ਅਣਖੀਲੀ ਅਣਖ

“ਬਿਸ਼ਨ ਕੁਰੇ ਚਾਹ ਬਣਾ, ਜਿੰਦਰ ਖੇਤੋਂ ਭੱਜਾ ਆਉਦਾਂ ਚਾਹ ਲੈਣ”
ਨਿਆਂਈ ਆਲੇ ਖੇਤ ‘ਚ ਤੂੜੀ ਆਲਾ ਕੁੱਪ ਲਿਪਦਿਆਂ ਨਿਹਾਲ ਸਿਹੁੰ ਨੇ ਆਪਣੀ ਘਰਵਾਲੀ ਨੂੰ ਹੁਕਮ ਸੁਣਾਇਆ।
“ਆਹ ਕੁੜੇ ਨਿਹਾਲੇ ਦੀ ਗੱਲ ਸੁਣ”
ਸਿਰਾਹਣੇ ਰੇਡਿਓ ਰੱਖੀ ਬੈਠੇ ਬਾਪੂ ਜੀ ਨੇ ਬਿਸ਼ਨੋ ਨੂੰ ਕਿਹਾ
“ਬਣਾਓਣੀ ਆਂ ਜੀ”
ਬਹੁਕਰ ਛੱਡਕੇ ,ਚੁੰਨੀ ਠੀਕ ਕਰਦਿਆਂ ਬਿਸ਼ਨੋ ਨੇ ਜਵਾਬ ਦਿੱਤਾ
ਭੱਜ ਕੇ ਆਏ ਜਿੰਦਰ ਨੇ ਆਉਦਿਆਂ ਈ ਕਿਹਾ “ਤਾ..ਤਾ…ਤਾ…ਤਾਇਆ”
ਜਿੰਦਰ ਦੀ ਗੱਲ ਸੁਣੇ ਬਿਨ੍ਹਾਂ ਈ ਨਿਹਾਲ ਸਿਹੁੰ ਬੋਲਣ ਲੱਗਾ
“ਕਹਿਤਾ ਪੁੱਤ ਤੇਰੀ ਤਾਈ ਨੂੰ ,ਬਣਾਉਦੀਂ ਆ ਚਾਹ”
“ਨਹੀਂ ਤਾਇਆ….ਖੂ..ਖੂ…..ਖੂਹ”
“ਦਮ ਲੈਲਾ ਪੁੱਤ, ਪਾਣੀ ਪੀ,ਫਿਰ ਦੱਸੀਂ ਗੱਲ”
“ਨ…..ਨ….ਨਹੀਂ ਤਾਇਆ”
ਜਿੰਦਰ ਦੇ ਚਹਿਰੇ ਦੀ ਗੰਭੀਰਤਾ ਭਾਂਪਦਿਆਂ ਨਿਹਾਲ ਏਨਾ ਸਮਝ ਗਿਆ ਸੀ ਕਿ ਜਿੰਦਰ ਚਾਹ ਲੈਣ ਨਹੀਂ ਆਇਆ।
“ਤਾਇਆ ਖੁਹ ‘ਚ ਢਿੱਗ ਡਿੱਗਪੀ ਮਿੱਟੀ ਦੀ ,ਭਾਪਾ ਤੇ ਚਾਚਾ ਖੂਹ ‘ਚ ਸੀ”
“ਓਏ ਤੇਰੀ ਨੂੰ ,ਸੌਂਹ ਪਾ, ਤੈਨੂੰ ਕੀਹਨੇ ਕਹਿਤਾ? ਝੂਠ ਤਾਂ ਨੀ ਮਾਰਦਾ ਕੰਜਰਾ”
ਭਮੱਤਰਿਆ ਨਿਹਾਲ ਸਿਹੁੰ ਜਿੰਦਰ ਨੂੰ ਕੀ ਕੀ ਪੁੱਛੀ ਗਿਆ ਇਹ ਨਿਹਾਲ ਸਿਹੁੰ ਨੂੰ ਖੁਦ ਵੀ ਪਤਾ ਨਾ ਲੱਗਾ
“ਮਾਰਤੇ ਮੇਰੇ ਸਾਲੇ ਨਾਜਰ ਕਿਆਂ ਨੇ, ਨਾ ਜ਼ਮੀਨ ਆਲਾ ਕੇਸ ਜਿੱਤਦੇ ਤੇ ਨਾਂ ਸਾਨੂੰ ਆਹ ਖੂਹ ਪੱਟਣਾ ਪੈਂਦਾ”
“ਹਾਏ ਓਏ ਰੱਬਾ………………… ਮੇਰੇ ਦੋ ਭਰਾ”
ਨਿਹਾਲ ਸਿਹੁੰ ਦੀ ਆਪਮੁਹਾਰੇ ਧਾਂਹ ਨਿਕਲਗੀ
“ਕੀ ਕਰਦੇ ਓਂ ਮਰਦ ਬਣੋਂ ਗੁਰਦੁਆਰੇ ਹੋਕਾ ਬੁਲਾਕੇ ਪਿੰਡ ਚੋਂ ਟ੍ਰੈਕਟਰ ‘ਕੱਠੇ ਕਰਕੇ ਕੋਈ ਹੀਲਾ ਕਰੋ..ਰੋਇਆਂ ਕੀ ਬਨਣਾ”
ਬਿਸ਼ਨ ਕੁਰ ਦੇ ਹੌਂਸਲੇ ਭਰੇ ਸ਼ਬਦ ਸੁਣਕੇ ਨਿਹਾਲ ਸਿਹੁੰ ਨੇ ਪਰਨੇ ਨਾਲ ਅੱਖਾਂ ਪੂੰਝਦਿਆਂ ਬਾਪੂ ਵੱਲ ਵੇਖਿਆ, ਪਰ ਬਾਪੂ ਜੀ ਪਹਿਲਾਂ ਈ ਜਾ ਚੁੱਕੇ ਸੀ ਪਰ ਜੁੱਤੀ ਮੰਜੇ ਕੋਲ ਈ ਪਈ ਸੀ।
“ਅੱਜ ਤਾਂ ਬਾਹਲੇ ਲੋਕ ਮੇਲੇ ਗਏ ਆ ਟ੍ਰੈਕਟਰ ਲੈਕੇ,ਮਾੜੇ ਟੈਮ ਨੂੰ ਸਾਲਾ ਮੇਲਾ ਵੀ ਅੱਜ ਈ ਹੋਣਾ ਸੀ”
ਗੁਆਂਢ ਖੇਤ ਦਾ ਪ੍ਰਜਾਪਤਾਂ ਦੇ ਮੁੰਡੇ ਨੇ ਪਹਿਲਾਂ ਈ ਗੁਰੂ ਘਰ ਆਕੇ ਬਾਬੇ ਨੂੰ ਹੋਕਾ ਬੋਲਣ ਨੂੰ ਕਹਿਤਾ ਸੀ
“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ, ਸਮੂ੍ਹ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਭਾਈ ਆਪਣੇ ਪਿੰਡ ਦੀਆਂ ਟੇਲਾਂ ਤੇ ਗੁਰਮੁਖ ਪਿਆਰੇ ਨਿਹਾਲ ਸਿੰਘ ਕੇ ਖੇਤ ‘ਚ ਖੂਹ ਪੱਟਦਿਆਂ ਉਹਦੇ ਭਾਈ ਮਿੱਟੀ ਥੱਲੇ ਦੱਬੇ ਗਏ ਨੇ, ਸੋ ਭਾਈ ਆਪੋ ਆਪਣੇ ਟ੍ਰੈਕਟਰ ਕਰਾਹੇ ਲੈਕੇ ਪਹੁੰਚੋ ਤੇ ਮੁਸ਼ਕਿਲ ਸਮੇਂ ‘ਚ ਗੁਰਮੁੱਖ ਪਰਿਵਾਰ ਦੀ ਮਦਦ ਕਰੋ…ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਹੈ……………”
ਖੁਰਲੀਆਂ ‘ਚ ਪੱਠੇ ਪਾਉਦੇ ਕੰਮੀ, ਧਾਰਾਂ ਕੱਢਦੀਆਂ ਸੁਆਣੀਆਂ, ਗਲੀਆਂ ‘ਚ ਖੇਡਦੇ ਨਿਆਣੇ ਸਭ ਸੈਂ ਹੋ ਗਏ ਸੀ।
ਜਿਵੇਂ ਸਾਰੇ ਪਿੰਡ ਨੇ ਸਾਹ ਲੈਣਾ ਬੰਦ ਕਰਤਾ ਹੋਵੇ।
ਇਹ ਨਿਹਾਲ ਸਿਹੁੰ ਦੇ ਪਰਿਵਾਰ ਦੀ ਪਿੰਡ ਦੀ ਬਹੁਤ ਇੱਜ਼ਤ ਹੋਣ ਕਰਕੇ ਸੀ ਜਾਂ ਲੋਕਾਂ ‘ਚ ਹਮਦਰਦੀ ਦੀ ਕੋਈ ਕਣੀ ਬਾਕੀ ਹੋਣ ਕਰਕੇ
ਨਿਹਾਲ ਸਿਹੁੰ ਤੇ ਨਾਜ਼ਰ ਸ਼ਰੀਕੇ ‘ਚ ਭਰਾ ਸੀ। ਨਿਹਾਲ ਸਿਹੁੰ ਕਾ ਨਾਜਰ ਕਿਆਂ ਨਾਲ ਜ਼ਮੀਨ ਦਾ ਪੁਰਾਣਾ ਕੇਸ ਸੀ । ਜਿਹੜਾ ਪਿਛਲੇ ਦਿਨੀਂ ਨਾਜਰ ਕਿਆਂ ਨੇ ਜਿੱਤ ਲਿਆ ਸੀ ਤੇ ਪੁਰਾਣਾ ਖੂਹ ਨਾਜਰ ਕੇ ਹਿੱਸੇ ਆ ਗਿਆ ਸੀ ਤਾਂ ਕਰਕੇ ਨਿਹਾਲੇ ਕਿਆਂ ਨੂੰ ਨਵਾਂ ਖੂਹ ਪੱਟਣਾ ਪਿਆ ਨਵੀਂ ਮੋਟਰ ਲਾਉਣ ਲਈ।
“ਛੋਟੂ ਚੁੱਪ ਕਰ ਹੋਕਾ ਸੁਣ ਲੈਣਦੇ ਬਾਬੇ ਦਾ”
ਨਾਜਰ ਨੇ ਨਿਆਣੇ ਨੂੰ ਟੋਕਦਿਆਂ ਹੋਕਾ ਸੁਨਣ ਵੱਲ ਕੰਨ ਕੀਤਾ
“ਬਾਪੂ ਆਹ ਤਾਂ ਚੰਗਾ ਹੋਇਆ, ਭੈਣਦੇਣਾ ਜਿੰਦਰ ਕਚਹਿਰੀ ‘ਚ ਬਾਹਲਾ ਤੀਂਘੜਦਾ ਸੀ ਤੇਰੇ ਨਾਲ,
ਅਖੇ ਜ਼ਮੀਨ ਆਲਾ ਕੇਸ ਤਾਂ ਅਸੀਂ ਜਿੱਤਾਂਗੇ, ਹੁਣ ਸਾਲੇ ਕੇਸ ਵੀ ਹਾਰਗੇ ਬਾਕੀ ਰਹਿੰਦੇ ਖੂੰਹਦੇ ਮਿੱਟੀ ਥੱਲੇ ਆਗੇ”
ਕੈੜੇ ਬੋਲ ਸੁਣ ਨਾਜਰ ਨੇ ਆਵਦੇ ਮੁੰਡੇ ਵੱਲ ਗੁੱਸੇ ਜੇ ਨਾਲ ਵੇਖਿਆ
ਨਾਜਰ ਦਾ ਮੁੰਡਾ ਜਿੰਦਰ ਦਾ ਹਾਣੀ ਵੀ ਸੀ ਜਮਾਤੀ ਵੀ । ਕੋਰਟਾਂ ਕੇਸਾਂ ਦੇ ਚੱਕਰਾਂ ਕਰਕੇ ਨਾਜਰ ਦੇ ਮੁੰਡੇ ਦੀ ਜਿੰਦਰ ਨਾਲ ਸਕੂਲ ‘ਚ ਵੀ ਖੜਕਦੀ ਸੀ
“ਤੁਸੀਂ ਕਿਓਂ ਮਨ ਭੈੜਾ ਕਰਦੇ ਓਂ ਜੀ, ਬੰਦੇ ਦੱਬੇ ਗਏ ਤਾਂ ਉਹਨ੍ਹਾਂ ਦੇ , ਮੁਸੀਬਤ ਬਣੀ ਤਾਂ ਉਹਨ੍ਹਾਂ ਤੇ ਬਣੀ, ਤੁਸੀ ਚਾਹ ਪੀਓ”
ਬਾਟੀ ‘ਚ ਚਾਹ ਦਿੰਦਿਆਂ ਨਾਜਰ ਦੀ ਪਤਨੀ ਨੇ ਨਾਜਰ ਨੂੰ ਕਿਹਾ
“ਨਹੀਂ ਹੈ ਤਾਂ ਆਪਣੇ ਈ ਆ ਨਿਹਾਲੇ ਕੀ ਵੀ , ਆਹ ਜ਼ਮੀਨ ਜੀ ਕਰਕੇ ਬੋਲ ਬੁਲਾਰਾ ਜਾ ਹੋ ਗਿਆ ਸੀ
ਜ਼ਮੀਨ ਕਿਹੜਾ ਸਾਲੀ ਨਾਲ ਜਾਣੀ ਆ , ਜਿੰਦਰ ਦਾ ਪਿਓ ਤਾਂ ਮੇਰਾ ਯਾਰ ਵੀ ਸੀ ਤੇ ਭਰਾ ਵੀ”।
ਨਾਜਰ ਦਾ ਮਨ ਪਿਘਲ ਗਿਆ ਸੀ
“ਅੱਜ ਤਾਂ ਬਹੁਤੇ ਟ੍ਰੈਕਟਰ ਵੀ ਮੇਲੇ ਗਏ ਆ ਲੋਕਾਂ ਦੇ ..ਪਤਾ ਨੀ ਕੀ ਬਣੂਗਾ ?”
“ਵਾਹ ਓਏ ਬਾਪੂ ਕੋਰਟ ਕਚਿਹਰੀਆਂ ‘ਚ ਕੇਸ ਕੂਸ ਲੜਕੇ ਹੁਣ ਤੇਨੂੰ ਮੋਹ ਆ ਗਿਆ ਉਹਨ੍ਹਾਂ ਦਾ”
ਮਾਂ ਦੀ ਸ਼ਹਿ ਮਿਲਦਿਆਂ ਵੇਖ ਬਿਸ਼ਨੇ ਦਾ ਮੁੰਡਾ ਹੋਰ ਵੀ ਉੱਚੀ ਬੋਲ ਰਿਹਾ ਸੀ।
“ਤੂੰ ਮੇਰਿਆ ਸਾਲਿਆ ਮਰਾਸੀਆ ਜਿਆ ਡੋਡੇ ਲੈਣੇ ਆ ਮੇਰੇ ਕੰਮ ਤੋਂ”
ਹੁਣ ਨਾਜਰ ਦੀਆਂ ਅੱਖਾਂ ਵੀ ਨਮ ਹੋ ਗਈਆਂ ਸੀ।
“ਬਾਪੂਆ ਤੈਨੂੰ ਬਾਹਲਾ ਮੋਹ ਆਉਦਾਂ ਨਿਹਾਲੇ ਕਾ, ਅਣਖ ਓਣਖ ਮਰਗੀ ਤੇਰੀ”
ਨਾਜਰ ਦਾ ਮੁੰਡਾ ਬਾਹਾਂ ਕੱਢ ਕੱਢ ਬੋਲ ਰਿਹਾ ਸੀ।
ਬਰਾਂਡੇ ‘ਚ ਕਿੱਲੀ ਤੇ ਟੰਗੀ ਟ੍ਰੈਕਟਰ ਦੀ ਚਾਬੀ ਲਾਹ ਕੇ ਟ੍ਰੈਕਟਰ ਵੱਲ ਜਾਂਦਿਆ ਨਾਜਰ ਬੋਲਿਆ
“ਭੈਣ ਗੜ੍ਹਾਵੇ ਏਹੋ ਜੀ ਅਣਖ”
ਤੇ ਨਾਜਰ ਨੇ ਸੀਟ ਤੇ ਬਹਿੰਦਿਆ ਫੋਰਡ ਦਾ ਸੈਲਫ ਮਾਰਿਆ।
ਬਰਾਂਡੇ ‘ਚ ਖਲੋਤੇ ਬਿਸ਼ਨੇ ਦਾ ਮੁੰਡਾ ਤੇ ਉਹਦੀ ਘਰਵਾਲੀ ਫੋਰਡ ਦੇ ਸਲੈਂਸਰ ਦਾ ਓਡਦਾ ਧੂੰਆਂ ਵੇਖ ਰਹੇ ਸੀ………….:bony
 
Top