‘ਲੀਰੋ-ਲੀਰ’ ਹੋਇਆ ਪੰਜਾਬ ਦਾ ਸਭਿਆਚਾਰ

'MANISH'

yaara naal bahara
ਪੰਜਾਬ ਆਪਣੇ ਮਾਣ-ਮੱਤੇ ਵਿਰਸੇ ਲਈ ਦੁਨੀਆਂ ਭਰ ਵਿਚ ਮਸ਼ਹੂਰ ਹੈ। ਪੰਜਾਬ ਵਰਗਾ ਸਭਿਆਚਾਰ ਘੱਟ ਹੀ ਕਿਤੇ ਵੇਖਿਆ ਸੁਣਿਆ ਹੈ। ਜੇ ਪੰਜਾਬੀ ਗੱਭਰੂ ਮੁਟਿਆਰਾਂ ਅਣਖੀਲੇ ਕਹਾਉਂਦੇ ਨੇ ਤਾਂ ਸ਼ਰਮ ਹਯਾ ਵੀ ਇਨ੍ਹਾਂ ਦਾ ਗਹਿਣਾ ਹੈ। ਪਰ ਅਜੋਕੇ ਸਮੇਂ ਵਿਚ ਇਨ੍ਹਾਂ ਦੇ ਇਹ ਗਹਿਣੇ ਇਨ੍ਹਾਂ ਦੇ ਹੀ ਪੈਰਾਂ ਵਿਚ ਰੁਲ ਰਹੇ ਨੇ। ਹੋਰ ਕਿਸੇ ਵਿਸ਼ੇ ਨੂੰ ਨਾ ਛੂੰਹਦੇ ਹੋਏ ਸਿਰਫ ਪੰਜਾਬੀ ਗਾਇਕੀ ਅਤੇ ਟੀ.ਵੀ. ਪ੍ਰੋਗਰਾਮ ਬਾਰੇ ਹੀ ਗੱਲ ਕਰੀਏ। ਇਥੋਂ ਹੀ ਕੱਲ੍ਹ ਤੇ ਅੱਜ ਦਾ ਫਰਕ ਨਜ਼ਰ ਆਉਂਦਾ ਹੈ। ਸਾਰੀ ਗਾਇਕੀ ਜਾਂ ਸਾਰੇ ਪ੍ਰੋਗਰਾਮ ਮਾੜੇ ਨਹੀਂ। ਇਹ ਵੀ ਸੱਚ ਹੈ ਕਿ ਅੱਧਿਓਂ ਵੱਧ ਵੇਖਣ ਸੁਣਨ ਵਾਲੇ ਨਹੀਂ ਖਾਸ ਕਰ ਪਰਿਵਾਰ ਵਿਚ ਬੈਠਿਆਂ। ਕਦੇ ਕਦੇ ਤਾਂ ਐਨਾ ਨੰਗੇਜ਼ ਤੇ ਘਟੀਆ ਸ਼ਬਦਾਵਲੀ ਹੁੰਦੀ ਹੈ ਕਿ ਦੇਖ ਸੁਣ ਕੇ ਸ਼ਰਮ ਨਾਲ ਪਾਣੀ ਹੋ ਜਾਈਦਾ ਹੈ। ਇਹੋ ਕਾਰਨ ਹੈ ਸ਼ਾਇਦ ਅੱਜ ਹਰ ਘਰ ਵਿਚ ਆਪਣੇ ਤੌਲੀਏ ਵਾਂਗ ਆਪਣਾ ਟੀ.ਵੀ. ਜ਼ਰੂਰੀ ਹੋ ਗਿਆ ਹੈ ਵੱਖਰਾ ਦੂਜਾ ਕੋਈ ਉਸ ਨੂੰ ਹੱਥ ਨਾ ਲਾਵੇ। ਪਹਿਲਾਂ ਧੀਆਂ ਭੈਣਾਂ ਨੂੰ ਵਿਚੋਂ ਉੱਠ ਕੇ ਜਾਣਾ ਪੈਂਦਾ ਸੀ ਜਾਂ ਵੱਡਿਆਂ ਨੂੰ ਟੀ.ਵੀ. ਬੰਦ ਕਰਨਾ ਪੈਂਦਾ ਸੀ, ਪਰ ਹੁਣ ਇਸ ਦੁੱਖ ਦਾ ਦਾਰੂ ਵੱਖੋ-ਵੱਖ ਟੀ.ਵੀ. ਹੋ ਗਏ ਨੇ। ਸਾਡੇ ਗਾਇਕ ਪਹਿਲਾਂ ਨੱਚਦੀ ਸੋਹਣੀ ਕੁੜੀ ਦੇ ਦੁਆਲੇ ਹੀ ਘੁੰਮਦੇ ਸਨ, ਹੁਣ ਉਹ ਸਕੂਲਾਂ ਕਾਲਜਾਂ ਵੱਲ ਹੋ ਲਏ ਨੇ। ਕਾਫੀ ਦੇਰ ਪਹਿਲਾਂ ਇਕ ਪੰਜਾਬੀ ਗੀਤ ਸੁਣਿਆ ਜਾਂਦਾ ਸੀ ‘ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਕੱਟਿਓ ਨਾ ਕਾਲਜ ’ਚੋਂ ਨਾ’ ਇਸ ਨੂੰ ਸਾਰੇ ਲੋਕਾਂ ਬੜਾ ਮਾੜਾ ਕਿਹਾ ਸੀ, ਪਰ ਅੱਜ ਤਾਂ ਗੱਲ ਕਿੱਥੇ ਦੀ ਕਿੱਥੇ ਜਾ ਪੁੱਜੀ ਹੈ। ਜੇ ਐਦਾਂ ਦੀ ਗਾਇਕੀ ਨੂੰ ਉਦੋਂ ਹੀ ਨਾਪਸੰਦ ਕਰਕੇ ਰੱਦ ਕੀਤਾ ਜਾਂਦਾ ਤਾਂ ਇਹ ਅੱਜ ਇਸ ਖਤਰਨਾਕ ਮੋੜ ’ਤੇ ਨਾ ਪੁੱਜਦੀ। ਜੇ ਇਹ ਹੁਣ ਵੀ ਇਸੇ ਤੋਰ ਤੁਰਦੀ ਰਹੀ ਤਾਂ ਆਉਣ ਵਾਲੀ ਪੀੜ੍ਹੀ ਦਾ ਬਹੁਤ ਨੁਕਸਾਨ ਕਰੇਗੀ। ਪੰਜਾਬ ਦਾ ਜੋ ਗਿੱਧਾ ਮੁਟਿਆਰਾਂ ਦੀ ਅੱਡੀ ਨਾਲ ਧਰਤੀ ਤੇ ਧਮਕਾਂ ਪਾਉਂਦਾ ਸੀ ਉਹ ਸਭਿਆਚਾਰ ਦੇ ਨਾਂ ’ਤੇ ਸਟੇਜਾਂ ਦਾ ਸ਼ਿੰਗਾਰ ਜ਼ਰੂਰ ਹੋ ਗਿਆ ਹੈ, ਪਰ ਉਸ ਵਿਚ ਬਨਾਉਟੀਪਣ ਸਾਫ ਝਲਕਦਾ ਹੈ। ਜਦੋਂ ਕਦੇ ਪੰਜਾਬੀ ਮੁਟਿਆਰਾਂ ਰਵਾਇਤੀ ਪਹਿਰਾਵੇ ਵਿਚ ਗਿੱਧਾ ਪੇਸ਼ ਕਰਦੀਆਂ ਨੇ ਤਾਂ ਮਨ ਖੁਸ਼ ਹੋ ਜਾਂਦਾ ਹੈ। ਦੁੱਖ ਉਦੋਂ ਹੁੰਦਾ ਹੈ ਜਦੋਂ ਗੀਤ ਤਾਂ ਹੁੰਦਾ ਹੈ ਸੱਤ ਰੰਗੇ ਦੁਪੱਟੇ ਦਾ ਜਾਂ ਪਰਾਂਦੇ ਦਾ, ਪਰ ਕੁੜੀਆਂ ਨੇ ਉਹੋ ਅੱਧੇ ਅਧੂਰੇ ਕੱਪੜੇ ਪਹਿਨੇ ਹੁੰਦੇ ਨੇ। ਸਿਰ ’ਤੇ ਦੁਪੱਟਾ ਤਾਂ ਕੀ ਗਜ਼ ਗਜ਼ ਲੰਮੇ ਕੇਸਾਂ ਦੀ ਥਾਂ ਗਿੱਠ ਗਿੱਠ ਦੇ ਬੋਦੇ ਹੀ ਹੁੰਦੇ ਨੇ…। ਲੀਰੋ ਲੀਰ ਹੋਏ ਸਭਿਆਚਾਰ ਨੂੰ ਦੇਖ ਕੇ ਮਨ ਵੀ ਜਿਵੇਂ ਲੀਰ ਲੀਰ ਹੋ ਜਾਂਦਾ ਹੈ।
ਗਾਇਕੀ ਪੱਖੋਂ ਸਾਡਾ ਪੰਜਾਬ ਬਹੁਤ ਅਮੀਰ ਹੈ। ਹੰਸ ਰਾਜ ਹੰਸ ਦਾ ਗੀਤ ‘ਮਾਪਿਆਂ ਦੇ ਘਰ ਹੱਸਦੀਆਂ ਰਹੀਆਂ ਰੋਂਦੀਆਂ ਸਹੁਰੇ ਗਈਆਂ ਪ੍ਰਦੇਸਣਾਂ ਧੀਆਂ’ ਗੁਰਦਾਸ ਮਾਨ ਦਾ ਗੀਤ ‘ਲੱਖ ਪ੍ਰਦੇਸੀ ਹੋਈਏ’, ਸਰਦੂਲ ਸਿਕੰਦਰ ਦਾ ਗੀਤ ‘ਜਿਨ੍ਹਾਂ ਦੇ ਰੂਪ ਨੇ ਸੋਹਣੇ ਉਨ੍ਹਾਂ ਦੇ ਲੇਖ ਨੇ ਖੋਟੇ’ ਹਰਭਜਨ ਮਾਨ ਦਾ ਗੀਤ ‘ਮਰਦਾ ਹੋਇਆ ਮਿਰਜ਼ਾ ਬੋਲ ਪਿਆ ਸਾਹਿਬਾਂ ਤੂੰ ਮਾੜੀ ਕੀਤੀ ਨੀ’, ਬੱਬੂ ਮਾਨ ਦਾ ਗੀਤ ‘ਸਾਉਣ ਦੀ ਝੜੀ’, ਮਨਮੋਹਨ ਵਾਰਸ ਦਾ ਗੀਤ ‘ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ’ ਸਤਵਿੰਦਰ ਬੁੱਗਾ ਦਾ ਗੀਤ ‘ਇਹ ਇਸ਼ਕ ਕਿਸੇ ਦਾ ਨਹੀਂ ਹੋਇਆ’…ਵਰਗੇ ਗੀਤ ਲੋਕਾਂ ਦੇ ਹਰ ਵਰਗ ਨੇ ਪਸੰਦ ਕੀਤੇ। ਬੇਸ਼ੱਕ ਇਹ ਗੀਤ ਵੀ ਇਸ਼ਕ ਮੁਸ਼ਕ ਦੀ ਗੱਲ ਕਰਦੇ ਨੇ, ਪਰ ਕਿਸੇ ਸ਼ੋਭਦੀ ਸੀਮਾ ਵਿਚ। ਪੰਮੀ ਬਾਈ ਨੇ ਵਿਲੱਖਣ ਗਾਇਕੀ ਪੇਸ਼ ਕੀਤੀ ਹੈ। ਮਲਕੀਤ ‘ਤੂਤਕ ਤੂਤਕ ਤੂਤੀਆਂ’ ਵਾਲੇ ਨੇ ਜੋ ਮਾਣ ਇੰਗਲੈਂਡ ’ਚ ਦਿਵਾਇਆ ਹੈ ਉਹ ਅਸੀਂ ਸਾਰੇ ਜਾਣਦੇ ਹਾਂ। ਜੈਜ਼ੀ ਬੈਂਸ ਨੇ ‘ਨਾਗ ਸਾਂਭ ਲੈ ਜ਼ੁਲਫਾਂ ਦੇ’ ਨਾਲ ਸਰੋਤਿਆਂ ਨੂੰ ਕੀਲਿਆ। ਬਿੰਦਰੱਖੀਏ ਦੀ ਕੀ ਗੱਲ ਕਰਾਂ ਬੋਲੀਆਂ ਅਤੇ ‘ਇਹ ਗਲੀ ਸਰਕਾਰੀ ਏ’ ਵਰਗੇ ਸਦਾਬਹਾਰ ਗੀਤ ਤਾਂ ਗਾਏ ਹੀ ਪਰ ਜੋ ਉਦਾਸ ਗੀਤ ਗਾਇਆ ‘ਮੈਂ ਤਿੜਕੇ ਘੜੇ ਦਾ ਪਾਣੀ ਮੈਂ ਕੱਲ੍ਹ ਤਕ ਨਹੀਂ ਰਹਿਣਾ’, ਉਸ ਨੂੰ ਸੱਚ ਕਰ ਗਿਆ…। ਪੰਜਾਬ ਦੇ ਇਹ ਗਾਇਕ ਪੁੱਤ ਪੰਜਾਬ ਦਾ ਮਾਣ ਨੇ।
ਅਫਸੋਸ ਨਾਲ ਲਿਖਣਾ ਪੈਂਦਾ ਹੈ ਜਦੋਂ ਚੰਗੇ ਗਾਇਕ ਵੀ ਕਈ ਵਾਰ ਇਸ ਪੱਖੋਂ ਕਸੂਰਵਾਰ ਹੋ ਨਿਬੜਦੇ ਨੇ। ਇਹ ਵੀ ਕਈ ਵਾਰ ਬਿਨਾਂ ਲੋੜੋਂ ਮੁੰਡੇ ਕੁੜੀਆਂ ਦੇ ਟੋਲਿਆਂ ਨੂੰ ਨਾਲ ਨਚਾਉਂਦੇ ਨੇ। ਕਿੰਨਾ ਚੰਗਾ ਹੋਵੇ ਜੇ ਇਹ ਗਾਇਕ ਨਿਰੋਲ ਗਾਇਕ ਹੀ ਰਹਿਣ ਨਚਾਰ ਨਾ ਬਣਨ। ਵਧੀਆ ਗਾਇਕ ਦੀ ਆਵਾਜ਼ ਵਿਚ ਤਾਂ ਐਨੀ ਤਾਕਤ ਹੁੰਦੀ ਹੈ ਕਿ ਜੇ ਬਿਨਾਂ ਸਾਜ਼ਾਂ ਤੋਂ ਸੱਥ ਵਿਚ ਖੜ੍ਹ ਕੇ ਗਾਣਾ ਗਾ ਦੇਣ ਤਾਂ ਲੋਕਾਂ ਨੂੰ ਬੰਨ੍ਹ ਕੇ ਬਿਠਾ ਲੈਣ। ਮੈਂ ਬਹੁਤੇ ਨਵੇਂ ਤੇ ਬਹੁਤੇ ਪੁਰਾਣੇ ਗਾਇਕਾਂ ਦੀ ਗੱਲ ਨਹੀਂ ਛੋਹੀ ਕਿਉਂਕਿ ਸਾਰਿਆਂ ਦਾ ਜ਼ਿਕਰ ਇਕ ਲੇਖ ਵਿਚ ਸੰਭਵ ਨਹੀਂ। ਇਸ਼ਮੀਤ ਦਾ ਜ਼ਿਕਰ ਜ਼ਰੂਰੀ ਹੈ ਉਸ ਦੀ ਆਵਾਜ਼ ਵਿਚ ਤਾਂ ਜਾਦੂ ਹੈ ਹੀ ਸੀ, ਉਸ ਦੀ ਸਾਦਗੀ ਵੀ ਸੋਨੇ ’ਤੇ ਸੁਹਾਗਾ ਹੋ ਗਈ ਸੀ। ਉਹ ਅਜੋਕੇ ਗਾਇਕਾਂ ਨੂੰ ਸਾਦਗੀ ਦਾ ਸੁਨੇਹਾ ਦੇ ਗਿਆ…। ਪੁਰਾਣੇ ਗਾਇਕਾਂ ਵਿਚੋਂ ਜਿੱਥੇਂ ਮੁਹੰਮਦ ਸਦੀਕ ਤੇ ਕੁਲਦੀਪ ਮਾਣਕ ਮੱਲੋ-ਮੱਲੀ ਕਲਮ ਦੇ ਮੂੰਹ ’ਤੇ ਆ ਰਹੇ ਨੇ ਉੱਥੇ ਆਸਾ ਸਿੰਘ ਮਸਤਾਨਾ ਤੇ ਲਾਲ ਚੰਦ ਯਮਲਾ ਜੀ ਨੂੰ ਵੀ ਕਲਮ ਨਹੀਂ ਛੱਡ ਸਕੀ। ਮੁਹੰਮਦ ਸਦੀਕ ਦੇ ਦੋਗਾਣੇ ਤੇ ਕੁਲਦੀਪ ਮਾਣਕ ਦੀਆਂ ਕਲੀਆਂ ਵੀ ਸਦਾਬਹਾਰ ਨੇ। ਆਸਾ ਸਿੰਘ ਮਸਤਾਨਾ ਦਾ ‘ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ’ ਅਤੇ ‘ਜ਼ਿੰਦਗਾਨੀ ਦਾ ਮਜ਼ਾ ਜਾਂਦਾ ਰਿਹਾ ਸਾਨੂੰ ਮਿਲ ਕੇ ਗ਼ੈਰ ਦੇ ਘਰ ਤੁਰ ਗਿਓਂ, ਮਿਹਰਬਾਨੀ ਦਾ ਮਜ਼ਾ ਜਾਂਦਾ ਰਿਹਾ…’ ਅੱਜ ਵੀ ਦਿਲ ਨੂੰ ਧੁਅ ਪਾਉਂਦੇ ਨੇ। ਯਮਲਾ ਜੀ ਦਾ ਪ੍ਰਸਿੱਧ ਗੀਤ ‘ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ, ਤੇਰੇ ਨੀ ਕਰਾਰਾਂ ਮੈਨੂੰ ਪੱਟਿਆ…, ਅਤੇ ‘ਲਾਹ ਕੇ ਸੋਨੇ ਦੀ ਜ਼ੰਜੀਰੀ ਪਾਈ ਆ ਮੋਤੀਆਂ ਦੀ ਗਾਨੀ ਬੜੀ ਸਾਂਭ ਸਾਂਭ ਰੱਖੇ ਇਹ ਕੀਹਦੀ ਏ ਨਿਸ਼ਾਨੀ’…ਵਰਗੇ ਗੀਤ ਸੁਣ ਕੇ ਰੂਹ ਨਸ਼ਿਆ ਜਾਂਦੀ ਹੈ। ਪਰ ਜੇ ਇਹੋ ਗੀਤ ਅੱਜ ਦੇ ਗਾਇਕ ਗਾਉਂਦੇ ਤਾਂ ਸਾਜ਼ਾਂ ਦੇ ਬੇਲੋੜੇ ਸ਼ੋਰ ਤੇ ਕਾਵਾਂ ਰੌਲੀ ਨੇ ਸੁਣਨ ਜੋਗੇ ਨਹੀਂ ਸਨ ਛੱਡਣੇ ਤੇ ਅੱਧੇ ਅਧੂਰੇ ਕੱਪੜੇ ਪਹਿਨੀ ਕੁੜੀਆਂ ਨੇ ਦੇਖਣ ਜੋਗੇ ਨਹੀਂ ਸਨ ਛੱਡਣੇ। ਅੱਜ ਦੀ ਗਾਇਕੀ ਬੱਚਿਆਂ ਨੂੰ ਅਤੇ ਨੌਜਵਾਨੀ ਨੂੰ ਕੁਰਾਹੇ ਪਾ ਰਹੀ ਹੈ ਜਦਕਿ ਸੰਗੀਤ ਤਾਂ ਰੂਹ ਦੀ ਖੁਰਾਕ ਹੁੰਦਾ ਹੈ। ਅਸੀਂ ਸਾਰੇ ਵਾਰ-ਵਾਰ ਦੁਹਾਈ ਦਿੰਦੇ ਹਾਂ ਕਿ ਟੀ.ਵੀ. ਚੈਨਲਾਂ ’ਤੇ ਸਰਕਾਰ ਨੂੰ ਸ਼ਿਕੰਜਾ ਕੱਸਣਾ ਚਾਹੀਦਾ ਹੈ। ਜਿਉਂ ਜਿਉਂ ਇਸ ਦੇ ਖ਼ਿਲਾਫ਼ ਆਵਾਜ਼ ਉੱਠਦੀ ਹੈ ਮੈਨੂੰ ਤਾਂ ਲਗਦਾ ਹੈ ਸਗੋਂ ਇਸ ਦਾ ਮਿਆਰ ਹੋਰ ਡਿੱਗ ਰਿਹਾ ਹੈ। ਸੋ ਸਾਨੂੰ ਇਸ ਲਈ ਆਪ ਹੀ ਕੁਝ ਕਰਨਾ ਪਵੇਗਾ। ਮੇਰੇ ਖ਼ਿਆਲ ਅਨੁਸਾਰ ਕੇਬਲ ਕੁਨੈਕਸ਼ਨ ਕਟਵਾਏ ਜਾਣ ਜਾਂ ਘੱਟ ਤੋਂ ਘੱਟ ਚੰਗੇ ਚੈਨਲ ਚਲਦੇ ਰੱਖੇ ਜਾਣ। ਖਾਸ ਕਰ ਘਰਦੀਆਂ ਸੁਆਣੀਆਂ ਇਸ ਵਿਚ ਯੋਗਦਾਨ ਪਾ ਸਕਦੀਆਂ ਨੇ। ਹਰ ਚੈਨਲ ’ਤੇ ਚਲਦੇ ਲੜੀਵਾਰ ਛੱਡਣ ਅਤੇ ‘ਨੱਚ ਬਲੀਏ’ ‘ਆ ਜਾ ਮਾਹੀ ਵੇ’ ਨੂੰ ਕੁਰਬਾਨ ਕਰਨ…। ਜੇ ਅਸੀਂ ਆਪਣੇ ਬੱਚਿਆਂ ਦਾ ਖ਼ਿਆਲ ਨਹੀਂ ਕਰਾਂਗੇ ਸਰਕਾਰਾਂ ਜਾਂ ਟੀ.ਵੀ. ਚੈਨਲਾਂ ਵਾਲਿਆਂ ਨੂੰ ਕੀ ਲੋੜ ਪਈ ਹੈ ਆਪਣੀ ਆਮਦਨ ਦੇ ਸਰੋਤ ਖਤਮ ਕਰਨ? ਜਿਸ ਦੀਆਂ ਅੱਖਾਂ ਦੁਖਦੀਆਂ ਨੇ ਆਪੇ ਸੁਰਮਾ ਪਾਵੇ ਤਾਂ ਗੱਲ ਬਣਨੀ ਹੈ।
ਬੱਚਿਆਂ ਨੂੰ ਅਸੀਂ ਆਪ ਕੁਝ ਚੰਗਾ ਸਿਖਾਈਏ ਤਾਂ ਉਹ ਸਿੱਖਣਗੇ ਤੇ ਮਾੜੇ ਦਾ ਅਸਰ ਵੀ ਘੱਟ ਕਬੂਲਣਗੇ। ਜ਼ਿਕਰਯੋਗ ਹੈ ਕਿ ਸਾਡਾ ਪੰਜ ਸਾਲਾਂ ਦਾ ਬੱਚਾ ਖਰੀਦੋ-ਫਰੋਖਤ ਕਰਦਿਆਂ ਸਾਡੇ ਨਾਲ ਸੀ। ਸਾਡਾ ਸੱਸ-ਨੂੰਹ ਦਾ ਧਿਆਨ ਉਸ ਦੇ ਕੱਪੜਿਆਂ ਦਾ ਸਾਈਜ਼ ਦੇਖਣ ਵੱਲ ਸੀ। ਬੱਚੇ ਨੇ ਮੈਨੂੰ ਕਿਹਾ ‘ਦਾਦਾ ਮੰਮੀ-ਮੰਮਾ ਦੀ ਚੁੰਨੀ…’। ਮੈਂ ਦੇਖਿਆ ਉਸ ਦੀ ਮੰਮੀ ਦੇ ਸਿਰੋਂ ਦੁਪੱਟਾ ਖਿਸਕ ਗਿਆ ਸੀ, ਪਰ ਮੈਂ ਉਹਦੀ ਗੱਲ ਵੱਲ ਧਿਆਨ ਨਾ ਦਿੱਤਾ। ਉਸ ਫਿਰ ਦੁਬਾਰਾ ਮੇਰਾ ਹੱਥ ਫੜ ਕੇ ਆਪਣੀ ਮੰਮੀ ਦੀ ਸਿਰੋਂ ਖਿਸਕੀ ਚੁੰਨੀ ਦੀ ਗੱਲ ਕੀਤੀ ਤਾਂ ਦੁਕਾਨ ਦੇ ਨੌਕਰ ਤੇ ਮਾਲਕ ਕੰਮ ਛੱਡ ਕੇ ਸਾਡੇ ਬੱਚੇ ਦੀ ਗੱਲ ’ਤੇ ਬਹੁਤ ਹੈਰਾਨ ਤੇ ਖੁਸ਼ ਹੋਏ ਕਿ ਛੋਟੇ ਜਿਹੇ ਬੱਚੇ ਵਿਚ ਕਿੱਡੇ ਚੰਗੇ ਸੰਸਕਾਰ ਨੇ। ਇਹ ਸਾਰਾ ਕੁਝ ਬੱਚਾ ਘਰ ’ਚੋਂ ਹੀ ਸਿਖਦਾ ਹੈ। ਬੇਸ਼ੱਕ ਇਹ ਗੱਲ ਕਈਆਂ ਲਈ ਕੋਈ ਮਹੱਤਵ ਨਹੀਂ ਰੱਖਦੀ ਉਨ੍ਹਾਂ ਨੂੰ ਇਹ ਹਾਸੋਹੀਣੀ ਤੇ ਨਿਗੂਣੀ ਵੀ ਲੱਗ ਸਕਦੀ ਹੈ, ਪਰ ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਟੀ.ਵੀ. ਨਾਲੋਂ ਬੱਚੇ ’ਤੇ ਘਰ ਦੀ ਰਹਿਣੀ ਬਹਿਣੀ ਦਾ ਜ਼ਿਆਦਾ ਪ੍ਰਭਾਵ ਹੈ। ਅੱਧੇ ਅਧੂਰੇ ਕੱਪੜਿਆਂ ਵਾਲੀਆਂ ਮੁੰਡਿਆਂ ਨਾਲ ਨੱਚਦੀਆਂ ਕੁੜੀਆਂ ਵੀ ਸ਼ਾਇਦ ਅਜਿਹੇ ਬੱਚਿਆਂ ’ਤੇ ਪ੍ਰਭਾਵ ਨਹੀਂ ਪਾ ਸਕਣਗੀਆਂ ਮਾੜਾ ਅਸਰ ਬੱਚੇ ਨਹੀਂ ਕਬੂਲਣਗੇ। ਪਰ ਲੋੜ ਹੈ ਉਨ੍ਹਾਂ ਨੂੰ ਹੀ ਸਹੀ ਸੇਧ ਦੇਣ ਦੀ ਚੰਗਾ ਸਿਖਾਉਣ ਦੀ।
ਜਿਹੋ ਜਿਹੇ ਕੱਪੜੇ ਪਹਿਨ ਕੇ ਪੰਜਾਬ ਦੀਆਂ ਧੀਆਂ ਸਟੇਜਾਂ ਜਾਂ ਟੀ.ਵੀ. ਦੇ ਪਰਦੇ ’ਤੇ ਨੱਚਦੀਆਂ ਨੇ, ਦੇਖ ਕੇ ਦੁੱਖ ਹੁੰਦਾ ਹੈ। ਪੰਜਾਬ ਦਾ ਖਾਸ ਕਰ ਪੰਜਾਬੀ ਪਿੰਡਾਂ ਦਾ ਸਭਿਆਚਾਰ ਤਾਂ ਅਜਿਹਾ ਹੈ ਕਿ ਅਜਿਹੇ ਕੱਪੜੇ ਤਾਂ ਧੀਆਂ-ਭੈਣਾਂ ਖੁੱਲ੍ਹੇਆਮ ਧੋਣੋਂ ਸੁੱਕਣੇ ਪਾਉਣੋਂ ਵੀ ਝਿਜਕਦੀਆਂ ਨੇ। ਅਫਸੋਸ, ਕਿ ਸਾਡੀਆਂ ਪੰਜਾਬਣ ਧੀਆਂ ਕਿਧਰ ਨੂੰ ਤੁਰ ਪਈਆਂ? ਇਹ ਇਨ੍ਹਾਂ ਦਾ ਸ਼ੌਕ ਹੈ, ਆਧੁਨਿਕਤਾ ਹੈ ਜਾਂ ਕਿਸੇ ਮਜਬੂਰੀ ਵਿਚ ਚੱਬਿਆ ਅੱਕ…ਇਹ ਸਮਝ ਨਹੀਂ ਆ ਰਹੀ। ਪੰਜਾਬ ਅਤੇ ਪੰਜਾਬੀ ਗਾਇਕੀ ਦੀਆਂ ਧੁੰਮਾਂ ਸਾਰੀ ਦੁਨੀਆਂ ਵਿਚ ਪਈਆਂ ਹੋਈਆਂ ਨੇ। ਬਸ ਲੋੜ ਹੈ ਤਰੁੱਟੀਆਂ ਵੱਲ ਧਿਆਨ ਦੇਣ ਦੀ ਗਾਇਕਾਂ ਨੂੰ ਵੀ ਤੇ ਸਰੋਤਿਆਂ ਨੂੰ ਵੀ ਤਾਂ ਜੋ ਪੰਜਾਬ ਦਾ ਮਾਣਮੱਤਾ ਸਭਿਆਚਾਰ ਜੋ ਰੇਸ਼ਮੀ ਪਟੋਲੇ ਵਰਗਾ ਹੈ ਲੀਰੋ-ਲੀਰ ਨਾ ਹੋਵੇ।
 
ਪੰਜਾਬੀ ਸੱਭਿਆਚਾਰ, ਵਿਰਸਾ ਤੇ ਪੰਜਾਬੀ ਬੋਲੀ ਦੁਨੀਆਂ ਚ ਇਕ ਸੱਜਰੀ ਨਵੀਂ ਵਿਲੱਖਣਤਾ ਰੱਖਦੀ ਹੈ। ਇਸ ਦੀ ਝਲਕ ਕਿਸੇ ਨਵ-ਵਿਆਹੇ ਜੋੜੇ ਦੇ ਅੰਗ ਸੰਗ ਹੋ ਕੇ ਹੀ ਜਾਂ ਦੇਖ ਕੇ ਹੀ ਪਤਾ ਲਗਦੀ ਹੈ। ਅਗਾਂਹ ਨੂੰ ਨੱਠੇ ਜਾ ਰਹੇ ਅੱਜ ਕਲ ਦੇ ਤੇਜ ਗਤੀ ਵਾਲੇ ਜ਼ਮਾਨੇ ਚ, ਟੀ ਵੀ, ਫ਼ਿਲਮਾਂ, ਸੰਗੀਤਕਾਰਾਂ, ਗਾਇਕਾਂ ਦੇ ਪੈਰਾਂ ਹੇਠ ਦਰੜਿਆ ਜਾ ਰਿਹਾ ਹੈ, ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਤੇ ਵਿਰਸਾ। ਫ਼ਿਲਮਾਂ, ਟੀ ਵੀ, ਤੇ ਗਾਇਕਾਂ ਨੇ ਪੱਛਮ ‘ਚੋਂ ਰੋਲ ਕੇ ਕਈ ਤਰ੍ਹਾਂ ਨਿਕਸੁਕ ਸਾਡੀਆਂ ਜੇਬਾਂ ‘ਚ ਏਨਾ ਕੁਝ ਰਲਾ ਮਿਲਾ ਕੇ ਪਾ ਦਿੱਤਾ ਹੈ ਤੇ ਪਾਈ ਜਾ ਰਹੇ ਹਨ, ਕਦੇ 2 ਇੰਜ਼ ਲੱਗਦਾ ਹੈ ਕਿ ਨਾ ਇਹ ਪੰਜਾਬੀ ਰਹਿਣੀ ਹੈ ਤੇ ਨਾ ਹੀ ਸਾਡਾ ਪੰਜਾਬੀ ਸੱਭਿਆਚਾਰ, ਸੰਗੀਤ ਚ, ਪਹਿਰਾਵੇ ਚ, ਬੋਲਚਾਲ ਚ, ਰਹਿਣ ਸਹਿਣ ਚ ਕਾਫ਼ੀ ਤਬਦੀਲੀ ਆ ਚੁੱਕੀ ਹੈ-ਪਰ ਕਈ ਕਹਿਣਗੇ ਕਿ ਨਹੀਂ ਅਜੇਹਾ ਕੁਝ ਨਹੀਂ ਹੋਣ ਲੱਗਾ ਭਵਿੱਖ ਤਾਂ ਸਗੋਂ ਸੁਨਹਿਰੀ ਆ ਰਿਹਾ ਹੈ-ਤੁਹਾਡੀ ਸੋਚ ਹੀ ਗਲਤ ਹੈ। ਘਰਾਂ ਚ ਪੰਜਾਬੀ ਬੋਲਣੀ ਲੋਕ ਆਪਣੀ ਹੱਤਕ ਜਾਂ ਨੀਵਾਂਪਣ ਸਮਝਦੇ ਹਨ, ਸਗੋਂ ਇਹ ਸਮਝੋ ਕਿ ਪੰਜਾਬੀ ਦੀ ਪੀੜ੍ਹੀ ‘ਤੇ ਅੰਗਰੇਜ਼ੀ ਜਾਂ ਹਿੰਦੀ ਆ ਕੇ ਬੈਠਣ ਲੱਗ ਪਈ ਹੈ ਜਾਂ ਕਹੋ ਕਿ ਅਸੀਂ ਇਹਨਾਂ ਲਈ ਆਪਣੀ ਪੀੜ੍ਹੀ ਛੱਡੀ ਜਾ ਰਹੇ ਹਾਂ-ਫ਼ਿਲਮਾਂ ਚ ਪੰਜਾਬੀ ਸਾਡਾ ਮਜ਼ਾਕ ਬਣ ਗਈ ਹੈ, ਸਿੱਖ ਜਾਂ ਪੰਜਾਬੀ ਦਾ ਰੱਜ ਕੇ ਮਜ਼ਾਕ ਉਡਾਇਆ ਜਾਂਦਾ ਹੈ। ਮੈਂ ਸ਼੍ਰੀਮਤੀ ਅ ਕੌਰ ਦਾ ਤੇ ਰਾਜ ਭੁਪਿੰਦਰ ਸਿੰਘ ਹੋਰਾਂ ਦਾ ਰਿਣੀ ਰਹਾਂਗਾ ਕਿ ਉਹਨਾਂ ਮੈਨੂੰ ਹੁੰਗਾਰਾ ਦਿਤਾ ਹੈ ਤੇ ਆਪਣੇ ਸੁਝਾਅ ਘੱਲੇ। ਦੋਸਤੋ ਇਹ ਮਾਂਬੋਲੀ ਵਾਸਤੇ ਤੜਫ ਮੇਰੀ ਕੱਲੇ ਦੀ ਨਹੀਂ ਹੈ ਸਗੋਂ ਕਈ ਕਲਮਾਂ ਤੇ ਮੱਥਿਆਂ ਦੀ ਹੈ-ਜੋ ਘੱਟ ਬੋਲਦੀਆਂ ਹਨ-ਪਰ ਜਾਣਦੀਆਂ ਜਰੂਰ ਨੇ। ਇਹ ਸਭ ਕੁਝ ਨੂੰ ਮਹਿਸੂਸ ਕਰਕੇ ਜੀਅ ਕੀਤਾ ਕਿ ਮੈਂ ਵੀ ਆਪਣੇ ਹੋਰ ਪੰਜਾਬੀ ਵੀਰਾਂ ਦੇ ਨਾਲ ਆਪਣਾ ਇਹ ਦੁੱਖ ਵੰਡਾਵਾਂ ਤੇ ਲੋਕਾਂ ਨੂੰ ਸ਼ਰੀਕ ਕਰਨ ਦੀ ਕੋਸ਼ਿਸ਼ ਕਰਾਂ। ਵੈਸੇ ਗੱਲ ਠੀਕ ਹੈ ਕਿ ਸੁੱਤੇ ਨੂੰ ਤਾਂ ਕੋਈ ਜਗਾ ਲਏਗਾ ਪਰ ਮਦਹੋਸ਼ ਦਾ ਕੀ ਕਰੂ ਕੋਈ। ਪਰ ਖੈਰ ਹੀਲਾ ਵਸੀਲਾ ਕਰਨਾਂ ਇਨਸਾਨ ਦਾ ਫਰਜ ਹੈ, ਸ਼ਾਇਦ ਕੋਈ ਗਾਰੜੂ ਮੰਤਰ ਲੱਭ ਲਈਏ ਜਿਵੇਂ ਦੋਸਤਾਂ ਨੇ ਸਲਾਹ ਦਿਤੀ ਹੈ।

ਸ਼ਰਮ ਅਤੇ ਹਯਾ ਨਾਰੀ ਦੇ ਦੋ ਗਹਿਣੇ ਆਪਾਂ ਹੀ ਬਚਾ ਸਕਦੇ ਹਾਂ। ਜਿੱਥੇ ਬੇ-ਲੋੜਾ ਪਰਦਾ ਠੀਕ ਨਹੀਂ ਉੱਤੇ ਬੇਲੋੜਾ ਨੰਗੇਜ ਲੱਚਰਤਾ ਪੈਦਾ ਕਰ ਰਿਹਾ ਹੈ, ਕਾਫੀ ਵਿਚਾਰਨ ਵਾਲੀ ਗ‘ਲ ਹੈ। ਸਿੱਖ ਸਮਾਜ ਨੇ ਦਸਤਾਰ ਨੂੰ ਜੇ ਆਪਣੀ ਪਛਾਣ ਬਣਾਇਆ ਹੈ ਤਾਂ ਇਹ ਸਿਰਫ ਮਰਦਾਂ ਵਾਸਤੇ ਨਹੀਂ ਹੈ, ਇੱਕ ਔਰਤ ਵਾਸਤੇ ਵੀ ਉਨੀ ਹੀ ਜਰੂਰੀ ਹੈ। ਇੱਕ ਦਸਤਾਰਧਾਰੀ ਮਰਦ ਨਾਲ ਜਦੋਂ ਉਸਦੀ ਔਰਤ ਨੰਗੇ ਸਿਰ ਸਮਾਜ ਵਿੱਚ ਵਿਚਰਦੀ ਹੈ ਤਾਂ ਸਵਾਲੀਆ ਚਿੰਨ ਲੱਗਣਾਂ ਹੀ ਲੱਗਣਾਂ ਹੈ-ਅਜਿਹਾ ਕਿਉਂ ਹੈ? ਆਪ ਨੰਗੇ ਸਿਰ ਰਹਿਣ ਵਾਲੀ ਸਿੱਖ ਔਰਤ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਿਰ ਢੱਕਣ ਲਈ ਕਹਿ ਸਕਦੀ ਹੈ, ਇਹ ਬਹੁਤ ਹੀ ਸਲਾਉਣਯੋਗ ਉਦਾਹਰਣ ਬਣ ਕੇ ਕਈ ਕੁਝ ਸੁਆਰ ਸਕਦੀ ਹੈ, ਜੇ ਵਿਗਾੜ ਨਹੀਂ ਸਕਦੀ ਤਾਂ।

ਪੰਜਾਬੀ-ਬੋਲੀ ਤੇ ਪੰਜਾਬੀ-ਸਭਿਆਚਾਰ ਨੂੰ ਬਚਾਉਣ ਦੀ ਪੁਕਾਰ: ਇਸ ਨੂੰ ਸਮੇਂ ਦੀ ਲੋੜ ਸਮਝ ਕੇ, ਤਰਜੀਹ ਦਿਤੀ ਜਾਵੇਗੀ। ਪੰਜਾਬੀ ਸਮਾਜ, ਭਾਸ਼ਾ, ਗੀਤ, ਰੀਤੀ-ਰਿਵਾਜ ਜੇ ਏਦਾਂ ਹੀ ਵਿਗੜਦੇ ਗਏ ਜਾਂ ਮਰ ਗਏ ਤਾਂ ਪੰਜਾਬੀ ਸਭਿਆਚਾਰ ਦਾ ਕੁਝ ਨਹੀਂ ਬਚਣਾਂ, ਤੇ ਨਵੀਂ ਪੀੜ੍ਹੀ ਨੇ ਸਾਨੂੰ ਮੁਆਫ ਨਹੀਂ ਕਰਨਾ। ਪੰਜਾਬੀ ਸਮਾਜ ਵਿਚ ਵੱਖ ਵੱਖ ਤਰਾਂ ਦੇ ਲੋਕ ਸਮੂਹ ਵਿਚ ਵਿਚਰਦੇ ਪੰਜਾਬੀ ਪਹਿਰਾਵੇ ਚ ਰਹਿਣ ਤਾਂ ਹੀ ਆਪੋ ਆਪਣੀ ਪਛਾਣ ਕਾਇਮ ਰੱਖ ਸਕਦੇ ਹਨ । ਆਪੋ ਆਪਣੇ ਮੇਲੇ ਤਿਉਹਾਰ ਦੂਜਿਆਂ ਨਾਲ ਸਾਂਝੇ ਤੌਰ ਤੇ ਮਨਾਉਂਦੇ ਪੱਛਮੀ ਸਭਿਆਚਾਰ ਲਈ ਬੂਹੇ ਨਾ ਖੋਲ੍ਹੋ, ਜੇ ਮਾਂ ਆਪਣੇ ਹੱਥਾਂ ਚ ਹੀ ਸਹਿਕਦੀ ਮਰ ਗਈ ਤਾਂ ਦੇਖ ਲੈਣਾ ਸਾਨੂੰ ਕਿਤੇ ਵੀ ਢੋਈ ਨਹੀਂ ਮਿਲਣੀ।

ਮੀਡੀਏ ਵਿਚ ਬਤੌਰ ਪੰਜਾਬੀ ਅਸੱਭਿਆਚਾਰ ਦੀ ਪੇਸਕਸ ’ਤੇ ਵਿਦਰੋਹ ਕਰੋ: ਅਸਲ ਚ ਮੀਡੀਏ ਨੇ ਹੀ ਪੰਜਾਬੀ-ਬੋਲੀ ਤੇ ਪੰਜਾਬੀ-ਸਭਿਆਚਾਰ ਦੀ ਬੇੜੀ ਚ ਵੱਟੇ ਪਾਏ ਨੇ। ਮੌਜੂਦਾ ਸਮੇਂ ਵਿਚ ਪੰਜਾਬੀ ਸਭਿਆਚਾਰ ਨੂੰ ਮੀਡੀਏ ਵਿਚ ਬਤੌਰ ਪੰਜਾਬੀ ਅਸਭਿਆਚਾਰ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਤੇ ਅਸੀਂ ਵੇਖ 2 ਹੱਸ ਛੱਡਦੇ ਹਾਂ ਜਾਂ ਟੀਵੀ, ਫਿਲਮ ਨੂੰ ਛੱਡ ਕੇ ਆਪਣੇ ਕਮਰੇ ਚ ਜਾ ਬੈਠਦੇ ਹਾਂ। ਐਸਾ ਕੋਈ ਵੀ ਮਾੜੇ ਤੋਂ ਮਾੜਾ ਸੀਨ ਨਹੀਂ ਜੋ ਕਿ ਪੰਜਾਬੀ ਵੀਡੀਓ ਵਿਚ ਨਾਂ ਦਿਖਾਇਆ ਗਿਆ ਹੋਵੇ । ਕੌਣ ਹੈ ਇਹਨਾਂ ਨੂੰ ਪਾਸ ਕਰਦਾ-ਕੀ ਸਰਕਾਰਾਂ ਦੀਆਂ ਅੱਖਾਂ ਤੇ ਫੇਹੇ ਬੰਨ੍ਹੇ ਹੋਏ ਨੇ ਜਾਂ ਓਦਾਂ ਹੀ ਏਸ ਗੱਲੋਂ ਅਵੇਸਲੇ ਨੇ। ਪਰ ਇਸ ਸਭ ਨੂੰ ਉਤਸ਼ਾਹਿਤ ਕਰਨ ਵਿਚ ਬਹੁਤੇ ਪੰਜਾਬੀ ਹੀ ਜਿੰਮੇਵਾਰ ਹਨ । ਅਸ਼ਲੀਲਤਾ ਅਤੇ ਲੱਚਰਤਾ ਬਾਰੇ ਫਿਲਮਾਂ ਅਤੇ ਟੀ.ਵੀ ਵਾਲਿਆਂ ਨੂੰ ਮਜਬੂਰ ਕੀਤਾ ਜਾਵੇਗਾ ਕਿ ਬੇਸ਼ਰਮ ਕੁੜੀਆਂ ਦਾ ਡਿਸਕੋ ਡਾਂਸ ਨਾਂ ਦਿਖਾਇਆ ਜਾਏ। ਪਹਿਲਾਂ ਸਿਰ ਨੰਗਾ ਹੋਇਆ ਫਿਰ ਹੌਲੀ ਹੌਲ਼ੀ ਉਸ ਦਾ ਨੰਗੇਜ ਵੱਧਦਾ ਜਾ ਰਿਹਾ ਹੈ, ਜਿਸ ਦਾ ਨਤੀਜਾ ਲੱਚਰਤਾ ਸਾਡੇ ਸਭ ਦੇ ਸਾਹਮਣੇ ਹੈ। ਸੋ ਇਸ ਅਸ਼ਲੀਲਤਾ ਅਤੇ ਲੱਚਰਤਾ ਨੂੰ ਬੰਦ ਕਰਨਾਂ ਹੈ ਤਾਂ ਯੋਗ ਪਰਦਾ ਕਰਨਾ ਪਏਗਾ।

ਦੋਸਤੋ ਕੁਝ ਤਾਂ ਸੋਚੋ, ਕਿਉਂ ਨਹੀਂ ਵਧੀਆ ਪੰਜਾਬੀ-ਬੋਲੀ ਤੇ ਪੰਜਾਬੀ-ਸਭਿਆਚਾਰ ਦੇ ਮੀਡੀਏ ਨੂੰ ਸ਼ਿੰਗਾਰਦੇ।

ਲੱਚਰ ਗਾਣੇ: ਲੱਚਰਤਾ ਵਾਲੇ ਗਾਣੇ ਲਿਖਣ ਗਾਉਣ ਵਾਲਿਆਂ ਨੂੰ ਪਹਿਲਾਂ ਮਨਾਂਵਾਂਗੇ-ਕਿ ਪੰਜਾਬੀ ਚ ਬਹੁਤ ਸ਼ਬਦ ਨੇ ਲਿਖਣ ਵਾਲੇ-ਹੋ ਸਕੇ ਤਾਂ ਪਹਿਲਾਂ ਨੰਦ ਲਾਲ ਨੂਰ ਪੁਰੀ, ਧਨੀ ਰਾਮ ਚਾਤ੍ਰਿਕ, ਸ਼ਿਵ ਕੁਮਾਰ, ਜਾਂ ਹੋਰ ਵਧੀਆ ਸ਼ਾਇਰਾਂ ਨੂੰ ਪੜ੍ਹ ਕੇ ਦੇਖ ਲੈਣ-ਏਦਾਂ ਹੀ ਗਲਪ ਵਾਸਤੇ ਵੀ ਅਨੇਕਾਂ ਕਲਮਾਂ ਹਨ- ਬਹੁਤ ਭੰਡਾਰ ਹੈ ਸਾਡੇ ਵਿਹੜੇ ਚ।

ਘਟੀਆ ਗੀਤਾਂ ਦੀਆਂ ਐਲਬਮਾਂ ’ਤੇ ਰੋਕਾਂ ਲਾਓ: ਜਦੋਂ ਵੀ ਕੋਈ ਘਟੀਆ ਗੀਤਾਂ ਦੀ ਐਲਬਮ ਬਾਜਾਰ ਵਿਚ ਆਉਂਦੀ ਹੈ ਤਾਂ ਇਸ ਦੀ ਖਰੀਦ ਧੜਾ ਧੜ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਖਰੀਦਦਾਰ ਕੌਣ ਹੁੰਦੇ ਹਨ-ਅਸੀਂ ਪੰਜਾਬੀ ਪਹਿਲਾਂ ਹੁੰਦੇ ਹਾਂ । ਬਾਣੀਏ ਨੇ ਤਾਂ ਵਪਾਰ ਕਰਨਾ ਹੈ ਯਾਰੋ, ਉਹਨੂੰ ਤਾਂ ਚਾਹੀਦਾ ਹੈ ਪੈਸਾ। ਇਸ ਤਰਾਂ ਦੀਆਂ ਐਲਬਮਾਂ ਵੇਚਣ ਵਾਲੇ ਦੁਕਾਨਦਾਰਾਂ ਦਾ ਸ਼ਿੰਗਾਰ ਕਰੂਪ ਕੀਤਾ ਜਾਵੇ ਤਾਂਹੀ ਕੁਝ ਬਣੇਗਾ।

ਫਿਲਮਾਂ ਵਿਚ ਸਿੱਖਾਂ ਦਾ ਤੇ ਪੰਜਾਬੀ ਦਾ ਮਜਾਕ ਰੋਕਿਆ ਜਾਵੇ: ਫਿਲਮਾਂ ਵਿਚ ਸਿੱਖਾਂ ਦਾ ਤੇ ਪੰਜਾਬੀ ਦਾ ਮਜਾਕ ਰੱਜ ਕੇ ਉਡਾਇਆ ਜਾਂਦਾ ਹੈ ਉਹ ਸਦਾ ਲਈ ਰੋਕਿਆ ਜਾਊ। ਫਿਲਮਾਂ ਦੇ ਪ੍ਰਡਿਊਸਰਾਂ ਨੂੰ ਪਹਿਲਾਂ ਅਰਜ ਕੀਤੀ ਜਾਊ, ਫੇਰ ਲੋਕਾਂ ਦੇ ਕਟਹਿਰੇ ਚ ਲਿਆਂਦਾ ਜਾਊ, ਜੇ ਫੇਰ ਵੀ ਉਹੀ ਕਰਨਗੇ ਤਾਂ ਅਗਲੀ ਕੋਈ ਸੋਚ ਧਾਰਨੀ ਕਰਨੀ ਪਊ। ਨਾ ਅਸਲੀ ਪੰਜਾਬੀ ਬੋਲੀ ਜਾਂਦੀ ਹੈ, ਨਾ ਅਸਲੀ ਪਹਿਰਾਵਾ ਹੁੰਦਾ ਹੈ। ਪੰਜਾਬਣ ਤਾਂ ਹੁਣ ਰਹੀ ਹੀ ਨਹੀਂ, ਕਿਸੇ ਕਨੇਡੇ ਜਾਂ ’ਮਰੀਕਾ ਤੋਂ ਸਦਾ ਆਉਦੀ ਹੈ।

ਔਰਤਾਂ ਵਿੱਚ ਚੇਤਨਾਂ : ਔਰਤਾਂ ਵਿੱਚ ਚੇਤਨਾਂ ਪੈਦਾ ਕੀਤੀ ਜਾਏ ਕਿ ਉਹ ਕੋਈ ਸ਼ੋ ਪੀਸ ਨਹੀਂ ਹੈ ਜੋ ਦੂਸਰਿਆਂ ਦੇ ਮਨੋਰੰਜਨ ਵਾਸਤੇ ਆਪਣੀ ਸ਼ਰਮ ਹਯਾ ਨੂੰ ਛਿੱਕੇ ਟੰਗ ਦੇਣ। ਉਸ ਨੇ ਸਮਾਜ ਉਸਾਰੀ ਵਾਸਤੇ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਹਨ, ਭਾਵ ਨਾਰੀ ਵਰਗ ਨੂੰ ਆਪਣੇ ਫਰਜਾਂ ਦਾ ਅਹਿਸਾਸ ਕਰਇਆ ਜਾਵੇਗਾ।

ਘਰਾਂ ਵਿਚ ਪੰਜਾਬੀ ਦੀ ਥਾਂ ਅੰਗਰੇਜੀ ਬੋਲਣ ਨੂੰ ਪਹਿਲ ਦੇਣੀ: ਘਰਾਂ ਚ ਪੰਜਾਬੀ ਬੋਲਣੀ ਲੋਕ ਆਪਣੀ ਹੱਤਕ ਜਾਂ ਨੀਵਾਂਪਣ ਸਮਝਦੇ ਹਨ, ਸਗੋਂ ਇਹ ਸਮਝੋ ਕਿ ਪੰਜਾਬੀ ਦੀ ਪੀੜ੍ਹੀ ‘ਤੇ ਅੰਗਰੇਜ਼ੀ ਜਾਂ ਹਿੰਦੀ ਆ ਕੇ ਬੈਠਣ ਲੱਗ ਪਈ ਹੈ ਜਾਂ ਕਹੋ ਕਿ ਅਸੀਂ ਇਹਨਾਂ ਲਈ ਪੀੜ੍ਹੀ ਛੱਡ ਦਿੱਤੀ ਹੈ-ਫਿਲਮਾਂ ਚ ਪੰਜਾਬੀ ਸਾਡਾ ਮਜ਼ਾਕ ਬਣ ਗਈ ਹੈ, ਸਿੱਖ ਜਾਂ ਪੰਜਾਬੀ ਦਾ ਰੱਜ ਕੇ ਮਜ਼ਾਕ ਉਡਾਇਆ ਜਾਂਦਾ ਹੈ। ਬਾਹਰਲੇ ਦੇਸ਼ਾਂ ਚ ਤਾਂ ਸ਼ਾਇਦ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬੋਲੀ ਕਾਫ਼ੀ ਪਹਿਲਾਂ ਦਮ ਤੋੜ ਜਾਵੇ, ਲੋਕ ਜਾਣਦੇ ਵੀ ਅੱਗੋਂ ਅੰਗਰੇਜ਼ੀ ਚ ਬੋਲਦੇ ਹਨ, ਇਹੀ ਹਾਲ ਬੱਚਿਆਂ ਦਾ ਹੈ। ਭਲਾ ਦੱਸੋ ਲੰਗਰ ਹਾਲ ਚ ਜਾਂ ਰਸੋਈ ਚ ਪੰਜਾਬੀ ਨਾਲ ਨਹੀਂ ਸਰਦਾ, ਹੋਰ ਤਾਂ ਹੋਰ ਬੇਬੇ ਨਹੀਂ ਹਟਦੀ ਅੰਗਰੇਜ਼ੀ ਨੂੰ ਮੂੰਹ ਮਾਰਨ ਤੋਂ, ਬਾਪੂ ਵੀ ਕਦੇ 2 ਪੂਰੀ ਧੂਆ ਘਸੀਟੀ ਕਰਦਾ ਹੈ ਵਿਚਾਰੀ ਦੀ ਜਾਂ ਕਹਿ ਲਓ ਕਿ ਪੂਰਾ 2 ਟੋਚਨ ਪਾਉਂਦਾ ਹੈ ਅੰਗਰੇਜ਼ੀ ਨੂੰ।

ਬਹੁਤ ਸਾਰੇ ਪੰਜਾਬੀ ਅੰਗਰੇਜ਼ ਦੋਸਤ ਘਰਾਂ ਵਿਚ ਪੰਜਾਬੀ ਦੀ ਥਾਂ ਅੰਗਰੇਜੀ ਬੋਲਣ ਨੂੰ ਪਹਿਲ ਦੇਣ ਵਾਲੇ ਗੁਲਾਮ ਮਾਨਸਿਕਤਾ ਜਾਹਿਰ ਕਰਦੇ ਹੋਏ ਆਪਣੇ ਆਪ ਨੂੰ " ਅਗਾਂਹ- ਵਧੂ " ਕਹਿਣ ਤੋਂ ਬਾਜ ਨਹੀਂ ਆਉਂਦੇ।

ਪੰਜਾਬੀ ਪਹਿਰਾਵੇ ਦੀ ਗੱਲ: ਪੰਜਾਬੀ ਪਹਿਰਾਵਾ ਵੀ ਹੁਣ ਘਰ ਅੰਦਰ ਹੀ ਪਾਇਆ ਜਾਂਦਾ ਹੈ ਤੇ ਬਾਹਰ ਪੈਂਟ-ਕਮੀਜ-ਕੋਟ ਅਤੇ ਸਕਰਟ-ਬਲਾਊਜ-ਸਾੜੀ ਨੂੰ ਪਹਿਲ ਦਿਤੀ ਜਾਂਦੀ ਹੈ । ਪਰ ਵਿਰਲੇ ਨਾਂ-ਮਾਤਰ ਪੰਜਾਬੀ ਆਪਣੇ ਪਹਿਰਾਵੇ ਨੂੰ ਪਹਿਨਣ ਵਿਚ ਮਾਨ ਮਹਿਸੂਸ ਕਰਦੇ ਹਨ । ਇਹ ਰਿਵਾਜ ਪੰਜਾਬੀ ਪਹਿਰਾਵਾ ਦਾ ਮੁਸਲਮਾਨਣੀਆਂ ਚ ਦੇਖ ਸਕਦੇ ਹੋ।

ਵਿਆਹਾਂ ਵਿਚ ਨੱਚਣ ਵਾਲੇ ਤੇ ਸੁਹਾਗ, ਘੋੜੀਆਂ: ਵਿਆਹਾਂ ਵਿਚ ਨਚਣ ਵਾਲੇ ਤੇ ਸੁਹਾਗ, ਘੋੜੀਆਂ ਆਦਿ ਤਾਂ ਫਿਲਮਾਂ ਵਿਚ ਹੀ ਵੇਖਣ ਨੂੰ ਰਹਿ ਗਏ ਹਨ । ਕਈ ਵਿਆਹਾਂ ਵਿਚ ਨਚਣ ਵਾਲੇ ਗਰੁਪ ਵੀ ਸੁਹਾਗ-ਘੋੜੀ ਆਦਿ ਗਾ ਦਿੰਦੇ ਹਨ ਪਰ ਇਹ ਸਭ ਕਿਰਾਏ ਦਾ ਨਾ ਬਣਨ ਦਿਓ।

ਸੈਮੀਨਾਰ / ਕਾਨਫਰੰਸਾਂ ਵੀ ਪੰਜਾਬੀ ਦਾ ਕਾਫੀ ਕੁਝ ਸਵਾਰ ਸਕਦੀਆਂ ਹਨ , ਜੇ ਕਰ ਸਾਰੇ ਪੰਜਾਬੀ ਮਨੋਂ ਪੰਜਾਬੀ ਨੂੰ ਪ੍ਰਵਾਨ ਕਰਨ। ਜਰੂਰੀ ਹੈ ਕਿ ਅੰਤਰ-ਰਾਸ਼ਟਰੀ ਪੱਧਰ ਤੇ ਕੋਈ ਸਹਿਕ ਰਹੇ “ਪੰਜਾਬੀ ਸੱਭਿਆਚਾਰਕ ਵਿਰਸਾ ਤੇ ਪੰਜਾਬੀ ਬੋਲੀ ਨੂੰ ਬਚਾਉਣ ਲਈ ਕੋਈ ਸੰਸਥਾ ਬਣਾਈ ਜਾਵੇ ਜਿਸ ਦੇ ਪ੍ਰਤੀਨਿਧ ਸਾਰੇ ਦੇਸਾਂ ਚੋਂ ਹੋਣ।

ਮਨ ਦਾ ਤੋਖ਼ਲਾ ਹੈ ਕਿ ਪੰਜਾਬੀ ਪਹਿਰਾਵਾ ਬਹੁਤ ਜਲਦੀ ਗੁਆਚ ਜਾਵੇਗਾ, ਜਿਵੇਂ ਪੰਜਾਬੀ ਭੋਜਨ ਗੁੰਮ ਚੱਲੇ ਹਨ, ਹਾਂ ਭੰਗੜਾ ਜ਼ਰੂਰ ਕਦੇ ਦਿਸ ਪੈਂਦਾ ਹੈ ਜੇ ਦੋ ਮੋਟੇ ਪੈੱਗ ਲੱਗੇ ਹੋਣ ਤਾਂ, ਗਿੱਧਾ ਵੀ ਸਟੇਜ਼ਾਂ ਤੇ ਹੀ ਨਜ਼ਰ ਕਿਤੇ ਪਿਆ ਕਰੇਗਾ ਜਦੋਂ ਤੱਕ ਆਪਣੀ ਪੀੜ੍ਹੀ ਰਹੀ, ਪੰਜਾਬੀ ਬਰਤਨ ਸੱਭ ਖ਼ਤਮ ਨੇ, ਰੀਤਾਂ ਵਿਸਰ ਗਈਆ ਹਨ, ਸੁਹਾਗ ਤੇ ਘੋੜੀਆਂ ਕਿਤੇ ਬਨੇਰੇ ਤੇ ਵੀ ਨਹੀਂ ਦਿਸਦੀਆਂ, ਕਿੱਕਲੀਆਂ, ਤਰਿੰਝਣਾਂ, ਪੀਘਾਂ ਪਹਿਲਾਂ ਹੀ ਕਿਤੇ ਗੁਆਚ ਗਈਆਂ ਹਨ-ਖ਼ਬਰੇ ਅਸੀਂ ਤਰੱਕੀ ਕੁਝ ਜ਼ਾਦਾ ਹੀ ਕਰ ਗਏ ਹਾਂ-ਜਾਂ ਮੇਰੀ ਸੋਚ ਨੂੰ ਹੀ ਕੋਈ ਦਗਾੜਾ ਵੱਜ ਗਿਆ ਹੈ।

ਇਹ ਵਿਚਾਰ ਮਨ ਚ ਵਾਰ 2 ਉੱਠਦੇ ਬੈਠਦੇ ਜਾਗਦੇ ਸੌਂਦੇ ਰਹਿੰਦੇ ਹਨ-ਸੋਚਿਆ ਕੋਈ ਸੈਮੀਨਾਰ ਜਾਂ ਕਾਨਫ਼ਰੰਸ ਕਰੀਏ-ਪਰ ਇੰਟਰਨਿੱਟ ਦਾ ਲਾਹਾ ਲੈਣ ਲਈ ਸਮਝਿਆ ਕਿ ਇਸ ਸਮੱਸਿਆ ਨੂੰ ਹੁਣ ਤੋਂ ਹੀ ਕਿਉੰ ਨਾ ਅੰਤਰ-ਰਾਸ਼ਟਰੀ ਪੱਧਰ ਤੇ ਦੋਸਤਾਂ ਨਾਲ ਸਾਂਝੀ ਕਰੀਏ ਤਾਂ ਕਿ ਕੋਈ ਸੁਝਾਅ ‘ਕੱਠੇ ਹੋ ਸਕਣ ਤੇ ਕੁਝ ਹੱਲ ਸੋਚੇ ਜਾਣ-

ਸੋ ਵੀਚਾਰਵਾਨ, ਗੁਣੀ ਗਿਆਨੀ, ਲੇਖਕ, ਬੁੱਧੀਜੀਵੀ ਤੇ ਹੋਰ ਵਿਦਵਾਨਾਂ ਲਈ ਇਹ ਮਸਲਾ ਵੀਚਾਰ ਅਧੀਨ ਲਿਆਉਣ ਲਈ ਮਨ ‘ਚ ਤਾਂਘ ਜਾਗੀ ਹੈ, ਆਸ ਹੈ ਤੁਸੀਂ ਸਾਰੇ ਇਸ ਬਾਰੇ ਆਪਣੇ 2 ਬਹੁਮੁੱਲੇ ਵੀਚਾਰ ਲਿਖ ਕੇ ਸਾਰਿਆਂ ਨਾਲ ਸਾਂਝੇ ਕਰੋਗੇ, ਮੈਨੂੰ ਆਸ ਹੀ ਨਹੀਂ ਪੂਰੀ 2 ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਕੀਮਤੀ ਸਮਾਂ ਇਸ ਵੀਚਾਰ ਦੀਆਂ ਬਰੂਹਾਂ ‘ਚ ਅਰਪਣ ਕਰੋਗੇ।
 
Top