ਕੁਝ ਰੁੱਖ ਮੇਰੇ ਯਾਰਾਂ ਵਰਗੇ….

'MANISH'

yaara naal bahara
ਪੰਜਾਬ ਸਰਕਾਰ ਵੱਲੋਂ ਉੱਘੇ ਸ਼ਾਇਰ ਸ਼ਿਵ ਬਟਾਲਵੀ ਦੇ 75ਵੇਂ ਜਨਮ ਦਿਵਸ ਮੌਕੇ ’ਤੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਸਬੰਧੀ ਅਖ਼ਬਾਰਾਂ ਵਿਚ ਇਸ਼ਤਿਹਾਰ ਪੜ੍ਹ ਕੇ ਮੇਰੇ ਸਮੇਤ ਸਾਰੇ ਪੰਜਾਬੀ ਹਿਤੈਸ਼ੀਆਂ ਨੂੰ ਖੁਸ਼ੀ ਹੋਈ ਹੈ ਕਿ ਚਲੋ ਸਰਕਾਰ ਨੂੰ ਵੀ ਭੁੱਲ੍ਹੇ-ਵਿਸਰੇ ਕਵੀਆਂ ਦੇ ਜਨਮ ਦਿਨ ਮਨਾਉਣ ਦੀ ਯਾਦ ਆਈ ਹੈ। ਬਹੁਤ ਚੰਗੀ ਗੱਲ ਹੈ। ਪਰ ਸਰਕਾਰ ਅਤੇ ਉਸ ਦੇ ਲੋਕ ਸੰਪਰਕ ਮਹਿਕਮੇ ਨੂੰ ਇਹ ਚੇਤਾ ਨਹੀਂ ਆਇਆ ਕਿ ਜਿਨ੍ਹਾਂ ਗਾਇਕਾਂ ਨੇ ਸਭ ਤੋਂ ਪਹਿਲਾਂ ਸ਼ਿਵ ਨੂੰ ਗਾਇਆ, ਲੋਕਾਂ ਸਾਹਮਣੇ ਉਸ ਦੀ ਸ਼ਾਇਰੀ ਨੂੰ ਲਿਆਂਦਾ, ਉਨ੍ਹਾਂ ਨੂੰ ਵੀ ਸਮਾਗਮ ਵਿਚ ਸੱਦਣਾ ਹੈ। ਬੇਸ਼ੱਕ ਸ਼ਿਵ ਆਪਣੀ ਸ਼ਾਇਰੀ ਨੂੰ ਆਪ ਗਾਉਂਦਾ ਰਿਹੈ ਪਰ ਉਸ ਵੇਲੇ ਮੀਡੀਆ ਦੀ ਘਾਟ ਕਾਰਨ ਆਮ ਸਰੋਤਿਆਂ ਤਕ ਉਸ ਦੀ ਸ਼ਾਇਰੀ ਦੀ ਪਹੁੰਚ ਨਹੀਂ ਸੀ ਹੋ ਸਕੀ। ਉਸ ਦੀ ਸ਼ਾਇਰੀ ਨੂੰ ਬਾਕਾਇਦਾ ਕੰਪੋਜ਼ ਕਰਕੇ ਤੇ ਸੰਗੀਤ ਵਿਚ ਪ੍ਰੋਅ ਕੇ ਗਾਉਣਾ ਅਤੇ ਫੇਰ ਕਿਸੇ ਨਾਮੀਂ ਕੰਪਨੀ ਵੱਲੋਂ ਰਿਲੀਜ਼ ਕਰਵਾ ਕੇ ਆਮ ਲੋਕਾਂ ਤਕ ਪਹੁੰਚਦਾ ਕਰਕੇ ਸਾਰੇ ਪਾਸੇ ਸ਼ਿਵ-ਸ਼ਿਵ ਕਰਵਾਉਣ ਵਾਲੇ ਗਾਇਕਾਂ ਨੂੰ ਸਰਕਾਰ ਭੁੱਲੀਂ ਬੈਠੀ ਹੈ। ਸ਼ਿਵ ਨੂੰ ਚਾਹੁੰਣ ਵਾਲਿਆਂ ਨੂੰ ਇਹ ਉਮੀਦ ਸੀ ਕਿ ਇਸ ਸਮਾਗਮ ਵਿਚ ਉੱਘੇ ਗਾਇਕ ਕੇ. ਦੀਪ ਜਿਸ ਨੇ ਸਭ ਤੋਂ ਪਹਿਲਾਂ ਸ਼ਿਵ ਨੂੰ ਗਾਇਆ ਅਤੇ ਜਗਜੀਤ ਜੀਰਵੀ ਵਰਗੇ ਨਾਮੀਂ ਗਾਇਕਾਂ ਨੂੰ ਜ਼ਰੂਰ ਸੱਦਿਆ ਜਾਵੇਗਾ ਪਰ ਉਹ ਸਾਰੇ ਇਸ ਗੱਲੋਂ ਹੈਰਾਨ ਹਨ ਕਿ ਇਨ੍ਹਾਂ ਦੀ ਸਮਾਗਮ ਵਿਚ ਸ਼ਮੂਲੀਅਤ ਤਾਂ ਕੀ ਕਰਾਉਣੀ ਸੀ, ਇਨ੍ਹਾਂ ਨੂੰ ਤਾਂ ਆਮ ਸਰੋਤੇ ਵਾਂਗ ਸੱਦਾ ਪੱਤਰ ਵੀ ਨਹੀਂ ਭੇਜਿਆ ਗਿਆ।
ਸ਼ਿਵ ਕੁਮਾਰ ਬਟਾਲਵੀ ਨੂੰ ਸਭ ਤੋਂ ਪਹਿਲਾਂ 1972 ਵਿਚ ਕੇ. ਦੀਪ ਅਤੇ ਜਗਮੋਹਨ ਕੌਰ ਨੇ ਗਾਇਆ ਤੇ ਇਸ ਦਾ ਐਲ.ਪੀ. ਰਿਕਾਰਡ ਉਸ ਵੇਲੇ ਦੀ ਨਾਮੀਂ ਕੰਪਨੀ ਐਚ.ਐਮ.ਵੀ. ਨੇ ਰਿਲੀਜ਼ ਕੀਤਾ। ਇਹ ਐਲ.ਪੀ. ਰਿਕਾਰਡ ਅਜੇ ਤਕ ਵੀ ਸੀ.ਡੀਜ਼. ਅਤੇ ਕੈਸੇਟਾਂ ਦੇ ਰੂਪ ਵਿਚ ਵਿਸ਼ਵ ਭਰ ਵਿਚ ਵਸਦੇ ਪੰਜਾਬੀਆਂ ਵੱਲੋਂ ਸੁਣਿਆ ਅਤੇ ਖਰੀਦਿਆ ਜਾਂਦਾ ਹੈ। ਅਕਸਰ ਹੀ ਜਦੋਂ ਸ਼ਿਵ ਦੇ ਗੀਤਾਂ ਦਾ ਜ਼ਿਕਰ ਆਉਂਦਾ ਹੈ ਤਾਂ ਨਾਲ ਕੇ. ਦੀਪ ਦੀ ਗਾਇਕੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਉਸ ਵੇਲੇ ਇਸ ਐਲ.ਪੀ. ਰਿਕਾਰਡ ਵਿਚ ਸ਼ਿਵ ਦੀ ਗਾਇਕੀ ਬਾਰੇ ਕੁਮੈਂਟਰੀ ਉਸ ਵੇਲੇ ਦੇ ਉੱਘੇ ਉਰਦੂ ਸ਼ਾਇਰ ਕੁੰਵਰ ਮਹਿੰਦਰ ਸਿੰਘ ਬੇਦੀ ਆਈ.ਏ.ਐਸ. ਨੇ ਕੀਤੀ ਸੀ। ਉਸ ਵੇਲੇ ਕੁੰਵਰ ਮਹਿੰਦਰ ਸਿੰਘ ਬੇਦੀ ਨੇ ਖ਼ੁਦ ਐਚ.ਐਮ.ਵੀ. ਕੰਪਨੀ ਦੇ ਸਟੂਡੀਓ ’ਚ ਬੈਠ ਕੇ ਰਿਕਾਰਡਿੰਗ ਦੀ ਨਿਗਰਾਨੀ ਕੀਤੀ ਸੀ। ਇਸ ਐਲ.ਪੀ. ਵਿਚ ਜੋ ਗੀਤ ਉਦੋਂ ਪਹਿਲੀ ਵਾਰ ਕੇ. ਦੀਪ ਨੇ ਗਾਏ ਉਹ ਸਨ- ‘ਰੋਗ ਬਣ ਕੇ ਰਹਿ ਗਿਆ’, ‘ਮਾਏ ਨੀ ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਪਵੇ’, ‘ਪੁੰਨਿਆ ਦੇ ਚੰਦ ਨੂੰ ਕੋਈ ਮੱਸਿਆ ਕੀਕਰ ਅਰਗ ਚੜ੍ਹਾਏ’, ‘ਇਕ ਕੁੜੀ ਜੀਦਾ ਨਾਂ ਮੁਹੱਬਤ ਗੁੰਗ ਹੈ, ਗੁੰਮ ਹੈ, ਗੁੰਮ ਹੈ’, ‘ਮੈਨੂੰ ਤਾਂ ਮੇਰੇ ਦੋਸਤਾਂ ਮੇਰੇ ਗਮ ਨੇ ਮਾਰਿਆ’, ‘ਤੂੰ ਜੋ ਸੂਰਜ ਚੋਰੀ ਕੀਤਾ’, ਜਗਮੋਹਨ ਦੇ ਗਾਏ ਗੀਤਾਂ ਵਿਚ ‘ਰਾਤ ਚਾਨਣੀ ਮੈਂ ਤੁਰਾਂ’, ‘ਮੈਨੂੰ ਉਹ ਰੁੱਤ ਲੈਦੀ ਮੁੱਲ ਵੇ ਧਰਮੀ ਬਾਬਲਾ’, ਅਸੀਂ ਕੱਚਿਆਂ ਅਨਾਰਾਂ ਦੀਆਂ ਟਾਹਣੀਆਂ’ ਸ਼ਾਮਲ ਹਨ। ਕੇ. ਦੀਪ ਤੇ ਜਗਮੋਹਨ ਤੋਂ ਬਾਅਦ ਸ਼ਿਵ ਨੂੰ ਜਗਜੀਤ ਜੀਰਵੀ ਨੇ ਗਾਇਆ। ਉਸ ਤੋਂ ਬਾਅਦ ਮਹਿੰਦਰ ਕਪੂਰ ਨੇ ਗਾਇਆ।
ਕੇ. ਦੀਪ ਨਾਲ ਤਾਜ਼ਾ ਹੋਈ ਮੁਲਾਕਾਤ ’ਚ ਜਦੋਂ ਸ਼ਿਵ ਦੇ ਜਨਮ ਦਿਵਸ ਦਾ ਜ਼ਿਕਰ ਹੋਇਆ ਤਾਂ ਉਨ੍ਹਾਂ ਦੱਸਿਆ, ਜਦੋਂ ਅਸੀਂ ਸ਼ਿਵ ਦਾ ਸੀ.ਪੀ. ਕਰਵਾਇਆ ਸੀ ਤਾਂ ਉਦੋਂ ਇੱਕਾ-ਦੁੱਕਾ ਹੀ ਕੋਈ ਸ਼ਿਵ ਨੂੰ ਗਾਉਂਦਾ ਸੀ ਪਰ ਮੈਨੂੰ ਸ਼ਿਵ ਦੀ ਸ਼ਾਇਰੀ ਪਹਿਲੇ ਦਿਨੋਂ ਹੀ ਪਸੰਦ ਸੀ।
ਭਾਵੇਂ ਕਿਸੇ ਵੀ ਸਮਾਗਮ ਵਿਚ ਗਿਆ ਹੋਵਾਂ, ਲੋਕ ਮੈਥੋਂ ਸ਼ਿਵ ਨੂੰ ਜ਼ਰੂਰ ਸੁਣਦੇ ਹਨ।’’ ਉਨ੍ਹਾਂ ਦੱਸਿਆ ਕਿ ਸ਼ਿਵ ਦੇ ਇਸ ਜਨਮ ਦਿਵਸ ’ਤੇ ਖੁਸ਼ੀ ਦੀ ਗੱਲ ਇਹ ਹੈ ਕਿ ‘ਇੰਡੀਆ ਰਿਕਾਰਡ ਕੰਪਨੀ’ ਨੇ ਫਿਰ ਲੱਖਾਂ ਰੁਪਏ ਖਰਚ ਕਰਕੇ ਸ਼ਿਵ ਦੇ ਗੀਤਾਂ ਦਾ ਪ੍ਰਾਜੈਕਟ ਕੇ. ਦੀਪ ਦੀ ਆਵਾਜ਼ ਵਿਚ ਰਿਕਾਰਡ ਕੀਤਾ ਹੈ ਜੋ ਛੇਤੀ ਹੀ ਸਰੋਤਿਆਂ ਦੇ ਹੱਥਾਂ ਵਿਚ ਹੋਵੇਗਾ। ਸ੍ਰੀ ਦੀਪ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੇ ਹਾਲੇ ਤਕ ਸ਼ਿਵ ਦੀ ਯਾਦ ਵਿਚ ਬਟਾਲਾ ਵਿਖੇ ਉਸਾਰਿਆ ਜਾਣ ਵਾਲਾ ਆਡੀਟੋਰੀਅਮ ਮੁਕੰਮਲ ਨਹੀਂ ਕਰਾਇਆ, ਜਨਮ ਦਿਨ ਜੰਮ-ਜੰਮ ਮਨਾਵੇ।
 
Top