ ਲਾਲਾ ਜੀ ਵੀ ਜ਼ਖ਼ਮੀ ਹੋਏ ਸਨ। (ਹੋਰ ਵੇਰਵਿਆਂ ਲਈ ਹਵਾਲੇ: (1) ਭਗਤ ਸਿੰਘ – ਅਮਰ ਵਿਦਰੋਹੀ, ਪੰਨਾ 77 ’ਤੇ (2) National Gallery of Portraits, Sector 17, Chandigarh, Panel titled: “Simon Go Back”, ਜਿਥੇ ਲਾਲਾ ਜੀ ਦਾ ਮੈਡੀਕਲ ਰਿਕਾਰਡ ਪ੍ਰਦਰਸ਼ਤ ਹੈ; ਦੋਹਾਂ ਦਾ ਸੰਯੋਜਕ, ਲੇਖਕ)

 
Old 14-Nov-2010
Saini Sa'aB
 
Re: ਆਜ਼ਾਦੀ ਸੰਗਰਾਮ ਵਿੱਚ ਅਕਤੂਬਰ ਦਾ ਮਹੀਨਾ

for sharing

Post New Thread  Reply

« ਮੁੱਛਾਂ ਖੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ | ਮਹਿਕਦੇ ਅੱਖਰ »
X
Quick Register
User Name:
Email:
Human Verification


UNP