ਅੱਜ ਦਾ ਯੁੱਗ ਪਛਾਣ ਦਾ ਯੁੱਗ ਹੈ।

ਅੱਜ ਦਾ ਯੁੱਗ ਪਛਾਣ ਦਾ ਯੁੱਗ ਹੈ।ਆਮ ਤੋਂ ਆਮ ਚੀਜ ਵੀ ਜੇਕਰ ਵਧੀਆ ਲੇਬਲ ਲਾ ਕੇ ਬਜ਼ਾਰ ਵਿੱਚ ਵੇਚੀ ਜਾਏ ਤਾਂ ਗਾਹਕ ਬੜੀ
ਤਸੱਲੀ ਨਾਲ ਵੱਧ ਪੈਸੇ ਦੇਕੇ ਵੀ ਖ੍ਰੀਦ ਲੈਂਦਾ ਹੈ,ਕਿਉਂਕਿ ਉਸ ਨੂੰ ਲੇਬਲ ਤੇ ਪੂਰੀ
ਤਸੱਲੀ ਹੁੰਦੀ ਹੈ। ਇਹ ਪਛਾਣ ਦੀ ਕੀਮਤ ਹੀ ਹੈ ਜਿਸ ਕਰਕੇ ਅੱਜ ਦੇ ਸਮੇਂ ਵਿੱਚ ਐਨਾ ਰੌਲਾ
ਪੈ ਰਿਹਾ ਹੈ।ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਪਛਾਣ ਕਾਇਮ ਰਹੇ ਭਾਵੇਂ ਦੂਸਰਿਆਂ ਦੀਆਂ
ਭਾਵਨਾਵਾਂ ਦਾ ਖੂਨ ਹੀ ਕਿਉਂ ਨਾ ਕਰਨਾ ਪਏ।ਇਸ ਅੱਗੇ ਲੰਘਣ ਦੀ ਦੌੜ ਨੇ ਸੰਸਾਰ ਵਿੱਚ ਕਈ
ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ।ਇਸੇ ਹੀ ਮੁਸ਼ਕਲ ਤੋਂ ਪੀੜਿਤ ਹੈ ਸਿੱਖ ਸਮਾਜ।

ਬਿਨਾ ਸ਼ੱਕ ਦਸਤਾਰ ਸਿੱਖਾਂ ਦੀ ਬੜੀ ਵੱਡੀ ਅਤੇ ਅਹਿਮ ਪਛਾਣ ਹੈ।ਪਰ ਮੈਂ ਇੱਕ ਗੱਲ ਸਭ ਨਾਲ
ਸਾਂਝੀ ਕਰਨਾਂ ਚਾਹਾਂਗੀ।ਮੇਰੀ ਇਹ ਵਿਚਾਰ ਜੇਕਰ ਕਿਸੇ ਨੂੰ ਚੰਗੀ ਨਾਂ ਲੱਗੇ ਤਾਂ ਮਾਫੀ
ਦੀ ਜਾਚਕ ਹੋਵਾਂਗੀ।ਬੜੇ ਠਰੰਮੇ ਨਾਲ ਮੇਰੀ ਇਸ ਵਿਚਾਰ ਨੂੰ ਸਰਵਣ ਕਰਨਾ ਪਰ ਕੋਸ਼ਿਸ ਕਰਨਾ
ਕਿ ਆਪ ਜੇਕਰ ਸਹਿਮਤ ਨਹੀਂ ਹੋ ਤਾਂ ਗੁੱਸੇ ਨੂੰ ਮਨ ਵਿੱਚ ਨਾਂ ਆਉਣ ਦੇਣਾ।

ਸਿੱਖ ਧਰਮ ਵਿੱਚ ਨਰ ਅਤੇ ਨਾਰੀ ਨੂੰ ਇੱਕੋ ਜਿਹਾ ਦਰਜਾ ਹਾਸਲ ਹੈ।ਸੰਸਾਰ ਦੇ ਬਾਕੀ ਧਰਮਾਂ
ਵਿਚ ਕਿਸੇ ਨਾਂ ਕਿਸੇ ਰੂਪ ਵਿੱਚ ਨਾਰੀ ਨਾਲ ਵਿਤਕਰਾ ਜਰੂਰ ਹੀ ਕੀਤਾ ਜਾਂਦਾ ਹੈ।ਮੇਰਾ
ਸਵਾਲ ਹੈ ਕਿ ਜੇਕਰ ਸਿੱਖ ਧਰਮ ਨਰ ਅਤੇ ਨਾਰੀ ਨੂੰ ਸਮਾਨ ਹੱਕ ਪ੍ਰਦਾਨ ਕਰਦਾ ਹੈ ਤਾਂ
ਇਹਨਾਂ ਦੀ ਪਛਾਣ ਕਿਉਂ ਵੱਖੋ ਵੱਖ ਹੈ? ਭਾਵ ਇੱਕ ਘਰ ਵਿੱਚ ਮਾਂ ਆਪਣੇ ਬੇਟੇ ਨੂੰ ਬੜੇ ਹੀ
ਸਲੀਕੇ ਨਾਲ ਕੇਸਕੀ ਬੰਨ ਕੇ ਸਕੂਲ ਭੇਜਦੀ ਹੈ ਪਰ ਆਪਣੀ ਬੇਟੀ ਨੂੰ ਗੁੱਤਾਂ ਨਾਲ ਸਜਾ ਕੇ
ਨੰਗੇ ਸਿਰ ਭੇਜ ਦਿੰਦੀ ਹੈ।ਇਹ ਹੀ ਬੇਟੀ ਜਦੋਂ ਬੜੀ ਹੋ ਕੇ ਖੁਦ ਮਾਂ ਬਣਦੀ ਹੈ,ਤਾਂ ਸਿਰ
ਨੂੰ ਢੱਕ ਕੇ ਰਖਣ ਤੋਂ ਅਣਜਾਣ ਹੋਣ ਕਰਕੇ ਆਪਣੇ ਬੇਟੇ ਨੂੰ ਕੇਸਾਂ ਤੋਂ ਹੀਣ ਕਰ ਦਿੰਦੀ
ਹੈ।ਕਿਉਂ ਕਿ ਉਸ ਨੂੰ ਇਸ ਗੱਲ ਦੀ ਕਦੇ ਸਮਝ ਹੀ ਨਹੀਂ ਦਿੱਤੀ ਗਈ ਕਿ ਕੇਸਾਂ ਨੂੰ ਢੱਕਣ
ਦਾ ਕੀ ਮਤਲਬ ਹੈ।ਕੇਸਾਂ ਨੂੰ ਢੱਕ ਕੇ ਰੱਖਣ ਨਾਲ ਕੀ ਹਾਸਲ ਹੁੰਦਾ ਹੈ।ਜੇਕਰ ਇੱਕ ਲੜਕੀ
ਨੰਗੇ ਸਿਰ ਬਾਹਰ ਘੁੰਮ ਸਕਦੀ ਹੈ ਤਾਂ ਲੜਕਾ ਕਿਉਂ ਨਹੀਂ?ਤੇ ਅੱਜਕਲ ਇਹੋ ਕੁਝ ਤਾਂ ਹੋ
ਰਿਹਾ ਹੈ।ਸਿੱਖ ਸਮਾਜ ਦੀਆਂ ਧੀਆਂ ਭੈਣਾ ਨੰਗੇ ਸਿਰ ਪੈਂਟ ਕਮੀਜ ਦੇ ਨਾਲ ਖੁਲੇ ਆਮ ਵਿਚਰ
ਰਹੀਆਂ ਹਨ।ਕਾਰਣ ਕੀ ਹੈ?ਕੌਣ ਕਸੂਰਵਾਰ ਹੈ?---------ਇਸ ਸੱਭ ਦੀ ਜਿੰਮੇਵਾਰ ਹੈ ਇਕ
ਸਿੱਖ ਮਾਂ

ਮਾਂ ਹੀ ਬੱਚੇ ਦੀ ਸੱਭ ਤੋਂ ਵੱਡੀ ਉਸਤਾਦ ਹੋਇਆ ਕਰਦੀ ਹੈ।ਪਰ ਮਾਂ ਨੂੰ ਸਿੱਖ ਸਮਾਜ ਨੇ
ਇਹ ਛੋਟ ਕਿਉਂ ਦੇ ਰੱਖੀ ਹੈ ਕਿ ਉਹ ਮਰਜੀ ਦਸਤਾਰ ਕਰੇ ਅਤੇ ਮਰਜੀ ਨਾਂ ਕਰੇ।ਜਿਹਨਾਂ
ਜਿਹਨਾ ਜਥੇਬੰਦੀਆਂ ਨੇ ਦਸਤਾਰ ਦੀ ਅਹਿਮੀਅਤ ਨੂੰ ਜਾਣ ਲਿਆ ਉਨ੍ਹਾਂ ਨੇ ਸਖਤੀ ਨਾਲ ਲਾਗੂ
ਕਰਕੇ ਬੜਾ ਵਧੀਆ ਕੰਮ ਕੀਤਾ ।ਦਸਤਾਰ ਕਿਸੇ ਇੱਕ ਜਥੇਬੰਦੀ ਦੀ ਮਲਕੀਅਤ ਨਹੀਂ ਹੈ ,ਸਗੋਂ
ਦਸਮ ਪਾਤਸ਼ਾਹ ਵਲੋਂ ਬਖਸ਼ੀ ਸਿੱਖੀ ਦੀ ਪਛਾਣ ਹੈ।ਚੁੰਨੀਆਂ ਮੁਸਲਮਾਨੀ ਸਮਾਜ ਦੀ ਦੇਣ ਪਰਦੇ
ਦਾ ਅਧੁਨਿਕ ਰੂਪ ਹੈ।ਚੁੰਨੀਆਂ ਨਾਲ ਕਦੇ ਵੀ ਨਾਂ ਕੇਸਾਂ ਦੀ ਸੰਭਾਲ ਹੋ ਸਕਦੀ ਹੈ,ਨਾਂਹੀ
ਸੁਤੰਤਰ ਰੂਪ ਵਿੱਚ ਕੋਈ ਕੰਮ ਕੀਤਾ ਜਾ ਸਕਦਾ ਹੈ।ਸੋ ਅਜਕਲ ਜੇ ਕਰ ਆਪਣੀ ਪਛਾਣ ਨੂੰ ਅਸੀ
ਬਣਾਈ ਰਖਣਾ ਹੈ,ਤਾਂ ਜਿੱਥੇ ਸਮੇਂ ਦੀਆਂ ਸਰਕਾਰਾਂ ਨਾਲ ਦੋ ਚਾਰ ਹੋਣਾ ਹੈ ਉਥੇ ਸਿੱਖ ਮਾਂ
ਦਸਤਾਰਧਾਰੀ ਹੋਣੀ ਚਾਹੀਦੀ ਹੈ।ਜੇਕਰ ਮਾਂ ਆਪਣੇ ਬੱਚਿਆਂ ਦੇ ਸਿਰ ਉਪਰ ਦਸਤਾਰ ਸਜਾ ਦਏ
ਤਾਂ ਦੁਨੀਆਂ ਦੀ ਕੋਈ ਤਾਕਤ ਇਸ ਨੂੰ ਮਿਟਾ ਨਹੀਂ ਸਕਦੀ ।

ਸੋ ਸਮੁੱਚੀ ਸਿੱਖ ਨਾਰੀ ਨੂੰ ਮੇਰੀ ਅਪੀਲ ਹੈ ਦਸਮ ਪਾਤਸ਼ਾਹ ਦੀ ਬਖਸ਼ੀ ਇਸ ਸਿੱਖ ਪਛਾਣ ਨੂੰ
ਬਚਾਉਣ ਵਾਸਤੇ ਆਓ ਅੱਗੇ ਹੋ ਕੇ ਜੂਝੀਏ।
 
Top