ਅੱਖ ਖੁੱਲ੍ਹ ਗਈ

ਡਰਾਈਵਰ ਨੇ ਆ ਕੇ ਕਿਹਾ, “ਸਾਹਿਬ ਗੱਡੀ ਠੀਕ ਹੋ ਕੇ ਆ ਗਈ ਹੈ।” ਮੈਂ ਪਹਿਲਾਂ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਦੌਰੇ ਤੇ ਜਾਣਾ ਸੀ, ਮੈਂ ਆਪਣੀਆਂ ਫਾਈਲਾਂ ਚੁੱਕੀਆਂ ਤੇ ਦਫਤਰ ਦੇ ਗੇਟ ਵੱਲ ਵਧਿਆ। ਰਸਤੇ ਵਿਚ ਕੁਝ ਜਵਾਨ ਮੁੰਡੇ ਖੜ੍ਹੇ ਸਨ ਤੇ ਕੁਝ ਦਫਤਰ ਦੇ ਕਲਰਕ ਦੇ ਕਮਰੇ ਵਿਚ ਖੜ੍ਹੇ ਸਨ। ਪਰ ਮੈਨੂੰ ਕਿਉਂਕਿ ਕਾਹਲੀ ਸੀ, ਬਿਨਾਂ ਬਹੁਤਾ ਧਿਆਨ ਦਿੱਤੇ ਮੈਂ ਜੀਪ ਵਿਚ ਬੈਠ ਗਿਆ।
ਰਸਤੇ ਵਿਚ ਮੈਂ ਡਰਾਈਵਰ ਨੂੰ ਪੁੱਛਿਆ, “ਅੱਜ ਦਫਤਰ ਵਿਚ ਭੀੜ ਕਿਉਂ ਸੀ?”
ਉਸ ਕਿਹਾ, “ਬੱਚੇ ਆਪਣੇ ਸਰਟੀਫਿਕੇਟਾਂ ਦੀਆਂ ਕਾਪੀਆਂ ਤਸਦੀਕ ਕਰਾਉਣ ਆਉਂਦੇ ਹਨ। ਸਾਰੇ ਮਾਡਲ ਟਾਊਨ ਵਿਚ ਇਕ ਸਾਡਾ ਹੀ ਤਾਂ ਸਰਕਾਰੀ ਦਫਤਰ ਹੈ। ਤੁਹਾਡੇ ਤੋਂ ਪਹਿਲੇ ਅਫਸਰ ਤਾਂ ਟਾਲ ਦਿੰਦੇ ਸਨ। ਆਪ ਨੂੰ ਆਏ ਅਜੇ ਥੋੜ੍ਹੇ ਦਿਨ ਹੋਏ ਹਨ। ਬਾਊ ਤੁਹਾਡੇ ਸੁਭਾਅ ਦਾ ਵਾਕਿਫ ਨਹੀਂ। ਸਾਡਾ ਬਾਊ ਕਿਹੜਾ ਸਾਊ ਹੈ, ਕਹਿੰਦਾ ਹੈ ਇਸ ਨਾਲ ਉਸ ਦੇ ਦਫਤਰੀ ਕੰਮ ਵਿਚ ਰੁਕਾਵਟ ਪੈਂਦੀ ਹੈ। ਨਾਲੇ ਬਹੁਤੀ ਜ਼ਿੰਮੇਵਾਰੀ ਤਾਂ ਉਸਦੀ ਹੁੰਦੀ ਹੈ, ਜਿਹੜਾ ਟਾਈਪ ਕਾਪੀਆਂ ਤੇ ਅਸਲ ਸਰਟੀਫਿਕੇਟ ਕੰਪੇਅਰ ਕਰਕੇ ਆਪਣੀ ਘੁੱਗੀ ਮਾਰਦਾ ਹੈ।”
ਇਹ ਸੁਣ ਕੇ ਮੈਂ ਸੋਚੀਂ ਪੈ ਗਿਆ। ਮੈਨੂੰ ਉਹ ਦਿਨ ਯਾਦ ਆ ਗਏ ਜਦੋਂ ਮੈਂ ਆਪ ਨੌਕਰੀ ਦੀ ਤਲਾਸ਼ ਵਿਚ ਆਪਣੇ ਸਰਟੀਫਿਕੇਟ ਦੀਆਂ ਕਾਪੀਆਂ ਤਸਦੀਕ ਕਰਾਉਣ ਲਈ ਡਿਸਟਰਿਕ ਕੋਰਟ ਜਾਇਆ ਕਰਦਾ ਸੀ। ਉਹ ਸਮਾਂ ਸੀ ਜਦ ਬੇਰੁਜ਼ਗਾਰੀ ਬਹੁਤ ਸੀ। ਕਚਹਿਰੀ ਵਿਚ ਡੀ.ਸੀ. ਤੋਂ ਇਲਾਵਾ ਕੇਵਲ ਤਿੰਨ ਚਾਰ ਮਜਿਸਟਰੇਟ ਹੁੰਦੇ ਸਨ। ਸਰਕਾਰੀ ਦਫਤਰ ਬਹੁਤ ਘੱਟ ਹੁੰਦੇ ਸਨ ਤੇ ਗਜ਼ਟਿਡ ਅਫਸਰ ਵੀ ਵਿਰਲੇ ਵਿਰਲੇ। ਡੀ.ਸੀ. ਨੇ ਕੇਵਲ ਬੁੱਧਵਾਰ ਵਾਲੇ ਦਿਨ ਵਾਰੋ ਵਾਰੀ ਇਕ ਮਜਿਸਟਰੇਟ ਦੀ ਆਪਣੇ ਕੰਮ ਦੇ ਨਾਲ ਨਾਲ ਅਟੈਸਟੇਸ਼ਨ ਦੀ ਡਿਊਟੀ ਲਾ ਰੱਖੀ ਸੀ।
ਬੁੱਧਵਾਰ ਨੂੰ ਤਿੰਨ ਚਾਰ ਕਿਲੋਮੀਟਰ ਪੈਦਲ ਚੱਲ ਕੇ ਕਚਹਿਰੀ ਪਹੁੰਚ ਜਾਣਾ। ਮਜਿਸਟਰੇਟ ਦੇ ਰੀਡਰ ਨੇ ਸਾਡੇ ਸਰਟੀਫਿਕੇਟਾਂ ਦੀਆਂ ਕੇਵਲ ਦੋ ਟਾਈਪ ਕਾਪੀਆਂ ਹੀ ਤਸਦੀਕ ਕਰਨ ਲਈ ਲੈਣੀਆਂ ਕਿਉਂਕਿ ਸਾਹਿਬ ਦਾ ਹੁਕਮ ਸੀ ਕਿ ਦੋ ਤੋਂ ਵੱਧ ਕਾਪੀਆਂ ਨਹੀਂ ਤਸਦੀਕ ਕਰਨੀਆਂ ਤੇ ਗਿਆਰਾਂ ਵਜੇ ਤੋਂ ਬਾਅਦ ਨਹੀਂ ਵਸੂਲ ਕਰਨੀਆਂ। ਨਾਲ ਕਹਿ ਦੇਣਾ ਕਿ ਤਿੰਨ ਵਜੇ ਪੂਰੇ ਆ ਕੇ ਲੈ ਜਾਣਾ; ਜੇ ਕਿਸੇ ਦਾ ਸਰਟੀਫਿਕੇਟ ਗੁੰਮ ਗਿਆ ਤਾਂ ਫੇਰ ਨਾ ਕਹਿਣਾ। ਘਰ ਵਾਪਿਸ ਆਉਣਾ ਵੀ ਔਖਾ ਲਗਦਾ। ਬੱਸ ਉੱਥੇ ਹੀ ਰਲ ਮਿਲ ਕੇ ਗੱਪ ਸ਼ੱਪ ਮਾਰ ਕੇ ਵਕਤ ਕੱਟਣਾ। ਤਿੰਨ ਵਜੇ ਤੋਂ ਪਹਿਲਾਂ ਅਸੀਂ ਉਸ ਦਫਤਰ ਦੇ ਬਾਹਰ ਚੱਕਰ ਲਾਉਣੇ ਸ਼ੁਰੂ ਕਰ ਦੇਣੇ। ਜਦ ਕਦੇ ਬਾਊ ਨੂੰ ਇਸ ਦਾ ਧਿਆਨ ਆਉਣਾ, ਉਹਨੇ ਸਾਹਿਬ ਦੇ ਰੈਸਟ ਰੂਮ ਵਿਚ ਜਾ ਕੇ ਦਸਤਖਤ ਕਰਾ ਕੇ ਲਿਆਉਣੇ। ਬਾਹਰ ਢੇਰ ਸਾਰੇ ਸਰਟੀਫਿਕੇਟ ਇਕ ਟੁੱਟੇ ਜਿਹੇ ਮੇਜ਼ ’ਤੇ ਵਗਾਹ ਮਾਰਨੇ। ਸਾਰਿਆਂ ਨੇ ਝਪਟ ਕੇ ਪੈ ਜਾਣਾ ਕਿ ਮਿਹਨਤ ਨਾਲ ਹਾਸਲ ਕੀਤੇ ਸਰਟੀਫਿਕੇਟ ਗੁੰਮ ਹੀ ਨਾ ਹੋ ਜਾਣ।
ਮੈਂ ਆਪਣੇ ਸਰਟੀਫਿਕੇਟ ਜਦ ਲੈ ਕੇ ਵਾਪਿਸ ਆ ਰਿਹਾ ਹੁੰਦਾ, ਲੱਗਣਾ ਜਿਵੇਂ ਕਿਸੇ ਵੱਡੀ ਮੁਹਿੰਮ ਤੋਂ ਪਰਤ ਰਿਹਾ ਹੋਵਾਂ। ਤੇ ਮਨ ਹੀ ਮਨ ਵਿਚ ਸੋਚਣਾ ਕਿ ਇਹ ਦੋ ਕਾਪੀਆਂ ਤਾਂ ਇਕ ਦੋ ਐਪਲੀਕੇਸ਼ਨਾਂ ਨਾਲ ਹੀ ਲੱਗ ਜਾਣੀਆਂ ਹਨ। ਅਗਲੇ ਹਫਤੇ ਫੇਰ ਇਹ ਚੱਕਰ ਤੇ ਉਸ ਤੋਂ ਅਗਲੇ ਹਫਤੇ ਫੇਰ। ਮੈਨੂੰ ਲਗਦਾ ਕਿ ਜੇ ਸਾਹਿਬ ਅੱਠ ਦਸ ਕਾਪੀਆਂ ਇੱਕੋ ਵਾਰੀ ਅਟੈਸਟ ਕਰ ਦਿੰਦਾ ਤਾਂ ਉਸਦਾ ਕੀ ਘਸ ਜਾਣਾ ਸੀ? ਕਾਸ਼ ਜੇ ਕਿਤੇ ਮੇਰੇ ਵੱਸ ਹੋਵੇ ਤਾਂ ਮੈਂ ਇੱਦਾਂ ਨਾ ਕਰਾਂ। ਕਿਸੇ ਤਰ੍ਹਾਂ ਬੇਰੁਜ਼ਗਾਰੀ ਦੇ ਇਸ ਘਮਸਾਣ ਯੁੱਧ ਵਿੱਚੋਂ ਆਖਿਰ ਮੈਂ ਨਿਕਲ ਗਿਆ ਤੇ ਗਜ਼ਟਿਡ ਅਫਸਰ ਬਣ ਗਿਆ। ਇਕ ਦਿਨ ਮੇਰੇ ਦਫਤਰ ਦੇ ਇਕ ਮੁਲਾਜ਼ਮ ਨੇ ਆਪਣੇ ਲੜਕੇ ਦੇ ਸਰਟੀਫਿਕੇਟ ਦੀਆਂ ਕਾਪੀਆਂ ਅਟੈਸਟ ਕਰਨ ਲਈ ਝਕਦੇ ਝਕਦੇ ਮੇਰੇ ਸਾਹਮਣੇ ਰੱਖੀਆਂ। ਮੈਂ ਕੁਝ ਸਮਾਂ ਬੋਲ ਨਾ ਸਕਿਆ। ਅੱਖਾਂ ਅੱਗੇ ਉਹ ਸਮਾਂ ਆ ਗਿਆ ਤੇ ਦਸਤਖਤ ਕਰ ਕੇ ਮੈਂ ਮਹਿਸੂਸ ਕੀਤਾ ਕਿ ਇਹ ਤਾਂ ਦਾਤੇ ਦੀ ਦੇਣ ਹੈ, ਕੁਝ ਘਟਦਾ ਨਹੀਂ। ਮੈਂ ਇਹਨਾਂ ਸੋਚਾਂ ਵਿਚ ਹੀ ਡੁੱਬਾ ਹੋਇਆ ਸੀ ਕਿ ਅਚਾਨਕ ਮੈਨੂੰ ਦਫਤਰ ਵਿਚ ਖੜ੍ਹੇ ਉਨ੍ਹਾਂ ਲੜਕਿਆਂ ਦੀ, ਜਿਨ੍ਹਾਂ ਨੂੰ ਹੁਣੇ ਖੜ੍ਹਿਆਂ ਨੂੰ ਛੱਡ ਕੇ ਆਇਆ ਸੀ, ਯਾਦ ਆ ਗਈ। ਅਚਨਚੇਤ ਮਨ ਵਿਚ ਕੀਤਾ ਚਿਰਾਂ ਪਹਿਲਾਂ ਸੰਕਲਪ ਅੱਖਾਂ ਸਾਹਮਣੇ ਘੁੰਮ ਗਿਆ। ਮੈਂ ਡਰਾਈਵਰ ਨੂੰ ਕਿਹਾ, “ਗੱਡੀ ਰੋਕੋ ਤੇ ਵਾਪਸ ਦਫਤਰ ਲੈ ਚੱਲੋ।”
ਡਰਾਈਵਰ ਨੇ ਗੱਡੀ ਵਾਪਸ ਮੋੜ ਲਈ ਅਤੇ ਕਹਿਣ ਲੱਗਾ, “ਸਰ ਤੁਸੀਂ ਕਿਹੜੀਆਂ ਸੋਚਾਂ ਵਿਚ ਡੁੱਬੇ ਰਹੇ। ਲਗਦਾ ਹੈ ਤੁਹਾਡੀ ਅੱਖ ਲੱਗ ਗਈ ਸੀ।”
ਮੈਂ ਕਿਹਾ, “ਨਹੀਂ, ਅੱਖ ਤਾਂ ਖੁੱਲ੍ਹ ਗਈ ਹੈ।”
***
ਕੁਝ ਆਪਣੇ ਬਾਰੇ — ਭੁਪਿੰਦਰ ਸਿੰਘ ਨੰਦਾ
ਮੇਰਾ ਜਨਮ ਪਹਿਲੀ ਦਸੰਬਰ 1935 ਨੂੰ ਛੋਟੇ ਜਿਹੇ ਪਿੰਡ ਧਮਿਆਲ ਜ਼ਿਲਾ ਰਾਵਲਪਿੰਡੀ (ਹੁਣ ਪਾਕਿਸਤਾਨ) ਵਿਚ ਹੋਇਆ। ਇਸ ਪਿੰਡ ਵਿਚ ਉਸ ਸਮੇਂ ਵੀ ਪੰਜਾਬੀ ਸਾਹਿਤ ਦੇ ਰਸਾਲੇ ਤੇ ਅਖ਼ਬਾਰਾਂ ਪਹੁੰਚਦੀਆਂ ਸਨ। ਪੰਜਾਬੀ ਸਾਹਿਤ ਦੇ ਨਾਮਵਰ ਲਿਖਾਰੀ ਕਰਤਾਰ ਸਿੰਘ ਦੁੱਗਲ, ਡਾ. ਹਰਨਾਮ ਸਿੰਘ ਸ਼ਾਨ, ਪ੍ਰੋਫ਼ੈਸਰ ਮੋਹਨ ਸਿੰਘ ਤੇ ਅਨੇਕਾਂ ਹੋਰ ਉਸੇ ਪਿੰਡ ਦੀ ਦੇਣ ਹਨ।
ਮੈਂ ਅਜੇ ਪੰਜਵੀਂ ਜਮਾਤ ਵਿਚ ਹੀ ਪੜ੍ਹਦਾ ਸੀ ਜਦ ਦੇਸ਼ ਦਾ ਬਟਵਾਰਾ ਹੋ ਗਿਆ। ਮੇਰਾ ਬਚਪਨ ਇਸੇ ਰੌਲੇ ਰੱਪੇ ਵਿਚ ਗਵਾਚ ਗਿਆ। ਜਵਾਨੀ ਡਿੱਕੇ ਡੋਲੇ ਖਾਂਦੀ, ਬੇਕਾਰੀ ਨਾਲ ਜੂਝਦਿਆਂ ਅਤੇ ਰੋਟੀ ਰੋਜ਼ੀ ਦੀ ਤਲਾਸ਼ ਵਿਚ ਲੰਘ ਗਈ।
15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ। ਉਸ ਦਿਨ ਜਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਸੌਂਹ ਚੁੱਕੀ। ਵੱਡੀ ਪੱਧਰ ਦਾ ਜਸ਼ਨ ਮਨਾਇਆ ਗਿਆ। ਲੱਡੂ ਵੰਡੇ ਗਏ ਤੇ ਰਾਤ ਨੂੰ ਰੌਸ਼ਨੀ ਕੀਤੀ ਗਈ। ਬੈਂਡ ਵਾਜੇ ਵੀ ਵੱਜੇ।
ਇਹ ਸਾਰਾ ਨਜ਼ਾਰਾ ਹੁਣ ਵੀ ਹਰ ਸਾਲ 15 ਅਗਸਤ ਨੂੰ ਫਿਲਮ ਰਾਹੀਂ ਰੀਕਾਰਡ ਕੀਤਾ ਹੋਇਆ ਟੀ. ਵੀ. ’ਤੇ ਦੁਹਰਾਇਆ ਜਾਂਦਾ ਹੈ। ਮੈਂ ਜਦ ਕਦੇ ਇਹ ਨਜ਼ਾਰਾ ਦੇਖ ਲੈਂਦਾ ਹਾਂ, ਬੇਚੈਨ ਹੋ ਉੱਠਦਾ ਹਾਂ। ਤੇ ਫੇਰ ਯਾਦ ਆ ਜਾਂਦਾ ਹੈ ਕਿ ਉਨ੍ਹਾਂ ਹੀ ਦਿਨਾਂ ਵਿਚ ਅਸੀਂ ਆਪਣੇ ਘਰ ਬਾਰ ਛੱਡ ਕੇ, ਉੱਜੜ ਪੁੱਜੜ ਕੇ ਆਜ਼ਾਦ ਭਾਰਤ ਵੱਲ ਜਦ ਗੱਡੀ ਰਾਹੀਂ ਆ ਰਹੇ ਸੀ ਕਿ ਸਾਡੀ ਗੱਡੀ ਲਾਹੌਰ ਪੁੱਜੀ ਤਾਂ ਪਲੇਟਫਾਰਮ ਖਾਲੀ ਨਾ ਹੋਣ ਕਾਰਨ ਦੋ ਪਲੇਟਫਾਰਮਾਂ ਵਿਚਕਾਰ ਖਾਲੀ ਪਈਆਂ ਲਾਈਨਾਂ ਤੇ ਰੁਕੀ। ਪਰ ਜਿਹੜੀਆਂ ਗੱਡੀਆਂ ਪਲੇਟਫਾਰਮਾਂ ’ਤੇ ਰੁਕਦੀਆਂ ਸਨ ਉਨ੍ਹਾਂ ਵਿੱਚੋਂ ਹਿੰਦੂ ਸਿੱਖ ਸਵਾਰੀਆਂ ਨੂੰ ਧੂਹ ਧੂਹ ਕੇ ਬਾਹਰ ਕੱਢਿਆ ਜਾ ਰਿਹਾ ਸੀ ਤੇ ਉਨ੍ਹਾਂ ਦੀ ਵੱਢ ਟੁੱਕ ਕੀਤੀ ਜਾ ਰਹੀ ਸੀ।
ਚਾਰੇ ਪਾਸੇ ਚੀਕ ਚਿਹਾੜਾ ਮਚਿਆ ਹੋਇਆ ਸੀ। ਚੰਗੇ ਭਾਗਾਂ ਨੂੰ ਸਾਡੀ ਗੱਡੀ ਪਿੱਛੋਂ ਆਈ ਸੀ ਪਰ ਸੁਰੱਖਿਅਤ ਤੁਰ ਪਈ।
ਸਰਹੱਦ ਪਾਰ ਕਰ ਕੇ ਜਦ ਅਸੀਂ ਇੱਧਰ ਆਏੇ, ਅੱਗਾਂ ਲੱਗੀਆਂ ਦੇਖੀਆਂ। ਪਾਕਿਸਤਾਨ ਜਾਂਦੇ ਮੁਸਲਮਾਨਾਂ ਦੇ ਕਾਫ਼ਲਿਆਂ ਦੀ ਵੱਢ ਟੁੱਕ ਹੁੰਦੀ ਦੇਖੀ ਤਾਂ ਪਤਾ ਲੱਗਾ ਕਿ ਮਾੜੇ ਅਨਸਰ ਨੇ ਇਸ ਪਾਸੇ ਵੀ ਬਦਲੇ ਦੀ ਭਾਵਨਾ ਕਾਰਨ ਕਸਰ ਨਹੀਂ ਛੱਡੀ।
ਦੇਸ਼ ਦੀ ਵੰਡ ਚੰਗੇ ਤੇ ਸੁਚੱਜੇ ਢੰਗ ਨਾਲ ਹੋ ਸਕਦੀ ਸੀ ਜਿਵੇਂ ਦੋ ਸੂਝਵਾਨ ਭਰਾ ਆਪਣੀ ਸੰਪਤੀ ਦਾ ਬਟਵਾਰਾ ਕਰਦੇ ਹਨ ਪਰ ਅਜਿਹਾ ਨਹੀਂ ਹੋਇਆ। ਕੀ ਦੇਸ਼ ਦੇ ਆਗੂ ਨਹੀਂ ਸਨ ਜਾਣਦੇ ਕਿ ਦੇਸ਼ ਦੀ ਵੰਡ ਇਸੇ ਕਰਕੇ ਹੋ ਰਹੀ ਹੈ ਕਿ ਚਿਰਾਂ ਤੋਂ ਇਕੱਠੀਆਂ ਰਹਿ ਰਹੀਆਂ ਦੋ ਕੌਮਾਂ ਹੁਣ ਹੋਰ ਇੱਕਠਾ ਨਹੀਂ ਰਹਿਣਾ ਚਾਹੁੰਦੀਆਂ, ਜਦ ਮੌਕਾ ਮਿਲਿਆ ਕਿਸੇ ਨਾ ਕਿਸੇ ਬਹਾਨੇ ਫਸਾਦ ਕਰਦੀਆਂ ਰਹਿੰਦੀਆਂ ਹਨ?
ਦੋਹਾਂ ਧਿਰਾਂ ਦੇ ਸਿਆਸੀ ਆਗੂਆਂ ਨੂੰ ਆਉਣ ਵਾਲੇ ਸਮੇਂ ਦੀ ਦੂਰ-ਅੰਦੇਸ਼ੀ ਤਾਂ ਹੋਣੀ ਹੈ ਪਰ ਸੱਤਾ ਛੇਤੀ ਹਾਸਲ ਕਰਨ ਅਤੇ ਕੁਰਸੀਆਂ ਦੀ ਲਾਲਸਾ ਨੇ ਦੋਹਾਂ ਪਾਸੇ ਲੱਖਾਂ ਜਾਨਾਂ ਦਾ ਘਾਣ ਕੀਤਾ। ਕਰੋੜਾਂ ਰੁਪਏ ਦੀ ਜਾਇਦਾਦ ਅਗਨ ਭੇਟ ਹੋ ਗਈ। ਹਜ਼ਾਰਾਂ ਔਰਤਾਂ ਨੇ ਆਪਣੀ ਇੱਜ਼ਤ ਬਚਾਉਣ ਖਾਤਰ ਖੂਹਾਂ ਵਿਚ ਛਾਲਾਂ ਮਾਰ ਦਿੱਤੀਆਂ। ਰੱਜਦੇ ਪੁੱਜਦੇ ਘਰਾਂ ਦੇ ਲੋਕ ਰਫਿਊਜੀ ਬਣ ਗਏ।
ਆਜ਼ਾਦੀ ਤਾਂ ਸਾਰੇ ਦੇਸ਼ ਨੂੰ ਮਿਲੀ ਪਰ ਮੁਸੀਬਤ ਪੰਜਾਬ ਅਤੇ ਬੰਗਾਲ ਦੇ ਹਿੱਸੇ ਆਈ, ਜਿਸਦੀ ਸਾਰ ਕਿਸੇ ਨੇ ਨਾ ਲਈ। ਹਮਦਰਦੀ ਦੇ ਦੋ ਸ਼ਬਦ ਬੋਲਣ ਨਾਲ ਕੀ ਬਣਦਾ ਹੈ।
ਆਉਣ ਵਾਲਾ ਸਮਾਂ ਉਸ ਸਮੇਂ ਦੇ ਦੋਹਾਂ ਪਾਸਿਆਂ ਦੇ ਸਿਆਸੀ ਆਗੂਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਏਗਾ। ਹੋ ਸਕਦਾ ਹੈ ਮਾਫ ਵੀ ਨਾ ਕਰੇ।
ਅਜਿਹੇ ਹਾਲਾਤ ਵਿੱਚੋਂ ਸਾਡੇ ਪਰਿਵਾਰ ਨੂੰ ਲੰਘਣਾ ਪਿਆ। ਸਾਰਾ ਕੁਝ ਨਵੇਂ ਸਿਰੇ ਤੋਂ ਬਣਾਉਣਾ ਸੀ। ਮੇਰੀ ਪੜ੍ਹਾਈ ਰੁਕ ਗਈ। ਮੈਨੂੰ ਨਿੱਕੀ ਉਮਰੇ ਕੰਮ ਕਰਨਾ ਪਿਆ ਪਰ ਮਨ ਵਿਚ ਪੜ੍ਹਨ ਦੀ ਲਗਨ ਸੀ। ਮਾਂ ਬਾਪ ਨੇ ਆਪ ਔਖੇ ਰਹਿ ਕੇ ਵੀ ਮੈਨੂੰ ਪੜ੍ਹਨ ਲਈ ਉਤਸ਼ਾਹਤ ਕੀਤਾ। ਮੈਂ ਪੜ੍ਹਾਈ ਮੁਕੰਮਲ ਕਰਨ ਪਿੱਛੋਂ ਛੋਟੀਆਂ ਮੋਟੀਆਂ ਨੌਕਰੀਆਂ ਕਰਨ ਬਾਅਦ ਅੰਕੜਾ ਵਿਭਾਗ, ਪੰਜਾਬ ਸਰਕਾਰ ਵਿੱਚੋਂ ਬਤੌਰ ਉਪ ਅਰਥ ਤੇ ਅੰਕੜਾ ਸਲਾਹਕਾਰ 1993 ਵਿਚ ਰੀਟਾਇਰ ਹੋਇਆ।
ਮੈਂ ਐਮ. ਏ. ਭਾਵੇਂ ਅਰਥ ਸ਼ਾਸਤਰ ਦੀ ਕੀਤੀ ਪਰ ਪੰਜਾਬੀ ਸਾਹਿਤ ਨਾਲ ਲਗਾਅ ਸੀ। ਜੀਵਨ ਵਿਚ ਵਿਚਰਦੇ ਤੇ ਵਿਸ਼ੇਸ਼ ਕਰਕੇ ਸੇਵਾ ਕਾਲ ਸਮੇਂ ਕਈ ਵਿਅਕਤੀਆਂ ਅਤੇ ਘਟਨਾਵਾਂ ਨੇ ਮੇਰੇ ਮਨ ’ਤੇ ਡੂੰਘਾ ਅਸਰ ਪਾਇਆ ਜੋ ਕਾਫੀ ਸਮਾਂ ਮੇਰੇ ਅੰਦਰ ਪਲਦਾ ਰਿਹਾ ਤੇ ਅੰਤ ਕਹਾਣੀਆਂ ਦੇ ਰੂਪ ਵਿਚ ਮੈਂ ਲਿਖਣਾ ਆਰੰਭ ਕੀਤਾ। ਇਨ੍ਹਾਂ ਕਹਾਣੀਆਂ ਨੂੰ ਪੰਜ-ਪਾਣੀ ਸਪਤਾਹਿਕ ਅਖਬਾਰ ਟਰਾਂਟੋ (ਕੈਨੇਡਾ) ਨੇ ਨਿਰੰਤਰ ਹਰ ਹਫ਼ਤੇ ਛਾਪਿਆ। ਮੈਨੂੰ ਪ੍ਰਸ਼ੰਸਾ ਵੀ ਮਿਲੀ ਤੇ ਉਤਸ਼ਾਹ ਵੀ।
ਮੇਰੇ ਪਾਠਕਾਂ ਤੋਂ ਛੁੱਟ ਮੇਰੇ ਪਰਿਵਾਰ ਦੇ ਸਾਰੇ ਜੀਅ, ਪੋਤੇ ਪੋਤੀਆਂ ਤਕ ਮੇਰੀ ਹਰ ਕਹਾਣੀ ਦੀ ਉਡੀਕ ਕਰਦੇ ਸਨ।
ਮੈਂ ਆਪਣੀਆਂ ਕਹਾਣੀਆਂ ਦਾ ਆਕਾਰ, ਅਜੋਕੇ ਇਲੈਕਟ੍ਰਾਨਕ ਯੁਗ ਦੀ ਤੇਜ਼ ਗਤੀ ਤੇ ਹਰ ਪਾਸੇ ਸਮੇਂ ਦੀ ਘਾਟ ਨੂੰ ਧਿਆਨ ਵਿਚ ਰੱਖ ਕੇ ਸੀਮਤ ਰੱਖਿਆ ਹੈ। ਮੇਰੀਆਂ ਕਹਾਣੀਆਂ ਰਵਾਇਤੀ ਪੈੜਾਂ ਤੋਂ ਕੁਝ ਹਟ ਕੇ ਹਨ। ਇਹ ਕੇਵਲ ਦਿਲ ਪਰਚਾਵੇ ਲਈ ਨਹੀਂ ਸਗੋਂ ਸਮਾਜ ਦੀਆਂ ਬੁਰਾਈਆਂ ਅਤੇ ਦਿਨ ਪ੍ਰਤੀ ਦਿਨ ਵਧ ਰਹੇ ਭ੍ਰਿਸ਼ਟਾਚਾਰ ਤੋਂ ਮੈਂ ਕਿਨਾਰਾ ਕਸ਼ੀ ਨਹੀਂ ਕੀਤੀ ਸਗੋਂ ਨਿਡਰਤਾ ਤੇ ਜੁਅਰਤ ਨਾਲ ਸੱਚੋ ਸੱਚ ਜੋ ਦੇਖਿਆ, ਬਿਆਨ ਕਰ ਦਿੱਤਾ। ਨੈਤਿਕਤਾ ਖਾਤਿਰ ਨਾਂ ਅਤੇ ਸਥਾਨ ਜ਼ਰੂਰ ਬਦਲੇ ਹਨ, ਇਸ ਆਸ ਨਾਲ ਕਿ ਸ਼ਾਇਦ ਆਉਣ ਵਾਲੀ ਪੀੜ੍ਹੀ ਕੁਝ ਬਦਲਾਅ ਲਿਆਵੇ।
ਮੈਂ ਦੋ ਵਰ੍ਹੇ ਆਪਣੇ ਬੱਚਿਆਂ ਦੇ ਸੱਦੇ ਤੇ ਕਨੇਡਾ ਗਿਆ। ਉੱਥੋਂ ਦਾ ਸਾਫ ਸੁਥਰਾ ਵਾਤਾਵਰਣ ਤੇ ਨਿਰਪੱਖ ਪ੍ਰਸ਼ਾਸਨ, ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਦੀ ਚੰਗੀ ਸਾਂਭ ਸੰਭਾਲ ਵੀ ਦੇਖੀ। ਮਨੁੱਖਤਾ ਦੀ ਸੁਚੱਜੀ ਕਦਰ, ਗੱਲ ਕੀ ਸਮੁੱਚਾ ਸਿਸਟਮ ਸ਼ਲਾਘਾਯੋਗ ਦੇਖਣ ਨੂੰ ਮਿਲਿਆ। ਜਿਸ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਉਨ੍ਹਾਂ ਸਿਰਜਿਆ ਅਤੇ ਅੱਗੇ ਲਈ ਹੋਰ ਚੰਗਾ ਤੇ ਸੁਚੱਜਾ ਬਣਾਉਣ ਲਈ ਉਹ ਨਿਰੰਤਰ ਯਤਨਸ਼ੀਲ ਰਹਿੰਦੇ ਹਨ। ਆਪਣੇ ਦੇਸ਼ ਪਰਤ ਕੇ ਇਹ ਖੁਸ਼ੀ ਹੋਈ ਕਿ ਵਿਕਾਸ ਦਰ ਨਿਰੰਤਰ ਵਧ ਰਹੀ ਹੈ ਤੇ ਹਰ ਪਾਸੇ ਤਰੱਕੀ ਹੁੰਦੀ ਪ੍ਰਤੱਖ ਦਿਸੀ। ਪਰ ਇਹ ਦੇਖ ਕੇ ਦੁੱਖ ਹੋਇਆ ਕਿ ਮਨੁੱਖਤਾ ਦੀ ਪੱਧਰ ਤਾਂ ਦਿਨ ਪ੍ਰਤੀ ਦਿਨ ਹੇਠਾਂ ਨੂੰ ਧਸਦੀ ਜਾ ਰਹੀ ਹੈ। ਮਨੁੱਖ ਆਪਣੇ ਸਵਾਰਥ ਲਈ ਕਈ ਹੱਦਾਂ ਟੱਪ ਜਾਂਦਾ ਹੈ। ਜੇ ਕੋਈ ਗਰੀਬ ਜਾਂ ਲਾਚਾਰ ਔਰਤ ਕਿਸੇ ਹਸਪਤਾਲ, ਨਰਸਿੰਗ ਹੋਮ ਪਥਰੀ ਦੇ ਇਲਾਜ ਲਈ ਜਾ ਪਹੁੰਚੇ ਤਾਂ ਫਰੇਬ ਨਾਲ ਉਸਦੇ ਗੁਰਦੇ ਕੱਢ ਕੇ ਕਿਸੇ ਧਨਾਢ ਪਾਸ ਵੇਚ ਦਿੱਤੇ ਜਾਂਦੇ ਹਨ। ਪਥਰੀ ਉੱਥੇ ਦੀ ਉੱਥੇ ਖੜ੍ਹੀ ਰਹਿੰਦੀ ਹੈ। ਮਨੁੱਖੀ ਅੰਗਾਂ ਦਾ ਖੁੱਲ੍ਹੇਆਮ ਵਪਾਰ ਹੋ ਰਿਹਾ ਹੈ। ਉਹ ਵੀ ਪੁਲਿਸ ਤੇ ਸਿਆਸੀ ਲੀਡਰਾਂ ਦੀ ਸਰਪ੍ਰਸਤੀ ਹੇਠ। ਡਾਕਟਰੀ ਵਰਗੇ ਸਨਮਾਨਜਨਕ ਪੇਸ਼ੇ ਨੂੰ ਦਾਗ ਲੱਗ ਗਿਆ ਹੈ ਤੇ ਬੇ-ਭਰੋਸਗੀ ਵਧ ਗਈ ਹੈ।
ਪੁਲਿਸ ਤੋਂ ਚੰਗੀ ਆਸ ਘੱਟ ਹੀ ਹੁੰਦੀ ਹੈ। ਆਮ ਆਦਮੀ ਉਨ੍ਹਾਂ ਤੋਂ ਭੈਅ ਖਾਂਦਾ ਹੈ। ਪਰ ਜੇ ਕਿਤੇ ਕੋਈ ਮਜਬੂਰ ਤੇ ਲਾਚਾਰ ਔਰਤ ਆਪਣੀ ਸ਼ਿਕਾਇਤ ਲੈ ਕੇ ਕਿਸੇ ਥਾਣੇ ਜਾਂ ਪੁਲਿਸ ਚੌਕੀ ਜਾਵੇ ਤਾਂ ਆਪਣੀ ਪੱਤ ਲੁਟਾ ਕੇ ਪਰਤਦੀ ਹੈ।
ਇਕ ਸਮਾਂ ਸੀ ਇਸ ਦੇਸ਼ ਵਿਚ ਇਕ ਮਰਦ ਅਗੰਮੜੇ ਨੇ ਕੌਮ ਤੇ ਦੇਸ਼ ਖਾਤਰ ਜ਼ੁਲਮ ਦਾ ਟਾਕਰਾ ਕਰਦਿਆਂ ਆਪਣਾ ਸਰਬੰਸ ਵਾਰ ਦਿੱਤਾ ਸੀ। ਤੇ ਅੱਜ ਉਸੇ ਦੇਸ਼ ਵਿਚ ਉੱਚੀਆਂ ਉੱਚੀਆਂ ਪਦਵੀਆਂ ਦੇ ਫੌਜੀ ਅਫਸਰ, ਸਿਆਸੀ ਲੀਡਰ ਤੇ ਮੰਤਰੀਆਂ ਤਕ ਆਪਣੇ ਬੰਸ ਖਾਤਰ ਦੇਸ਼ ਲਈ ਖਰੀਦੇ ਜਾਣ ਵਾਲੇ ਰੱਖਿਆ ਦੇ ਹਥਿਆਰਾਂ ਦੇ ਸੌਦਿਆਂ ਵਿਚ ਮੋਟੀਆਂ ਮੋਟੀਆਂ ਕਮਿਸ਼ਨਾਂ ਪਹਿਲਾਂ ਲੈਂਦੇ ਤੇ ਫਿਰ ਕਿੱਕ ਬੈਕ ਵਸੂਲਦੇ ਸਟਿੰਗ ਅਪਰੇਸ਼ਨ ਨੇ ਟੀ. ਵੀ. ਤੇ ਬਾਰ ਬਾਰ ਦਿਖਾਏ ਸਨ।
ਨਿਆਂ ਹੁੰਦਿਆਂ ਇੰਨਾ ਸਮਾਂ ਲੱਗ ਜਾਂਦਾ ਹੈ ਕਿ ਸ਼ਿਕਾਇਤ ਕਰਤਾ ਕਈ ਵਾਰੀ ਨਿਆਂ ਹੋਣ ਤੋਂ ਪਹਿਲਾਂ ਮਰ ਚੁੱਕਾ ਹੁੰਦਾ ਹੈ। ਦੇਸ਼ ਦੀਆਂ ਅਦਾਲਤਾਂ ਇੰਨੀਆਂ ਲਾਚਾਰ ਹਨ ਕਿ ਚਾਹੁੰਦੀਆਂ ਹੋਈਆਂ ਵੀ ਕੁਝ ਨਹੀਂ ਕਰ ਸਕਦੀਆਂ। ਸਾਡਾ ਨਿਆਂ ਤਾਂ ਗਵਾਹਾਂ ’ਤੇ ਹੀ ਨਿਰਭਰ ਹੈ ਜੋ ਆਪਣੇ ਬਿਆਨ ਬਦਲ ਲੈਂਦੇ ਹਨ। ਪੈਸੇ ਦੀ ਤਾਕਤ ਕਰਕੇ ਜਾਂ ਫਿਰ ਸਾਹਮਣੇ ਦਿਸਦੀ ਲਾਠੀ ਦੇ ਭੈਅ ਤੋਂ। ਲਾਠੀ ਅੱਗੇ ਕੌਣ ਹੀਆ ਕਰੇ? ਇਹ ਭਗਤ ਸਿੰਘ ਤੇ ਲਾਲਾ ਲਾਜਪਤ ਰਾਏ ਹੀ ਸਨ ਜੋ ਵਿਦੇਸ਼ੀ ਰਾਜ ਦੀਆਂ ਲਾਠੀਆਂ ਅੱਗੇ ਡਟੇ ਰਹੇ।
ਸੰਸਾਰ ਦਾ ਕੋਈ ਸੱਭਿਆ ਦੇਸ਼ ਨਹੀਂ ਹੋਣਾ ਜਿੱਥੇ ਜਿਨ੍ਹਾਂ ਅਪਰਾਧੀਆਂ ਵਿਰੁੱਧ ਘਿਣਾਉਣੇ ਦੋਸ਼ ਅਦਾਲਤ ਵਲੋਂ ਤੈਅ ਹੋ ਚੁੱਕੇ ਹੋਣ ਤੇ ਉਹ ਨਿੱਤ ਕੋਰਟਾਂ ਕਚਹਿਰੀਆਂ ਦੇ ਦੋਸ਼ੀ-ਕਟਹਿਰਿਆਂ ਵਿਚ ਖੜ੍ਹੇ ਰਹਿਣ ਤੇ ਰਾਜ ਭਾਗ ਵੀ ਉਨ੍ਹਾਂ ਦੇ ਹੀ ਹੱਥ ਹੋਵੇ।
ਇਸ ਸਭ ਕਾਸੇ ਦੇ ਹੁੰਦੇ ਹੋਏ ਵੀ ਦੇਸ਼ ਤਾਂ ਆਪਣਾ ਹੀ ਚੰਗਾ ਲਗਦਾ ਹੈ। ਤਾਹੀਓਂ ਤੇ ਪ੍ਰਵਾਸੀਆਂ ਨੂੰ, ਜਿੱਥੇ ਕਿਤੇ ਵੀ ਉਹ ਵਸਦੇ ਹੋਣ, ਆਪਣੇ ਦੇਸ਼ ਦੀ ਯਾਦ ਸਤਾਉਂਦੀ ਰਹਿੰਦੀ ਹੈ। ਤੇ ਉਹ ਆਪਣੇ ਵਤਨ ਫੇਰੀਆਂ ਲਾਉਂਦੇ ਰਹਿੰਦੇ ਹਨ। ਦੇਸ਼ ਦੀਆਂ ਸਮੱਸਿਆਵਾਂ ਤੋਂ ਉਹ ਚਿੰਤਤ ਰਹਿੰਦੇ ਹਨ ਤੇ ਜੋ ਕੁਝ ਵੀ ਉਨ੍ਹਾਂ ਤੋਂ ਬਣ ਸਕੇ, ਇਸ ਨੂੰ ਸੰਵਾਰਨ ਲਈ ਯਤਨਸ਼ੀਲ ਰਹਿੰਦੇ ਹਨ।
ਮੇਰਾ ਇਕ ਸੁਪਨਾ ਹੈ, ਕਈਆਂ ਹੋਰਨਾਂ ਦਾ ਵੀ ਹੋਵੇਗਾ ਤੇ ਸ਼ਾਇਦ ਤੁਹਾਡਾ ਵੀ ਹੋਵੇ ਕਿ ਅੱਜ ਫੇਰ ਕੋਈ ਮਰਦ ਅਗੰਮੜਾ ਨਿੱਤਰੇ ਜੋ ਇਸ ਦੇਸ਼ ਨੂੰ ਇਸ ਗੰਦਗੀ ਵਿੱਚੋਂ ਕੱਢ ਕੇ ਇਕ ਸਾਫ ਸੁਥਰਾ ਨਿਰਪੱਖ ਤੇ ਨਿਰੋਆ ਸਮਾਜ ਦੀ ਸਿਰਜਣਾ ਦਾ ਦਿਸ਼ਾ ਨਿਰਦੇਸ਼ ਕਰੇ।
ਮੇਰੀ ਨੂੰਹ ਹਰਗੀਤ ਕੌਰ ਨੇ ਇਕ ਦਿਨ ਸਹਿਜ ਸੁਭਾਅ ਕਿਹਾ, ‘‘ਡੈਡੀ ਗੱਲਾਂ ਤੁਸੀਂ ਚੰਗੀਆਂ ਕਰਦੇ ਹੋ, ਕੁਝ ਲਿਖ ਜਾਓ, ਸਦੀਵੀ ਯਾਦਗਾਰ ਬਣ ਜਾਵੇਗੀ।” ਬੱਸ, ਇਸੇ ਉਤਸ਼ਾਹ ਤੋਂ ਮੇਰਾ ਲਿਖਣਾ ਆਰੰਭ ਹੋਇਆ। ਮੈਨੂੰ ਮੇਰੀ ਇਸ ਪਹਿਲੀ ਕਹਾਣੀ ‘ਅੱਖ ਖੁੱਲ੍ਹ ਗਈ’ ਦਾ ਭਰਵਾਂ ਹੁੰਗਾਰ ਮਿਲਿਆ ਤੇ ਫਿਰ ਅੱਖ ਖੁੱਲ੍ਹੀ ਹੀ ਰਹੀ। ਇਸ ਲਈ ਮੈਂ ਹਰਗੀਤ ਕੌਰ ਦਾ ਅਤੇ ਉਸਦੇ ਜੀਵਨ ਸਾਥੀ ਜਗਮੋਹਨ ਸਿੰਘ ਨੰਦਾ ਬੈਰਿਸਟਰ ਦਾ ਧੰਨਵਾਦੀ ਹਾਂ ਜਿਨ੍ਹਾਂ ਮੈਨੂੰ ਹਰ ਪੱਧਰ ’ਤੇ ਉਤਸ਼ਾਹ ਤੇ ਸਹਾਇਤਾ ਕੀਤੀ ਜਿਸ ਸਦਕਾ ਮੇਰੀਆਂ ਕਹਾਣੀਆਂ ਪੁਸਤਕ ਦਾ ਰੂਪ ਧਾਰਨ ਕਰ ਸਕੀਆਂ।
ਮੈਂ ਧੰਨਵਾਦੀ ਹਾਂ ਹਰਬਖਸ਼ ਸਿੰਘ ਦਾ ਜੋ ਕਨੈਡਾ ਵਿਚ ਪੱਤਰਕਾਰ ਹੈ। ਉਹ ਮੈਨੂੰ ਕਈ ਵਾਦ ਵਿਵਾਦਾਂ ਤੋਂ ਸੁਚੇਤ ਰਹਿਣ ਲਈ ਸਮੇਂ ਸਮੇਂ ਮਹੱਤਵਪੂਰਨ ਜਾਣਕਾਰੀ ਦਿੰਦਾ ਰਿਹਾ ਤੇ ਉਸਦੀ ਪਤਨੀ ਡਾ. ਸੰਵੇਦਨਸ਼ੀਲ ਕੌਰ ਜੋ ਅੰਗ੍ਰੇਜ਼ੀ ਸਾਹਿਤ ਨਾਲ ਜੁੜੀ ਹੋਈ ਹੈ, ਪਾਸੋਂ ਮੈਨੂੰ ਕੁਝ ਕਹਾਣੀਆਂ ਦਾ ਮੂਲ ਵਿਸ਼ਾ ਮਿਲਿਆ। ਕਹਾਣੀ ‘ਬਿਸਕੁਟਾਂ ਦਾ ਪੈਕੇਟ’ ਉਸ ਨੂੰ ਸਮਰਪਤ ਹੈ।
ਆਪਣੇ ਲੜਕੇ ਹਰਮਿੰਦਰ ਸਿੰਘ ਤੇ ਉਸ ਦੀ ਪਤਨੀ ਕੁਲਦੀਪ ਕੌਰ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਘਰ ਦੀਆਂ ਬਹੁਤੀਆਂ ਜ਼ਿੰਮੇਵਾਰੀਆਂ ਤੋਂ ਮੈਨੂੰ ਸੁਰਖਰੂ ਕਰੀ ਰੱਖਿਆ। ਉਨ੍ਹਾਂ ਦੇ ਉਤਸ਼ਾਹ ਨਾਲ ਹੀ ਮੈਂ ਹਥਲਾ ਕਾਰਜ ਨੇਪਰੇ ਚਾੜ੍ਹ ਸਕਿਆ ਹਾਂ। ਮੈਨੂੰ ਸੰਤੁਸ਼ਟੀ ਮਿਲਦੀ ਰਹੀ ਜਦੋਂ ਮੇਰਾ ਤਿੰਨ ਵਰ੍ਹਿਆਂ ਦਾ ਪੋਤਾ ਸ਼ਾਹਬਾਜ਼ ਸਿੰਘ ਮੇਰੀ ਹਰ ਛਪੀ ਕਹਾਣੀ ਅਤੇ ਫੋਟੋ ਦੇਖ ਕੇ ਬਹੁਤ ਖ਼ੁਸ਼ ਹੁੰਦਾ ਤੇ ਮੈਨੂੰ ‘ਕਹਾਣੀਆਂ ਵਾਲੇ ਦਾਦਾ ਜੀ’ ਕਹਿੰਦਾ।
ਮੈਂ ਧੰਨਵਾਦੀ ਹਾਂ ਸ. ਜਸਪਾਲ ਸਿੰਘ ਸ਼ੇਤਰਾ ਪ੍ਰਕਾਸ਼ਕ ‘ਪੰਜ ਪਾਣੀ’ ਤੇ ਵਿਸ਼ੇਸ਼ ਕਰਕੇ ਉਨ੍ਹਾਂ ਦੀ ਪਤਨੀ ਸਤਵਿੰਦਰ ਕੌਰ ਦਾ ਜਿਸ ਮੇਰੀਆਂ ਟੁੱਟੀਆਂ ਭੱਜੀਆਂ ਲਿਖਤਾਂ ਨੂੰ ਮਿਹਨਤ ਤੇ ਸਬਰ ਨਾਲ ਟਾਈਪ ਕਰਕੇ ਛਪਣਯੋਗ ਬਣਾਇਆ।
ਮੈਂ ਧੰਨਵਾਦੀ ਹਾਂ ਕੈਸਲਮੋਰ ਸੀਨੀਅਰਜ਼ ਕਲਬ ਤੇ ਟ੍ਰੀ ਲਾਈਨ ਸੀਨੀਅਰਜ਼ ਕਲਬ ਬਰੈਂਪਟਨ (ਕਨੇਡਾ) ਦੇ ਮੈਂਬਰਾਂ ਦਾ ਜੋ ਮੇਰੀ ਹਰ ਕਹਾਣੀ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਤੇ ਹੁੰਗਾਰਾ ਦੇਂਦੇ ਰਹੇ।
ਅੰਤ ਵਿਚ ਮੈਂ ਧੰਨਵਾਦੀ ਹਾਂ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਦਾ ਜਿਨ੍ਹਾਂ ਤਨਦੇਹੀ ਨਾਲ ਮੇਰੀਆਂ ਕਹਾਣੀਆਂ ਨੂੰ ਇਕ ਚੰਗੀ ਤੇ ਮਿਆਰੀ ਪੁਸਤਕ ਦਾ ਰੂਪ ਦਿੱਤਾ।

-ਭੁਪਿੰਦਰ ਸਿੰਘ ਨੰਦਾ
 
Top