ਰੁਲਦੀਆਂ ਧੀਆਂ, ਭੈਣਾਂ, ਪੱਗਾਂ!

ਆਪਣੇ ਇਕ ਜਾਣੂ ਦੇ ਪਿੰਡ ਗਿਆ ਹੋਇਆ ਸਾਂ। ਸ਼ਾਮ ਨੂੰ ਚਾਹ ਪੀਣ ਵੇਲੇ ਸਾਰਾ ਪਰਿਵਾਰ ਜੁੜਿਆ ਬੈਠਾ ਸੀ ਕਿ ਪਿੰਡ ਦੀ ਇਕ ਗੁੱਠ 'ਚੋਂ ਲਾਊਡ-ਸਪੀਕਰ ਵੱਜਣ ਦੀ ਆਵਾਜ਼ ਆਈ। ਮੇਰਾ ਦੋਸਤ, ਜੋ ਕਿ ਆਪਣੇ ਕੰਮ-ਧੰਦੇ ਕਾਰਨ ਬਹੁਤਾ ਪਿੰਡੋਂ ਬਾਹਰ ਹੀ ਰਹਿੰਦਾ ਹੈ, ਘਰ ਦਿਆਂ ਨੂੰ ਪੁੱਛਣ ਲੱਗਾ ਕਿ ਅਹਿ ਸਪੀਕਰ ਕਿਨ੍ਹਾਂ ਦੇ ਵੱਜ ਰਿਹਾ ਹੈ? ਬਜ਼ੁਰਗ ਕਹਿੰਦਾ, "ਬਾਈਕਾਟੀਆਂ ਨੇ ਕੁੜੀ ਦਾ ਵਿਆਹ ਧਰਿਆ ਹੋਇਐ।'' ਮਿੱਤਰ ਦੇ ਬਾਪ ਮੂੰਹੋਂ 'ਬਾਈਕਾਟੀਆਂ' ਦਾ ਸ਼ਬਦ ਸੁਣ ਕੇ ਮੇਰਾ ਮੱਥਾ ਠਣਕਿਆ- 'ਸਿਆਲਕੋਟੀਏ, ਅੰਬਰਸਰੀਏ, ਵਲੈਤੀਏ, ਬਾਰੀਏ ਵਗੈਰ ਵਗੈਰਾ ਜਾਂ ਫਿਰ ਜਾਤਾਂ-ਗੋਤਾਂ ਨਾਲ ਜੁੜੀਆਂ ਹੋਈਆਂ 'ਅੱਲਾਂ' ਤਾਂ ਪਿੰਡਾਂ ਵਿਚ ਬਹੁਤ ਸੁਣੀਆਂ ਹਨ ਪਰ ਸਿਰੇ ਦੀ ਕੁਰੱਖਤ ਅਤੇ ਬੇਇਜ਼ਤੀ ਭਰੀ ਅੱਲ 'ਬਾਈਕਾਟੀਏ' ਪਹਿਲੀ ਵਾਰੀ ਹੀ ਸੁਣੀ ਹੈ? ਆਦਤ ਮੂਜਬ ਮੈਂ ਇਸ ਬੇਰਹਿਮ ਜਿਹੀ ਅੱਲ ਦਾ ਅੱਗਾ-ਪਿੱਛਾ, ਬਾਪੂ ਨੂੰ ਪੁੱਛ ਹੀ ਲਿਆ।
''ਕਾਕਾ, ਮਾੜੀ ਔਲਾਦ ਨਾ ਰੱਬ ਦੇਵੇ ਕਿਸੇ ਨੂੰ'' ਲੰਬਾ ਹਉਕਾ ਭਰ ਕੇ ਚਾਹ ਦਾ ਖਾਲੀ ਕੱਪ ਮੇਜ਼ 'ਤੇ ਰਖਦਿਆ ਬਜ਼ੁਰਗ ਨੇ ਬਾਈਕਾਟੀਆਂ ਦੀ ਜਿਹੜੀ ਕਹਾਣੀ ਸੁਣਾਈ, ਉਸ ਅਨੁਸਾਰ ਤਿੰਨ ਕੁ ਦਹਾਕੇ ਪਹਿਲਾਂ ਇਸ ਪਿੰਡ ਦੇ ਇਕ ਗੱਭਰੂ ਨੇ ਆਪਣੇ ਗੁਆਂਢੀਆਂ ਦੀ ਹਮ-ਉਮਰ ਕੁੜੀ ਨਾਲ ਕੋਈ ਅਵੈੜੀ ਜਿਹੀ ਹਰਕਤ ਕਰ ਦਿੱਤੀ। ਸਾਰੇ ਪਿੰਡ 'ਚ ਤਰਥੱਲੀ ਮੱਚ ਗਈ। ਆਮ ਵਾਂਗ ਮੁੰਡੇ ਦੇ ਘਰ ਵਾਲੇ ਆਪਣੇ ਪੁੱਤ ਨੂੰ ਬੇ-ਕਸੂਰ ਦੱਸਣ ਲੱਗੇ ਪਰ ਪਿੰਡ ਦੀ ਸੱਥ ਦੇ ਫੈਸਲੇ ਅਨੁਸਾਰ ਉਸ ਦਾ ਮੂੰਹ ਕਾਲਾ ਕਰਕੇ ਜੁਰਮਾਨਾ ਲਾਇਆ ਗਿਆ ਅਤੇ ਨਾਲ ਹੀ ਉਸ ਦੇ ਘਰ ਦਿਆਂ ਦਾ ਪੂਰੇ ਪਿੰਡ ਨੇ 'ਬਾਈਕਾਟ' ਕਰ ਦਿੱਤਾ ਕਿਉਂ ਜੋ ਉਨ੍ਹਾਂ ਨੇ ਗੁਨਾਹਗਾਰ ਮੁੰਡੇ ਦਾ ਪੱਖ ਪੂਰਿਆ ਸੀ। ਮੈਨੂੰ ਦੱਸਿਆ ਗਿਆ ਕਿ ਉਹ ਮੁੰਡਾ ਸ਼ਰਮ ਦਾ ਮਾਰਿਆ ਕਿਧਰੇ ਦੂਰ-ਦੁਰਾਡੇ ਚਲਾ ਗਿਆ। ਮੁੜ ਉਸ ਨੇ ਆਪਣੇ ਪਿੰਡ ਪੈਰ ਨਹੀਂ ਪਾਇਆ। ਪਿੰਡਵਾਸੀਆਂ ਨੇ ਕਈ ਵਰ੍ਹੇ ਉਸ ਟੱਬਰ ਦਾ ਮੁਕੰਮਲ ਬਾਈਕਾਟ ਕਰੀ ਰੱਖਿਆ। ਮੁੰਡੇ ਦੇ ਪਿੰਡ-ਬਦਰ ਹੋ ਜਾਣ ਤੋਂ ਕਈ ਦਹਾਕਿਆਂ ਬਾਅਦ ਪਿੰਡ ਵਾਲਿਆਂ ਨੇ ਉਨ੍ਹਾਂ ਨਾਲ ਮੇਲ-ਜੋਲ ਖੋਲ੍ਹ ਲਿਆ ਪ੍ਰੰਤੂ ਬਾਵਜੂਦ ਇਸ ਖੁੱਲ੍ਹੇ ਮੇਲ-ਜੋਲ ਦੇ 'ਬਾਈਕਾਟੀਆਂ' ਵਾਲੀ ਬਦਨਾਮ ਅੱਲ ਹਾਲੇ ਤੱਕ ਲਸੂੜੇ ਦੀ ਗਿਟਕ ਵਾਂਗ ਉਨ੍ਹਾਂ ਦੇ ਨਾਲ ਹੀ ਚਿੰਬੜੀ ਆ ਰਹੀ ਹੈ।
ਰੱਬ ਦਾ ਲਖ-ਲਖ ਸ਼ੁਕਰ ਕਿ ਉਦੋਂ ਅੱਜ ਵਾਂਗ ਪੱਤਰਕਾਰਾਂ ਦੀਆਂ ਫੌਜਾਂ ਕੱਛਾਂ 'ਚ ਕਾਪੀਆਂ ਲਈ ਆਲੇ ਦੁਆਲੇ ਖ਼ਬਰਾਂ ਸੁੰਘਦੀਆਂ ਨਹੀਂ ਸਨ ਫਿਰਦੀਆਂ ਹੁੰਦੀਆਂ। ਨਹੀਂ ਤਾਂ ਉਨ੍ਹਾਂ ਨੇ ਇਸ ਬੇ-ਹਯਾਈ ਦੀ ਘਟਨਾ ਨੂੰ ਸਨਸਨੀਖੇਜ਼ ਖਬਰ ਬਣਾ ਕੇ ਚਹੁੰ ਕੂੰਟਾਂ 'ਚ ਧੁਮਾ ਦੇਣਾ ਸੀ। ਇਹ ਵੀ ਗਨੀਮਤ ਸਮਝੀਏ ਕਿ ਉਦੋਂ 'ਅਗਾਂਹ-ਵਧੂ ਲੇਖਕਾਂ' ਦੀਆਂ ਕਲਮਾਂ ਥੋਕ ਦੇ ਭਾਅ ਨਹੀਂ ਸਨ ਚੱਲ ਰਹੀਆਂ। ਇਹ ਵੀ ਭਲਾ ਹੀ ਸਮਝੋ ਕਿ ਉਦੋਂ ਆਪਹੁਦਰੇ ਟੀ਼ਵੀ਼ ਚੈਨਲਾਂ ਦਾ ਹੜ੍ਹ ਨਹੀਂ ਸੀ ਆਇਆ ਹੋਇਆ। ਨਹੀਂ ਤਾਂ ਲਾਈਵ ਕਵਰੇਜ਼ ਕਰਨ ਵਾਲੀਆਂ ਟੀਮਾਂ ਨੇ ਲਕਵੇ ਦੇ ਮਾਰੇ ਹੋਏ ਕਿਸੇ ਲਾਚਾਰ ਮਰੀਜ਼ ਦੇ ਮੂੰਹ 'ਚ ਕੇਲਾ ਪਾਉਣ ਵਾਂਗ ਆਪੋ ਆਪਣੇ ਮਾਈਕ, ਬਦੋਬਦੀ ਉਸ ਮੁੰਡੇ-ਕੁੜੀ ਦੇ ਮੂੰਹਾਂ 'ਚ ਤੁੰਨ੍ਹੀ ਜਾਣੇ ਸਨ। ਉਨ੍ਹਾਂ ਮੂੰਹੋਂ ਨਿਸੰ਼ਗ ਗੱਲਾਂ ਅਖਵਾ-ਅਖਵਾ ਕੇ ਆਪੋ-ਆਪਣੀ 'ਲੋਕਪ੍ਰਿਅਤਾ' ਵਿਚ ਵਾਧਾ ਕਰੀ ਜਾਣਾ ਸੀ।
ਇਸ ਮੀਡੀਆ-ਕੋੜਮੇ ਨੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਪਿੰਡ ਦੇ ਇੱਜ਼ਤਦਾਰ ਬੰਦਿਆਂ ਦੀ ਸੱਥ ਨੂੰ 'ਖਾਪ ਪੰਚਾਇਤ' ਗਰਦਾਨਦਿਆਂ ਮਿੰਟ ਨਹੀਂ ਸੀ ਲਾਉਣਾ। ਪੇਂਡੂ ਵਿਰਸੇ ਦੀਆਂ ਰਵਾਇਤਾਂ ਪੈਂਦੀਆਂ ਢੱਠੇ ਖੂਹ ਵਿਚ, ਅਗਾਂਹਵਧੂ ਕਲਮਾਂ ਅਤੇ ਬੇ-ਮੁਹਾਰੇ ਬਿਜਲਈ ਮੀਡੀਏ ਨੇ ਇਸ ਮੁੰਡੇ-ਕੁੜੀ ਨੂੰ ਪ੍ਰੇਮੀ-ਜੋੜਾ ਬਣਾ ਕੇ ਹੀ ਦਮ ਲੈਣਾ ਸੀ। ਧਿੰਗੋ-ਜੋਰੀ ਉਨ੍ਹਾਂ ਨੂੰ ਹਾਈਕੋਰਟ ਵਲ ਤੋਰ ਕੇ ਕੋਰਟ-ਮੈਰਿਜ ਲਈ ਹੱਲਾ-ਸ਼ੇਰੀ ਦੇਣ ਲੱਗ ਪੈਣਾ ਸੀ। ਸੱਥ ਦੇ ਸਰਬਸੰਮਤੀ ਦੇ ਫੈਸਲਿਆਂ ਨੂੰ ਤੁਗਲਕੀ ਫੁਰਮਾਨ, ਤਾਲਿਬਾਨੀ ਫੈਸਲੇ ਅਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਲਕਬ ਬਖਸ਼ ਦੇਣੇ ਸਨ। ਧੰਨਤਾ ਯੋਗ ਹੈ ਪਿੰਡ ਦੀ ਸੱਥ, ਪ੍ਰਸ਼ੰਸਾ ਯੋਗ ਨੇ ਪਿੰਡਵਾਸੀ, ਜਿਨ੍ਹਾਂ ਪਿੰਡ ਪੱਧਰ 'ਤੇ ਮਸਲਾ ਨਜਿੱਠ ਲਿਆ। ਉਸ ਮੁੰਡੇ ਦੇ ਵੀ ਸਦਕੇ ਜਾਈਏ ਜਿਹੜਾ ਆਪਣੀ ਗਲੀ-ਗੁਆਂਢ ਦੀ ਧੀ-ਭੈਣ ਨਾਲ ਬਦਤਮੀਜ਼ੀ ਤਾਂ ਕਰ ਬੈਠਾ, ਪਰ ਇਸ ਦੀ ਸ਼ਰਮਿੰਦਗੀ ਮੰਨ ਕੇ ਪਿੰਡੋਂ ਸਦਾ ਲਈ ਕਿਨਾਰਾ ਕਰ ਗਿਆ।
ਬਜ਼ੁਰਗ ਲੋਕ ਅਕਸਰ ਕਿਹਾ ਕਰਦੇ ਨੇ ਕਿ ਅੱਗੇ ਨਾਲੋਂ ਪਿੱਛਾ ਹੀ ਭਲਾ। ਜਿਸ ਸਮਾਜ ਦੇ ਲੋਕੀਂ ਪਿੰਡ ਦੀਆਂ ਧੀਆਂ-ਭੈਣਾਂ ਸਭ ਇਕ ਬਰਾਬਰ, ਦੇ ਅਸੂਲ ਨੂੰ ਕਿਸੇ ਇਲਾਹੀ ਫੁਰਮਾਨ ਵਾਂਗ ਸਤਿਕਾਰਦੇ ਅਤੇ ਸਵੀਕਾਰਦੇ ਰਹੇ ਹੋਣ, ਜਿਸ ਅਣਖੀਲੀ ਧਰਤੀ 'ਤੇ ਮਹਾਨ ਰਹਿਬਰਾਂ ਨੇ 'ਦੇਖ ਪਰਾਈਆਂ ਚੰਗੀਆਂ ਧੀਆਂ ਭੈਣਾਂ ਮਾਵਾਂ ਜਾਣੈ' ਦਾ ਸਦਾਚਾਰਕ ਨਿਯਮ ਲੋਕਾਈ ਨੂੰ ਭਖਸ਼ਿਆ ਹੋਵੇ ਉਥੇ ਅਜੋਕੇ ਦੌਰ ਦੀ ਇਖਲਾਕੀ ਗਿਰਾਵਟ ਦੇਖ ਕੇ ਦਿਲਾਂ 'ਚੋਂ ਇਹੀ ਹੂਕ ਨਿਕਲਦੀ ਹੈ:
ਅੱਜ ਦੇ ਟੀ਼ਵੀ਼ ਕਲਚਰ ਨੇ ਹੈ,
ਹਰ ਇਕ ਰਿਸ਼ਤਾ ਮਿੱਟੀ ਕੀਤਾ।
ਧੀਆਂ ਪੁੱਤ ਹੁਣ ਸ਼ਰਮੋਂ ਸੱਖਣੇ,
ਹੁਣ ਉਹ ਬਾਬਲ ਧਰਮੀ ਕਿੱਥੇ?
ਇਨ੍ਹਾਂ ਸੋਚਾਂ ਦੀ ਤੰਦ-ਤਾਣੀ ਵਿਚ ਉਲਝਿਆ ਹੋਇਆ ਮੈਂ ਬਾਈਕਾਟੀਆਂ ਦੇ ਪਿੰਡੋਂ ਉਠ ਕੇ ਲਾਗਲੇ ਸ਼ਹਿਰ ਦੇ ਬੱਸ ਅੱਡੇ ਪਹੁੰਚਿਆ। ਜਿੱਥੋਂ ਬੱਸ ਲੈ ਕੇ ਮੈਂ ਵਾਪਸ ਆਪਣੇ ਪਿੰਡ ਪਹੁੰਚਣਾ ਸੀ। ਇਥੇ ਇਕ ਅਜ਼ਬ ਨਜ਼ਾਰਾ ਦੇਖਿਆ। ਪਿੰਡਾਂ ਵਲ ਜਾਣ ਵਾਲੀ ਇਕ ਮਿੰਨੀ ਬਸ ਤਿਆਰ ਖੜੀ ਸੀ। ਬੱਸ ਦੇ ਦੋਹੀਂ ਪਾਸੀਂ ਲਾਲ ਤੇ ਕਾਲੇ ਰੰਗਾਂ ਵਾਲੇ ਲਿਸ਼ਕਦੇ ਮੋਟਰਸਾਈਕਲਾਂ ਉਪਰ ਸਵਾਰ ਦੋ-ਦੋ, ਤਿੰਨ-ਤਿੰਨ ਨੌਜਵਾਨ ਖੜ੍ਹੇ ਸਨ। ਕਿਸੇ ਨੇ ਗਿੱਚੀ ਤੱਕ ਵਾਲ ਕੱਟ ਕੇ ਹਬਸ਼ੀਆਂ ਵਾਂਗ ਖਿਲਾਰੇ ਹੋਏ, ਕਿਸੇ ਨੇ ਅੰਗਰੇਜ਼ੀ ਦੇ ਡਬਲਯੂ ਅੱਖਰ ਦੀ ਸ਼ੇਪ ਵਾਂਗ ਮੱਥੇ 'ਤੇ ਵਾਲ ਕੱਟੇ ਹੋਏ ਅਤੇ ਗੱਲ੍ਹਾਂ ਉਪਰ ਦਾਹੜੀ ਇਵੇਂ ਸ਼ੇਵ ਕੀਤੀ ਹੋਈ ਜਿਵੇਂ ਕਤਾਰਾਂ ਵਿਚ ਕੀੜੀਆਂ ਦਾ ਭੌਣ ਤੁਰਿਆ ਜਾਂਦਾ ਹੋਵੇ! ਕੰਨਾਂ ਵਿਚ ਨੱਤੀਆਂ ਤਾਂ ਸਾਰਿਆਂ ਦੇ ਹੀ ਸਨ। ਮੋਬਾਈਲ ਫੋਨ ਵੀ ਤਕਰੀਬਨ ਹਰੇਕ ਦੇ ਹੀ ਹੱਥ 'ਚ ਸਨ। ਸ਼ਕਲਾਂ ਸਾਰਿਆਂ ਦੀਆਂ ਹੀ ਦਸ ਨੰਬਰੀਏ ਬਦਮਾਸ਼ਾਂ ਵਰਗੀਆਂ। ਇਨ੍ਹਾਂ ਦੇ ਮੋਟਰਸਾਈਕਲਾਂ ਦੇ ਭਿਆਨਕ ਆਵਾਜ਼ਾਂ ਵਾਲੇ ਸਾਈਲੈਂਸਰਾਂ 'ਤੋਂ ਨਿਕਲਦੀਆਂ ਕੰਨ ਪਾੜਵੀਆਂ ਆਵਾਜ਼ਾਂ ਨੇ ਦਹਿਸ਼ਤਜ਼ਦਾ ਮਾਹੌਲ ਬਣਾਇਆ ਹੋਇਆ ਸੀ। ਸਵਾਰੀਆਂ ਨਾਲ ਭਰੀ ਮਿੰਨੀ ਬੱਸ ਦੁਆਲੇ ਇਹ 'ਛੋਕਰ-ਵਾਧਾ' ਇੰਜ ਖੜ੍ਹਾ ਸੀ, ਜਿਵੇਂ ਖਤਰਨਾਕ ਤੇ ਖੂੰਖਾਰ ਕੈਦੀਆਂ ਦੀ ਬੱਸ ਦੁਆਲੇ ਸੀ਼ਆਰ਼ਪੀ਼ਐਫ਼ ਦੇ ਹਥਿਆਰਬੰਦ ਜਵਾਨ ਤਾਇਨਾਤ ਕੀਤੇ ਹੋਏ ਹੋਣ?
ਇਹੋ ਜਿਹੀਆਂ ਜਾਂਗਲੀ ਸ਼ਕਲਾਂ ਵਾਲੇ ਜਾਂ ਸ਼ੁੱਧ ਪੰਜਾਬੀ 'ਚ ਕਹਿ ਲਉ, ਬਾਂਦਰ ਬੂਥੀਆਂ ਵਾਲੇ ਕੁਝ ਮਨਚਲੇ ਬੱਸ ਵਿਚ ਵੀ ਚੜ੍ਹੇ ਹੋਏ ਸਨ। ਆਪੋ ਵਿਚੀਂ ਉਚੀ-ਉਚੀ, ਹਾ-ਹਾ, ਹੂ-ਹੂ ਕਰਦੇ ਹੋਏ ਇਹ ਸਾਰੇ ਜਣੇ, ਬੱਸ ਵਿਚ ਬੈਠੀਆਂ ਕੁੜੀਆਂ ਵਲ ਅੱਖਾਂ ਪਾੜ-ਪਾੜ ਇੰਜ ਦੇਖ ਰਹੇ ਸਨ ਜਿਵੇਂ ਕਈ ਦਿਨਾਂ ਦਾ ਭੁੱਖਾ ਬਘਿਆੜ ਆਪਣੇ ਸ਼ਿਕਾਰ ਨੂੰ ਤਾੜਦਾ ਹੁੰਦਾ ਹੈ। ਬੱਸ ਵਿਚ ਫੁੱਲ ਆਵਾਜ਼ ਨਾਲ ਚੱਲ ਰਹੀ ਫੂਹੜ ਜਿਹੇ ਗੀਤਾਂ ਦੀ ਟੇਪ ਨਾਲ ਕੁੜੀਆਂ ਦੀ ਉਹ ਹਾਲਤ ਬਣੀ ਹੋਈ ਸੀ ਅਖੇ, ਧੀ-ਧਨ ਬਾਹਰ ਜਾਵੇ ਤਾਂ ਕਾਂ ਪੈਂਦੇ ਹਨ, ਅੰਦਰ ਰਹੇ ਤਾਂ ਚੂਹੇ!
ਮੈਥੋਂ ਰਿਹਾ ਨਾ ਗਿਆ। ਥੋੜ੍ਹੀ ਦੂਰ ਹੀ, ਮੋਢੇ 'ਤੇ ਗੰਨ ਲਟਕਾਈ ਇਕ ਪੁਲਸੀਆ ਤੇ ਹੱਥ 'ਚ ਬੈਂਤ ਫੜੀ ਹੋਮਗਾਰਡੀਆ ਖੜ੍ਹੇ ਸਨ ਜੋ ਇਸ ਅੱਡੇ ਦੀ ਸੁਰੱਖਿਆ ਡਿਊਟੀ ਨਿਭਾ ਰਹੇ ਜਾਪਦੇ ਸਨ। ਉਨ੍ਹਾਂ ਦੇ ਕੋਲ ਜਾ ਕੇ ਬੱਸ ਦੁਆਲੇ ਹੋ ਰਹੀ ਕੰਜਰ-ਘਾਟ ਵਲ ਇਸ਼ਾਰਾ ਕਰਦਿਆਂ ਮੈਂ ਅਰਜ਼ ਕੀਤੀ ਕਿ ਜਨਾਬ ਤੁਸੀਂ ਇਨ੍ਹਾਂ ਮੁੰਡਿਆਂ ਨੂੰ ਦਬਕ ਨਹੀਂ ਸਕਦੇ? ਮੇਰਾ ਸਵਾਲ ਸੁਣ ਕੇ ਹੋਮਗਾਰਡੀਆ ਤਾਂ ਚੁੱਪ ਰਿਹਾ ਪਰ ਪੁਲੀਸ ਵਾਲਾ ਇਉਂ ਫਿੱਸ ਪਿਆ ਜਿਵੇਂ ਕਿਤੇ ਉਹ ਮੇਰਾ ਸਵਾਲ ਹੀ ਉਡੀਕ ਰਿਹਾ ਹੋਵੇ! ਮਿੰਨੀ ਬੱਸ ਦੁਆਲੇ ਮੱਛਰੇ ਫਿਰਦੇ ਮੁੰਡਿਆਂ ਵਲ ਦੇਖ ਕੇ ਦੰਦ ਕਰੀਚਦਿਆਂ ਉਹ ਕਹਿਣ ਲੱਗਾ:
"ਸਰਦਾਰ ਜੀ, ਕਰਨੇ ਨੂੰ ਅਸੀਂ ਸਭ ਕੁੱਝ ਕਰ ਸਕਦੇ ਹਾਂ। ਦਿਲ ਤਾਂ ਕਰਦੈ ਕਿ ਐ ਜਿਹੜੇ ਭੂੰਡ-ਆਸ਼ਕ ਬਣੀ ਫਿਰਦੇ ਐ, ਇਨ੍ਹਾਂ ਦੇ਼ ਉਪਰ ਮਾਰੀਏ ਚਾਰ ਚਾਰ ਛਿੱਤਰ। ਇਨ੍ਹਾਂ ਨੂੰ ਬਣਾਈਏ ਜ਼ਰਾ ਬੰਦੇ ਦੇ ਪੁੱਤ! ਤਾਂ ਕਿ ਇਹ ਅੱਗੇ ਵਾਸਤੇ ਅੱਡੇ ਵਲ ਨੂੰ ਮੂੰਹ ਵੀ ਨਾ ਕਰ ਸਕਣ!! ਪਰ ਕਰੀਏ ਕੀ? ਸਾਡਾ ਅਖ਼ਬਾਰਾਂ ਵਾਲਿਆਂ ਨੇ ਜੀਊਣਾ ਦੁੱਭਰ ਕੀਤਾ ਹੋਇਐ। ਇੱਟ ਚੁੱਕਿਆਂ ਹੁਣ ਪੱਤਰਕਾਰ ਮਿਲਦੇ ਐ। ਜੇ ਤਾਂ ਮੁੰਡੀਹਰ ਨੂੰ ਕੁਝ ਨਾ ਆਖੀਏ, ਫਿਰ ਤਾਂ ਸਾਨੂੰ ਭੰਡਦੇ ਐ ਕਿ ਪੁਲੀਸ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ। ਜੇ ਇਨ੍ਹਾਂ ਦੀ ਛਿੱਤਰ-ਪਰੇਡ ਕਰ ਦੇਈਏ ਫਿਰ ਇਨ੍ਹਾਂ ਪਤੰਦਰਾਂ ਦੀਆਂ ਪਿੱਠਾਂ ਨੰਗੀਆਂ ਕਰਵਾ ਕਰਵਾ ਕੇ ਅਖ਼ਬਾਰਾਂ 'ਚ ਫੋਟੋਆਂ ਛਪਵਾਉਣਗੇ। ਨਾਲੇ ਮੋਟੀਆਂ ਸੁਰਖੀਆਂ ਲਾਉਣਗੇ- 'ਆਪਣੀ ਭੈਣ ਨੂੰ ਬੱਸੇ ਚੜ੍ਹਾਉਣ ਆਏ ਇਕ ਨਿਰਦੋਸ਼ ਭਰਾ 'ਤੇ ਵਰ੍ਹਿਆ ਪੁਲੀਸ ਦਾ ਡੰਡਾ!' ਇਨ੍ਹਾਂ ਮੁਸ਼ਟੰਡਿਆਂ ਨੂੰ ਫਿਰ ਇਹ ਭੈਣ-ਭਰਾ ਬਣਾ ਧਰਦੇ ਨੇ। ਔਹ ਜਿਹੜੇ ਹਰਾਮ਼ ਠਰਕ ਭੋਰਦੇ ਫਿਰਦੇ ਐ, ਜੇ ਅਸੀਂ ਇਨ੍ਹਾਂ ਦੇ ਬੂਥੇ ਭੰਨ ਸੁੱਟੇ ਤਾਂ ਕੱਲ੍ਹ ਨੂੰ ਪੱਤਰਕਾਰ ਕੋੜਮੇ ਨੇ ਮਨੁੱਖੀ ਅਧਿਕਾਰਾਂ ਦਾ ਰੌਲਾ ਪਾ ਦੇਣੈ! ਰਹਿੰਦੀ ਕਸਰ ਐਮ਼ਐਲ਼ਏ਼ ਜਾਂ ਐਮ਼ਪੀਆਂ ਦੇ ਫੋਨ ਕੱਢ ਦਿੰਦੇ ਐ!਼ ਲੱਖ ਚਾਹੁੰਦਿਆਂ ਹੋਇਆਂ ਵੀ ਅਸੀਂ ਇਨ੍ਹਾਂ ਲਫੰਗਿਆਂ ਦੀ ਭੁਗਤ ਨਹੀਂ ਸਵਾਰ ਸਕਦੇ। ਇਸੇ ਕਰਕੇ ਇਹ ਮੁਸ਼ਟੰਡੇ ਭੂਤਰੇ ਫਿਰਦੇ ਐ ਹਰੇਕ ਪਾਸੇ!
ਪੁਲੀਸ ਵਾਲਿਆਂ ਦੀ 'ਮਜ਼ਬੂਰੀ' ਸੁਣਨ ਤੋਂ ਬਾਅਦ ਬੱਸ ਵਿਚ ਬੈਠੀਆਂ ਨੌਜਵਾਨ ਕੁੜੀਆਂ ਵਲ ਦੇਖ ਕੇ ਮੈਨੂੰ ਕਿਸੇ ਕਵੀ ਦੀਆਂ ਸਤਰਾਂ ਯਾਦ ਆ ਗਈਆਂ:
ਹੈ ਫਿਜ਼ਾ ਬੇ-ਆਬਰੂ,
ਏਥੇ ਨਜ਼ਰ ਨਾਪਾਕ ਹੈ
ਕੰਜਕੋ ਮਰ ਜਾਣੀਉਂ,
ਮੁਟਿਆਰ ਨਾ ਬਣਨਾ ਕਦੇ!
ਪੱਤਰਕਾਰ ਭਾਈਚਾਰੇ ਨਾਲ ਮਾੜਾ ਮੋਟਾ ਸਬੰਧ ਰਖਾਉਂਦਾ ਹੋਣ ਕਰਕੇ ਮੈਂ ਆਪਣੀ ਜੇਬ ਨਾਲ ਟੰਗੇ ਹੋਏ ਪੈਨ ਵਲ ਸ਼ਰਮਿੰਦਾ ਜਿਹਾ ਹੋ ਕੇ ਦੇਖਿਆ। ਨਿੰਮੋਝੂਣਾ ਜਿਹਾ ਹੋ ਕੇ ਸੋਚਿਆ, ਪੁਲੀਸਮੈਨ ਦਾ ਉਲਾਂਭਾ ਕਿਸੇ ਹੱਦ ਤੱਕ ਤਾਂ ਠੀਕ ਹੀ ਹੈ। ਖ਼ਬਰਾਂ ਬਣਾਉਣ ਵਾਲੇ ਪੱਤਰਕਾਰ ਭਰਾ ਇਹੋ ਕੁੱਝ ਕਰਦੇ ਹਨ।
ਭਾਵੇਂ ਕੋਈ ਤਿੰਨਾਂ ਨਿਆਣਿਆਂ ਦਾ ਬਾਪ ਗੁਆਂਢ 'ਚੋਂ ਕੁਆਰੀ ਕੁੜੀ ਭਜਾ ਕੇ ਲੈ ਜਾਏ, ਜਾਂ ਫਿਰ ਕੋਈ ਨਿਲੱਜਾ ਮੁੰਡਾ ਚਾਚੇ-ਮਾਸੀ ਦੀ ਕੁੜੀ ਉਧਾਲ ਲਵੇ, ਅਖ਼ਬਾਰਾਂ ਵਾਲੇ ਉਨ੍ਹਾਂ ਨੂੰ ਵੀ ਪ੍ਰੇਮੀ ਜੋੜੇ ਬਣਾ ਦਿੰਦੇ ਨੇ। ਪਾਕਿ-ਪਵਿੱਤਰ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲੇ ਲੁੱਚੇ-ਬਦਮਾਸ਼ਾਂ ਨੂੰ ਲਾਹਣਤਾਂ ਭਰੇ ਵਿਸ਼ੇਸ਼ਣ ਦੇਣ ਦੀ ਥਾਂ ਖ਼ਬਰਾਂ ਵਿਚ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ ਹੈ।
ਕੁਝ ਮਹੀਨੇ ਹੋਏ ਅੰਮ੍ਰਿਤਸਰ ਜ਼ਿਲ੍ਹੇ 'ਚ ਇਕ ਭੜੂਆ ਜੋ ਦੋ ਬੱਚਿਆਂ ਦਾ ਬਾਪ ਸੀ, ਰਿਸ਼ਤੇ ਵਿਚ ਧੀ ਲਗਦੀ (ਆਪਣੇ ਪੁੱਤ ਦੀ ਮਸੇਰ ਭੈਣ) ਪਲੱਸ-ਟੂ ਕਰ ਰਹੀ ਕੁਆਰੀ ਕੁੜੀ ਨੂੰ ਵਰਗਲਾ ਕੇ ਲੈ ਗਿਆ। ਨਾਂ ਅਤੇ ਸ਼ਕਲ ਬਦਲਾ ਕੇ ਉਹਦੇ ਨਾਲ ਕੋਰਟ ਮੈਰਿਜ ਵੀ ਕਰਵਾ ਲਈ। ਕੁੜੀ ਦੇ ਕਿਸਮਤਮਾਰੇ ਮਾਪਿਆਂ ਨੇ ਇਸ ਨਿਰਲੱਜਪੁਣੇ ਉਪਰ ਮਿੱਟੀ ਪਾਉਣ ਦੀ ਮਨਸ਼ਾ ਨਾਲ ਕੁੜੀ ਨੂੰ ਲੱਭ ਕੇ ਕਿੱਧਰੇ ਹੋਰ ਪਾਸੇ ਵਿਆਹ ਕੇ ਤੋਰ ਦਿੱਤਾ ਪਰ ਉਸ ਭੜੂਏ ਦੇ ਸਿਰ ਨੂੰ ਐਸਾ ਭੂਤ ਚਿੰਬੜਿਆ ਕਿ ਉਹ ਉਥੋਂ ਵੀ ਕੁੜੀ ਨੂੰ ਲੈ ਦੌੜਿਆ। ਆਖਰ ਕੁੜੀ ਇਕ ਪ੍ਰੀਖਿਆ ਕੇਂਦਰ ਵਿਚ ਰਹਿੰਦਾ ਪੇਪਰ ਦੇ ਕੇ ਬਾਹਰ ਆਈ। ਅੰਨ੍ਹੇ ਕਾਨੂੰਨ ਵਲੋਂ ਮਿਲੇ ਹੋਏ ਤਿੰਨ ਗੰਨਮੈਨਾਂ ਸਮੇਤ ਉਹ ਕੰਜਰ ਬਾਹਰ ਬੈਠਾ ਆਪਣੀ ਵਹੁਟੀ ਦੀ ਉਡੀਕ ਕਰ ਰਿਹਾ ਸੀ। ਜੋ ਨਹੀਂ ਸੀ ਹੋਣਾ ਚਾਹੀਦਾ, ਉਥੇ ਹੋ ਗਿਆ। ਕੁੜੀ ਦੇ ਦੁਖਿਆਰੇ ਮਾਪਿਆਂ ਨੇ ਦੋਹਾਂ ਨੂੰ ਦਾਖੂ ਦਾਣਾ ਦੇ ਦਿੱਤਾ। ਪੰਜਾਬੀ ਪ੍ਰੈਸ ਨੇ ਇਸ ਕੁਲਹਿਣੀ ਖ਼ਬਰ ਨੂੰ ਇਹੋ ਜਿਹੀਆਂ ਸੁਰਖੀਆਂ ਹੇਠ ਛਾਪਿਆ:
'ਪਿਆਰ ਹਾਰ ਗਿਆ!'- 'ਪ੍ਰੇਮੀ-ਜੋੜਾ ਦਰਿੰਦਗੀ ਦਾ ਸ਼ਿਕਾਰ!'
'ਇੱਜ਼ਤ ਖਾਤਿਰ ਮਾਪਿਆਂ ਨੇ ਕੀਤਾ ਧੀ-ਜਵਾਈ ਦਾ ਕਤਲ।'
ਓ ਦੇਖੋ ਯਾਰੋ ਲੋਹੜਾ ਆ ਜਾਏ! ਧੀ ਨੂੰ ਪਤਨੀ ਬਣਾਉਣ ਵਾਲਾ, ਦੋ ਨਿਆਣਿਆਂ ਦਾ ਬਾਪ ਵੀ ਪ੍ਰੇਮੀ? ਸਕੂਲ 'ਚ ਪੜ੍ਹਦੀ ਕੁੜੀ ਤੇ ਉਸ ਦੇ ਬਾਪ ਦੀ ਉਮਰ ਦਾ ਮਾਸੜ, ਪੱਤਰਕਾਰਾਂ ਦੀ ਨਜ਼ਰ ਵਿਚ ਇਹ ਵੀ ਪ੍ਰੇਮੀ ਜੋੜਾ ਬਣ ਗਿਆ! ਕੀ ਇਹੋ ਜਿਹੀਆਂ ਬੇਲੱਜ ਇਬਾਰਤਾਂ ਲਿਖਣ ਵਾਲੇ ਕਲਮਕਾਰਾਂ ਨੂੰ ਆਪਣੀਆਂ ਧੀਆਂ-ਭੈਣਾਂ ਨਹੀਂ ਯਾਦ ਆਉਂਦੀਆਂ? ਆਪਣੇ ਘਰ ਲੱਗੇ ਤਾਂ ਅੱਗ, ਦੂਜਿਆਂ ਦੇ ਘਰ ਬਸੰਤਰ ਦੇਵਤਾ ਵਾਲੀ ਕਹਾਵਤ ਵਾਂਗੂ, ਇਨ੍ਹਾਂ ਕਲਮੀ-ਯੋਧਿਆਂ ਨੂੰ ਹਰੇਕ ਕੁੜੀ 'ਹੀਰ' ਅਤੇ ਹਰੇਕ ਬੰਦਾ 'ਰਾਂਝਾ' ਹੀ ਕਿਉਂ ਦਿਖਾਈ ਦਿੰਦਾ ਹੈ? ਵਿਰਾਸਤੀ ਰਿਸ਼ਤਿਆਂ 'ਚ ਜ਼ਹਿਰਾਂ ਘੋਲਣ ਵਾਲੇ ਅਜਿਹੇ ਕਥਿਤ ਜੋੜਿਆਂ ਦੀ ਵਕਾਲਤ ਕਿਉਂ ਕਰਦੇ ਨੇ ਪੱਤਰਕਾਰ ਭਰਾ? ਚਰਿੱਤਰਘਾਤੀਆਂ ਦੇ ਕਸੀਦੇ ਕੱਢਣ ਵਾਲੇ ਕਾਲਮਨਵੀਸ, ਆਪਣੀ ਕਿਸੇ ਧੀ-ਭੈਣ ਦਾ 'ਹੀਰ' ਬਣਨਾ ਪਸੰਦ ਕਰਨਗੇ? ਅਖੇ,
ਆਪਣੀ ਧੀ ਪਰਦੇ ਅੰਦਰ ਕੈਦ ਕਰ
ਗਾ ਰਹੇ ਨੇ ਸੋਹਲੇ ਲੋਕੀਂ ਹੀਰ ਦੇ!
ਸੰਚਾਰ ਸਾਧਨਾਂ ਵਿਚ ਡੌਂਡੀ ਪਿੱਟ ਪਿੱਟ ਕੇ ਪਿੱਤਲ ਨੂੰ 'ਖਰਾ ਸੋਨਾ' ਬਣਾਉਣ ਵਾਲੇ ਇਸ ਜ਼ਮਾਨੇ ਵਿਚ ਪਿਆਰ, ਮੁਹੱਬਤ ਜਾਂ ਪ੍ਰੇਮ ਦੇ ਅਰਥ ਹੀ ਬਦਲ ਦਿੱਤੇ ਗਏ ਨੇ। ਹੁਸਨ ਅਤੇ ਹਵਸ ਨੂੰ ਇਕ ਦੂਜੇ ਦੇ ਪੂਰਕ ਵਜੋਂ ਦੇਖਿਆ ਜਾ ਰਿਹਾ ਹੈ। ਵਰਤਮਾਨ ਸਮੇਂ ਵਿਚ ਪਿਆਰ ਮੁਹੱਬਤ ਦੀ ਹਕੀਕਤ ਇਸ ਸ਼ੇਅਰ ਵਿਚ ਪ੍ਰਗਟਾਈ ਗਈ ਹੈ:
ਜ਼ਿੰਦਗੀ ਵਿਚ ਹੁਣ ਮੁਹੱਬਤ ਦੀ ਹਕੀਕਤ ਕੁਝ ਨਹੀਂ
ਦਿਲ ਦੇ ਪ੍ਰਚਾਵੇ ਲਈ ਨਾਟਕ ਰਚਾ ਲੈਂਦੇ ਨੇ ਲੋਕ।
ਉਨੀ ਇੱਕੀ ਦੇ ਫਰਕ ਵਾਲੀਆਂ ਅਜਿਹੀਆਂ ਖਬਰਾਂ ਰੋਜ਼ ਪੜ੍ਹਨ ਸੁਣਨ ਨੂੰ ਮਿਲਦੀਆਂ ਨੇ। ਫਲਾਣੇ ਦਾ, ਢਿਮਕੇ ਦੇ ਘਰ ਆਉਣਾ ਜਾਣਾ ਸੀ। ਇਸੇ ਦੌਰਾਨ ਫਲਾਣੇ ਦਾ ਢਿਮਕੇ ਦੀ ਪਤਨੀ ਨਾਲ ਜਾਂ ਨੌਜਵਾਨ ਬੇਟੀ ਨਾਲ ਪਿਆਰ ਹੋ ਗਿਆ਼! ਬੱਸ ਬਣ ਗਈ ਪੱਤਰਕਾਰਾਂ ਲਈ ਪ੍ਰੇਮ-ਕਹਾਣੀ!! ਕਿਸੇ ਦੇ ਹੱਸਦੇ-ਵਸਦੇ ਘਰ ਵਿਚ ਸੇਹ ਦਾ ਤੱਕਲਾ ਗੱਡਣ ਵਾਲੇ ਗੁੰਡਿਆਂ ਜਾਂ ਫਫੇਕੁੱਟਣੀਆਂ ਦਾ ਸਮਾਜ ਵਿਚ ਜਲੂਸ ਕੱਢਣ ਦੀ ਥਾਂ, ਮੀਡੀਏ ਵਲੋਂ ਇਨ੍ਹਾਂ ਲਈ ਹਮਦਰਦੀ ਦਾ ਬਾਨਣੂ ਬੰਨ੍ਹਿਆ ਜਾਂਦਾ ਹੈ। ਯਾਰ-ਮਿੱਤਰ ਦੀ ਪਿੱਠ ਤਕਾਉਣ ਦਾ ਪਾਪ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਹੋਣ ਨਾਲ ਪਰਿਵਾਰਕ ਢਾਂਚੇ ਤਹਿਸ-ਨਹਿਸ਼ ਹੋ ਰਹੇ ਹਨ। ਸਦਾਚਾਰ ਦਾ ਭੋਗ ਪੈਂਦਾ ਜਾ ਰਿਹਾ ਹੈ।
ਵਿਸ਼ੀਅਰ ਨਾਗਾਂ ਲਾਈਆਂ
ਵੇਖੋ ਚਾਰ ਚੁਫੇਰੇ ਅੱਗਾਂ
ਚੌਂਕ ਚੁਰਾਹੇ ਰੁਲ਼ੀਆਂ
ਧੀਆਂ, ਭੈਣਾਂ, ਪੱਗਾਂ!
ਜੇ ਇਸ ਸਮੇਂ ਦੇ ਸੰਚਾਰ-ਮਾਧਿਅਮਾਂ ਪਿੱਛੇ ਬਦਨੀਤੇ ਹੱਥ ਅਤੇ ਮੁਨਾਫਾਖੋਰ ਬਿਰਤੀਆਂ ਨਾ ਹੋਣ ਤਾਂ ਸਮਾਜ ਦੀ ਸੋਚ ਨੂੰ ਅਣਖ ਅਤੇ ਸਵੈਮਾਣ ਦੀ ਪਾਣ ਚਾੜ੍ਹੀ ਜਾ ਸਕਦੀ ਹੈ। ਉਚੇ ਇਖ਼ਲਾਕ, ਵਿਰਾਸਤੀ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਅਮੀਰੀ ਨੂੰ ਮੁੜ ਸੁਰਜੀਤ ਕਰਨ ਲਈ ਸਾਨੂੰ ਕਲਮਾਂ ਵਾਲਿਆਂ ਨੂੰ ਪੰਜਾਬੀ ਕਵੀ ਗੁਰਭਜਨ ਸਿੰਘ ਗਿੱਲ ਦੀ ਵੰਗਾਰ ਕਬੂਲਣੀ ਚਾਹੀਦੀ ਹੈ:
ਅਜੇ ਤਾਂ ਲੜਨਾ ਹੈ!
ਉਨ੍ਹਾਂ ਸਮੂਹ ਮੁਸ਼ਟੰਡਿਆਂ ਦੇ ਖਿਲਾਫ਼
ਜੋ ਸਰਕਾਰੀ, ਗੈਰ-ਸਰਕਾਰੀ
ਸੰਚਾਰ ਮਾਧਿਅਮਾਂ ਰਾਹੀਂ
ਸਾਡੇ ਘਰਾਂ ਵਿਚ ਰਾਤ ਬਰਾਤੇ
ਆਣ ਧਮਕਦੇ ਹਨ
ਜਵਾਨ ਧੀਆਂ ਪੁੱਤਰਾਂ
ਸਾਹਵੇਂ ਪ੍ਰੋਸਦੇ ਹਨ
ਨਿਰਵਸਤਰ ਸਦਾਚਾਰ!
 
Top