ਅਟੁੱਟ ਦੋਸਤੀ

Mandeep Kaur Guraya

MAIN JATTI PUNJAB DI ..
ਇਕ ਵਾਰ ਦੀ ਗੱਲ ਹੈ, ਇਕ ਗਲੀ ਵਿੱਚ ਘੁਮੰਡ ਰਹਿੰਦਾ ਸੀ ਅਤੇ ਉਸ ਗਲੀ ਦੇ ਦੂਸਰੇ ਪਾਸੇ ਮੂਰਖਤਾ ਰਹਿੰਦੀ ਸੀ। ਉਹ ਦੋਵੇਂ ਬਿਲਕੁਲ ਵੱਖਰੇ ਸੁਭਾਅ ਦੇ ਹੁੰਦੇ ਹੋਏ ਵੀ ਬਹੁਤ ਚੰਗੇ ਦੋਸਤ ਸਨ।
ਇਕ ਦਿਨ ਮੂਰਖਤਾ ਘੁਮੰਡ ਕੋਲ ਭੱਜੀ-ਭੱਜੀ ਆਈ ਅਤੇ ਕਹਿਣ ਲੱਗੀ, ‘‘ਅੱਜ ਮੈਂ ਬਹੁਤ ਖੁਸ਼ ਹਾਂ। ਤੈਨੂੰ ਤਾਂ ਪਤਾ ਹੀ ਹੈ ਕਿ ਕਿੰਨੇ ਦਿਨਾਂ ਤੋਂ ਮੇਰਾ ਛੱਪਰ ਚੋਂਦਾ ਸੀ ਅਤੇ ਡੰਗਰ ਵੀ ਬਿਮਾਰ ਸਨ। ਕੱਲ੍ਹ ਛੱਤ ਵੀ ਡਿੱਗ ਗਈ ਅਤੇ ਡੰਗਰ ਵੀ ਮਰ ਗਏ। ਮੈਂ ਦੋਹਾਂ ਮੁਸੀਬਤਾਂ ਤੋਂ ਬਚ ਗਈ।’’
‘‘ਅੱਛਾ?’’ ਘੁਮੰਡ ਨੇ ਕਿਹਾ।
‘‘ਮੈਂ ਇਸ ਘਟਨਾ ਦਾ ਜਸ਼ਨ ਮਨਾਉਣਾ ਚਾਹੁੰਦੀ ਹਾਂ’’, ਮੂਰਖਤਾ ਨੇ ਇੱਛਾ ਜ਼ਾਹਿਰ ਕੀਤੀ, ‘‘ਅਤੇ ਮਹਿਮਾਨਾਂ ਨੂੰ ਵੀ ਬੁਲਾਉਣਾ ਚਾਹੁੰਦੀ ਹਾਂ। ਬੱਸ ਤੂੰ ਮੈਨੂੰ ਇਹ ਦੱਸ ਕਿ ਮੈਂ ਕਿਸ-ਕਿਸ ਨੂੰ ਬੁਲਾਵਾਂ।’’
‘‘ਤੂੰ ਸਭ ਨੂੰ ਬੁਲਾ ਲੈ। ਉਹ ਸਭ ਸੋਚਦੇ ਹਨ ਕਿ ਤੂੰ ਗਰੀਬ ਹੈਂ’’, ਘੁਮੰਡ ਨੇ ਸਲਾਹ ਦਿੱਤੀ। ‘‘ਪਰ ਇਹ ਤਾਂ ਬਹੁਤ ਜ਼ਿਆਦਾ ਹੋ ਜਾਣਗੇ’’, ਮੂਰਖਤਾ ਨੇ ਚਿੰਤਾ ਪ੍ਰਗਟਾਈ, ‘‘ਏਨੇ ਵੱਡੇ ਇਕੱਠ ਦੇ ਭੋਜਨ ਲਈ ਸਭ ਕੁਝ ਵੇਚਣਾ ਪੈਣਾ ਹੈ।’’
‘‘ਤੇ ਫਿਰ ਤੂੰ ਵੇਚ ਦੇ’’, ਘੁਮੰਡ ਨੇ ਅੱਗੋਂ ਕਿਹਾ, ‘‘ਉਹ ਵੀ ਤੈਨੂੰ ਕੀ ਜਾਨਣਗੇ।’’
ਮੂਰਖਤਾ ਨੇ ਆਪਣਾ ਸਾਰਾ ਸਾਮਾਨ ਵੇਚ ਦਿੱਤਾ ਅਤੇ ਸਭ ਨੂੰ ਬੁਲਾ ਲਿਆ। ਮਹਿਮਾਨਾਂ ਨੇ ਖੂਬ ਦਾਅਵਤ ਉਡਾਈ। ਜਦੋਂ ਸਾਰੇ ਮਹਿਮਾਨ ਚਲੇ ਗਏ ਤਾਂ ਮੂਰਖਤਾ ਖਾਲੀ ਘਰ ਵਿੱਚ ਇਕੱਲੀ ਰਹਿ ਗਈ।
ਪਰ ਇਹ ਸਭ ਵੇਖ ਕੇ ਘੁਮੰਡ ਨੂੰ ਬਹੁਤ ਬੁਰਾ ਲੱਗਿਆ ਅਤੇ ਉਸ ਨੇ ਕਿਹਾ,‘‘ਹੁਣ ਬੱਸ ਸਾਰੇ ਤੇਰੇ ਬਾਰੇ ਹੀ ਗੱਲਾਂ ਕਰਦੇ ਹਨ ਅਤੇ ਮੇਰੇ ਵੱਲ ਕਿਸੇ ਦਾ ਵੀ ਧਿਆਨ ਨਹੀਂ। ਮੈਨੂੰ ਕੁਝ-ਸਮਝ ਨਹੀਂ ਆਉਂਦਾ ਮੈੈਂ ਕੀ ਕਰਾਂ। ਕੀ ਤੂੰ ਮੈਨੂੰ ਕੋਈ ਸਲਾਹ ਦੇ ਸਕਦੀ ਹੈਂ?’’
‘‘ਤੂੰ ਆਪਣੇ ਘਰ ਨੂੰ ਅੱਗ ਲਗਾ ਦੇ’’ ਮੂਰਖਤਾ ਨੇ ਸਲਾਹ ਦਿੱਤੀ। ‘‘ਉਹ ਸਭ ਅੱਗ ਦੇਖ ਕੇ ਭੱਜੇ-ਭੱਜੇ ਆਉਣਗੇ।’’
ਅਤੇ ਘੁਮੰਡ ਨੇ ਇਹ ਹੀ ਕੀਤਾ। ਉਸ ਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ। ਲੋਕ ਭੱਜੇ-ਭੱਜੇ ਆਏ। ਉਹ ਘੁਮੰਡ ਵੱਲ ਇਸ਼ਾਰੇ ਕਰ ਕੇ ਗੱਲਾਂ ਕਰਨ ਲੱਗੇ।
ਇਹ ਘੁਮੰਡ ਲਈ ਕਾਫੀ ਸੀ। ਪਰ ਉਸ ਦੀ ਖੁਸ਼ੀ ਬਹੁਤ ਦੇਰ ਤਕ ਨਹੀਂ ਰਹੀ। ਉਸ ਦਾ ਘਰ ਸੜ ਕੇ ਸੁਆਹ ਹੋ ਗਿਆ। ਲੋਕ ਵਾਪਸ ਚਲੇ ਗਏ ਅਤੇ ਘੁਮੰਡ ਇਕੱਲਾ ਸੜਕ ਦੇ ਵਿਚਕਾਰ ਖੜ੍ਹਾ ਰਹਿ ਗਿਆ। ਉਹ ਕੁਝ ਦੇਰ ਤਕ ਸੁਆਹ ਦੇ ਢੇਰ ਕੋਲ ਖੜ੍ਹਾ ਰਿਹਾ ਅਤੇ ਫਿਰ ਮੂਰਖਤਾ ਕੋਲ ਚਲਾ ਗਿਆ।
‘‘ਕ੍ਰਿਪਾ ਕਰ ਕੇ ਮੈਨੂੰ ਆਪਣੇ ਕੋਲ ਰੱਖ ਲੈ। ਮੇਰੇ ਕੋਲ ਹੋਰ ਕੋਈ ਠਿਕਾਣਾ ਨਹੀਂ ਹੈ।’’
‘‘ਕੋਈ ਗੱਲ ਨਹੀਂ। ਤੂੰ ਆ ਕੇ ਮੇਰੇ ਨਾਲ ਰਹਿ ਲੈ’’, ਮੂਰਖਤਾ ਨੇ ਸੱਦਾ ਦਿੰਦੇ ਹੋਏ ਕਿਹਾ। ‘‘ਪਰ ਮਾਫ ਕਰੀਂ ਤੇਰੇ ਸਵਾਗਤ ਲਈ ਮੇਰੇ ਕੋਲ ਕੁਝ ਵੀ ਨਹੀਂ। ਘਰ ਬਿਲਕੁਲ ਖਾਲੀ ਹੈ, ਕੁਝ ਨਹੀਂ ਬਚਿਆ।’’
‘‘ਕੋਈ ਗੱਲ ਨਹੀਂ’’, ਘੁਮੰਡ ਅੱਗੋਂ ਬੋਲਿਆ, ‘‘ਜੇ ਖਾਲੀ ਹੈ ਤਾਂ ਖਾਲੀ ਹੀ ਸਹੀ। ਬਸ ਤੂੰ ਇਸ ਸਭ ਬਾਰੇ ਕਿਸੇ ਨੂੰ ਪਤਾ ਨਾ ਲੱਗਣ ਦੇਵੀਂ।’’
ਬਸ ਉਸ ਸਮੇਂ ਤੋਂ ਘੁਮੰਡ ਤੇ ਮੂਰਖਤਾ ਇਕੱਠੇ ਰਹਿ ਰਹੇ ਹਨ। ਉਹ ਇਕ ਦੂਸਰੇ ਤੋਂ ਬਿਨਾਂ ਇਕ ਵੀ ਕਦਮ ਨਹੀਂ ਪੁਟਦੇ। ਜਿੱਥੇ ਮੂਰਖਤਾ ਉੱਥੇ ਘੁਮੰਡ ਅਤੇ ਜਿੱਥੇ ਘੁਮੰਡ ਉੱਥੇ ਹੀ ਮੂਰਖਤਾ ਹੁੰਦੀ ਹੈ।

-ਗੁਨਰੀਤ ਕੌਰ

--------------------------------------------------------------
 
Top