ਗਰਮੀ ਦੀ ਰੁੱਤ ਦੌਰਾਨ ਆਰਾਮ ਕਰਨ ਲਈ ਬੋਹੜ ਦੇ ਦਰੱਖ&#2

ਗਰਮੀ ਦੀ ਰੁੱਤ ਦੌਰਾਨ ਆਰਾਮ ਕਰਨ ਲਈ ਬੋਹੜ ਦੇ ਦਰੱਖਤ ਥੱਲੇ ਪਿਆ ਵਿਅਕਤੀ ਬੋਹੜ ਦੇ ਫਲ ਨੂੰ ਵੇਖ ਕੇ ਰੱਬ ਨੂੰ ਕੋਸਣ
ਲੱਗਾ,'' ਬਈ ਇਹ ਤਾਂ ਸਰਾਸਰ ਬੇਇਨਸਾਫੀ ਹੈ ਇੰਨੇ ਵੱਡੇ ਦਰੱਖਤ ਦਾ ਫਲ ਇੰਨਾ ਛੋਟਾ ਅਤੇ
ਪੇਠੇ ਦੀ ਪਤਲੋ ਜਿਹੀ ਵੇਲ ਦਾ ਫਲ ਕਿੰਨਾ ਵੱਡਾ। ਕਹਿੰਦੇ ਨੇ ਇਹ ਸੋਚਾਂ-ਸੋਚਾਂ ਸੋਚਦਾ
ਉਹ ਸੌਂ ਗਿਆ, ਤੱਕ ਅਚਾਨਕ ਇਕ ਪੱਕਿਆ ਫਲ ਟਹਿਣੀ ਨਾਲੋਂ ਟੁੱਟ ਕੇ ਹੇਠਾਂ ਉਸਦੇ ਮੱਥੇ
ਵਿਚ ਆਣ ਵੱਜਿਆ, ਉਸ ਦੀ ਜਾਗ ਖੁੱਲ੍ਹੀ ਅਤੇ ਉਹ ਲੱਗਾ ਪ੍ਰਮਾਤਮਾ ਦੀ ਸਿਫਤ ਕਰਨ, ''ਬਈ
ਰੱਬ ਨੇ ਕੁਦਰਤ ਦੀ ਸ਼ੈਅ ਨੂੰ ਯੋਗ ਜਗ੍ਹਾ ਹੀ ਫਿੱਟ ਕੀਤੈ, ਜੇ ਕਿਤੇ ਮੇਰੇ ਸੋਚਣ ਵਾਂਗ
ਬੋਹੜ ਨੂੰ ਪੇਠੇ ਲੱਗਦੇ ਹੁੰਦੇ ਤਾਂ, ਰੋਜ਼ ਮੇਰੇ ਵਰਗੇ ਪਤਾ ਨੀਂ ਕਿੰਨਿਆਂ ਦਾ ਟੱਟੂ ਪਾਰ
ਬੋਲਿਆ ਹੁੰਦਾ।‘‘ ਵੈਸੇ ਦੋਸਤੋ ਕੁਦਰਤ ਬੜੀ ਕਮਾਲ ਦੀ ਚੀਜ਼ ਹੈ, ਕਈ ਅੰਗ ਪਸ਼ੂਆਂ ਅਤੇ
ਇਨਸਾਨਾਂ ਦੇ ਬੜੀ ਸੂਝ ਨਾਲ ਵੱਖਰੇ-ਵੱਖਰੇ ਰੱਖੇ ਹਨ। ਭਲਾ ਸੋਚ ਕੇ ਵੇਖੋ ਜੇ ਕਿਤੇ
ਇਨਸਾਨਾਂ ਦੇ ਸਿੰਗ ਹੁੰਦੇ ਤਾਂ ਧਰਤੀ ‘ਤੇ ਹਾਲਾਤ ਕੀ ਹੁੰਦੇ। ਪਸ਼ੂਆਂ ਤੋਂ ਕਿਤੇ ਵੱਧ
ਕਮਲੇ ਇਨਸਾਨਾਂ ਨੇ ਸਿੰਗੋ-ਸਿੰਗੀ ਹੋਏ ਰਹਿਣਾ ਸੀ।

ਬੱਚੇ ਦੇ ਜਨਮ ਸਮੇਂ ਹੋਰ ਮੁਹਾਂਦਰਾ ਨਿਹਾਰਦੀਆਂ ਔਰਤਾਂ ਨੇ ਸਿੰਗਾਂ ਬਾਰੇ ਕਹਿਣਾ ਸੀ ''
ਲੈ ਕੁੜੇ ਸਿੰਗ ਤਾਂ ਜਵਾਂ ਹੀ ਆਪਣੇ ਪਿਓ ਵਰਗੇ ਐ, ਮਾਂ ਵਰਗੇ ਨੇ ‘‘ ਵਗੈਰਾ-ਵਗੈਰਾ।
ਸਕੂਲ ਪੜ੍ਹਦੇ ਬੱਚਿਆਂ ਨੂੰ ਮਾਸਟਰਾਂ ਅਤੇ ਮੈਡਮਾਂ ਵਲੋਂ ਨਹੁੰਆਂ ਵਾਂਗ ਸਿੰਗ ਕੱਟ ਕੇ
ਸਾਫ-ਸੁਥਰੇ ਰੱਖਣ ਦੀ ਹਦਾਇਤ ਰੋਜ਼ ਪ੍ਰਾਰਥਨਾ ਸਮੇਂ ਹੋਇਆ ਕਰਨੀ ਸੀ। ਕਈਆਂ ਨੇ
ਰੋਂਦੇ-ਰੋਂਦੇ ਘਰੇ ਆ ਜਾਇਆ ਕਰਨਾ ਸੀ,'' ਮੰਮਾ ਮੈਨੂੰ ਮੈਡਮ ਨੇ ਕੁੱਟਿਆ, ਕਿਉਂਕਿ ਮੇਰੇ
ਸਿੰਗ ਕੱਟੇ ਹੋਏ ਨਹੀਂ ਸੀ ਜਾਂ ਸਾਫ ਨਹੀਂ ਸੀ।‘‘ ਨੌਕਰੀ ਖਾਸ ਕਰਕੇ ਹਥਿਆਰਬੰਦ
ਸੈਨਾਵਾਂ ਦੀ ਭਰਤੀ ਦੌਰਾਨ ਸਿੰਘਾਂ ਦੀ ਵੀ ਲੰਬਾਈ ਅਤੇ ਮੋਟਾਈ ਨਿਰਧਾਰਤ ਹੋ ਜਾਣੀ ਸੀ,
ਤਾਂ ਕਿ ਹਥਿਆਰ ਰਹਿਤ ਹੋਣ ‘ਤੇ ਦੁਸ਼ਮਣ ਦਾ ਮੁਕਾਬਲਾ ਸਿੰਗਾਂ ਨਾਲ ਹੀ ਕੀਤਾ ਜਾ ਸਕੇ।
ਮੁੰਡੇ-ਕੁੜੀ ਲਈ ਰਿ²ਸ਼ਤਾ ਲੱਭਣ ਲੱਗਿਆ ਵੀ ਸਿੰਗਾਂ ਦਾ ਵਰਣਨ ਵਿਸ਼ੇਸ਼ ਹੋ ਜਾਣਾ ਸੀ।
ਮਾਪਿਆਂ ਦੀ ਮੰਗ ਹੋਣੀ ਸੀ ਸਾਨੂੰ ਲੈਣ-ਦੇਣ ਦਾ ਕੋਈ ਨੀਂ ਬਸ ਕੁੜੀ ਦੇ ਸਿੰਗ ਸੋਹਣੇ ਹੋਣ
ਤਾਂ ਕਿ ਧੀ-ਪੁੱਤ ਵਿਹੜੇ ਫਿਰਦਾ ਸੋਹਣਾ ਲੱਗੇ। ਵਿਚੋਲੇ ਨੇ ਮੁੰਡੇ-ਕੁੜੀ ਦੀ ਸਿਫਤ
ਕਰਦਿਆਂ ਕਿਹਾ ਕਰਨਾ ਸੀ,''ਲੈ ਬਈ ਹਿੰਮਤ ਸਿੰਆਂ ਮੁੰਡੇ ਦੇ ਸਿੰਗ ਵੇਖ ਕੇ ਰੂਹ ਖੁਸ਼
ਹੁੰਦੀ ਹੈ। ਲੈ ਮਹਿੰਦਰ ਕੌਰੇ ਨਾਂਹ ਨਾ ਕਰੀਂ ਕੁੜੀ ਦੇ ਸਿੰਗਾਂ ਵੱਲ ਵੇਖ ਦਾਜ ਦਾ
ਬਹੁਤਾ ਲਾਲਚ ਨਾ ਕਰ।‘‘

ਆਸ਼ਕਾਂ ਨੇ ਵੀ ਅੱਖਾਂ, ਪਤਲੇ ਨੱਕ, ਚਿੱਟੇ ਦੰਦਾਂ ਆਦਿ ਵਾਂਗ ਸਿੰਗਾਂ ‘ਤੇ ਫਿਦਾ ਹੋ ਜਿਆ
ਕਰਨਾ ਸੀ ਫਿਰ ਸਰਦੂਲ ਸਿਕੰਦਰ ਨੇ ਕਹਿਣਾ ਸੀ ''ਨੀਂ ਮਿੱਤਰਾ ਨੂੰ ਮਾਰ ਗਏ ਤੇਰੇ ਸੋਹਣੇ
ਸਿੰਗ।‘‘ ਕੁੜੀਆਂ-ਮੁੰਡਿਆਂ ਨੇ ਵੀ ਸਿੰਗਾਂ ਲਈ ਉਪਲੱਬਧ ਹੋ ਜਾਣੇ ਸਨ। ਮੁੰਡਿਆਂ ਨੂੰ
ਤਾੜਨ ਲਈ ਕੁੜੀਆਂ ਨੇ ਕਿਹਾ ਕਰਨਾ ਸੀ '' ਐਰੀ ਗੈਰੀ ਨਾ ਸਮਝੀਂ ਮੈਨੂੰ ਮੈਂ ਤਾਂ ਸਿੰਗ
ਤੋੜ ਕੇ ਰੱਖ ਦੂੰ।‘‘ ਫਿਰ ਤਾਂ ਅੱਖਾਂ, ਕੰਨਾਂ, ਨੱਕ ਆਦਿ ਵਾਂਗ ਸਿੰਗਾਂ ਦੇ ਵੀ ਮਾਹਿਰ
ਡਾਕਟਰ ਹੋਇਆ ਕਰਨੇ ਸੀ। ਅਮਰੀਕਾ ਵਾਲਿਆਂ ਨੇ ਸਿੰਗਾਂ ਦੀਆਂ ਬਿਮਾਰੀਆਂ ਦੇ ਇਲਾਜ ਲੱਭ
ਲੈਣੇ ਸਨ ਅਤੇ ਆਪਣੇ ਵਾਲਿਆਂ ਨੇ ਨਕਲ ਮਾਰ ਲੈਣੀ ਸੀ। ਲੋਕਾਂ ਦੀ ਮੰਗ ਹੋਇਆ ਕਰਨੀ ਸੀ ਕਿ
ਸਿਵਲ ਹਸਪਤਾਲ ਬਰਨਾਲਾ ਵਿਚ ਸਿੰਗਾਂ ਦੇ ਡਾਕਟਰ ਦੀ ਲੰਬੇ ਸਮੇਂ ਤੋਂ ਖਾਲੀ ਪਈ ਅਸਾਮੀ
ਤੁਰੰਤ ਪੁਰ ਕੀਤੀ ਜਾਵੇ। ਵਿਆਹ ਦੇ ਮੈਟਰੀਮੋਨੀਅਲਜ਼ ਵਿਚ ਸਿੰਗਾਂ ਦੇ ਬਾਰੇ ਵੀ ਰੰਗ,ਕੱਦ
ਵਾਂਗ ਵਰਣਨ ਹੋਇਆ ਕਰਨਾ ਸੀ। ਸੱਸ-ਨੂੰਹ ਦੀ ਲੜਾਈ ਦਾ ਨਜ਼ਾਰਾ ਵੀ ਬਦਲ ਜਾਣਾ ਸੀ। ਉਨ੍ਹਾਂ
ਮੇਹਣੋ-ਮੇਹਣੀ ਹੁੰਦਿਆਂ ਕਿਹਾ ਕਰਨਾ ਸੀ, ''ਰੰਨ ਮੇਰੇ ਪਿਓ ਦੀ ਭੈੜੇ ਸਿੰਗਾਂ ਆਲੀ,
ਆਉਣ ਦੇ ਮੇਰੇ ਪੁੱਤ ਜਾਂ ਘਰਵਾਲੇ ਨੂੰ ਤੁੜਵਾਊਂ ਤੇਰੇ ਸਿੰਗ।‘‘

ਜੇ ਕਿਤੇ ਆਪਸ ਵਿਚ ਸਿੰਗੋ-ਸਿੰਗੀ ਹੋ ਬੈਠਦੀਆਂ ਤਾਂ ਘਰ ਆਏ ਮਰਦਾਂ ਨੂੰ ਸ਼ਿਕਾਇਤ ਲਾਇਆ
ਕਰਨੀ ਸੀ, ''ਲੈ ਵੇਖ ਲੈ ਮੈਨੂੰ ਆਝੀ ਕਰ ਤਾਂ ਸਿੰਗ ਤੋੜੇ ਤੇ ਮੇਰੇ ਤਾਂ।‘‘ਮਰਦਾਂ ਦੀ
ਲੜਾਈ ਵੇਲੇ ਵੀ ਸਿੰਗਾਂ ਦਾ ਵਰਨਣ ਖੂਬ ਹੋਣਾ ਸੀ,'' ਸਾਲੇ ਦੇ ਸਿੰਗ ਭੰਨ ਦੂੰ ਮੈਂ ਤਾਂ
ਵੱਡੇ ਬਦਮਾਸ਼ ਦੇ।‘‘ ਅਖਬਾਰਾਂ ਵਿਚ ਵੀ ਸਿੰਗਾਂ ਨਾਲ ਸਬੰਧਤ ਕਿੰਨੀਆਂ ਹੀ ਖਬਰਾਂ ਛਪਿਆ
ਕਰਨੀਆਂ ਸੀ। ਕੱਲਯੁਗੀ ਪੁੱਤ ਨੇ ਪਿਓ ਦੇ ਦੋਵੇਂ ਸਿੰਗ ਤੋੜੇ। ਨਕਲੀ ਸਿੰਗ ਲਾਉਣ ਦਾ ਫਰੀ
ਕੈਂਪ ਅਗਲੇ ਐਤਵਾਰ ਨੂੰ ਪਿੰਡ ਖੁੱਡੀ ਕਲਾਂ ‘ਚ ਲੱਗੇਗਾ।

ਸਿੰਗਾਂ ਦੇ ਨਾਲ ਸੰਬੰਧਤ ਅਨੇਕਾਂ ਮੁਹਾਵਰੇ ਅਤੇ ਅਖਾਣ ਪ੍ਰਚੱਲਿਤ ਹੋ ਜਾਣੇ ਸਨ। ਸਭ ਤੋਂ
ਵੱਖਰਾ ਨਜ਼ਾਰਾ ਹੋਣਾ ਸੀ ਸਿਆਸਤ ਦਾ। ਅਸੈਂਬਲੀ ‘ਚ ਲੜਨ ਵਾਲੇ ਸਾਡੇ ਪ੍ਰਤੀਨਿੱਧੀਆਂ ਨੇ
ਵਿਰੋਧੀਆਂ ਨੂੰ ਸਿੰਗ ਮਾਰ-ਮਾਰ ਕੇ ਮਾਰਨ ਵਰਗੇ ਕਰ ਦਿਆ ਕਰਨਾ ਸੀ। ਫਿਰ ਕੈਪਟਨ ਤੇ ਬਾਦਲ
ਨੇ ਇਕ ਦੂਜੇ ਨੂੰ ਹਰਾਉਣ ਲਈ ਕਹਿਣਾ ਸੀ, ''ਲੈ ਬਈ ਭੈਣੋ ਤੇ ਭਰਾਵੋ ਹੁਣ ਵੇਲਾ ਆ ਗਿਆ
ਆਪਾਂ ਇਨ੍ਹਾਂ ਲੋਕ ਵਿਰੋਧੀਆਂ ਦੇ ਸਿੰਗ ਤੋੜ ਦੇਈਏ।‘‘ ਵੱਖ-ਵੱਖ ਮੌਕਿਆਂ ‘ਤੇ
ਡਾਂਗੋ-ਡਾਂਗੀ ਹੋਏ ਅਕਾਲੀਆਂ ਨੇ ਜ਼ਰੂਰ ਇਕ ਦੂਜੇ ਦੇ ਸਿੰਗ ਤੋੜ ਦੇਣ ਸਨ। ਰਾਜਸੀ
ਨੇਤਾਵਾਂ ਅਤੇ ਅਮੀਰ ਲੋਕਾਂ ਨੇ ਸਿੰਗਾਂ ਦੇ ਇਲਾਜ ਲਈ ਜਾਂ ਫਿਰ ਸਾਬਕਾ ਪ੍ਰਧਾਨੀ ਮੰਤਰੀ
ਸ੍ਰੀ ਵਾਜਪਈ ਵਾਂਗ ਸਿੰਗ ਬਦਲਵਾਉਣ ਅਮਰੀਕਾ ਹੀ ਜਾਇਆ ਕਰਨਾ ਸੀ। ਗੱਲ ਕੀ ਫੇਰ ਤਾਂ
ਗੱਲਾਂ ਹੋਰ ਹੀ ਹੋਣੀਆਂ ਸੀ। ਸਭ ਨੇ ਆਪੋ-ਆਪਣੇ ਸਿੰਗ ਤਿੱਖੇ ਕਰੀ ਰੱਖਣੇ ਸਨ ਸੀ
ਇਕ-ਦੂਜੇ ਨੂੰ ਮਿਟਾਉਣ ਲਈ, ਉਹ ਤਾਂ ਸ਼ੁੱਕਰ ਹੈ ਰੱਬ ਦਾ ਜਿਸਨੇ ਬੋਹੜ ਨੂੰ ਪੇਠਾ ਨਾ
ਲਗਵਾਉਣ ਵਾਂਗ ਬੰਦਿਆਂ ਨੂੰ ਸਿੰਗ ਹੀ ਨਹੀਂ ਲਾਏ।
 
Top