ਆਪੇ ਮੇਲਿ ਮਿਲਾਈ

ਅੱਜ ਜਦੋਂ ਮੈਂ ਉਸ ਨੂੰ ਪਿੱਛੋਂ ਸਕੂਲ ਦੀ ਪਾਰਕ ਵਿਚ ਦੇਖਿਆ ਤਾਂ ਹੈਰਾਨ ਹੀ ਰਹਿ ਗਈ, ”ਨਹੀਂ, ਉਹ ਨਹੀਂ ਹੋ ਸਕਦਾ?” ਮੇਰੇ ਮਨ ਨੇ ਮੈਨੂੰ ਕਿਹਾ, ”ਤੈਨੂੰ ਭੁਲੇਖਾ ਲੱਗਾ ਹੈ।” ਫਿਰ ਵੀ ਮੈਂ ਉਸ ਨੂੰ ਹੀ ਦੇਖਦੀ ਰਹੀ ਜੋ ਪਾਰਕ ਦੇ ਪਰਲੇ ਪਾਸੇ ਤੁਰ ਰਿਹਾ ਸੀ। ਕਿਉਂਕਿ ਉਸ ਦੀ ਪੱਗ, ਉਸ ਦਾ ਕੱਦ ਬਿਲਕੁਲ ਹੀ ਉਸ ਵਰਗਾ ਹੈ। ਜੋ ਲੋਕ ਦੁਨੀਆਂ ਤੋਂ ਹੀ ਤੁਰ ਜਾਂਦੇ ਨੇ ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਭੁੱਲਣ ਦਾ ਜਤਨ ਕਰਨਾ ਹੀ ਪੈਂਦਾ ਹੈ। ਜੇ ਇਹ ਬੰਦਾ ਉਹ ਨਹੀਂ ਤਾਂ ਉਹਦੇ ਵਰਗਾ ਜ਼ਰੂਰ ਹੈ। ਮੈਂ ਇਹ ਸੋਚ ਹੀ ਰਹੀ ਸੀ ਕਿ ਮੇਰੇ ਭਤੀਜੇ ਨੇ ਕਾਰ ਦੇ ਸੱਜੇ ਹੱਥ ਵਾਲਾ ਦਰਵਾਜ਼ਾ ਖੋਲ੍ਹਦੇ ਹੋਏ ਕਿਹਾ, ”ਭੂਈ, ਲੈਟਸ ਗੋ।” ਕਾਰ ਤੋਰਨ ਤੋਂ ਪਹਿਲਾਂ ਮੈਂ ਪਾਰਕ ਵੱਲ ਨਜ਼ਰ ਮਾਰੀ ਤਾਂ ਉੱਥੇ ਕੋਈ ਵੀ ਨਹੀਂ ਸੀ।
ਭਤੀਜੇ ਨੂੰ ਆਪਣੇ ਭਰਾ ਦੇ ਘਰ ਅੱਗੇ ਛੱਡ ਕੇ ਆਪਣੀ ਅਪਾਰਟਮਿੰਟ ਨੂੰ ਤੁਰਨ ਲੱਗੀ ਤਾਂ ਭਰਜਾਈ ਨੇ ਖਿੜਕੀ ਵਿਚ ਦੀ ਅਵਾਜ਼ ਮਾਰੀ, ”ਦੀਦੀ, ਆ ਜਾਉ ਘਰ ਨੂੰ, ਚਾਹ ਪੀ ਕੇ ਚਲੇ ਜਾਇਉ।”
”ਹੁਣ ਮੈਂ ਚਲੀ ਜਾਣਾ ਹੈ, ਫਿਰ ਆਵਾਂਗੀ।”
”ਆ ਜਾਉ, ਚਾਹ ਨਹੀਂ ਤਾਂ ਠੰਢਾ ਹੀ ਪੀ ਲਉ।”
”ਮੇਰੇ ਹੋਰ ਵੀ ਬਹੁਤ ਕੰਮ ਕਰਨ ਵਾਲੇ ਨੇ, ਫਿਰ ਸਹੀ।”
ਉਂਝ ਘਰ ਜਾ ਕੇ ਮੈਂ ਕੋਈ ਵੀ ਕੰਮ ਨਹੀਂ ਸੀ ਕਰਨਾ। ਪਹਿਲਾਂ ਮੇਰੀ ‘ਪਲੈਨ’ ਤਾਂ ਇਹ ਸੀ ਕਿ ਭਰਾ ਦੇ ਘਰ ਠਹਿਰਾਂਗੀ, ਭਰਜਾਈ ਨਾਲ ਗੱਲਾਂ-ਬਾਤਾਂ ਕਰਕੇ ਸ਼ਾਮ ਗੁਜਾਰਾਂਗੀ, ਪਰ ਉਸ ਪਾਰਕ ਵਾਲੇ ਬੰਦੇ ਨੇ ਮੇਰੀਆਂ ਪਿਛਲੀਆਂ ਯਾਦਾਂ ਦੀ ਪਟਾਰੀ ਮੁੜ ਖੋਲ੍ਹ ਦਿੱਤੀ ਜੋ ਮੈਂ ਕਾਫੀ ਚਿਰ ਤੋਂ ਬੰਦ ਕਰਕੇ ਰੱਖੀ ਹੋਈ ਸੀ। ਮੈਂ ਉਹਨਾਂ ਦਿਨਾਂ ਵੱਲ ਨਹੀਂ ਸੀ ਪਰਤਣਾ ਚਾਹੁੰਦੀ, ਜਿਹਨਾਂ ਨੂੰ ਚੇਤੇ ਕਰਨ ਨਾਲ ਦੋ ਦਿਨ ਤਕ ਮੇਰੇ ਸਿਰ ਵਿਚ ਮਾਈਗਰੇਨ ਪੇਨ ਬਿਨਾਂ ਸਾਹ ਲਏ ਚਲਦੀ ਰਹਿੰਦੀ ਹੈ। ਪਿਛਲੀਆਂ ਘਟਨਾਵਾਂ ਨੂੰ ਯਾਦ ਕਰਨਾ ‘ਆ ਬੈਲ ਮੁੱਝੇ ਮਾਰ’ ਵਾਲੀ ਗੱਲ ਸੀ, ਪਰ ਅੱਜ ਮੇਰਾ ਮਨ ਮੱਲੋ-ਮੱਲੀ ਬੀਤੇ ਸਮੇਂ ਵੱਲ ਜਾਣ ਲੱਗਾ। ਲੰਘ ਚੁੱਕਾ ਵੇਲਾ ਮੇਰੇ ਦੁਆਲੇ ਆਪਣਾ ਜਾਲ ਪਸਾਰੇ, ਇਸ ਤੋਂ ਪਹਿਲਾਂ ਮੈਂ ਆਪਣੇ ਛੋਟੇ ਜਿਹੇ ਘਰ ਵਿਚ ਪਹੁੰਚਣਾ ਚਾਹੁੰਦੀ ਸੀ। ਬਹੁਤ ਮੁਸ਼ਕਲ ਨਾਲ ਅਪਾਰਟਮਿੰਟ ਦੇ ਥੱਲੇ ਬਣੀ ਪਾਰਕਿੰਗ ਲਾਟ ਵਿਚ ਕਾਰ ਪਾਰਕ ਕਰਕੇ ਪੌੜੀਆਂ ਦੀ ਥਾਂ ਲਿਫਟ ਲੈ ਕੇ ਛੇਤੀ ਨਾਲ ਘਰ ਦਾ ਦਰਵਾਜ਼ਾ ਖ੍ਹੋਲ ਕੇ ਧੜੱਮ ਕਰ ਕੇ ਬੈੱਡ ਤੇ ਡਿਗ ਪਈ। ਲੰਬਾ ਸਾਹ ਲੈ ਕੇ ਅੱਖਾਂ ਬੰਦ ਕਰਕੇ ਅਰਾਮ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਉਦੋਂ ਹੀ ਦਰਵਾਜ਼ੇ ਤੇ ਲੱਗੀ ਬੈਲ ਵੱਜੀ, ਨਾ ਚਾਹੁੰਦੀ ਹੋਈ ਨੇ ਵੀ ਦਰਵਾਜ਼ਾ ਖ੍ਹੋਲਿਆ ਤਾਂ ਸਾਹਮਣੇ ਨਾਲ ਦੀ ਗੁਵਾਂਢਣ ਗੋਰੀ ਖੜ੍ਹੀ ਸੀ।

”ਹਾਏ ਵੀਨਾ।” ਉਸ ਨੇ ਕਿਹਾ, ”ਹਉ ਆਰ ਜੂ।”
”ਆਈ ਐਮ ਫਾਈਨ।” ਮੈਂ ਮਸੀਂ ਬੋਲੀ, ”ਹਉ ਆਰ ਜੂ।”
”ਆਈ ਐਮ ਗੋਇੰਗ ਫੌਰ ਹੋਲੀਡੇਜ਼, ਪਲੀਜ਼ ਕੈਨ ਜੂ ਕੀਪ ਐਨ ਆਈ ਆਨ ਮਾਈ ਹਾਊਸ।”
”ਓ.ਕੇ।”
ਉਹ ਫਿਰ ਬੋਲੀ, ”ਆਰ ਜੂ ਫੀਲਿੰਗ ਵੈਲ।”
”ਜੈਸ।” ਮੈਂ ਝੂਠ ਹੀ ਕਹਿ ਦਿੱਤਾ,” ਆਈ ਐਮ ਫਾਈਨ, ਥੈਂਕਸ।”
ਮੈਂ ਦਰਵਾਜ਼ਾ ਫਿਰ ਬੰਦ ਕਰ ਲਿਆ। ਮੇਰਾ ਦਿਮਾਗ ਮੁੜ ਉਸ ਪਾਰਕ ਵਾਲੇ ਬੰਦੇ ਵੱਲ ਚਲਾ ਗਿਆ, ਕਿਤੇ ਉਹ ਹੀ ਨਾ ਹੋਵੇ, ਪਰ ਉਹ ਕਿਵੇਂ ਹੋ ਸਕਦਾ ਹੈ। ਇਹ ਸੋਚ ਕੇ ਹੰਝੂ ਆਪ ਮੁਹਾਰੇ ਹੀ ਮੇਰੀਆਂ ਅੱਖਾਂ ਵਿਚੋਂ ਵਗ ਤੁਰੇ। ਅੱਖਾਂ ਭਾਵੇਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ ਫਿਰ ਵੀ ਯੂਨੀਵਰਸਟੀ ਦੇ ਪੁਰਾਣੇ ਦਿਨਾਂ ਵਾਲੇ ਦ੍ਰਿਸ਼ ਮੈਨੂੰ ਦਿਸਣ ਲੱਗੇ।
ਪਤਾ ਨਹੀਂ ਉਹ ਕਦੋਂ ਦਾ ਪੜ੍ਹਨ ਆਉਂਦਾ ਹੋਵੇਗਾ, ਪਰ ਮੈਂ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਦੇਖਿਆ। ਉਸ ਦਿਨ ਵੀ ਜਦੋਂ ਮੈਂ ਯੂਨੀਵਰਸਟੀ ਦੇ ਗੇਟ ਅੱਗੇ ਕਾਰ ਵਿਚੋਂ ਉੱਤਰ ਰਹੀ ਸੀ ਤਾਂ ਉਹ ਆਪਣੇ ਇਨਫੀਲਡ ਮੋਟਰਸਾਈਕਲ ਤੇ ਆ ਰਿਹਾ ਸੀ, ਉਸ ਨੇ ਅੱਗੇ ਲੰਘਣ ਦੀ ਕੋਈ ਕਾਹਲੀ ਨਾ ਕੀਤੀ, ਸਗੋਂ ਸਬਰ ਨਾਲ ਮੋਟਰਸਾਈਕਲ ਕਾਰ ਦੇ ਪਿੱਛੇ ਹੀ ਰੋਕ ਲਿਆ। ਜਦੋਂ ਡਰਾਈਵਰ ਕਾਰ ਲੈ ਕੇ ਚਲਾ ਗਿਆ, ਫਿਰ ਉਹ ਅਰਾਮ ਨਾਲ ਮੋਟਰਸਾਈਕਲ ਮੇਰੇ ਕੋਲ ਦੀ ਲੰਘਾ ਕੇ ਲੈ ਗਿਆ। ਉਸ ਨੇ ਤਾਂ ਸ਼ਾਇਦ ਮੈਨੂੰ ਨਾ ਦੇਖਿਆ ਹੋਵੇ, ਪਰ ਮੇਰਾ ਧਿਆਨ ਉਹਦੇ ਵੱਲ ਜ਼ਰੂਰ ਚਲਾ ਗਿਆ। ‘ਵਾਹ, ਕਿਆ ਪਰਸਨੈਲਟੀ ਹੈ’ ਮੇਰੇ ਦਿਲ ਵਿਚੋਂ ਅਵਾਜ਼ ਆਈ। ਇੰਨਾ ਸੁਹਣਾ ਸਰਦਾਰ ਲੜਕਾ ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖਿਆ। ਖੈਰ ਉਸ ਵੇਲੇ ਦੇ ਜਵਾਨ ਜਜ਼ਬਾਤਾਂ ਨੂੰ ਇਹ ਸੋਚ ਕੇ ਕਾਬੂ ਕਰ ਲਿਆ ਕਿ ਉਹ ਸਿੱਖ ਹੈ ਤੇ ਮੈਂ ਹਿੰਦੂ। ਬੇਸ਼ੱਕ ਰੌਲਾ ਉਦੋਂ ਵੀ ਇਹ ਪੈਂਦਾ ਸੀ ਕਿ ਆਪਾਂ ਸਭ ਭਾਈ ਭਾਈ ਹਾਂ, ਫਿਰ ਵੀ ਸਮਾਜ ਦੀ ਸੌੜੀ ਨੀਤੀ, ਦੋ ਅਲੱਗ ਧਰਮਾਂ ਦੇ ਰਿਸ਼ਤਿਆਂ ਨੂੰ ਪ੍ਰਵਾਨਗੀ ਨਹੀਂ ਸੀ ਦਿੰਦੀ।
ਥੋੜ੍ਹੇ ਦਿਨਾਂ ਬਾਅਦ ਹੀ ਯੂਨੀਵਰਸਟੀ ਵਿਚ ਇਕ ਫੰਕਸ਼ਨ ਸੀ। ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾ ਰਹੇ ਸਨ। ਇਹ ਸਰਦਾਰ ਜੀ ਵੀ ਉਹਨਾਂ ਵਿਚੋਂ ਇਕ ਸਨ ਜੋ ਐਮ.ਕਮ. ਦੇ ਵਧੀਆ ਵਿਦਿਆਰਥੀ ਐਲਾਨੇ ਗਏ। ਅਰਸ਼ਦੀਪ ਦੇ ਪਿਛਲੇ ਵਰ੍ਹਿਆਂ ਦੇ ਨੰਬਰ ਵੀ ਜਦੋਂ ਡੀਨ ਨੇ ਦੱਸੇ ਤਾਂ ਮੈਂ ਹੈਰਾਨ ਰਹਿ ਗਈ ਕਿ ਕੋਈ ਸਰਦਾਰ ਲੜਕਾ ਵੀ ਇੰਨੇ ਨੰਬਰ ਲੈ ਸਕਦਾ ਹੈ। ਸਰਦਾਰ ਲੜਕਿਆਂ ਬਾਰੇ ਮੇਰੀ ਇਹ ਹੀ ਸੋਚਣੀ ਸੀ ਕਿ ਪੜ੍ਹਨ ਵੱਲ ਘੱਟ ਤੇ ਮੌਜ਼-ਮਸਤੀ ਵਿਚ ਸਮਾਂ ਗੁਜ਼ਾਰਨਾ ਪਸੰਦ ਕਰਦੇ ਨੇ।ਚਲੋ ਮੈਨੂੰ ਕੀ ਜੇ ਇਹ ਪੜ੍ਹਨ ਵਿਚ ਵੀ ਹੁਸ਼ਿਆਰ ਹੈ।
ਡੀਨ ਕੋਲੋਂ ਇਨਾਮ ਪ੍ਰਾਪਤ ਕਰਕੇ ਮੁੜਨ ਲੱਗਾ ਤਾਂ ਅਚਾਨਕ ਹੀ ਉਸ ਦੀ ਨਜ਼ਰ ਮੇਰੇ ਨਾਲ ਟਕਰਾ ਗਈ। ਨਾਲ ਵਾਲੀ ਕੁਰਸੀ ਤੇ ਬੈਠੀ ਆਪਣੀ ਸਹੇਲੀ ਹੈਪੀ ਨੂੰ ਮੈਂ ਕਿਹਾ, ”ਜੇ ਤੇਰਾ ਰਿਸ਼ਤਾ ਇਸ ਲੜਕੇ ਨਾਲ ਹੋ ਜਾਵੇ ਤਾਂ ਕਿੰਨਾ ਵਧੀਆ ਰਹੇਗਾ।”
”ਨਾ, ਜੇ ਤੇਰਾ ਹੋ ਜਾਵੇ, ਫਿਰ ਨਹੀਂ ਵਧੀਆ ਹੋਵੇਗਾ।” ਹੈਪੀ ਹੱਸਦੀ ਹੋਈ ਕਹਿਣ ਲੱਗੀ, ”ਤੂੰ ਤਾਂ ਉਹ ਗੱਲ ਕੀਤੀ ਕਿ ਰੋਂਦੀ ਖਸਮਾਂ ਨੂੰ ਨਾਮ ਲੈ ਲੈ ਭਰਾਵਾਂ ਦੇ, ਤੇਰਾ ਆਪਣਾ ਦਿਲ ਕਰ ਰਿਹਾ ਹੈ ਇਸ ਨਾਲ ਰਿਸ਼ਤਾ ਬਣਾਉਣ ਨੂੰ ਬਹਾਨਾ ਮੇਰਾ ਲਾ ਲਿਆ।”
”ਮੇਰੇ ਨਾਲ ਕਿਵੇਂ ਹੋ ਸਕਦਾ ਹੈ, ਮੈਂ ਤਾਂ ਹਿੰਦੂ ਹਾਂ” ਮੈਂ ਕਿਹਾ, ”ਤੂੰ ਸਿੱਖ ਹੈ, ਤੇਰੇ ਨਾਲ ਸੌਖਾ ਹੋ ਸਕਦਾ ਹੈ।”
”ਸਿੱਧੀ ਤਰ੍ਹਾਂ ਦੱਸ, ਚਾਹੁੰਦੀ ਹੈਂ ਤਾਂ ਗੱਲ ਚਲਾ ਕੇ ਦੇਖ ਲੈਂਦੇ ਹਾਂ।” ਹੈਪੀ ਨੇ ਮੇਰੇ ਲੱਕ ਕੋਲੋਂ ਚੁਟਕੀ ਭਰਦੇ ਕਿਹਾ, ”ਬੁਝਾਰਤਾਂ ਨਾ ਪਾਇਆ ਕਰ।”
”ਨਹੀਂ, ਨਹੀਂ ਮੈਨੂੰ ਤਾਂ ਕੋਈ ਦਿਲਚਸਪੀ ਨਹੀਂ।” ਮੈਂ ਆਪਣੀਆਂ ਭਾਵਨਾਵਾਂ ਨੂੰ ਮਸਲਦੇ ਹੋਏ ਕਿਹਾ, ”ਮੈਂ ਤਾਂ ਵੈਸੇ ਹੀ ਤੇਰੇ ਨਾਲ ਗੱਲ ਕੀਤੀ ਸੀ ਕਿ ਚਲੋ ਇੰਨਟੈਲੀਜੈਂਟ ਲੜਕਾ ਹੈ।”
ਉਦੋਂ ਹੀ ਸਟੇਜ਼ ਤੋਂ ਹਰਪ੍ਰੀਤ ਕੌਰ ਗਿੱਲ ਦਾ ਨਾਮ ਬੋਲਿਆ ਗਿਆ, ਹੈਪੀ ਇਨਾਮ ਪ੍ਰਾਪਤ ਕਰਨ ਲਈ ਚਲੀ ਗਈ।
ਹਫਤਾ ਹੋ ਗਿਆ, ਜਿਸ ਟਾਈਮ ਮੈਂ ਯੂਨੀਵਰਸਟੀ ਆਉਂਦੀ ਸੀ, ਅਰਸ਼ਦੀਪ ਦਾ ਮੋਟਰਸਾਈਕਲ ਵੀ ਉਸ ਸਮੇਂ ਹੀ ਪਹੁੰਚਦਾ। ਪਤਾ ਨਹੀਂ ਕਿ ਉਹ ਜਾਣ ਕੇ ਉਸ ਟਾਈਮ ਆਉਂਦਾ, ਜਾਂ ਇਹ ਇਤਫਾਕ ਸੀ। ਪਹਿਲੀ ਵਾਰੀ ਜਦੋਂ ਉਸ ਨੂੰ ਦੇਖਿਆ ਸੀ ਤਾਂ ਉਸ ਨੇ ਕਾਲੇ ਚਸ਼ਮੇ ਲਗਾਏ ਹੋਏ ਸਨ, ਪਰ ਫਿਰ ਉਸ ਨੇ ਚਸ਼ਮੇ ਲਗਾਉਣੇ ਛੱਡ ਦਿੱਤੇ ਅਤੇ ਇਸ ਕਰਕੇ ਉਸ ਦੀਆਂ ਨਜ਼ਰਾਂ ਮੇਰੇ ਨਾਲ ਕਈ ਵਾਰੀ ਟਕਰਾ ਚੁੱਕੀਆਂ ਸਨ। ਹੁਣ ਤਾਂ ਉਹ ਮੁਸਕ੍ਰਾਉਣ ਵੀ ਲੱਗ ਪਿਆ ਸੀ, ਪਰ ਮੈਂ ਉਸ ਤੋਂ ਅੱਖਾਂ ਚੁਰਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਗੱਲ ਅੱਗੇ ਨਾ ਵਧ ਸਕੇ। ਭਾਵੇਂ ਉਸ ਤੋਂ ਚੋਰੀ ਮੈਂ ਉਸ ਨੂੰ ਦੇਖਦੀ ਸੀ। ਇਸ ਗੱਲ ਦਾ ਅਰਸ਼ਦੀਪ ਨੂੰ ਕੋਈ ਫਰਕ ਨਾ ਪਿਆ। ਉਸ ਦਾ ਤਾਂ ਸਗੋਂ ਜਾਣ ਦਾ ਸਮਾਂ ਵੀ ਉਹ ਹੀ ਹੋ ਗਿਆ, ਜੋ ਮੇਰਾ ਸੀ।
ਉਸ ਦਿਨ ਯੁੂਨੀਵਰਸਿਟੀ ਤੋਂ ਘਰ ਨੂੰ ਜਾਣ ਲਈ ਮੈਂ ਗੇਟ ਅੱਗੇ ਖਲੋਤੀ ਕਾਰ ਦੀ ਉਡੀਕ ਕਰ ਰਹੀ ਸੀ, ਪਤਾ ਨਹੀਂ ਡਰਾਈਵਰ ਕਿਉਂ ਲੇਟ ਸੀ। ਅਰਸ਼ਦੀਪ ਮੁਸਕ੍ਰਾ ਕੇ ਮੇਰੇ ਕੋਲ ਦੀ ਮੋਟਰਸਾਈਕਲ ਲੰਘਾ ਕੇ ਲੈ ਗਿਆ। ਮੈਂ ਵਿਖਾਵਾ ਕੀਤਾ ਕਿ ਉਸ ਦੀ ਮੁਸਕ੍ਰਾਹਟ ਨੂੰ ਨਹੀਂ ਦੇਖਿਆ। ਆਪਣਾ ਧਿਆਨ ਸੜਕ ਵੱਲ ਕਰ, ਕਾਰ ਦੀ ਉਡੀਕ ਕਰਨ ਲੱਗੀ, ਪਰ ਕਾਰ ਦਾ ਕੋਈ ਨਾਮ-ਨਿਸ਼ਾਨ ਨਹੀਂ ਸੀ। ਅਰਸ਼ਦੀਪ ਦਾ ਮੋਟਰਸਾਈਕਲ ਜ਼ਰੂਰ ਵਾਪਸ ਆ ਰਿਹਾ ਸੀ। ਉਸ ਨੇ ਬੇਝਿਜਕ ਮੋਟਰਸਾਈਕਲ ਮੇਰੇ ਕੋਲ ਰੋਕ ਲਿਆ ਤੇ ਬੋਲਿਆ, ”ਐਕਸਕਿਊਜ਼ ਮੀ, ਜੇ ਤੁਸੀਂ ਬੁਰਾ ਨਹੀਂ ਮਨਾਉਂਦੇ ਤਾਂ ਮੈਂ ਤਹਾਨੂੰ ਛੱਡ ਸਕਦਾ ਹਾਂ।”
”ਥੈਂਕਸ, ਕੋਈ ਗੱਲ ਨਹੀਂ।” ਆਪਣੀ ਅਵਾਜ਼ ਨੂੰ ਬਹੁਤ ਹੀ ਮਿੱਠੀ ਤੇ ਨਰਮ ਬਣਾਉਦਿਆਂ ਕਿਹਾ,”ਡਰਾਈਵਰ ਆਉਂਦਾ ਹੀ ਹੋਵੇਗਾ।”
”ਹੋ ਸਕਦਾ ਹੈ, ਉਹ ਅੱਜ ਨਾ ਆ ਸਕਦਾ ਹੋਵੇ।”
”ਆਵੇਗਾ ਤਾਂ ਜ਼ਰੂਰ, ਪਾਪਾ ਦੀ ਉਸ ਨੂੰ ਖਾਸ ਚਿਤਾਵਨੀ ਹੈ ਕਿ ਮੈਨੂੰ ਚੁੱਕਣ-ਛੱਡਣ ਵਿਚ ਲੇਟ ਨਹੀਂ ਹੋ ਸਕਦਾ।”
”ਸ਼ਾਇਦ ਕਾਰ ਵਿਚ ਹੀ ਕੋਈ ਨੁਕਸ ਪੈ ਗਿਆ ਹੋਵੇ।” ਉਸ ਨੇ ਇਹ ਗੱਲ ਇਸ ਤਰ੍ਹਾਂ ਕਹੀ ਜਿਵੇਂ ਅੰਦਰੋਂ ਸੁੱਖ ਰਿਹਾ ਹੋਵੇ, ਕਿ ਕਾਰ ਨਾ ਹੀ ਆਵੇ ਤਾਂ ਕਿੰਨਾ ਚੰਗਾ ਹੋਵੇ।
”ਕਾਰ ਵਿਚ ਤਾਂ ਕੀ ਨੁਕਸ ਪੈਣਾ।” ਮੈਂ ਆਪਣੀ ਨਵੀਂ ਮਾਰੂਤੀ ਕਾਰ ਤੇ ਯਕੀਨ ਕਰਦੇ ਕਿਹਾ, ”ਡਰਾਈਵਰ ਨੂੰ ਕੋਈ ਹੋਰ ਕੰਮ ਨਾ ਪੈ ਗਿਆ ਹੋਵੇ।”
”ਜੇ ਤੁਸੀਂ ਕਾਰ ਨੂੰ ਹੀ ਉਡੀਕਣਾ ਹੈ ਤਾਂ ਹੋਰ ਪੰਦਰਾਂ-ਵੀਹ ਮਿੰਟ ਉਡੀਕ ਲਵੋ।” ਉਸ ਨੇ ਮੋਟਰਸਾਈਕਲ ਸਟਾਰਟ ਕਰਦੇ ਕਿਹਾ, ”ਮੈਂ ਨਾਲ ਵਾਲੀ ਮਾਰਕੀਟ ਵਿਚੋਂ ਕੁਝ ਖ੍ਰੀਦਣਾ ਹੈ ਵਾਪਸ ਆਉਂਦਾ ਹਾਂ ਜੇ ਤਾਂ ਤੁਸੀਂ ਚਲੇ ਗਏ ਠੀਕ ਹੈ, ਨਹੀਂ ਤਾਂ ਮੈਂ ਤਹਾਨੂੰ ਛੱਡ ਦੇਵਾਂਗਾ।”
ਮੇਰਾ ਮਨ ਵਿਚੋਂ ਤਾਂ ਉਸ ਨਾਲ ਜਾਣ ਨੂੰ ਕਰ ਰਿਹਾ ਸੀ, ਪਰ ਨਾਂਹ ਕਹਿ ਦਿੱਤੀ। ਸਰਦੀਆਂ ਦੇ ਛੋਟੇ ਅਤੇ ਠੰਢੇ ਦਿਨ ਸਨ। ਚੁੱਪ-ਚਾਪ ਗਰਮ ਸ਼ਾਲ ਨੂੰ ਦੁਆਲੇ ਲਪੇਟੀ ਧੀਰਜ ਰੱਖਦੀ ਹੋਈ ਕਾਰ ਨੂੰ ਉਡੀਕ ਰਹੀ ਸੀ। ਉਦੋਂ ਤਾਂ ਮੋਬਾਈਲ ਫੋਨ ਵੀ ਆਮ ਨਹੀਂ ਸੀ ਹੁੰਦੇ ਤਾਂ ਜੋ ਡਰਾਈਵਰ ਦਾ ਪਤਾ ਕਰ ਲਿਆ ਜਾਵੇ। ਕਾਰ ਤਾਂ ਆਈ ਨਹੀਂ, ਪਰ ਉਹ ਛੇਤੀ ਹੀ ਵਾਪਸ ਆ ਗਿਆ।
”ਚਲੋ, ਆਉ ਤੁਹਾਨੂੰ ਛੱਡ ਦਿਆਂ।” ਉਸ ਨੇ ਆਉਂਦੇ ਹੀ ਕਿਹਾ, ”ਕੀ ਐਡਰੈਸ ਹੈ?”
”ਸੈਕਟਰ ਨੰ:1, ਟੀ/ 6।” ਕੋਠੀ ਨੰਬਰ ਦੱਸਣ ਹੀ ਲੱਗੀ ਸੀ ਕਿ ਉਹ ਵਿਚੋਂ ਹੀ ਬੋਲ ਪਿਆ, ”ਤੁਹਾਡੇ ਪਾਪਾ ਕੀ ਕੰਮ ਕਰਦੇ ਨੇ?”
”ਉਹ ਪੁਲੀਸ ਵਿਚ ਹਨ।” ਮੋਟਰਸਾਈਕਲ ਤੇ ਬੈਠਦਿਆਂ ਮੈਂ ਕਿਹਾ, ”ਨਜ਼ਦੀਕ ਜਾ ਕੇ ਤਹਾਨੂੰ ਕੋਠੀ ਦਿਖਾ ਦੇਵਾਂਗੀ।”
”ਪੁਲੀਸ ਵਿਚ ਔਫੀਸਰ ਹੋਣਗੇ।”
”ਹਾਂ ਜੀ, ਉਹ ਡੀ. ਐਸ. ਪੀ. ਨੇ।”
ਉੱਚਾ-ਨੀਵਾਂ ਥਾਂ ਆਉਣ ਕਰਕੇ ਹੁਝਕਾ ਲੱਗਾ ਤਾਂ ਮੈਂ ਉਸ ਦੇ ਪਾਈ ਕਾਲੀ ਨਰਮ ਚਮੜੇ ਦੀ ਜੈਕਟ ਨੂੰ ਪਕੜ ਲਿਆ।
”ਮੈਨੂੰ ਕੋਈ ਮਾਈਂਡ ਨਹੀਂ।” ਉਸ ਨੇ ਕਿਹਾ, ”ਜੇ ਤੁਸੀ ਚਾਹੋ ਤਾਂ ਮੈਨੂੰ ਫੜ ਕੇ ਚੰਗੀ ਤਰ੍ਹਾਂ ਬੈਠ ਸਕਦੇ ਹੋ।”
”ਨਹੀਂ, ਮੈ ਠੀਕ ਹਾਂ।” ਇਕਦਮ ਉਸ ਦੀ ਜੈਕਟ ਛੱਡਦੇ ਹੋਏ ਮੈਂ ਕਿਹਾ, ”ਮੋਟਰਸਾਈਕਲ ਤੇ ਪਹਿਲੀ ਵਾਰ ਬੈਠੀ ਹਾਂ, ਇਸ ਲਈ ਜਰਾ ૴।”
”ਕੋਈ ਨਹੀਂ ਬੇਫਿਕਰੇ ਹੋ ਕੇ ਬੈਠੋ।” ਉਸ ਨੇ ਹਲਕਾ ਜਿਹਾ ਹਾਸਾ ਹੱਸਦੇ ਕਿਹਾ, ”ਮੈਂ ਤਹਾਨੂੰ ਸੁੱਟਣ ਨਹੀ ਲੱਗਾ।”
ਜਿਵੇਂ ਜਿਵੇਂ ਘਰ ਲਾਗੇ ਆ ਰਿਹਾ ਸੀ, ਤਿਵੇਂ ਤਿਵੇਂ ਮੇਰੇ ਮਨ ਵਿਚ ਇਕ ਡਰ ਵੀ ਉੱਠ ਰਿਹਾ ਸੀ ਕਿ ਜੇ ਪਾਪਾ ਨੂੰ ਪਤਾ ਲੱਗ ਗਿਆ ਕਿ ਮੈਂ ਕਿਸੇ ਓਪਰੇ ਲੜਕੇ ਨਾਲ ਘਰ ਆਈ ਹਾਂ ਤਾਂ ਪਤਾ ਨਹੀਂ ਕੀ ਹੋਵੇ? ਕਿਉਂਕਿ ਸਾਡੇ ਘਰ ਦਾ ਮਹੌਲ ਆਮ ਪੰਜਾਬ ਦੇ ਘਰਾਂ ਵਰਗਾ ਸੀ, ਬਗ਼ੈਰ ਕਿਸੇ ਕਾਰਨ ਕੁੜੀਆਂ ਇੱਧਰ-ਉੱਧਰ ਘੁੰਮ ਨਹੀਂ ਸੀ ਸਕਦੀਆਂ। ਘਰ ਵਿਚ ਨੌਕਰ ਹੋਣ ਦੇ ਵਾਵਜ਼ੂਦ ਵੀ ਮੈਨੂੰ ਰਸੋਈ ਦਾ ਕੰਮ ਸਿਖਾਇਆ ਗਿਆ ਸੀ। ਘਰ ਦੀ ਇੱਜ਼ਤ ਅਤੇ ਮਾਣ-ਮਰਿਆਦਾ ਨੂੰ ਕਿਵੇਂ ਕਾਈਮ ਰੱਖਣਾ ਹੈ ਦੱਸਿਆ ਗਿਆ ਸੀ। ਪਹਿਲਾਂ ਸੋਚਿਆ ਗਲੀ ਦੀ ਨੁੱਕਰ ਤੇ ਹੀ ਉੱਤਰ ਜਾਵਾਂਗੀ, ਪਰ ਜੇ ਮਹੱਲੇ ਦੇ ਕਿਸੇ ਬੰਦੇ ਨੇ ਦੇਖ ਲਿਆ, ਫਿਰ ਕੀ ਹੋਵੇਗਾ? ਮੇਰਾ ਤਾਂ ਉਹ ਹਾਲ ਹੋ ਗਿਆ ਕਿ ਆਪੇ ਫਾਥੜੀਏ ਤੈਨੂੰ ਕੋਣ ਛੁਡਾਵੇ?
ਗਲੀ ਦਾ ਪਹਿਲਾ ਮੋੜ ਹੀ ਮੁੜਦੇ ਮੈਂ ਕਿਹਾ, ”ਤੁਸੀਂ ਮੈਨੂੰ ਇੱਥੇ ਹੀ ਉਤਾਰ ਦਿਉ ਮੈਂ ਚਲੀ ਜਾਵਾਂਗੀ।”
”ਕੋਈ ਨਹੀਂ ਘਰ ਦੇ ਅੱਗੇ ਉਤਾਰ ਦਿੰਦਾ ਹਾਂ।” ਉਸ ਮੋਟਰਸਾਈਕਲ ਥੋੜ੍ਹਾ ਹੌਲੀ ਕਰਦੇ ਕਿਹਾ, ”ਜਿਸ ਥਾਂ ਮੈਂ ਰਹਿੰਦਾ ਹਾਂ, ਉਹ ਵੀ ਇੱਥੋਂ ਬਹੁਤੀ ਦੂਰ ਨਹੀਂ, ਲੋੜ ਪੈਣ ਤੇ ਤਹਾਨੂੰ ਛੱਡ ਲਿਜਾ ਸਕਦਾਂ ਹਾਂ।”
”ਜ਼ਰਰੂਤ ਪੈਣ ਤੇ ਮੈਂ ਦੱਸ ਦਿਆ ਕਰਾਂਗੀ।” ਮੈਂ ਉਂਝ ਹੀ ਕਹਿ ਦਿੱਤਾ, ਵਿਚੋਂ ਭਾਵੇ ਮੇਰਾ ਮਨ ਡਰ ਰਿਹਾ ਸੀ ਕਿ ਅੱਜ ਦਾ ਹੱਸ਼ਰ ਪਤਾ ਨਹੀਂ ਕੀ ਹੋਣਾ? ਇਹ ਸਰਦਾਰ ਜੀ ਅਗਾਂਹ ਲਈ ਆਸਾਂ ਲਾਏ ਬੈਠੇ ਨੇ।
ਉਸ ਨੇ ਮੇਰੇ ਮਨ ਦੀ ਬੇਚੈਨੀ ਦਾ ਅਹਿਸਾਸ ਕਰਦੇ ਕਿਹਾ, ”ਕਿਸੇ ਗਲ ਦਾ ਫਿਕਰ ਨਾ ਕਰੋ, ਕੁਝ ਨਹੀਂ ਹੋਵੇਗਾ, ਜੇ ਚਾਹੋ ਤਾਂ ਤੁਹਾਡੇ ਨਾਲ ਕੋਠੀ ਦੇ ਅੰਦਰ ਵੀ ਜਾ ਸਕਦਾ ਹਾਂ ਅਤੇ ਤੁਹਾਡੇ ‘ਪੇਰੈਂਟਸ’ ਨੂੰ ਦਸ ਦੇਵਾਂਗਾ ਕਿ ਮੈਂ ਹੀ ਤਹਾਨੂੰ ਆਪਣੇ ਨਾਲ ਆਉਣ ਲਈ ਕਿਹਾ ਸੀ।”
ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਗੱਲਾਂ ਕਿਸ ਯਕੀਨ ਤੇ ਕਰ ਰਿਹਾ। ਡਰਦੀ ਹੋਈ ਨੇ ਇਕਦਮ ਕਿਹਾ, ”ਨਹੀਂ ਨਹੀਂ, ਕੋਈ ਨਹੀਂ, ਮੈ ਚਲੀ ਜਾਵਾਂਗੀ, ਇੱਥੇ ਹੀ ਉਤਾਰ ਦਿਉ।”
”ਤੁਸੀਂ ਮੈਨੂੰ ਚਾਹ ਨਾ ਪਿਲਾਇਉ।” ਉਸ ਨੇ ਪਹਿਲਾਂ ਵਾਂਗ ਹੀ ਹੱਸਦੇ ਕਿਹਾ, ”ਅੱਛਾ, ਚਲੋ ਤੁਹਾਡੀ ਮਰਜ਼ੀ।”
ਉਸ ਨੇ ਮੋਟਰਸਾਈਕਲ ਰੋਕਿਆ ਤੇ ਮੈਂ ਪਿਛੋਂ ਛਾਲ ਮਾਰ ਕੇ ਇੰਝ ਉਤਰੀ ਜਿਵੇਂ ਕੋਈ ਪੰਛੀ ਕਿਸੇ ਪਿੰਜਰੇ ਵਿਚੋਂ ਛੁਟਦਾ ਹੈ।
”ਥੈਂਕਸ।” ਆਲਾ૶ਦੁਆਲਾ ਦੇਖਦੇ ਹੋਏ ਛੇਤੀ ਨਾਲ ਮੈਂ ਕਿਹਾ, ”ਔਹ ਖੂੰਜੇ ਤੇ ਗੁਲਾਬੀ ਰੰਗ ਦੀ ਸਾਡੀ ਕੋਠੀ ਹੈ।”
”ਧੰਨਵਾਦ ਤਾਂ ਤੁਹਾਡਾ, ਜਿਹੜਾ ਤੁਸੀਂ ਯਕੀਨ ਕਰਦੇ ਹੋਏ ਮੇਰੇ ਨਾਲ ਆ ਗਏ।” ਉਸ ਨੇ ਮੁਸਕ੍ਰਾ ਕੇ ਕਿਹਾ ਅਤੇ ਚਲਾ ਗਿਆ।
ਘਰ ਦੇ ਗੇਟ ਕੋਲ ਮਾਲੀ ਕੰਮ ਕਰ ਰਿਹਾ ਸੀ, ਉਸ ਨੇ ਮੈਨੂੰ ਦੇਖ ਕੇ ਗੇਟ ਖੋਲ੍ਹ ਦਿੱਤਾ।
”ਭਾਲੂ ਬਾਬਾ, ਆਪ ਕੋ ਪਤਾ ਹੈ ਜਨਕ ਰਾਮ ਕਹਾਂ ਹੈ।” ਬਨਾਵਟੀ ਗੁੱਸੇ ਵਿਚ ਕਿਹਾ, ”ਉਹ ਮੁੱਝੇ ਲੇਨੇ ਨਹੀਂ ਆਇਆ।”
”ਬੀਬੀ ਜੀ, ਹਮ ਕੋ ਕੁਏ ਮਾਲੂਮ ਨਾਹਿ।”
ਘਰ ਦੇ ਵਿਹੜੇ ਵਿਚ ਪੈਰ ਹੀ ਪਾਇਆ ਸੀ ਕਿ ਮੰਮੀ ਜੀ ਦੀ ਅਵਾਜ਼ ਆਈ, ”ਬੇਟੀ, ਜਨਕ ਰਾਮ ਸਮੇਂ ਨਾਲ ਪਹੁੰਚ ਗਿਆ ਸੀ।”
” ਜਨਕ ਰਾਮ ਮੋਇਆ ਤਾਂ ਆਇਆ ਹੀ ਨਹੀਂ।”
”ਮੈਨੂੰ ਪਹਿਲਾਂ ਹੀ ਇਸ ਗੱਲ ਦਾ ਫਿਕਰ ਸੀ।” ਮੰਮੀ ਨੇ ਮੇਰੇ ਕੋਲ ਆਉਂਦਿਆਂ ਕਿਹਾ, ”ਤੇਰੇ ਪਾਪਾ ਨੂੰ ਸਤਕਰਤਾਰ ਕਲੋਨੀ ਛੱਡ ਕੇ ਜਾਣਾ ਸੀ, ਲੇਟ ਹੋ ਗਿਆ ਹੋਵੇਗਾ।”
”ਉਹਨਾਂ ਦੀ ਜੀਪ ਕਿੱਥੇ ਗਈ?”
ਮੰਮੀ ਨੇ ਸਾਰੀ ਗੱਲ ਦੱਸੀ ਕਿ ਕਿਵੇਂ ਪਾਪਾ ਦੀ ਸਰਕਾਰੀ ਜੀਪ ਖਰਾਬ ਹੋਈ ਅਤੇ ਇਕਦਮ ਉਹਨਾਂ ਨੂੰ ਕਿਤੇ ਜਾਣਾ ਪਿਆ, ਜੋ ਜਨਕ ਰਾਮ ਲੈ ਕੇ ਗਿਆ।
”ਦੂਸਰੇ ਪੁਲੀਸ ਵਾਲਿਆਂ ਕੋਲ ਕਿੰਨੀਆਂ ਸਹੂਲਤਾਂ ਨੇ।” ਮੈਂ ਖਿੱਝ ਕੇ ਕਿਹਾ, ”ਪਾਪਾ ਕੋਲ ਸਿਰਫ ਪੁਰਾਣੀ ਜਿਹੀ ਜੀਪ।”
”ਤੈਨੂੰ ਪਤਾ ਹੈ ਤੇਰੇ ਪਾਪਾ ਦੂਸਰੇ ਪੁਲੀਸ ਵਾਲਿਆਂ ਵਾਂਗ ਨਹੀਂ ਹਨ।”
”ਹਾਂ ਜੀ, ਪਾਪਾ ਨੇ ਜੇ ਆਪਣੇ ਅਸੂਲਾਂ ਨਾਲ ਹੀ ਰਹਿਣਾ ਹੈ ਫਿਰ ਤਾਂ ਇਹ ਹੀ ਹਾਲ ਹੋਵੇਗਾ।”
”ਦੇਖ ਵੀਨਾ, ਪਾਪਾ ਨੂੰ ਕੁਝ ਨਾ ਕਹਿ, ਤੈਨੂੰ ਪਤਾ ਹੈ ਤੇਰੇ ਪਾਪਾ ਦੀ ਹਰ ਥਾਂ ਇੱਜ਼ਤ ਹੈ, ਜੋ ਸਿਰਫ ਅਸੂਲਾਂ ਕਰਕੇ ਹੀ ਹੈ।” ਮੰਮੀ ਨੇ ਕਿਹਾ, ”ਤੂੰ ਦੱਸ ਕਿਵੇਂ ਆਈ?”
”ਮੈਂ ਮੈਂ, ਬਸ ਆ ਗਈ।”
”ਬੀਬੀ ਜੀ, ਕੋਈ ਮੋਟਰਸਾਈਕਲ ਵਾਲਾ ਛੋਡ ਕੇ ਗਿਆ।” ਪਿੱਛੋਂ ਆਉਂਦੇ ਮਾਲੀ ਨੇ ਕਿਹਾ, ”ਮੈਨੇ ਦੂਰ ਸੇ ਦੇਖਾ, ਕੋਈ ਪਗੜੀ ਵਾਲਾ ਸਰਦਾਰ ਜੀ ਥਾ।”
ਹੈਪੀ ਦੀ ਕਹਾਵਤ, ‘ਲਉ, ਕਰ ਲਉ ਘਿਉ ਨੂੰ ਭਾਂਡਾ’ ਮੈਨੂੰ ਇਕਦਮ ਯਾਦ ਆਈ ਅਤੇ ਨਾਲੇ ਇਹ ਸੋਚ ਕੇ ਕਿ ਸਰਦਾਰ ਤਾਂ ਦੂਰੋਂ ਹੀ ਪਹਿਚਾਣਿਆ ਜਾਂਦਾ, ਮੈਂ ਕਿਵੇਂ ਲਕੋ ਸਕਦੀ ਹਾਂ। ਇਸ ਲਈ ਸਾਰੀ ਗੱਲ ਸੱਚ ਦਸ ਦਿੱਤੀ। ਮੰਮੀ ਮੇਰੇ ਵੱਲ ਵੇਖ ਕੇ ਮੁਸਕ੍ਰਾ ਪਏ, ਪਰ ਕਿਹਾ ਕੁਝ ਨਹੀਂ। ਉਹਨਾਂ ਨੂੰ ਮੇਰੇ ਤੇ ਭਰੋਸਾ ਸੀ ਜਾਂ ਅਰਸ਼ਦੀਪ ਤੇ, ਉਹ ਹੀ ਜਾਣਦੇ ਸਨ।
ਉਸ ਦਿਨ ਤੋਂ ਬਾਅਦ ਅਰਸ਼ਦੀਪ ਅਤੇ ਮੇਰੇ ਵਿਚਾਲੇ ਹਾਏ-ਬਾਏ ਹੋਣ ਲੱਗੀ। ਫਿਰ ਇਹ ਹੀ ਹਾਏ-ਬਾਏ ਦੋਸਤੀ ਵਿਚ ਬਦਲ ਗਈ। ਵਿਹਲੇ ਸਮੇਂ ਅਸੀਂ ਆਮ ਹੀ ਇਕੱਠੇ ਕੌਫੀ-ਚਾਹ ਪੀਣ ਲੱਗੇ। ਹੌਲੀ ਹੌਲੀ ਦੋਸਤੀ ਅਗਾਂਹ ਵਧਣ ਲੱਗੀ। ਇਕ ਦਿਨ ਧੁੱਪੇ ਲਾਇਬਰੇਰੀ ਦੀ ਗਰਾਂਊਂਡ ਵਿਚ ਬੈਠੇ ਸੀ। ਅਰਸ਼ਦੀਪ ਨੇ ਸਿੱਧਾ ਹੀ ਕਹਿ ਦਿੱਤਾ, ”ਵੀਨਾ, ਹੁਣ ਮੈਂ ਤੇਰੇ ਪਾਪਾ ਨਾਲ ਗੱਲ ਕਰਨੀ ਚਾਹੁੰਦਾ ਹਾਂ।”
”ਕਿਉ?”
”ਤੈਨੂੰ ਵੀ ਪਤਾ ਹੈ।”
”ਪਹਿਲਾ, ਮੇਰੇ ਨਾਲ ਤਾਂ ਗੱਲ ਕਰ ਲਉ।” ਗੱਲ ਜਾਣਦਿਆਂ ਹੋਇਆਂ ਵੀ ਮੈਂ ਮੁਸਕ੍ਰਾ ਕੇ ਕਿਹਾ, ”ਵੈਸੇ ਤੁਸੀਂ ਗੱਲ ਕਿਸ ਮਸਲੇ ਤੇ ਕਰਨੀ ਹੈ।”
”ਗਵਾਹ ਚੁਸਤ, ਮੁਦਈ ਸੁੱਸਤ।” ਹੌਲੀ ਜਿਹੇ ਹੱਸਦੇ ਹੋਏ ਨੇ ਮੇਰਾ ਹੱਥ ਫੜ ਲਿਆ ਅਤੇ ਕਿਹਾ, ”ਮੈਂ ਉਹੋ ਜਿਹਾ ਮੁੰਡਾ ਨਹੀ ਹਾਂ, ਅਸੀਂ ਤਾਂ ਕਿਸੇ ਦੀ ਬਾਂਹ ਇਕ ਵਾਰੀ ਫੜ ਲਈਏ ਫਿਰ ਛੱਡੀਦੀ ਨਹੀਂ।”
ਸਾਹਮਣੇ ਹਰਪ੍ਰੀਤ ਆਉਂਦੀ ਦੇਖੀ ਤਾਂ ਮੈਂ ਕਿਹਾ, ”ਅੱਛਾ, ਅੱਛਾ ਮੇਰਾ ਹੱਥ ਤਾਂ ਹੁਣ ਛੱਡ ਦਿਉ।”
”ਕੀ ਗੱਲ ਹੈ?” ਆਉਂਦਿਆਂ ਹੀ ਹਰਪ੍ਰੀਤ ਨੇ ਕਿਹਾ, ”ਅੱਜਕਲ ਤੁਹਾਡੀਆਂ ਮੁਲਾਕਾਤਾਂ ਦਾ ਸਿਲਸਲਾ ਵੱਧਦਾ ਹੀ ਜਾ ਰਿਹਾ ਹੈ।”
ਅਰਸ਼ਦੀਪ ਦੇ ਬੋਲਣ ਤੋਂ ਪਹਿਲਾਂ ਹੀ ਮੈਂ ਕਹਿ ਦਿੱਤਾ, ”ਜੋ ਤੂੰ ਸੋਚ ਰਹੀ ਹੈਂ, ਉਹੋ ਜਿਹੀ ਕੋਈ ਗੱਲ ਨਹੀਂ।”
”ਘਰ ਦੇ ਭਾਗ ਤਾਂ ਡਿਊੜੀ ਤੋਂ ਹੀ ਦਿਸ ਪੈਂਦੇ ਨੇ।” ਉਹ ਹੱਸਦੀ ਹੋਈ ਕਹਿਣ ਲੱਗੀ, ”ਤੁਹਾਡੇ ਚਿਹਰਿਆਂ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਮੁਹੱਬਤ ਦੀ ਦਸਤਕ ਤੁਹਾਡੇ ਦਿਲਾਂ ਦੇ ਦਰਵਾਜ਼ੇ ਖੜਕਾ ਰਹੀ ਹੈ।”
”ਇਹ ਦਸਤਕ ਤਾਂ ਬਹੁਤ ਚਿਰ ਪਹਿਲਾਂ ਹੀ ਖੜਕ ਪਈ ਸੀ।” ਅਰਸ਼ਦੀਪ ਨੇ ਸਾਫ ਕਹਿ ਦਿੱਤਾ, ”ਹੁਣ ਤਾਂ ਦਿਲਾਂ ਦੇ ਦਰਵਾਜ਼ਿਆਂ ਦੇ ਰਾਹੀਂ ਇਕ ਦੂਜੇ ਦੇ ਦਿਮਾਗਾਂ ਵਿਚ ਵੀ ਦਾਖਲ ਹੋ ਚੁੱਕੇ ਹਾਂ।”
”ਇਹ ਮੈਂਡਮ ਜੀ ਕਿਉਂ ਛੁਪਾ ਰਹੇ ਹਨ।” ਹਰਪ੍ਰੀਤ ਨੇ ਮੇਰੇ ਮੋਢੇ ਤੇ ਆਪਣਾ ਹੱਥ ਜੋਰ ਦੀ ਮਾਰਦਿਆਂ ਆਖਿਆ, ”ਨਾਲੇ ਚੋਰ ਨਾਲੇ ਚਤਰ।”
”ਮੈਂ ਨਹੀ ਛੁਪਾਉਂਦਾ, ਮੈਂ ਤਾਂ ਹੁਣ ਇਸ ਦੇ ਪਾਪਾ ਨਾਲ ਵੀ ਗੱਲ ਕਰਨ ਨੂੰ ਤਿਆਰ ਹਾਂ।”
”ਮੇਰੇ ਖਿਆਲ ਨਾਲ ਤਾਂ ਤੁਹਾਡੇ ਡੈਡੀ ਨੂੰ ਹੀ ਇਸ ਦੇ ਪਾਪਾ ਨਾਲ ਗੱਲ ਕਰਨੀ ਚਾਹੀਦੀ ਹੈ।” ਹਰਪ੍ਰੀਤ ਨੇ ਸੁਝਾਅ ਦਿੱਤਾ, ”ਇਸ ਤਰ੍ਹਾਂ ਗੱਲ ਵਧੀਆ ਢੰਗ ਨਾਲ ਸੰਪੂਰਨ ਹੋਵੇਗੀ।”
”ਮੇਰੇ ਡੈਡੀ ਦਾ ਇਸ ਤਰ੍ਹਾਂ ਆਉਣਾ ਮੁਸ਼ਕਿਲ ਹੈ। ਉਹ ਮਿਲਟਰੀ ਵਿਚ ਨੇ, ਮੇਰੇ ਮੰਮੀ ਅਤੇ ਛੋਟੀ ਭੈਣ ਪੰਜਾਬ ਦੇ ਇਕ ਪਿੰਡ ਵਿਚ ਰਹਿੰਦੀਆਂ ਨੇ, ਇਸ ਸ਼ਹਿਰ ਵਿਚ ਸਿਰਫ ਮੈਂ ਹੀ ਪੜ੍ਹਨ ਕਰਕੇ ਕਿਰਾਏ ਤੇ ਕਮਰਾ ਲੈ ਕੇ ਰਹਿ ਰਿਹਾ ਹਾਂ।”
ਹਰਪ੍ਰੀਤ ਨੇ ਇਕ ਗੱਲ ਕਰਕੇ ਉਸ ਕੋਲੋਂ ਸਾਰੀਆਂ ਗੱਲਾ ਦਾ ਪਤਾ ਕਰ ਲਿਆ।
”ਪਰ ਤਹਾਨੂੰ ਆਪਣੇ ਮੰਮੀ ਡੈਡੀ ਨੂੰ ਦੱਸਣਾ ਤਾਂ ਚਾਹੀਦਾ ਹੈ।” ਮੈਂ ਕਿਹਾ, ”ਹੋਰ ਨਾ ਮੇਰੇ ਪਾਪਾ ਹਾਂ ਕਰ ਦੇਣ ਅਤੇ ਉਹ ਨਾਂਹ।”
”ਉਹਨਾਂ ਨੂੰ ਤਾਂ ਮੈ ਦੱਸ ਵੀ ਦਿੱਤਾ ਹੈ। ਉਹਨਾ ਦਾ ਕਹਿਣਾ ਹੈ ਕਿ ਵਿਆਹ ਤੂੰ ਕਰਵਾਉਣਾ ਹੈ, ਜੋ ਤੂੰ ਫੈਸਲਾ ਕਰੇਂਗਾ, ਉਹ ਠੀਕ ਹੀ ਹੋਵੇਗਾ।”
”ਇਸ ਦਾ ਮਤਲਬ, ਤੁਹਾਡੇ ਪੇਰੈਂਟਸ ਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ।” ਹਰਪ੍ਰੀਤ ਨੇ ਮੇਰੇ ਵੱਲ ਦੇਖ ਕੇ ਕਿਹਾ, ”ਵੈਸੇ ਅੱਜਕਲ ਦੀ ਪੜ੍ਹੀ ਲਿਖੀ ਪ੍ਹੀੜੀ ਨੂੰ ਇਸ ਤਰਾਂ ਦੇ ਮੱਹਤਵ ਪੂਰਨ ਫੈਸਲੇ ਕਰਨ ਦਾ ਹੱਕ ਹੋਣਾ ਵੀ ਚਾਹੀਦਾ ਹੈ।”
ਮੈਂ ਕਿਹਾ,”ਮੇਰੇ ਮੰਮੀ ਪਾਪਾ ਨੂੰ ਵੀ ਮੇਰੇ ਤੇ ਭਰੋਸਾ ਹੈ।”
ਭਾਵੇਂ ਇਹ ਗੱਲ ਕਹਿਣ ਨੂੰ ਮੈਂ ਕਹਿ ਦਿੱਤੀ, ਪਰ ਵਿਚੋਂ ਇਕ ਫਿਕਰ ਸੀ ਕਿ ਪਾਪਾ ਨਾਲ ਇਹ ਗੱਲ ਕਿਵੇਂ ਕਰਾਂਗੀ?

ਘਰ ਜਾ ਕੇ ਮੰਮੀ ਨਾਲ ਗੱਲ ਚਲਾਈ, ”ਉਹ ਮੋਟਰਸਾਈਕਲ ਵਾਲਾ ਲੜਕਾ ਪਾਪਾ ਨੂੰ ਮਿਲਣਾ ਚਾਹੁੰਦਾ ਹੈ।”
”ਉਸ ਨੇ ਪੁਲੀਸ ਵਿਚ ਭਰਤੀ ਤਾਂ ਨਹੀਂ ਹੋਣਾ।” ਮੰਮੀ ਨੇ ਮੇਰੇ ਦਿਲ ਦੀ ਗੱਲ ਜਾਣਦੇ ਹੋਏ ਵੀ ਕਿਹਾ, ”ਸਿਫ਼ਾਰਸ਼ ਚਾਹੁੰਦਾ ਹੋਵੇਗਾ?”
”ਨਹੀਂ ਮੰਮੀ, ਉਹ ਮੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ ਹੈ।” ਮੈਂ ਸੱਪਸ਼ਟ ਹੀ ਕਹਿ ਦਿੱਤਾ, ”ਮੈਨੂੰ ਵੀ ਉਹ૴।”
”ਪਸੰਦ ਹੈ।” ਮੰਮੀ ਨੇ ਮੇਰਾ ਅਧੂਰਾ ਵਾਕ ਪੂਰਾ ਕੀਤਾ ਅਤੇ ਕਿਹਾ, ”ਤੇਰੇ ਮੂੰਹ ਦੀ ਲਾਲੀ ਤੋਂ ਇਸ ਗੱਲ ਦਾ ਤਾਂ ਉਸ ਦਿਨ ਹੀ ਪਤਾ ਲੱਗ ਗਿਆ ਸੀ। ਜਿਸ ਦਿਨ ਤੂੰ ਉਸ ਦੇ ਮੋਟਰਸਾਈਕਲ ਤੇ ਘਰ ਆਈ ਸੀ।”
ਇਹ ਗੱਲ ਸੁਣ ਕੇ ਮੈ ਸ਼ਰਮ ਨਾਲ ਇਕੱਠੀ ਜਿਹੀ ਹੋ ਗਈ ਅਤੇ ਮੇਰੀਆਂ ਅੱਖਾਂ ਧਰਤੀ ਵੱਲ ਗੱਡੀਆਂ ਗਈਆਂ। ਮੰਮੀ ਨੇ ਮੈਨੂੰ ਫੜ ਕੇ ਕੋਲ ਡਿੱਠੇ ਤਖਤਪੋਸ਼ ਤੇ ਬੈਠਾ ਲਿਆ ਅਤੇ ਮੇਰੇ ਕੋਲ ਜੋ ਜਾਣਕਾਰੀ ਅਰਸ਼ਦੀਪ ਬਾਰੇ ਸੀ ਲੈ ਲਈ ਅਤੇ ਪਾਪਾ ਨਾਲ ਗੱਲ ਕਰਨ ਦਾ ਵਾਅਦਾ ਕਰਕੇ ਰਸੋਈ ਵੱਲ ਚਲੀ ਗਈ। ਮੰਮੀ ਦੀ ਇਹ ਆਦਤ ਮੈਨੂੰ ਬਹੁਤ ਹੀ ਪਸੰਦ ਹੈ ਘਰ ਵਿਚ ਕੋਈ ਵੀ ਸਥਿਤੀ ਆ ਜਾਵੇ ਉਹ ਬਹੁਤ ਹੀ ਸਹਿਜ ਢੰਗ ਨਾਲ ਉਸ ਨੂੰ ਕਾਬੂ ਕਰ ਲੈਂਦੇ ਨੇ। ਇਸ ਲਈ ਘਰ ਵਿਚ ਕਦੇ ਵੀ ਹਲਾ-ਗੁਲਾ ਜਾਂ ਹੰਗਾਮਾ ਨਹੀਂ ਹੋਇਆ। ਇਹ ਸਹਿਜ ਅਵਸਥਾ ਮੰਮੀ ਵਿਚ ਇਸ ਲਈ ਹੈ ਕਿਉਂਕਿ ਉਹਨਾਂ ਦੇ ਖਿਆਲ ਬਹੁਤ ਹੀ ਧਾਰਮਿਕ ਅਤੇ ਪ੍ਰਮਾਤਮਾ ਵਿਚ ਅਥਾਹ ਸ਼ਰਧਾ ਵਾਲੇ ਹਨ।
ਅਗਲੇ ਐਤਵਾਰ ਹੀ ਪਾਪਾ ਨੇ ਅਰਸ਼ਦੀਪ ਨੂੰ ਘਰ ਬੁਲਾ ਲਿਆ ਅਤੇ ਆਪਣੀ ਕਸੌਟੀ ਤੇ ਚੰਗੀ ਤਰਾਂ ਪਰਖਿਆ। ਜਦੋਂ ਉਹ ਖਰਾ ਨਿਕਲਿਆ ਤਾਂ ਸ਼ਾਦੀ ਦੇ ਬੰਧਨ ਵਿਚ ਬਨ੍ਹੰਣ ਲਈ ਹਾਮੀ ਭਰ ਦਿੱਤੀ ਅਤੇ ਨਾਲ ਹੀ ਅਰਸ਼ਦੀਪ ਦੇ ਮਾਪਿਆਂ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ। ਇਕ ਸ਼ਰਤ ਵੀ ਰੱਖੀ ਕਿ ਅਸੀਂ ਬਾਹਰ ਖੁਲ੍ਹੇ ਆਮ ਨਹੀਂ ਘੁੰਮ ਸਕਦੇ। ਅਸੀਂ ਵੀ ਪਾਪਾ ਦੀ ਇਹ ਸ਼ਰਤ ਪੂਰੀ ਕੀਤੀ, ਜਦੋਂ ਕਦੇ ਵੀ ਅਸੀਂ ਗੱਲ ਕਰਨੀ ਹੁੰਦੀ ਤਾਂ ਯੂਨੀਵਰਸਟੀ ਵਿਚ ਹੀ ਮਿਲ ਲੈਂਦੇ। ਬਾਹਰ ਕਦੇ ਕੌਫੀ ਦਾ ਕੱਪ ਵੀ ਪੀਣ ਨਹੀਂ ਸੀ ਗਏ।
ਉਸ ਦਿਨ ਜਦੋਂ ਅਰਸ਼ਦੀਪ ਮੈਨੂੰ ਮਿਲਿਆ ਤਾਂ ਬਹੁਤ ਹੀ ਫਿਕਰਮੰਦ ਲੱਗਾ। ਉਤਰੇ ਹੋਏ ਚਿਹਰੇ ਨਾਲ ਕਹਿਣ ਲੱਗਾ, ”ਮੰਮੀ ਦੀ ਪਿੰਡੋਂ ਟੈਲੀਗਰਾਮ ਆਈ ਹੈ, ਮੇਰੇ ਡੈਡੀ ਦਾ ਕੋਈ ਪਤਾ ਨਹੀਂ ਲੱਗ ਰਿਹਾ ਉਹ ਕਿੱਥੇ ਨੇ?”
”ਤੁਹਾਡੇ ਡੈਡੀ ਗੁੰਮ ਹੋ ਗਏ।” ਮੈਂ ਹੈਰਾਨ ਹੁੰਦੀ ਨੇ ਕਿਹਾ, ”ਉਹ ਜਾ ਕਿੱਥੇ ਸਕਦੇ ਨੇ?”
”ਮੈਂ ਅੱਜ ਸ਼ਾਮ ਨੂੰ ਪਿੰਡ ਜਾ ਰਿਹਾ ਹਾਂ।”
ਚੌਥੇ ਦਿਨ ਹੀ ਅਰਸ਼ਦੀਪ ਆਪਣੀ ਮੰਮੀ ਨੂੰ ਲੈ ਕੇ ਸਾਡੀ ਕੋਠੀ ਆਇਆ ਅਤੇ ਦੱਸਿਆ ਕਿ ਪਤਾ ਲੱਗਾ ਹੈ ਕਿ ਪੰਜਾਬ ਪੁਲੀਸ ਨੇ ਉਸ ਦੇ ਡੈਡੀ ਬਹਾਦਰ ਸਿੰਘ ਨੂੰ ਚੁੱਕ ਲਿਆ ਹੈ।
”ਚੁੱਕਣ ਦਾ ਕੋਈ ਕਾਰਨ ਤਾਂ ਹੋਵੇਗਾ।” ਪਾਪਾ ਨੇ ਕਿਹਾ, ”ਕੀ ਕੀਤਾ ਸੀ ਉਹਨੀਂ।”
”ਉਹਨਾਂ ਕੁਝ ਵੀ ਨਹੀਂ ਕੀਤਾ।” ਅਰਸ਼ਦੀਪ ਦੀ ਮੰਮੀ ਗੁਰਜੀਤ ਕੌਰ ਨੇ ਦੱਸਿਆ, ”ਇਹਨਾਂ ਦੇ ਮਾਮੇ ਦਾ ਪੁੱਤ ਟੱਰਕਾਂ ਦਾ ਕਾਰੋਬਾਰ ਕਰਦਾ ਸੀ, ਉਸ ਨੇ ਇਕ ਵੱਖਰੀ ਰਿਹਾਇਸ਼ ਲੁਧਿਆਣੇ ਬਣਾਈ ਹੋਈ ਸੀ। ਉਸ ਰਿਹਾਇਸ਼ ਵਿਚ ਕੋਈ ਬਿਸਫੋਟ ਹੋਇਆ ਤਾਂ ਉਹ ਜਲ ਗਈ, ਜਿਸ ਵਿਚ ਮਾਮੇ ਦਾ ਪੁੱਤ ਅਤੇ ਉਸ ਦੇ ਦੋ ਸਾਥੀ ਵੀ ਸੜ ਗਏ।”
”ਇਹ ਤਾਂ ਬਹੁਤ ਮਾੜਾ ਹੋਇਆ।” ਮੰਮੀ ਵਿਚੋਂ ਹੀ ਬੋਲੇ।
”ਭਰਾ ਜੀ ਉੱਥੇ ਤਾਂ ਆਪ ਨੂੰ ਪਤਾ ਹੀ ਹੈ ਪੰਜਾਬ ਦੇ ਹਾਲਾਤ ਦਿਨੋਦਿਨ ਖਰਾਬ ਹੁੰਦੇ ਜਾ ਰਹੇ ਨੇ,” ਗੁਰਜੀਤ ਕੌਰ ਨੇ ਅੱਗੇ ਕਿਹਾ, ”ਐਸੀ ਹਾਲਤ ਵਿਚ ਇਕਲੀਆਂ ਮਾਵਾਂ-ਧੀਆਂ ਦਾ ਰਹਿਣਾ ਔਖਾ ਲੱਗਦਾ ਸੀ, ਇਸ ਲਈ ਅਸੀਂ ਜਿੱਥੇ ਇਹਨਾਂ ਦੀ ਨੌਕਰੀ ਸੀ ਉੱਥੇ ਜਾਣ ਦਾ ਫੈਸਲਾ ਕਰ ਲਿਆ।”
”ਇਸ ਵਿਚ ਸਰਦਾਰ ਜੀ ਦਾ ਕੀ ਦੋਸ਼।” ਪਾਪਾ ਨੇ ਗੰਭੀਰ ਹੁੰਦਿਆ ਕਿਹਾ, ”ਜੋ ਪੰਜਾਬ ਦੇ ਹਾਲਾਤ ਹਨ, ਹਰ ਕੋਈ ਆਪਣੇ ਪਰਵਾਰ ਬਾਰੇ ਫਿਕਰਮੰਦ ਹੈ।”
ਗੁਰਜੀਤ ਕੌਰ ਨੇ ਆਪਣੇ ਹੰਝੂ ਰੁਮਾਲ ਨਾਲ ਪੂੰਝਦੇ ਕਿਹਾ, ”ਇਹ ਤਾਂ ਆਪਣੇ ਮਾਮੇ ਦੇ ਪੁੱਤ ਕੋਲ ਟੱਰਕ ਦਾ ਪੁੱਛਣ ਗਏ ਤਾਂ ਜੋ ਅਸੀਂ ਆਪਣਾ ਸਮਾਨ ਅਸਾਨੀ ਨਾਲ ਦੂਸਰੀ ਜਗ੍ਹਾ ਲਿਜਾ ਸਕੀਏ। ਜਦੋਂ ਇਹ ਉੱਥੇ ਪਹੁੰਚੇ ਤਾਂ ਪੁਲੀਸ ਉਸ ਥਾਂ ਦੀ ਛਾਣਬੀਨ ਕਰ ਰਹੀ ਸੀ, ਪਤਾ ਲੱਗਾ ਕਿ ਉੱਥੇ ਕੋਈ ਬੰਬ ਬਣਾਉਣ ਦੀ ਸੱਮਗਰੀ ਪਈ ਸੀ, ਜਿਸ ਨੂੰ ਅਚਾਨਕ ਅੱਗ ਲਗ ਗਈ ਤੇ ਉਹ ਫਟ ਗਈ।”
”ਮੈ ਸਮਝ ਗਿਆ ਤੁਸੀਂ ਕਿਸ ਥਾਂ ਦੀ ਗੱਲ ਕਰ ਰਹੇ ਹੋ।” ਪਾਪਾ ਨੇ ਦੱਸਿਆ, ”ਪਤਾ ਲੱਗਾ ਹੈ ਕਿ ਉਹ ਸੱਮਗਰੀ ਖਾੜਕੂਆਂ ਦੀ ਸੀ।”
”ਸਾਡਾ ਤਾਂ ਇਸ ਸੱਮਗਰੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ।” ਗੁਰਜੀਤ ਕੌਰ ਨੇ ਭਰਵੇ ਗਲੇ ਨਾਲ ਕਿਹਾ, ”ਇਹ ਤਾਂ ਅਚਾਨਕ ਹੀ ਉਸ ਸਮੇਂ ਉੱਥੇ ਚਲੇ ਗਏ ਅਤੇ ਇਹਨਾਂ ਨੂੰ ਚੁੱਕ ਲਿਆ ਗਿਆ ਕਿ ਤੂੰ ਇਸ ਰਿਹਾਇਸ਼ ਦੇ ਮਾਲਕ ਦਾ ਰਿਸ਼ਤੇਦਾਰ ਹੈਂ, ਤੂੰ ਵੀ ਭਾਗੀਦਾਰ ਹੋਵੇਗਾ।”
ਪਾਪਾ ਨੇ ਇਸ ਕੇਸ ਵਿਚ ਪੂਰੀ ਨੱਠ-ਭਜ ਕੀਤੀ।ਫਿਰ ਵੀ ਬਹੁਤ ਦੇਰ ਤਕ ਸਰਦਾਰ ਬਹਾਦਰ ਸਿੰਘ ਦਾ ਪਤਾ ਨਹੀਂ ਲੱਗਾ। ਅਰਸ਼ਦੀਪ ਅਤੇ ਉਸ ਦੇ ਮੰਮੀ ਵੱਖ ਦਰ ਦਰ ਦੀਆਂ ਠੋਕਰਾਂ ਖਾਂਦੇ ਰਹੇ, ਪਰ ਹੱਥ-ਪੱਲੇ ਕੁੱਝ ਨਾ ਪਿਆ।
ਇਕ ਦਿਨ ਪਾਪਾ ਦੇ ਸਹਿਯੋਗੀ ਦਾ ਫੋਨ ਆਇਆ ਤਾਂ ਪਤਾ ਲੱਗਾ ਕਿ ਬਹਾਦਰ ਸਿੰਘ ਨੂੰ ਪੁਲੀਸ ਨੇ ਖਾੜਕੂ ਬਣਾ ਕੇ ਮੁਕਾਬਲੇ ਵਿਚ ਮਰਿਆ ਸਿੱਧ ਕਰ ਦਿੱਤਾ ਹੈ। ਪਾਪਾ ਇਹ ਸੁਣ ਕੇ ਬਹੁਤ ਹੀ ਉਦਾਸ ਹੋਏ। ਕਿਉਂਕਿ ਜਦੋਂ ਪਾਪਾ ਇਸ ਕੇਸ ਕਰਕੇ ਅਰਸ਼ਦੀਪ ਦੇ ਪਿੰਡ ਗਏ ਸੀ ਤਾਂ ਲੋਕਾਂ ਨੇ ਦੱਸਿਆ ਸੀ ਕਿ ਅਰਸ਼ਦੀਪ ਦੇ ਘਰਾਣੇ ਵਾਲੇ ਲੋਕ ਬਹੁਤ ਹੀ ਸ਼ਰੀਫ ਅਤੇ ਸਮਝਦਾਰ ਹਨ। ਪੁਲੀਸ ਨੇ ਬੇਵਜ੍ਹਾ ਹੀ ਬਹਾਦਰ ਸਿੰਘ ਨੂੰ ਚੁੱਕ ਲਿਆ।
ਅਰਸ਼ਦੀਪ ਦੇ ਪ੍ਰੀਵਾਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਅੰਦਾਜ਼ਾ ਲਗਾਉਣਾ ਔਖਾ ਨਹੀਂ ਉਹਨਾਂ ਨਾਲ ਕੀ ਬੀਤੀ ਹੋਵੇਗੀ। ਅਰਸ਼ਦੀਪ ਦੀ ਹਾਜ਼ਰੀ ਯੂਨੀਵਰਸਿਟੀ ਵਿਚ ਘੱਟਣ ਲੱਗੀ ਅਤੇ ਪੰਜਾਬ ਜਾਣ ਦੇ ਚੱਕਰ ਵੱਧਣ ਲੱਗੇ।
ਦੁਪਹਿਰ ਦਾ ਵੇਲਾ ਸੀ। ਯੂਨੀਵਿਰਸਟੀ ਦੀ ਪਿਛਲੀ ਬਿਲਡਿੰਗ ਵਿਚ ਮੈਂ ਹਰਪ੍ਰੀਤ ਨਾਲ ਖੜ੍ਹੀ ਸੀ। ਅਰਸ਼ਦੀਪ ਇਕ ਨਵੇਂ ਦੋਸਤ ਨਾਲ ਸਾਡੇ ਵੱਲ ਆਇਆ ਅਤੇ ਕਹਿਣ ਲੱਗਾ, ”ਮੈਂ ਫਿਰ ਪੰਜਾਬ ਜਾ ਰਿਹਾ ਹਾਂ।”
”ਤਹਾਨੂੰ ਪਤਾ ਹੈ ਤੁਹਾਡੀ ਪੜ੍ਹਾਈ ਦਾ ਕਿੰਨਾ ਨੁਕਸਾਨ ਹੋ ਰਿਹਾ।” ਮੈਂ ਇਹ ਗੱਲ ਪਤਾ ਨਹੀਂ ਕਿਸ ਹੱਕ ਨਾਲ ਕਹਿ ਦਿੱਤੀ, ”ਇਸ ਤਰਾਂ ਤੁਸੀਂ ਆਪਣੀ ਡਿਗਰੀ ਕਿਵੇਂ ਪੂਰੀ ਕਰੋਗੇ?”
”ਇਸ ਦੇ ਡੈਡੀ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਇਸ ਦੇ ਸਿਰ ਆ ਪਈ ਹੈ।” ਨਵੇਂ ਦੋਸਤ ਨੇ ਕਿਹਾ, ”ਮੈਂ ਇਸ ਨੂੰ ਲੈਣ ਲਈ ਹੀ ਆਇਆ ਹਾਂ।”
”ਵਾਪਸ ਕਦੋਂ ਆਉਂਗੇ।” ਮੈਂ ਪੁੱਛਿਆ, ”ਜਾਣ ਤੋਂ ਪਹਿਲਾਂ ਪਾਪਾ ਨੂੰ ਮਿਲ ਸਕਦੇ ਹੋ, ਉਹ ਤੁਹਾਡੇ ਬਾਰੇ ਚਿੰਤਾ ਕਰ ਰਹੇ ਸਨ।”
”ਵਾਪਸ ਆ ਕੇ ਮਿਲਾਂਗਾ।” ਅਰਸ਼ਦੀਪ ਨੇ ਬਹੁਤ ਹੀ ਹੌਲੀ ਅਵਾਜ਼ ਵਿਚ ਕਿਹਾ, ”ਜੇ ਤੇਰੇ ਪਾਪਾ ਮੇਰੇ ਡੈਡੀ ਦੇ ਕਾਤਲ ਲੱਭਣ ਵਿਚ ਮੇਰੀ ਸਹਾਇਤਾ ਕਰ ਦੇਣ ਤਾਂ ਮੈਂ ਹੁਣ ਵੀ ਮਿਲ ਸਕਦਾਂ ਹਾਂ।”
”ਇਸ ਕੰਮ ਵਿਚ ਪਾਪਾ ਆਪਣੇ ਵਲੋਂ ਪੂਰਾ ਜੋਰ ਲਾ ਰਹੇ ਨੇ।” ਮੈਂ ਦੱਸਿਆ, ”ਪਰ ਪੰਜਾਬ ਪੁਲੀਸ ਇਸ ਬਾਰੇ ਕੁਝ ਵੀ ਨਹੀਂ ਦੱਸ ਰਹੀ।”
”ਇਸ ਲਈ ਮੈਨੂੰ ਆਪ ਹੀ ਕਾਤਲ ਭਾਲਣੇ ਪੈਣੇ ਨੇ।” ਅਰਸ਼ਦੀਪ ਨੇ ਸਾਫ ਕਿਹਾ, ”ਚਾਹੇ ਮੈਨੂੰ ਕੁਝ ਵੀ ਕਰਨਾ ਪਵੇ।”
ਉਸ ਨੇ ਗੱਲ ਇਸ ਢੰਗ ਨਾਲ ਕਹੀ ਕਿ ਮੈਂ ਅਦਰੋਂ ਬਾਹਰੋ ਕੰਬ ਗਈ ਅਤੇ ਦਿਲ ਧੜਕਦੇ ਨਾਲ ਕਿਹਾ, ”ਇਹਦਾ ਮਤਲਬ ਤੁਸੀਂ ਆਪਣੇ ਡੈਡੀ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੇ ਹੋ।”
”ਲੱਗਦਾ ਤਾਂ ਇਸ ਤਰ੍ਹਾਂ ਹੀ ਹੈ।” ਹਰਪ੍ਰੀਤ ਨੇ ਵੀ ਕਹਿ ਦਿੱਤਾ, ”ਮੇਰੇ ਹਿਸਾਬ ਨਾਲ ਤਾਂ ਤਹਾਨੂੰ ਪੰਜਾਬ ਜਾਣਾ ਹੀ ਨਹੀਂ ਚਾਹੀਦਾ, ਸਾਰਿਆਂ ਨੂੰ ਪਤਾ ਹੈ ਉੱਥੇ ਕੀ ਕੁੱਝ ਹੋ ਰਿਹਾ ਹੈ।”
”ਜੋ ਪੰਜਾਬ ਵਿਚ ਰਹਿੰਦੇ ਨੇ।” ਅਰਸ਼ਦੀਪ ਨੇ ਉਦਾਸ ਅਵਾਜ਼ ਵਿਚ ਕਿਹਾ, ”ਉਹ ਵੀ ਸਾਰਾ ਕੁਝ ਸਹਾਰ ਹੀ ਰਹੇ ਨੇ, ਮੈਂ ਵੀ ਉਹਨਾਂ ਵਿਚ ਰਲ ਜਾਵਾਂਗਾ।”
ਮੈਂ ਕੁਝ ਨਾ ਬੋਲ ਸਕੀ ਅਤੇ ਉਹ ਚੁੱਪ-ਚਾਪ ਆਪਣੇ ਨਵੇਂ ਦੋਸਤ ਨਾਲ ਚਲਾ ਗਿਆ।
ਸਬਰ ਦਾ ਘੁੱਟ ਭਰ ਉਸ ਦੇ ਵਾਪਸ ਆਉਣ ਦਾ ਇੰਤਜਾਰ ਕਰਨ ਲੱਗੀ।

ਇਕ ਰਾਤ ਨੌਂ ਕੁ ਵਜੇ ਦਾ ਟਾਈਮ ਹੋਵੇਗਾ, ਪਾਪਾ ਮੇਰੇ ਕਮਰੇ ਵਿਚ ਆਏ ਤੇ ਕਹਿਣ ਲੱਗੇ, ”ਚੰਗਾ ਹੋਵੇ ਜੇ ਤੂੰ ਅਰਸ਼ਦੀਪ ਨਾਲੋਂ ਰਿਸ਼ਤਾ ਤੋੜ ਲਵੇਂ।”
ਹੈਰਾਨ ਹੁੰਦੀ ਹੋਈ ਨੇ ਪੁੱਛਿਆ, ”ਕਿਉਂ?”
”ਉਹ ਇਕ ਖਾੜਕੂ ਜੱਥੇਬੰਦੀ ਵਿਚ ਜਾ ਰਲਿਆ ਹੈ।” ਪਾਪਾ ਨੇ ਦੱਸਿਆ, ”ਲੱਗਦਾ ਨਹੀਂ ਉਹ ਅਗਾਂਹ ਪੜ੍ਹੇ।”
”ਤੁਹਾਡਾ ਮਤਲਬ, ਰਿਸ਼ਤਾ ਸਿਰਫ ਪੜ੍ਹਾਈ ਨਾਲ ਹੀ ਸੀ।” ਪਹਿਲੀ ਵਾਰੀ ਪਾਪਾ ਨੂੰ ਸਵਾਲ ਪਾਇਆ, ”ਕਿਉਂ ਬਣਿਆ ਉਹ ਖਾੜਕੂ?”
”ਮੈਂ ਤੇਰੇ ਸਵਾਲਾਂ ਦਾ ਜ਼ਵਾਬ ਦੇਣ ਨਹੀਂ ਆਇਆ।” ਪਾਪਾ ਨੇ ਪੁਲੀਸ ਵਾਲਾ ਰੋਹਬ ਪਾਉਂਦੇ ਹੋਏ ਕਿਹਾ, ”ਅੱਜ ਤੋਂ ਬਾਅਦ ਤੂੰ ਉਸ ਦਾ ਨਾਮ ਵੀ ਨਹੀਂ ਲੈਣਾ।”
ਉਹ ਸਾਰੀ ਰਾਤ ਰੋਂਦਿਆ ਅਤੇ ਸੋਚਦਿਆਂ ਲੰਘਾਈ। ਸਵੇਰੇ ਮੰਮੀ ਨੇ ਮੇਰੀਆਂ ਸੁਜੀਆਂ ਅੱਖਾਂ ਵੱਲ ਦੇਖਦੇ ਕਿਹਾ, ”ਤੇਰੇ ਪਾਪਾ ਦਾ ਫੈਸਲਾ ਘੱਟ ਹੀ ਬਦਲਦਾ ਹੈ। ਇਸ ਨੂੰ ਮਨਜ਼ੂਰ ਕਰਨ ਲਈ ਸਹਿਣਸ਼ਕਤੀ ਪੈਦਾ ਕਰ।”
”ਤਹਾਨੂੰ ਵੀ ਅਰਸ਼ਦੀਪ ਮਾੜਾ ਲੱਗਣ ਲੱਗ ਪਿਆ।”
”ਮਾੜਾ ਤਾਂ ਤੇਰੇ ਪਾਪਾ ਵੀ ਨਹੀਂ ਕਹਿੰਦੇ।” ਮੰਮੀ ਨੇ ਦੱਸਿਆ, ”ਪਾਪਾ ਨੂੰ ਆਪਣੀ ਪੁਜੀਸ਼ਨ ਦਾ ਵੀ ਖਿਆਲ ਰੱਖਣਾ ਪੈਣਾ ਹੈ।”
ਮੈਂ ਮੰਮੀ ਨਾਲ ਬਹਿਸ ਕਰਨਾ ਮੁਨਾਸਿਬ ਨਹੀਂ ਸਮਝਿਆ। ਮੰਮੀ-ਪਾਪਾ ਦਾ ਇਰਾਦਾ ਸਮਝਦੀ ਹੋਈ ਨੇ ਆਪਣੀਆਂ ਖੁਸ਼ੀਆਂ ਦੀ ਬਲੀ ਦੇਣੀ ਹੀ ਠੀਕ ਸਮਝੀ। ਵੈਸੇ ਮੈਂ ਕਰ ਵੀ ਕੀ ਸਕਦੀ ਸਾਂ। ਆਪਣੇ-ਆਪ ਨੂੰ ਖ੍ਹਿਚਦੀ-ਧੂੰਹਦੀ ਯੁਨੀਵਰਸਿਟੀ ਜਾਂਦੀ ਰਹੀ। ਅਰਸ਼ਦੀਪ ਦੀ ਗੈਰਹਾਜ਼ਰੀ ਬਹੁਤ ਹੀ ਤੰਗ ਕਰਦੀ ਤਾਂ ਹਰਪ੍ਰੀਤ ਨਾਲ ਆਪਣਾ ਦੁੱਖ ਫੋਲਦੀ, ”ਜੇ ਮੈਨੂੰ ਪਤਾ ਹੁੰਦਾ ਕਿ ਅਰਸ਼ਦੀਪ ਨਾਲ ਸਾਂਝ ਪਾਈ ਦਾ ਇਹ ਨਤੀਜ਼ਾ ਹੋਣਾ ਤਾਂ ਮੈਂ ਕਦੇ ਵੀ ਦੋਜ਼ਖ ਭਰਿਆ ਕਦਮ ਨਾ ਪੁੱਟਦੀ।”
ਜੋ ਕੁਝ ਹੋਣਾ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ।” ਹਰਪ੍ਰੀਤ ਮੈਨੂੰ ਸਮਝਾਉਂਦੀ, ”ਇਸ ਵਿਚ ਤੇਰਾ ਕੋਈ ਕਸੂਰ ਨਹੀਂ, ਤੈਨੂੰ ਪਤਾ ਹੀ ਹੈ ਅਰਸ਼ਦੀਪ ਕਿੰਨੇ ਦਿਆਲੂ ਸੁਭਾਅ ਦਾ ਮਾਲਕ ਹੈ, ਪਰ ਤਕਦੀਰ ਨੇ ਕਿਹੜੇ ਚੱਕਰ ਵਿਚ ਪਾ ਦਿੱਤਾ।”
ਦਿਨਾਂ ਵਿਚ ਹੀ ਅਰਸ਼ਦੀਪ ਦੀ ਗਿਣਤੀ ਨਾਮੀ ਖਾੜਕੂਆਂ ਵਿਚ ਹੋਣ ਲੱਗੀ। ਉਸ ਬਾਰੇ ਚਰਚੇ ਅਤੇ ਉਸ ਦੀਆਂ ਤਸਵੀਰਾਂ ਅਖਬਾਰਾਂ ਵਿਚ ਆਉਣ ਲੱਗੀਆਂ। ਕਈ ਵਾਰੀ ਉਸ ਬਾਰੇ ਉਹ ਗੱਲਾਂ ਲਿਖੀਆਂ ਹੁੰਦੀਆਂ, ਜੋ ਉਹ ਭੁੱਲ ਕੇ ਵੀ ਨਹੀਂ ਸੀ ਕਰ ਸਕਦਾ। ਇਹ ਜਾਣਦੇ ਹੋਏ ਵੀ ਮੇਰੇ ਪਰਵਾਰ ਦੇ ਹਰ ਮੈਂਬਰ ਨੇ ਉਸ ਬਾਰੇ ਚੁੱਪ ਧਾਰ ਰੱਖੀ ਸੀ।
ਇਕ ਦਿਨ ਪਾਪਾ ਦਾ ਸਹਿ-ਕਰਮਚਾਰੀ ਘਰ ਆਇਆ, ਡਰਾਇੰਗ ਰੂਮ ਵਿਚ ਬੈਠਾ ਪਾਪਾ ਨੂੰ ਕਹਿ ਰਿਹਾ ਸੀ, ”ਉਹੀ ਲੜਕਾ ਜਿਸ ਦੇ ਪਿਉ ਨੂੰ ਲੱਭਣ ਵਿਚ ਤੁਸੀਂ ਕੋਈ ਕਸਰ ਨਹੀਂ ਸੀ ਛੱਡੀ, ਉਸ ਨੇ ਪੰਜਾਬ ਵਿਚ ਭੜਥੂ ਪਾਇਆ ਹੋਇਆ ਹੈ।”
”ਉਹ ਬਹੁਤ ਹੀ ਤੇਜ਼ ਅਤੇ ਰੌਸ਼ਨ ਦਿਮਾਗ ਵਾਲਾ ਹੈ।” ਪਾਪਾ ਨੇ ਦੱਸਿਆ, ”ਪਰ ਉਹ ਕਦੇ ਵੀ ਉਹ ਕੰਮ ਨਹੀਂ ਕਰ ਸਕਦਾ, ਜਿਸ ਵਿਚ ਬੇਗੁਨਾਹਾਂ ਦਾ ਖੂੰਨ ਵਗੇ।”
ਘਰ ਆਇਆ ਬੰਦਾ ਜੋ ਗੱਲਾਂ ਅਰਸ਼ਦੀਪ ਬਾਰੇ ਕਰਨ ਲੱਗਾ, ਮੈਂ ਸੁਣ ਨਹੀਂ ਸੀ ਸਕਦੀ ਇਸ ਲਈ ਮੈਂ ਵਾਪਸ ਆਪਣੇ ਕਮਰੇ ਵਿਚ ਆ ਗਈ।
ਇਕ ਦਿਨ ਕਾਰ ਦੀ ਉਡੀਕ ਕਰਦੀ ਯੂਨੀਵਰਸਟੀ ਦੇ ਗੇਟ ਕੋਲ ਖੜ੍ਹੀ ਸੀ। ਇਕ ਸਫੈਦ ਰੰਗ ਦੀ ਕਾਰ ਮੇਰੇ ਕੋਲ ਆ ਕੇ ਰੁਕੀ ਤਾਂ ਦੇਖਿਆ ਕਿ ਕਾਰ ਵਿਚ ਅਰਸ਼ਦੀਪ ਦਾ ਉਹ ਹੀ ਦੋਸਤ ਬੈਠਾ ਸੀ ਜੋ ਉਸ ਦਿਨ ਆਇਆ ਸੀ। ਉਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਦੇ ਹੋਏ, ਇਕ ਮੁੜਿਆ ਹੋਇਆ ਕਾਗਜ਼ ਮੇਰੇ ਵੱਲ ਕਰਦੇ ਕਿਹਾ, ”ਆ ਖੱਤ ਲੈ ਲਉ, ਅਰਸ਼ਦੀਪ ਨੇ ਭੇਜਿਆ ਹੈ।”
ਮੈਂ ਖੱਤ ਫੜਨ ਲਈ ਆਪਣੀ ਬਾਂਹ ਅੱਗੇ ਕੀਤੀ ਤਾਂ ਉਸ ਨੇ ਖਿੱਚ੍ਹ ਕੇ ਮੈਨੂੰ ਕਾਰ ਵਿਚ ਸੁੱਟ ਲਿਆ। ਕਾਰ ਵਿਚੋਂ ਸ਼ਰਾਬ ਦੀ ਹਵਾੜ ਮੇਰੇ ਸਿਰ ਨੂੰ ਚੜ੍ਹੀ। ਮੈਂ ਹੱਥ-ਪੈਰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੇਰੇ ਮੂੰਹ ‘ਤੇ ਕਲੋਰੋਫਾਰਮ ਵਾਲਾ ਕਪੜਾ ਰੱਖ ਕੇ ਬੇਹੋਸ਼ ਕਰ ਲਿਆ।
ਜਦੋਂ ਮੈਨੂੰ ਹੋਸ਼ ਆਈ ਤਾਂ ਆਪਣੇ ਆਪ ਨੂੰ ਇਕ ਹਨੇਰੇ ਕਮਰੇ ਵਿਚ ਪਏ ਬਾਣ ਦੇ ਮੰਜ਼ੇ ਤੇ ਪਾਇਆ। ਦਰਵਾਜ਼ਾ ਬਾਹਰੋਂ ਬੰਦ ਸੀ, ਛੇਤੀ ਨਾਲ ਉੱਠ ਕੇ ਮੈ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ।ਖੜਾਕ ਸੁਣ ਕੇ ਮੈਨੂੰ ਅਗਵਾ ਕਰਨ ਵਾਲਾ ਬੰਦਾ ਜੋ ਦਰਵਾਜ਼ੇ ਦੇ ਅੱਗੇ ਬੈਠਾ, ਉੱਠਿਆ ਤੇ ਦਰਵਾਜ਼ੇ ਨੂੰ ਧੱਕਾ ਮਾਰਿਆ, ਨਾ ਖੁਲ੍ਹਣ ਦੀ ਸੂਰਤ ਵਿਚ ਉਹ ਖਿੜਕੀ ਕੋਲ ਆਇਆ ਤਾਂ ਕਹਿਣ ਲੱਗਾ, ”ਅਰਸ਼ਦੀਪ ਤੈਨੂੰ ਬਹੁਤ ਪਿਆਰ ਕਰਦਾ ਹੈ ਨਾ। ਕਰੇ ਵੀ ਕਿਉਂ ਨਾ ਤੇਰੀ ਸੂਰਤ ਹੀ ਕੁਝ ਅਜਿਹੀ ਹੈ।”

ਮੈਂ ਕੁਝ ਨਾ ਬੋਲੀ। ਉਹ ਫਿਰ ਸ਼ੁਰੂ ਹੋ ਗਿਆ, ”ਤੈਂਨੂੰ ਛਡਾਉਣ ਅਰਸ਼ਦੀਪ ਜ਼ਰੂਰ ਆਵੇਗਾ, ਫਿਰ ਦੇਖੀਂ ਮੈਂ ਉਹਦਾ ਹਾਲ ਕੀ ਕਰਦਾਂ?”
ਮੈਂ ਤਾਂ ਸੋਚਿਆ ਸੀ ਸ਼ਾਇਦ ਅਗਵਾ ਕਰਨ ਦੀ ਭੈੜੀ ਕਰਤੂਤ ਅਰਸ਼ਦੀਪ ਨੇ ਕਰਵਾਈ ਹੋਵੇਗੀ, ਪਰ ਨਿਕਲਿਆ ਕੁਝ ਹੋਰ ਹੀ। ਮੈਂ ਫਿਰ ਕੁਝ ਨਾ ਬੋਲੀ ਤਾਂ ਉਹ ਫਿਰ ਭੌਂਕਣ ਲੱਗ ਪਿਆ, ”ਉਹ ਮੇਰੇ ਸਾਹਮਣੇ ਟਿਕ ਨਹੀ ਸਕਦਾ, ਮੈਂ ਤਾਂ ਪੁਲੀਸ ਦਾ ਕੈਟ ਬਣ ਕੇ ਆਪਣੀਆਂ ਮਨ-ਮਰਜ਼ੀਆਂ ਕਰਨ ਲਈ ਖਾੜਕੂਆਂ ਵਿਚ ਰਲਿਆਂ ਸਾਂ, ਪਰ ਅਰਸ਼ਦੀਪ ਨੇ ਤਾਂ ਮੇਰਾ ਜਿਊਣਾ ਹੀ ਹਰਾਮ ਕਰ ਦਿੱਤਾ, ਆਇਆ ਵੱਡਾ ਅਸੂਲਾਂ ਦਾ ਚੱਕਿਆ।”
ਫਿਰ ਉਹ ਜ਼ੋਰ ਦੀ ਹੱਸਿਆ ਅਤੇ ਸ਼ਰਾਬ ਦੀ ਬੋਤਲ ਮੂੰਹ ਨੂੰ ਲਾ ਲਈ। ਉਸ ਦੀਆਂ ਗੱਲਾਂ ਨੇ ਦੱਸ ਦਿੱਤਾ ਕਿ ਉਹਨਾਂ ਵਿਚਾਲੇ ਕੋਈ ਦੁਸ਼ਮਣੀ ਚੱਲ ਰਹੀ ਹੈ। ਮੈਂ ਸੋਚ ਰਹੀ ਸੀ ਪਤਾ ਨਹੀਂ ਮੇਰੇ ਨਾਲ ਕੀ ਗੁਜ਼ਰੇਗੀ।

ਉਹ ਫਿਰ ਖਿੜਕੀ ਦੇ ਕੋਲ ਮੂੰਹ ਕਰਕੇ ਕਹਿਣ ਲੱਗਾ, ”ਅਰਸ਼ਦੀਪ ਦਾ ਕੰਡਾ ਕੱਢਣ ਤੋਂ ਬਾਅਦ ਦੇਖੀਂ ਮੈਂ ਤੇਰਾ ਕੀ ਹਾਲ ਕਰਦਾ ਹਾਂ?”
ਜਦੋਂ ਉਸ ਨੇ ਇਹ ਗੱਲ ਕੀਤੀ ਤਾਂ ਉਸ ਦੀ ਅਵਾਜ਼ ਕੰਬ ਰਹੀ ਸੀ, ਜਿਸ ਤੋਂ ਪਤਾ ਲਗਦਾ ਸੀ ਕਿ ਉਹ ਅੰਦਰੋਂ ਕਿੰਨਾ ਅਰਸ਼ਦੀਪ ਤੋਂ ਡਰਿਆ ਪਿਆ ਹੈ।
ਉਹ ਥੋੜ੍ਹੀ ਦੇਰ ਨਾ ਬੋਲਿਆ ਤਾਂ ਮੈਂ ਉੱਠ ਕੇ ਖਿੜਕੀ ਦੀਆਂ ਸੀਖਾਂ ਰਾਹੀ ਬਾਹਰ ਝਾਤੀ ਮਾਰੀ ਤਾਂ ਉੱਥੇ ਕੋਈ ਵੀ ਨਹੀਂ ਸੀ। ਕਿੰਨਾ ਚਿਰ ਦਰਵਾਜ਼ਾ ਖੜਕਾਇਆ, ਪਰ ਕੋਈ ਵੀ ਸਹਾਇਤਾ ਨਾ ਪੁਜੀ। ਆਲੇ-ਦੁਆਲੇ ਤੋਂ ਲਗਦਾ ਸੀ ਕਿ ਕੋਈ ਪੁਰਾਣੀ ਖਾਲੀ ਪਈ ਅਪਾਰਮਿੰਟ ਦਾ ਕਮਰਾ ਹੈ। ਜਿਸ ਵਿਚ ਮੈਂ ਬੰਦ ਸੀ, ਰੋਂਦੀ ਹੋਈ ਫਿਰ ਮੰਜੇ ਤੇ ਡਿਗ ਪਈ।
ਛੇਤੀ ਹੀ ਬਾਹਰੋਂ ਅਵਾਜ਼ ਆਈ, ”ਮੈਂ ਖਾਣ ਨੂੰ ਲੈ ਕੇ ਆਇਆਂ ਹਾਂ, ਤੂੰ ਖਾਣਾ ਹੈ ਤਾਂ ਦਰਵਾਜ਼ਾ ਖੋਲ੍ਹ ਦੇ, ਤੈਂਨੂੰ ਪਤਾ ਪੁਲੀਸ ਨੇ ਅਰਸ਼ਦੀਪ ਦੀ ਮਾਂ ਅਤੇ ਭੈਣ ਨੂੰ ਅਗਵਾ ਕਰ ਲਿਆ ਹੈ।” ਉਹ ਭੱਦਾ ਹਾਸਾ ਹੱਸਦੇ ਹੋਏ ਕਹਿ ਰਿਹਾ ਸੀ, ”ਸਭ ਥਾਂ ਇਹ ਹੀ ਰੌਲਾ ਹੈ ਕਿ ਅਰਸ਼ਦੀਪ ਨੇ ਤੈਨੂੰ ਅਗਵਾ ਕੀਤਾ ਹੈ। ਇਸ ਤਰ੍ਹਾਂ ਅਸੀਂ ਚਾਲ ਖੇਡੀਦੀ ਆ, ਭਾਵੇਂ ਤੇਰੇ ਪਿਉ ਦੀ ਤਾਂ ਆਪਣੀ ਪੁਲੀਸ ਹੈ, ਫਿਰ ਵੀ ਉਹ ਤੈਨੂੰ ਲੱਭ ਨਹੀਂ ਸਕੇਗਾ, ਹੁਣ ਤਾਂ ਤੇਰਾ ਅਰਸ਼ਦੀਪ ਵੀ ਨਹੀਂ ਆ ਸਕੇਗਾ, ਉਹ ਪੁਲੀਸ ਨੇ ਮਾਰ ਦਿਤਾ ਹੈ।”
ਤੀਸਰਾ ਦਿਨ ਚਲ ਰਿਹਾ ਸੀ, ਭੁਖੀ-ਭਾਣੀ ਅੰਦਰ ਪਈ ਨੂੰ, ਕਦੇ ਦਿਲ ਘਬਰਾਉਂਦਾ ਤਾਂ ਕਮਰੇ ਦੇ ਵਿਚ ਹੀ ਬਣੇ ਪੁਰਾਣੇ ਗੁਸਲਖਾਣੇ ਵਿਚ ਪਈ ਬਾਲਟੀ ਤੋਂ ਪਾਣੀ ਪੀ ਲੈਂਦੀ ਬਾਹਰ ਬੈਠਾ ਬੰਦਾ ਹਮੇਸ਼ਾ ਸ਼ਰਾਬੀ ਹਾਲਤ ਵਿਚ ਹੀ ਹੁੰਦਾ। ਕਦੀ ਕਦੀ ਖਾਣਾ ਖਾਣ ਲਈ ਅਵਾਜ਼ਾਂ ਦਿੰਦਾ, ਮੈਂ ਆਪਣੇ ਨਾਲ ਪ੍ਰਣ ਕੀਤਾ ਕਿ ਭੁੱਖੀ ਮਰ ਜਾਵਾਂਗੀ, ਪਰ ਇਸ ਬੰਦੇ ਤੋਂ ਲੈ ਕੇ ਕੁਝ ਨਹੀ ਖਾਵਾਂਗੀ ਇਹ ਗੱਲਾਂ ਸੋਚਦੀ ਮੈਂ ਫਿਰ ਬੇਹੋਸ਼ ਹੋ ਗਈ।
ਬਾਹਰ ਗੋਲੀਆਂ ਚਲਣ ਦੀ ਅਵਾਜ਼ ਸੁਣੀ ਤਾਂ ਤ੍ਰਭਕ ਉੱਠੀ, ਬਾਹਰੋਂ ਜਾਣੀ-ਪਹਿਚਾਣੀ ਅਵਾਜ਼ ਆਈ, ਵੀਨੂ, ਦਰਵਾਜ਼ਾ ਖੋਲ੍ਹ, ਮੈਂ ਅਰਸ਼ ਹਾਂ।”
ਮੰਜ਼ੇ ਦੀ ਬਾਹੀ ਦਾ ਸਹਾਰਾ ਲੈ ਕੇ ਖਿੜਕੀ ਦੇ ਕੋਲ ਗਈ ਤਾਂ ਦੇਖਿਆ, ਉਹ ਬੰਦਾ ਮਰਿਆ ਪਿਆ ਸੀ ਅਤੇ ਅਰਸ਼ਦੀਪ ਮਸ਼ੀਨ ਗੰਨ ਲਈ ਖੜ੍ਹਾ ਸੀ, ਕੰਧ ਦੇ ਸਹਾਰੇ ਤੁਰਦੀ ਨੇ ਦਰਵਾਜ਼ਾ ਖੋਲ੍ਹਿਆ ਕੁਝ ਬੋਲ ਤਾਂ ਨਾ ਸਕੀ, ਡਿਗਣ ਹੀ ਲਗੀ ਸੀ ਕਿ ਅਰਸ਼ਦੀਪ ਨੇ ਆਪਣੀਆਂ ਬਾਹਾਂ ਵਿਚ ਮੈਨੂੰ ਬੋਚ ਲਿਆ ਅਤੇ ਮੈਨੂੰ ਚੁਕ ਕੇ ਦੌੜਦਾ ਹੋਇਆ, ਬਾਹਰ ਖੜ੍ਹੀ ਕਾਰ ਵਿਚ ਲੈ ਗਿਆ।
”ਵੀਨੂ, ਮੈ ਤੈਨੂੰ ਘਰ ਛੱਡ ਸਕਦਾ ਸਾਂ।” ਉਸ ਨੇ ਕਾਰ ਵਿਚ ਬੈਠਦੇ ਕਿਹਾ, ”ਪਰ ਪੁਲੀਸ ਨੇ ਚਾਰੇ ਪਾਸੇ ਤੋਂ ਤੁਹਾਡੇ ਘਰ ਨੂੰ ਘੇਰਾ ਪਾਇਆ ਹੋਇਆ ਹੈ।”
ਫਿਰ ਉਸ ਨੇ ਆਪਣੀ ਕਾਰ ਇਕ ਨਵੇ ਬਣੇ ਹੋਟਲ ਦੇ ਅੱਗੇ ਰੋਕੀ ਅਤੇ ਕਿਹਾ, ”ਤੈਨੂੰ ਮੈਂ ਇੱਥੇ ਛੱਡ ਦਿੰਦਾਂ ਹਾਂ।”
ਹੋਟਲ ਦੇ ਅੱਗੇ ਰੀਸੈਪਸ਼ਨ ਡੈਸਕ ਤੇ ਬੈਠੀ ਕੁੜੀ ਨੂੰ ਉਸ ਨੇ ਕੁਝ ਕਿਹਾ। ਕੁੜੀ ਨੇ ਉਸ ਅੱਗੇ ਫੋਨ ਰੱਖ ਦਿੱਤਾ। ਉਸ ਨੇ ਨੰਬਰ ਘੁੰਮਾਇਆ ਅਤੇ ਕਿਹਾ, ”ਅੰਕਲ, ਵੀਨੂੰ, ਫਾਈਵ ਸਟਾਰ ਹੋਟਲ ਦੀ ਲੋਬੀ ਵਿਚ ਬੈਠੀ ਹੈ, ਉਸ ਨੂੰ ਆ ਕੇ ਲੈ ਜਾਉ। ਮੇਰੀਆਂ ਅੱਖਾਂ ਉਸ ਨੂੰ ਤੱਕਦੀਆ ਹੀ ਰਹਿ ਗਈਆਂ ਅਤੇ ਉਹ ਪਲਾਂ ਵਿਚ ਹੀ ਅਲੋਪ ਹੋ ਗਿਆ।
ਉਸ ਹੀ ਸ਼ਾਮ ਰੇਡੀਉ ਅਤੇ ਟੈਲੀਵਿਯਨ ਤੋਂ ਖਬਰਾਂ ਆ ਰਹੀਆਂ ਸਨ ਕਿ ਪੁਲੀਸ ਨੇ ਕਿਸ ਤਰਾਂ ਬਹਾਦਰੀ ਕਰਕੇ ਡੀ. ਐਸ. ਪੀ. ਦੀ ਧੀ ਨੂੰ ਖਤਰਨਾਕ ਖਾੜਕੂ ਅਰਸ਼ਦੀਪ ਦੇ ਚੁੰਗਲ ਵਿਚੋਂ ਛੁਡਾਇਆ ਅਤੇ ਉਸਦਾ ਇਕ ਸਾਥੀ ਮਾਰਿਆ ਗਿਆ ਅਤੇ ਉਹ ਦੌੜਨ ਵਿਚ ਸਫਲ ਹੋ ਗਿਆ। ਪਾਪਾ ਨੂੰ ਮੈਂ ਸਾਰੀ ਕਹਾਣੀ ਦਸ ਚੁੱਕੀ ਸਾਂ, ਪਰ ਇਹਨਾਂ ਖਬਰਾਂ ਬਾਰੇ ਉਹ ਫਿਰ ਵੀ ਖਾਮੋਸ਼ ਸੀ।
ਮੇਰੇ ਅਗਵਾ ਹੋਣ ਤੋਂ ਬਾਅਦ ਪਾਪਾ ਵੈਸੇ ਵੀ ਬਹੁਤ ਬਦਲ ਗਏ। ਹਰ ਸਮੇਂ ਸੋਚਾਂ ਵਿਚ ਡੁੱਬੇ ਗੰਭੀਰ ਰਹਿੰਦੇ। ਇਸ ਘਟਨਾ ਤੋਂ ਬਾਅਦ ਛੇਤੀ ਹੀ ਇਹ ਖਬਰ ਆਈ ਕਿ ਅਰਸ਼ਦੀਪ ਨੂੰ ਪੁਲੀਸ ਨੇ ਮਾਰ ਦਿੱਤਾ। ਇਹ ਖਬਰ ਸੁਣਦੇ ਸਾਰ ਮੈਂ ਤਾਂ ਜਿਊਂਦੀ ਹੀ ਮਰ ਗਈ।
ਪਾਪਾ ਦੇ ਦੋਸਤ ਬਾਹਰਲੇ ਦੇਸ਼ ਵਿਚ ਰਹਿੰਦੇ ਸਨ ਉਹਨਾਂ ਦੀ ਸਲਾਹ ਨਾਲ ਮੈਨੂੰ ਨੈਨੀ ਬਣਾ ਕੇ ਉਹਨਾਂ ਕੋਲ ਭੇਜ ਦਿੱਤਾ ਗਿਆ, ਕਿਉਂਕਿ ਇਕ ਵਾਰੀ ਮੰਮੀ, ਪਾਪਾ ਨੂੰ ਕਹਿ ਰਹੇ ਸਨ, ”ਇੱਥੇ ਤਾਂ ਇਸਦਾ ਵਿਆਹ ਨਹੀਂ ਹੋਵੇਗਾ, ਕੋਈ ਵੀ ਅਗਵਾ ਹੋਈ ਕੁੜੀ ਨੂੰ ਆਪਣੇ ਘਰ ਦੀ ਬਹੂ ਨਹੀਂ ਬਣਾਵੇਗਾ, ਕਿਸੇ ਤਰ੍ਹਾਂ ਇਸ ਨੂੰ ਬਾਹਰ ਭੇਜ ਦਿਉ।”
ਪਾਪਾ ਦੇ ਦੋਸਤ ਬਹੁਤ ਨੇਕ ਨਿਕਲੇ, ਉਹਨਾਂ ਨੇ ਮੈਨੂੰ ਧੀਆਂ ਵਾਂਗ ਰੱਖਿਆ। ਫਿਰ ਮੈਨੂੰ ਇਕ ਬੈਂਕ ਵਿਚ ਨੌਕਰੀ ਮਿਲ ਗਈ। ਨੌਕਰੀ ਵੀ ਉਸ ਸ਼ਹਿਰ ਵਿਚ ਮਿਲੀ ਜਿੱਥੇ ਪੰਜਾਬੀਆਂ ਦੀ ਭਰਮਾਰ ਸੀ ਜੋ ਬੈਂਕ ਵਿਚ ਆਉਂਦੇ ਅਤੇ ਮੇਰੇ ਨਾਲ ਪੰਜਾਬੀ ਵਿਚ ਹੀ ਗੱਲ-ਬਾਤ ਕਰਦੇ। ਉਹਨਾਂ ਦੀ ਵਜਹ ਨਾਲ ਛੇਤੀ ਮੇਰੀ ਤੱਰਕੀ ਹੋ ਗਈ। ਅੰਕਲ ਜੀ ਨੇ ਇਕ ਵਾਰ ਮੈਨੂੰ ਕਿਹਾ, ”ਬੇਟਾ, ਹੁਣ ਤੈਨੂੰ ਵਿਆਹ ਕਰ ਲੈਣਾ ਚਾਹੀਦਾ ਹੈ।”
”ਅੰਕਲ ਜੀ, ਇਸ ਦੇਸ਼ ਵਿਚ ਤਾਂ ਬਹੁਤ ਅਜਿਹੇ ਹਨ, ਜੋ ਵਿਆਹ ਨੂੰ ਜ਼ਰੂਰੀ ਨਹੀਂ ਸਮਝਦੇ।”
”ਪਰ, ਆਪਾਂ ਤਾਂ ਜ਼ਰੂਰੀ ਸਮਝਦੇ ਹਾਂ।” ਅੰਕਲ ਜੀ ਨੇ ਕਿਹਾ, ”ਹੁਣ ਤਾਂ ਤੂੰ ਆਪਰਟਮਿੰਟ ਵੀ ਖ੍ਰੀਦ ਲਿਆ ਹੈ, ਉੱਥੇ ਇੱਕਲੀ ਕਿਵੇਂ ਰਹੇਂਗੀ?”
” ਤਹਾਨੂੰ ਕਦੇ ਵੀ ਸ਼ਕਾਇਤ ਦਾ ਮੌਕਾ ਨਹੀਂ ਦੇਵਾਂਗੀ।”
”ਡੈਡੀ ਜੀ, ਦੀਦੀ ਦੀ ਲਾਈਫ ਹੈ,” ਅੰਕਲ ਜੀ ਦੀ ਨੂੰਹ ਪ੍ਰਿਆ ਜੋ ਛੋਟੀ ਹੁੰਦੀ ਹੀ ਬਾਹਰ ਆ ਗਈ ਸੀ, ਉਸ ਨੇ ਮੈਨੂੰ ਆਪਣੀ ਨਨਾਣ ਸਮਝਦੇ ਕਿਹਾ, ”ਦੀਦੀ ਜਿਸ ਤਰਾਂ ਰਹਿਣਾ ਚਾਹੁੰਦੀ ਹੈ, ਉਸ ਨੂੰ ਰਹਿਣ ਦਿਉ।”
ਪ੍ਰਿਆ ਜਦੋਂ ਬੀਜ਼ੀ ਹੁੰਦੀ ਹੈ, ਤਾਂ ਆਪਣੇ ਪੁੱਤਰ ਦੀਪੂ ਨੁੰ ਰਾਈਡ ਦੇਣ ਲਈ ਕਹਿ ਦੇਂਦੀ ਹੈ, ਜਿਸ ਦਾ ਸਕੂਲ ਮੇਰੀ ਬੈਂਕ ਦੇ ਕੋਲ ਹੀ ਹੈ।
”ਕੱਲ੍ਹ ਨੂੰ ਵੀ ਮੈਂ ਹੀ ਦੀਪੂ ਨੂੰ ਲੈ ਆਵਾਂਗੀ।” ਬੈਡ ਤੋਂ ਕਿਸੇ ਹੋਂਸਲੇ ਵਿਚ ਉੱਠ ਕੇ ਮੈਂ ਪ੍ਰਿਆ ਨੂੰ ਫੋਨ ਕੀਤਾ, ”ਕੰਮ ਤੋਂ ਮੈਂ ਛੇਤੀ ਹੀ ਹੱਟ ਜਾਣਾ ਹੈ।”
”ਥੈਂਕ ਯੂ, ਦੀਦੀ।” ਪ੍ਰਿਆ ਨੇ ਕਿਹਾ, ”ਕੱਲ੍ਹ ਨੂੰ ਡਿਨਰ ਸਾਡੇ ਵੱਲ ਹੀ ਕਰਿਉ।”
ਸਕੂਲ ਦੀ ਛੁੱਟੀ ਹੋਣ ਤੋਂ ਪਹਿਲਾਂ ਹੀ ਮੈਂ ਪਾਰਕ ਦੀ ਸਾਈਡ ਤੇ ਕਾਰ ਖੜ੍ਹੀ ਕਰਕੇ ਬਹਾਨੇ ਨਾਲ ਪਾਰਕ ਵਿਚ ਤੁਰਨ ਲੱਗੀ ਤਾਂ ਜੋ ਕੱਲ ਵਾਲੇ ਸ਼ਖਸ ਨੂੰ ਦੇਖ ਸਕਾਂ। ਥੋੜ੍ਹੀ ਹੀ ਦੇਰ ਬਾਅਦ ਉਹ ਬੰਦਾ ਮੈਨੂੰ ਦਿਸ ਪਿਆ। ਗਰਾਂਊਡ ਵਿਚ ਦੀ ਹੁੰਦੀ ਹੋਈ ਨੇ ਉਸ ਆਦਮੀ ਦੀ ਓਪੋਜਿਟ ਸਾਈਡ ਤੋਂ ਤੁਰਨਾ ਸ਼ੁਰੂ ਕਰ ਦਿੱਤਾ, ਜਿਉਂ ਜਿਉਂ ਉਹ ਲਾਗੇ ਆ ਰਿਹਾ ਸੀ, ਮੇਰੇ ਦਿਲ ਦੀ ਧੜਕਣ ਦੀ ਰਫਤਾਰ ਤਿਉਂ ਤਿਉਂ ਵੱਧ ਰਹੀ ਸੀ। ਥੋੜ੍ਹਾ ਹੋਰ ਲਾਗੇ ਆਇਆ ਤਾਂ ਮੈਨੂੰ ਲਗਾ ਮੈਂ ਡਿਗ ਪਵਾਂਗੀ ਕਿਉਂਕਿ ਉਸ ਦੀ ਸ਼ਕਲ ਤਾਂ ਹੂ-ਬ-ਹੂ ਅਰਸ਼ਦੀਪ ਵਰਗੀ ਸੀ। ਹੁਣ ਉਹ ਵੀ ਮੈਨੂੰ ਦੇਖ ਰਿਹਾ ਸੀ। ਬਿਲਕੁਲ ਕੋਲ ਆਇਆ ਤਾਂ ਮੇਰੇ ਮੂੰਹੋ ਏਨਾ ਹੀ ਨਿਕਲਿਆ, ”ਅਰਸ਼।” ਇਸ ਤੋਂ ਪਹਿਲਾਂ ਕਿ ਮੈ ਡਿਗ ਪੈਂਦੀ ਉਸ ਨੇ ਬਾਹਾਂ ਦਾ ਸਹਾਰਾ ਦਿੰਦੇ ਹੋਏ ਆਖਿਆ, ”ਵੀਨੂੰ।”
ਮੇਰੀਆਂ ਅੱਖਾਂ ਵਿਚੋਂ ਤ੍ਰਿਪ ਤ੍ਰਿਪ ਕਰਕੇ ਹੰਝੂ ਡਿਗਣ ਲੱਗੇ। ਮੇਰਾ ਸੰਘ ਖੁਸ਼ਕ ਹੋ ਗਿਆ, ਬੋਲਣਾ ਚਾਹੁੰਦੀ ਹੋਈ ਵੀ ਬੋਲ ਨਾ ਸਕੀ। ਬੋਲ ਤਾਂ ਉਸ ਕੋਲੋਂ ਵੀ ਨਹੀਂ ਸੀ ਹੋ ਰਿਹਾ। ਉਸ ਨੇ ਠੰਡ ਨਾਲ ਲਾਲ ਹੋਏ ਬੁਲਾਂ ਨੂੰ ਦੰਦਾਂ ਵਿਚ ਘੁੱਟਦੇ ਫਿਰ ਕਿਹਾ, ”ਵੀਨੂੰ।” ਸਹਾਰਾ ਦੇ ਕੇ ਪਾਰਕ ਵਿਚ ਪਏ ਬੈਂਚ ਤੇ ਲੈ ਗਿਆ। ਹੌਲੀ ਹੌਲੀ ਉਸ ਨੇ ਦੱਸਿਆ ਕਿਸ ਤਰ੍ਹਾਂ ਪੁਲੀਸ ਉਸ ਦੇ ਮਗਰ ਪਈ ਹੋਈ ਸੀ, ਉਸ ਦਾ ਘਰ-ਬਾਰ ਸਭ ਉਜੱੜ ਗਿਆ। ਮੰਮੀ ਨੇ ਕਿਵੇਂ ਭੈਣ ਨੂੰ ਸਹੁਰੀਂ ਤੋਰਿਆ ਤੇ ਆਪ ਵੀ ਭੈਣ ਦੇ ਸਹੁਰੀਂ ਹੀ ਗੁਜ਼ਾਰਾ ਕਰ ਰਹੀ ਹੈ। ਕਿਵੇਂ ਇਕ ਵਾਰੀ ਪੁਲੀਸ ਨੇ ਉਹਨਾਂ ਨੂੰ ਘੇਰਾ ਪਾਇਆ ਨਾਲ ਦੇ ਸਾਥੀ ਦੇ ਖੱਬੇ ਜਬਾੜੇ ਉੱਪਰ ਗੋਲੀ ਲਗ ਗਈ ਮੌਤ ਨਾਲ ਜੂਝਦੇ ਹੋਏ ਉਸ ਸਾਥੀ ਨੇ ਸੁਝਾਅ ਦਿੱਤਾ, ”ਤੂੰ ਮੈਨੂੰ ਆਪਣੇ ਕਪੜੇ ਪਾ ਦੇ ਤੇ ਮੇਰੇ ਤੂੰ ਪਾ ਕੇ ਨਿਕਲ ਜਾ।” ਸਾਥੀ ਦਾ ਸੁਝਾਅ ਕਾਰਗਾਰ ਸਾਬਤ ਹੋਇਆ। ਪੁਲੀਸ ਨੂੰ ਧੋਖਾ ਦੇ ਕੇ ਕਿਵੇਂ ਪੰਜਾਬ ਤੋਂ ਬਾਹਰ ਨਿਕਲਿਆ ਅਤੇ ਕਿਵੇਂ ਉਹਦੀ ਝੂੱਠੀ ਮੌਤ ਦਾ ਪ੍ਰਚਾਰ ਕਰ ਦਿੱਤਾ ਗਿਆ। ਉਹ ਰਫਿਊਜੀ ਬਣ ਕੇ ਘੁੰਮਦਾ-ਘੰਮਾਉਂਦਾ ਕੁਝ ਬੰਦਿਆਂ ਦੀ ਸਹਾਇਤਾ ਨਾਲ ਇਸ ਦੇਸ਼ ਵਿਚ ਆਇਆ ਹੈ।
ਪਤਾ ਨਹੀਂ ਕਿੰਨੀ ਦੇਰ ਅਸੀਂ ਗੱਲਾਂ ਕਰੀ ਜਾਂਦੇ ਜੇ ਮੇਰਾ ਸੈਲਰ ਫੋਨ ਨਾ ਵੱਜਦਾ। ਪ੍ਰਿਆ ਦਾ ਫੋਨ ਸੀ ਜੋ ਕਹਿ ਰਹੀ ਸੀ, ”ਦੀਦੀ, ਤੁਸੀਂ ਕਿੱਥੇ ਹੋ, ਦੀਪੂ ਤੁਹਾਡੀ ਵੇਟ ਕਰ ਰਿਹਾ ਹੈ।”
”ਬਸ, ਅਸੀਂ ਹੁਣੇ ਹੀ ਆਏ।” ਇਕ ਅਨੋਖੇ ਚਾਅ ਵਿਚ ਕਿਹਾ, ”ਡਿਨਰ ਜ਼ਿਆਦਾ ਬਣਾ ਲੈਣਾ ਮੇਰੇ ਨਾਲ ਕੋਈ ਹੋਰ ਵੀ ਆ ਰਿਹਾ ਹੈ।”
”ਆ ਰਿਹਾ ਹੈ।” ਪ੍ਰਿਆ ਨੇ ਹੈਰਾਨ ਹੁੰਦੇ ਪੁੱਛਿਆ, ”ਕੌਣ ਹੈ?”
”ਛੇਤੀ ਹੀ ਆ ਰਹੇ ਹਾਂ।” ਮੈਂ ਫੋਨ ਬੰਦ ਕਰਦੇ ਕਿਹਾ, ”ਦੇਖ ਲੈਣਾ।”
ਕਾਰ ਤੱਕ ਪਹੁੰਚਦਿਆਂ ਮੈਂ ਵੀ ਉਸ ਦੇ ਵਿਛੋੜੇ ਤੋਂ ਬਾਅਦ ਜੋ ਹੋਇਆ ਸਭ ਕੁੱਝ ਮੋਟਾ ਮੋਟਾ ਸੁਣਾ ਦਿੱਤਾ।
ਦੀਪੂ ਪਿਛਲੀ ਸੀਟ ਤੇ ਬੈਠਦਾ ਹੋਇਆ ਧਿਆਨ ਨਾਲ ਅਰਸ਼ਦੀਪ ਨੂੰ ਦੇਖ ਰਿਹਾ ਸੀ। ਮੈਂ ਉਸ ਨੂੰ ਕਿਹਾ, ”ਸਤਿ ਸ੍ਰੀ ਅਕਾਲ ਕਹੋ, ਇਹ ਅੰਕਲ ਨੇ।”
”ਅੰਕਲ ਨਹੀ, ਫੁਫੜ ਜੀ।” ਇਹ ਕਹਿ ਕੇ ਉਹ ਫਿਰ ਪਹਿਲੇ ਵਾਲਾ ਹਲਕਾ ਹਾਸਾ ਹੱਸਿਆ ਤੇ ਧਿਆਨ ਨਾਲ ਮੈਨੂੰ ਦੇਖਦਾ ਕਹਿਣ ਲੱਗਾ, ”ਕਿਹਾ ਸੀ ਨਾ ਕਿ ਇਕ ਵਾਰੀ ਕਿਸੇ ਦੀ ਬਾਂਹ ਫੜ ਲਈਏ ਫਿਰ ਛੱਡੀ ਦੀ ਨਹੀ।”

”ਤੁਹਾਡੀ ਤਾਂ ਪਕੜ ਹੀ ਇੰਨੀ ਜ਼ਬਰਦਸਤ ਨਿਕਲੀ।” ਮੁਸਕ੍ਰਾਉਂਦੇ ਹੋਏ ਮੈਂ ਕਿਹਾ, ”ਜੇ ਬਾਂਹ ਕੱਟੀ ਵੀ ਜਾਂਦੀ ਤਾਂ ਵੀ ਢਿੱਲੀ ਨਹੀਂ ਸੀ ਪੈਣੀ।”
ਕਾਰ ਆਪਣੀ ਸਪੀਡ ਨਾਲ ਭੱਜੀ ਜਾ ਰਹੀ ਸੀ ਤੇ ਸਾਡੇ ਦਿਲਾਂ ਦੀ ਖੁਸ਼ੀ ਕਾਰ ਦੀ ਸਪੀਡ ਨਾਲੋਂ ਵੀ ਤੇਜ਼ ਹਿਰਦਿਆਂ ਵਿਚ ਧੜਕ ਰਹੀ ਸੀ। ਚਾਅ ਇੰਨਾ ਸੀ ਕੁਝ ਸੁੱਝ ਹੀ ਨਹੀਂ ਸੀ ਰਿਹਾ ਕਿ ਕੀ ਕਰੀਏ? ਸਹਿਜ ਸੁਭਾਇ ਹੀ ਕਾਰ ਵਿਚਲਾ ਰੇਡੀਉ ਆਨ ਕਰ ਦਿੱਤਾ। ਪੰਜਾਬੀਆਂ ਵਾਲੇ ਇਸ ਸ਼ਹਿਰ ਦੇ ਗੁਰਦੁਆਰੇ ਤੋਂ ਪਰੋਗਰਾਮ ਆ ਰਿਹਾ ਲੱਗਦਾ ਸੀ, ਕਿਉਂਕਿ ਸ਼ਬਦ ਚਲ ਰਿਹਾ ਸੀ, ‘ਜਨਮ ਜਨਮ ਕੇ ਕਿਲਬਿਖ ਦੁਖ ਕਾਟੇ, ਆਪੇ ਮੇਲਿ ਮਿਲਾਈ।’
 
Top